ਕਠੂਆ ਕਾਂਡ: ਮਹਿਬੂਬਾ ਵੱਲੋਂ ਫਾਸਟ ਟਰੈਕ ਅਦਾਲਤ ਦੀ ਮੰਗ

ਜੰਮੂ : ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਫਾਸਟ ਟਰੈਕ ਅਦਾਲਤ ਬਣਾਉਣ ਦੀ ਮੰਗ ਕਰਦਿਆਂ ਕਠੂਆ ਕਾਂਡ ਦੇ ਕੇਸ ਦਾ 90 ਦਿਨਾਂ ਅੰਦਰ ਨਿਪਟਾਰਾ ਕਰਨ ਲਈ ਕਿਹਾ ਹੈ। ਇਸ ਕਾਂਡ ਦੀ ਗੂੰਜ ਪੂਰੇ ਮੁਲਕ ’ਚ ਸੁਣਾਈ ਦੇ ਰਹੀ ਹੈ।

ਉਧਰ ਭਾਜਪਾ ਦੇ ਦੋ ਵਿਵਾਦਤ ਮੰਤਰੀਆਂ ਲਾਲ ਸਿੰਘ ਅਤੇ ਚੰਦਰ ਪ੍ਰਕਾਸ਼ ਗੰਗਾ, ਜਿਨ੍ਹਾਂ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਹੱਕ ’ਚ ਕੀਤੀ ਗਈ ਰੈਲੀ ’ਚ ਹਿੱਸਾ ਲਿਆ ਸੀ, ਨੇ ਅੱਜ ਜੰਮੂ ਕਸ਼ਮੀਰ ਦੀ ਪੀਡੀਪੀ-ਭਾਜਪਾ ਸਰਕਾਰ ਤੋਂ ਲਾਂਭੇ ਹੋ ਗਏ। ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਹਾਲਾਤ ਨੂੰ ਸ਼ਾਂਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।
ਇਸ ਦੌਰਾਨ ਮਹਿਬੂਬਾ ਮੁਫ਼ਤੀ, ਜੋ ਗ੍ਰਹਿ ਮੰਤਰੀ ਵੀ ਹਨ, ਨੇ ਬੱਚੀ ਨਾਲ ਬਲਾਤਕਾਰ ਅਤੇ ਮਗਰੋਂ ਉਸ ਦੀ ਹੱਤਿਆ ਕਰਨ ਦੇ ਦੋਸ਼ਾਂ ਹੇਠ ਸ਼ਨਿਚਰਵਾਰ ਨੂੰ ਚਾਰ ਪੁਲੀਸ ਕਰਮੀਆਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ। ਸਰਕਾਰੀ ਹਲਕਿਆਂ ਨੇ ਕਿਹਾ ਕਿ ਸੇਵਾਵਾਂ ਖ਼ਤਮ ਹੋਣ ਵਾਲਿਆਂ ’ਚ ਇਕ ਸਬ ਇੰਸਪੈਕਟਰ, ਇਕ ਹੈੱਡ ਕਾਂਸਟੇਬਲ ਅਤੇ ਦੋ ਸਪੈਸ਼ਲ ਪੁਲੀਸ ਅਫ਼ਸਰ (ਐਸਪੀਓ) ਸ਼ਾਮਲ ਹਨ ਜੋ ਘਿਨਾਉਣੇ ਜੁਰਮ ’ਚ ਸ਼ਾਮਲ ਸਨ। ਪਾਰਟੀ ਵਿਧਾਇਕ ਦਲ ਦੀ ਬੈਠਕ ਕਰਕੇ ਹੁਕਮਰਾਨ ਪੀਡੀਪੀ ਨੇ ਕਠੂਆ ਕਾਂਡ ’ਚ ਜੰਮੂ ਕਸ਼ਮੀਰ ਨਾਲ ਖੜ੍ਹਨ ਲਈ ਦੇਸ਼ਵਾਸੀਆਂ ਦਾ ਧੰਨਵਾਦ ਕੀਤਾ ਹੈ।

