ਨਮੋਸ਼ੀ: ਰਾਕੇਸ਼ ਬਾਬੂ ਤੇ ਇਰਫਾਨ ਨੂੰ ਗੋਲਡ ਕੋਸਟ ਤੋਂ ਕੱਢਿਆ

ਗੋਲਡ ਕੋਸਟ : ਭਾਰਤ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਰਾਸ਼ਟਰਮੰਡਲ ਖੇਡਾਂ ਦੀ ‘ਨੋ ਨੀਡਲ ਪਾਲਿਸੀ’ ਦੀ ਉਲੰਘਣ ਮਾਮਲੇ ਵਿੱਚ ਦੋਸ਼ੀ ਪਾਏ ਗਏ ਦੋ ਅਥਲੀਟ ਰਾਕੇਸ਼ ਬਾਬੂ ਅਤੇ ਇਰਫਾਨ ਕੋਲੋਥੁਮ ਥੋਡੀ ਨੂੰ ਇੱਥੇ 21ਵੀਆਂ ਰਾਸ਼ਟਰਮੰਡਲ ਖੇਡਾਂ ਤੋਂ ਕੱਢਿਆ ਗਿਆ। ਉਨ੍ਹਾਂ ਨੂੰ ਤੁਰੰਤ ਸਵਦੇਸ਼ ਭੇਜਿਆ ਜਾਵੇਗਾ ਅਤੇ ਭਾਰਤੀ ਓਲੰਪਿਕ ਸੰਘ (ਆਈਓਏ) ਅਨੁਸਾਰ ਇਨ੍ਹਾਂ ਅਥਲੀਟਾਂ ’ਤੇ ਪਾਬੰਦੀ ਲਾਈ ਜਾਵੇਗੀ। ਰਾਸ਼ਟਰਮੰਡਲ ਖੇਡ ਸੰਘ (ਸੀਜੀਐਫ) ਦੇ ਪ੍ਰਧਾਨ ਲੂਈਸ ਮਾਰਟਿਨ ਨੇ ਅੱਜ ਦੱਸਿਆ ਕਿ ਭਾਰਤੀ ਅਥਲੀਟ ਰਾਕੇਸ਼ ਅਤੇ ਇਰਫਾਨ ਦੇ ਖੇਡ ਪਿੰਡ ਸਥਿਤ ਕਮਰਿਆਂ ਤੋਂ ਸੂਈਆਂ ਮਿਲੀਆਂ ਹਨ, ਜੋ ਉਸ ਦੀ ਨੋ ਨੀਡਲ ਪਾਲਿਸੀ ਦਾ ਪੂਰੀ ਤਰ੍ਹਾਂ ਉਲੰਘਣ ਹੈ।

ਤੀਹਰੀ ਛਾਲ ਅਥਲੀਟ ਰਾਕੇਸ਼ ਅਤੇ ਪੈਦਲ ਚਾਲ ਦੌੜਾਕ ਥੋਡੀ ਤੋਂ ਇਲਾਵਾ ਤਿੰਨ ਭਾਰਤੀ ਅਧਿਕਾਰੀਆਂ ਨੂੰ ਬੀਤੇ ਕੱਲ੍ਹ ਸੀਜੀਐਫ ਸਾਹਮਣੇ ਸੁਣਵਾਈ ਲਈ ਪੇਸ਼ ਹੋਣਾ ਪਿਆ ਸੀ। ਮਾਰਟਿਨ ਨੇ ਕਿਹਾ, ‘‘ਭਾਰਤੀ ਅਥਲੀਟਾਂ ਨੇ ਜੋ ਗਵਾਹੀ

ਦਿੱਤੀ ਹੈ, ਉਹ ਭਰੋਸੇ ਲਾਇਕ ਨਹੀਂ। ਰਾਕੇਸ਼ ਅਤੇ ਥੋਡੀ ਨੇ ਖੇਡਾਂ ਦੀ ਨੀਡਲ ਪਾਲਿਸੀ ਦੀ ਉਲੰਘਣਾ ਕੀਤੀ ਹੈ। ਦੋਵਾਂ ਖਿਡਾਰੀਆਂ ਨੂੰ ਤੁਰੰਤ ਪ੍ਰਭਾਵ ਤੋਂ ਖੇਡਾਂ ਨੂੰ ਛੱਡਣ ਦਾ ਆਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਦੇ ਖੇਡ ਪਿੰਡ ਦੇ ਮਾਨਤਾ ਪੱਤਰਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।’’ ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਵੀ ਇੱਕ ਬਿਆਨ ਵਿੱਚ ਕਿਹਾ, ‘‘ਮੈਨੂੰ ਪੂਰੇ ਅਫਸੋਸ ਨਾਲ ਇਸ ਗੱਲ ਦੀ ਪੁਸ਼ਟੀ ਕਰਨੀ ਪੈ ਰਹੀ ਹੈ ਕਿ ਸੀਜੀਐਫ ਨੇ ਰਾਕੇਸ਼ ਅਤੇ ਥੋਡੀ ਦੀ ਮਾਨਤਾ ਰੱਦ ਕਰ ਦਿੱਤੀ ਹੈ ਅਤੇ ਹੁਣ ਉਨ੍ਹਾਂ ਨੂੰ ਸਵਦੇਸ਼ ਭੇਜਿਆ ਜਾਵੇਗਾ।’’ ਦੋਵਾਂ ਅਥਲੀਟਾਂ ਨੂੰ ਰਾਸ਼ਟਰਮੰਡਲ ਖੇਡ ਪਿੰਡ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਹ ਤੁਰੰਤ ਸਵਦੇਸ਼ ਪਰਤਣਗੇ। ਮਹਿਤਾ ਨੇ ਨਾਲ ਹੀ ਕਿਹਾ ਕਿ ਇਨ੍ਹਾਂ ਅਥਲੀਟਾਂ ’ਤੇ ਪਾਬੰਦੀ ਲੱਗੇਗੀ ਅਤੇ ਇਸ ਦਾ ਫ਼ੈਸਲਾ ਆਈਓਏ ਦਾ ਮੈਡੀਕਲ ਅਤੇ ਨੈਤਿਕ ਕਮਿਸ਼ਨ ਕਰੇਗਾ।

Comments

comments

Share This Post

RedditYahooBloggerMyspace