ਆਈਪੀਐਲ: ਦਿੱਲੀ ਵੱਲੋਂ ਮੁੰਬਈ ਨੂੰ ਸੱਤ ਵਿਕਟਾਂ ਨਾਲ ਮਾਤ

ਮੁੰਬਈ : ਸਲਾਮੀ ਬੱਲੇਬਾਜ਼ ਜੇਸਨ ਰਾਏ ਦੇ ਨਾਬਾਦ ਅਰਧ ਸੈਂਕੜੇ ਦੀ ਬਦੌਲਤ ਦਿੱਲੀ ਡੇਅਰਡੇਵਿਲਜ਼ ਨੇ ਆਈਪੀਐਲ ਦੇ ਅੱਜ ਇੱਥੇ ਖੇਡੇ ਗਏ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ। ਮੁੰਬਈ ਦੀ ਇਹ ਲਗਾਤਾਰ ਤੀਜੀ ਹਾਰ ਹੈ। ਮੁੰਬਈ ਵੱਲੋਂ ਦਿੱਤੇ 195 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰਾਏ ਨੇ 53 ਗੇਂਦਾਂ ਵਿੱਚ ਛੇ ਛੱਕੇ ਤੇ ਛੇ ਚੌਕੇ ਜੜ ਕੇ ਦਿੱਲੀ ਦੀ ਬੇੜੀ ਪਾਰ ਲਾ ਦਿੱਤੀ। ਰਾਏ ਨੇ ਕਪਤਾਨ ਗੌਤਮ ਗੰਭੀਰ (15) ਨਾਲ ਪਹਿਲੇ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਇਲਾਵਾ ਰਿਸ਼ਭ ਪੰਤ ਨੇ 47 ਦੌੜਾਂ ਅਤੇ ਸ਼੍ਰੇਅਸ਼ ਅੱਈਅਰ ਨੇ ਨਾਬਾਦ 27 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਸੂਰਿਆਕੁਮਾਰ ਯਾਦਵ ਦੇ ਅਰਧ ਸੈਂਕੜੇ ਅਤੇ ਏਵਿਨ ਲੂਇਸ ਨਾਲ ਉਸ ਦੀ ਸੈਂਕੜੇ ਦੀ ਭਾਈਵਾਲੀ ਬਦੌਲਤ ਮੁੰਬਈ ਇੰਡੀਅਨਜ਼ ਨੇ ਦਿੱਲੀ ਡੇਅਰਡੇਵਿਲਜ਼ ਖ਼ਿਲਾਫ਼ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟ ਦੇ ਨੁਕਸਾਨ ’ਤੇ 194 ਦੌੜਾਂ ਬਣਾਈਆਂ। ਕੁਮਾਰ ਨੇ 32 ਗੇਂਦਾਂ ਦਾ ਸਾਹਮਣਾ ਕਰਦਿਆਂ ਸੱਤ ਚੌਕਿਆਂ ਤੇ ਇੱਕ ਛੱਕੇ ਦੀ ਮੱਦਦ ਨਾਲ 53 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਲੁਇਸ ਨੇ ਵੀ 28 ਗੇਂਦਾਂ ਵਿੱਚ 48 ਦੌੜਾਂ ਦਾ ਯੋਗਦਾਨ ਪਾਇਆ। ਉਸ ਨੇ ਆਪਣੀ ਪਾਰੀ ਦੌਰਾਨ ਚਾਰ ਚੌਕੇ ਤੇ ਇੱਕ ਛੱਕਾ ਜੜਿਆ। ਦੋਵਾਂ ਨੇ ਪਹਿਲੀ ਵਿਕਟ ਲਈ 102 ਦੌੜਾਂ ਜੋੜੀਆਂ ਤੇ ਮੁੰਬਈ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਇਸ ਤੋਂ ਇਲਾਵਾ ਨੌਜਵਾਨ ਬੱਲੇਬਾਜ਼ ਇਸ਼ਾਨ ਕਿਸ਼ਨ ਨੇ ਵੀ 23 ਗੇਂਦਾਂ ਵਿੱਚ ਪੰਜ ਚੌਕਿਆਂ ਤੇ ਦੋ ਛੱਕਿਆਂ ਦੀ ਮੱਦਦ ਨਾਲ 44 ਦੌੜਾਂ ਬਣਾਈਆਂ। ਦਿੱਲੀ ਵੱਲੋਂ ਟ੍ਰੈਂਟ ਬੋਲਟ ਨੇ 39 ਦੌੜਾਂ ਦੇ ਕੇ ਦੋ ਵਿਕਟਾਂ ਅਤੇ ਡੈਨ ਕ੍ਰਿਸਟੀਅਨ ਤੇ ਰਾਹੁਲ ਤੇਵਤਿਆ ਨੇ ਵੀ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਡੇਅਰਡੇਵਿਲਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ।

Comments

comments

Share This Post

RedditYahooBloggerMyspace