ਇਸ ਤੋਂ ਪਹਿਲਾਂ ਦਿੱਲੀ ਤੋਂ ਇਥੇ ਪੁੱਜੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਰਾਮ ਮਾਧਵ ਨੇ ਕਿਹਾ ਕਿ ਭਾਜਪਾ ਦੇ ਦੋ ਮੰਤਰੀਆਂ ਲਾਲ ਸਿੰਘ ਅਤੇ ਚੰਦਰ ਪ੍ਰਕਾਸ਼ ਗੰਗਾ ਦੇ ਅਸਤੀਫ਼ੇ ਮੁੱਖ ਮੰਤਰੀ ਨੂੰ ਭੇਜੇ ਜਾ ਰਹੇ ਹਨ ਅਤੇ ਪੀਡੀਪੀ-ਭਾਜਪਾ ਗਠਜੋੜ ਨੂੰ ਕੋਈ ਖ਼ਤਰਾ ਨਹੀਂ ਹੈ। ਭਾਜਪਾ ਮੰਤਰੀਆਂ ਦਾ ਬਚਾਅ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਬਲਾਤਕਾਰੀਆਂ ਦੇ ਹਮਾਇਤੀ ਨਹੀਂ ਹਨ। ਭਾਜਪਾ ਦੇ ਦੋਵੇਂ ਮੰਤਰੀਆਂ ਨੇ ਇਸ ਕਾਂਡ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਸੰਯੁਕਤ ਰਾਸ਼ਟਰ ਦੋਸ਼ੀਆਂ ਨੂੰ ਕਟਹਿਰੇ ’ਚ ਦੇਖਣ ਦਾ ਆਸਵੰਦ
ਸੰਯੁਕਤ ਰਾਸ਼ਟਰ: ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਅੱਠ ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਨੂੰ ਭਿਆਨਕ ਕਾਰਾ ਕਰਾਰ ਦਿੰਦਿਆਂ ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਨੇ ਆਸ ਜਤਾਈ ਕਿ ਸਰਕਾਰ ਇਸ ਘਿਨਾਉਣੇ ਅਪਰਾਧ ਦੇ ਸਾਜ਼ਿਸ਼ਕਾਰਾਂ ਨੂੰ ਕਟਹਿਰੇ ’ਚ ਖੜ੍ਹਾ ਕਰ ਕੇ ਢੁੱਕਵੀਂ ਸਜ਼ਾ ਦਿਵਾਏਗੀ। ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ’ਚ ਸਕੱਤਰ ਜਨਰਲ ਦੇ ਪ੍ਰਤੀਕਰਮ ਬਾਰੇ ਸਵਾਲ ਪੁੱਛਣ ’ਤੇ ਸ੍ਰੀ ਗੁਟੇਰੇਜ਼ ਦੇ ਤਰਜਮਾਨ ਸਟੀਫਨ ਡੁਜਾਰਿਕ ਨੇ ਕੱਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਅਸੀਂ ਭਿਆਨਕ ਕੇਸ ਸਬੰਧੀ ਮੀਡੀਆ ਰਿਪੋਰਟਾਂ ਦੇਖੀਆਂ ਹਨ। ਅਸੀਂ ਆਸ ਪ੍ਰਗਟ ਕਰਦੇ ਹਾਂ ਕਿ ਸਰਕਾਰ ਦੋਸ਼ੀਆਂ ਨੂੰ ਕਟਹਿਰੇ ’ਚ ਲਿਆਏਗੀ ਤਾਂ ਜੋ ਉਨ੍ਹਾਂ ਨੂੰ ਬੱਚੀ ਦੀ ਹੱਤਿਆ ਲਈ ਜਵਾਬਦੇਹ ਠਹਿਰਾਇਆ ਜਾ ਸਕੇ।’’

Comments

comments

Share This Post

RedditYahooBloggerMyspace