ਹੁਣ ਕਦੇ ਵੀ ਪ੍ਰਧਾਨ ਮੰਤਰੀ ਨਹੀਂ ਬਣ ਸਕਣਗੇ ਨਵਾਜ਼ ਸ਼ਰੀਫ਼

ਇਸਲਾਮਾਬਾਦ : ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ’ਤੇ ਜੀਵਨ ਭਰ ਲਈ ਚੋਣ ਲੜਨ ’ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਆਪਣੇ ਇਤਿਹਾਸਕ ਫੈਸਲੇ ਵਿੱਚ ਕਿਹਾ ਕਿ ਸੰਵਿਧਾਨ ਤਹਿਤ ਕਿਸੇ ਜਨ ਪ੍ਰਤੀਨਿਧ ਦੀ ਅਯੋਗਤਾ ਸਥਾਈ ਹੈ। ਇਸ ਦੇ ਨਾਲ ਹੀ ਤਿੰਨ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ ਦਾ ਰਾਜਨੀਤਕ ਸਫ਼ਰ ਹਮੇਸ਼ਾ ਲਈ ਖ਼ਤਮ ਹੋ ਗਿਆ। ਪੰਜ ਜੱਜਾਂ ਦੇ ਬੈਂਚ ਨੇ ਸੰਵਿਧਾਨ ਤਹਿਤ ਕਿਸੇ ਜਨ ਪ੍ਰਤੀਨਿਧ ਨੂੰ ਅਯੋਗਤਾ ਦੀ ਮਿਤੀ ਦਾ ਨਿਰਧਾਰਣ ਕਰਨ ਵਾਲੇ ਕੇਸ ਦੀ ਸੁਣਵਾਈ ਕਰਦੇ ਹੋਏ ਸਰਬਸੰਮਤੀ ਨਾਲ ਆਪਣਾ ਫੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਆਰਟੀਕਲ 62 (1) (ਐਫ) ਤਹਿਤ ਭਵਿੱਖ ਲਈ ਇਹ ਫੈਸਲਾ ਸਥਾਈ ਹੈ ਤੇ ਕੋਈ ਵੀ ਅਯੋਗ ਕਰਾਰ ਦਿੱਤਾ ਗਿਆ ਵਿਅਕਤੀ ਕਦੇ ਚੋਣਾਂ ਨਹੀਂ ਲੜ ਸਕਦਾ ਤੇ ਨਾ ਹੀ ਸੰਸਦ ਮੈਂਬਰ ਬਣ ਸਕਦਾ ਹੈ। ਦੱਸਣਯੋਗ ਹੈ ਕਿ 68 ਸਾਲਾ ਸ਼ਰੀਫ਼ ਨੂੰ 28 ਜੁਲਾਈ 2017 ਵਿੱਚ ਪਨਾਮਾ ਮਾਮਲੇ ਵਿੱਚ ਅਯੋਗ ਠਹਿਰਾਇਆ ਗਿਆ ਸੀ। ਸ਼ਰੀਫ਼ ਨੂੰ ਇਕ ਹੋਰ ਝਟਕਾ ਦਿੰਦੇ ਹੋਏ ਅਦਾਲਤ ਨੇ ਕਿਹਾ ਸੀ ਕਿ ਅਯੋਗ ਠਹਿਰਾਇਆ ਗਿਆ ਕੋਈ ਵੀ ਵਿਅਕਤੀ ਕਿਸੇ ਰਾਜਨੀਤਕ ਦਲ ਦਾ ਮੁਖੀ ਨਹੀਂ ਰਹਿ ਸਕਦਾ। ਇਸ ਤੋਂ ਬਾਅਦ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ ਤੋਂ ਨਵਾਜ਼ ਸ਼ਰੀਫ਼ ਨੂੰ ਆਪਣੀ ਕੁਰਸੀ ਗੁਆਉਣੀ ਪਈ ਸੀ। ਅੱਜ ਆਪਣੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਅਯੋਗ ਠਹਿਰਾਇਆ ਹੋਇਆ ਵਿਅਕਤੀ ਦੁਬਾਰਾ ਜਨਤਕ ਅਹੁਦੇ ’ਤੇ ਬਣਿਆ ਨਹੀਂ ਰਹਿ ਸਕਦਾ। ਪੀਐਮਐਲ-ਐਨ ਦੇ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਮਰੀਅਮ ਔਰੰਗਜ਼ੇਬ ਨੇ ਫੈਸਲੇ ਨੂੰ ‘ਮਜ਼ਾਕ’ ਦੱਸਿਆ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀਆਂ ਨਾਲ ਵੀ ਅਜਿਹਾ ਹੀ ਮਜ਼ਾਕ ਹੋਇਆ ਸੀ। ਮਰੀਅਮ ਨੇ ਕਿਹਾ ਕਿ ਚੁਣੇ ਹੋਏ ਆਗੂਆਂ ਨੂੰ ਅਪਮਾਨਜਨਕ ਢੰਗ ਨਾਲ ਹਟਾਇਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਰੀਫ਼ ਸਬੰਧੀ ਫੈਸਲਾ ਪਹਿਲਾਂ ਹੀ ਤੈਅ ਕਰ ਲਿਆ ਗਿਆ ਸੀ ਬਾਅਦ ਵਿੱਚ ਸੁਣਵਾਈ ਕੀਤੀ ਗਈ।

Comments

comments

Share This Post

RedditYahooBloggerMyspace