ਭੁੱਕੀ ਦੇ ਕੇਸ ਵਿੱਚ ਫੜੇ ਮੁਲਜ਼ਮ ਦੀ ਥਾਣੇ ਵਿੱਚ ਹਾਲਤ ਗੰਭੀਰ

ਫਿਲੌਰ : ਇੱਥੋਂ ਦੇ ਥਾਣੇ ਵਿੱਚ ਇੱਕ ਮੁਲਜ਼ਮ ਦੀ ਹਾਲਤ ਗੰਭੀਰ ਹੋ ਗਈ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ। ਮਗਰੋਂ ਪਰਿਵਾਰਕ ਮੈਂਬਰਾਂ ਅਤੇ ਹਮਾਇਤੀਆਂ ਨੇ ਇੱਥੋਂ ਦੇ ਡੀਐਸਪੀ ਦਫ਼ਤਰ ਦਾ ਘਿਰਾਓ ਕੀਤਾ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਸਬੰਧਤ ਥਾਣੇਦਾਰ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ।

ਜਾਣਕਾਰੀ ਮੁਤਾਬਿਕ ਪਿੰਡ ਭਾਰ ਸਿੰਘ ਪੁਰਾ ਦੇ ਜੋਗਾ ਸਿੰਘ ਨੂੰ ਪੁਲੀਸ ਨੇ ਕੱਲ੍ਹ ਗ੍ਰਿਫ਼ਤਾਰ ਕੀਤਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਉਸ ਖ਼ਿਲਾਫ਼ ਭੁੱਕੀ ਦਾ ਕੇਸ ਦਰਜ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਜੋਗਾ ਸਿੰਘ ’ਤੇ ਕਥਿਤ ਤੌਰ ’ਤੇ ਤਸ਼ੱਦਦ ਕੀਤਾ ਹੈ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ ਤੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਉਣ ਪਿਆ। ਇੱਥੋਂ ਉਸ ਨੂੰ ਸਥਾਨਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ’ਤੇ ਜੋਗਾ ਸਿੰਘ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਦਾਖ਼ਲ ਕਰਾਇਆ ਗਿਆ। ਇਸ ਮਗਰੋਂ ਪਰਿਵਾਰਕ ਮੈਂਬਰਾਂ ਨੇ ਇਕੱਠੇ ਹੋ ਕੇ ਜੀਟੀ ਰੋਡ ਜਾਮ ਕਰਨ ਦੀ ਤਿਆਰੀ ਕਰ ਲਈ, ਜਿਸ ਬਾਰੇ ਪਤਾ ਲੱਗਣ ’ਤੇ ਇਲਾਕੇ ਦੇ ਆਗੂਆਂ ਨੇ ਸਮਝਾਇਆ। ਇਸ ਮਗਰੋਂ ਪਰਿਵਾਰ ਨੇ ਡੀਐੱਸਪੀ ਦਫ਼ਤਰ ਅੱਗੇ ਧਰਨਾ ਲਾ ਦਿੱਤਾ। ਧਰਨੇ ਦੀ ਅਗਵਾਈ ਪਿੰਡ ਮੁਠੱਡਾ ਕਲਾਂ ਦੇ ਸਰਪੰਚ ਕਾਂਤੀ ਮੋਹਨ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਰਨੈਲ ਫਿਲੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਅਜੈ ਫਿਲੌਰ, ਅੰਬੇਡਕਰ ਸੈਨਾ ਤਹਿਸੀਲ ਫਿਲੌਰ ਦੇ ਪ੍ਰਧਾਨ ਦੀਪਕ ਰਸੂਲਪੁਰੀ, ਐਡਵੋਕੇਟ ਸੰਜੀਵ ਭੌਰਾ, ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਬਲਦੇਵ ਸੰਤੋਖਪੁਰਾ, ਕਰਨੈਲ ਫਿਲੌਰ ਤੇ ਅੰਕੁਸ਼ ਮਹਿੰਮੀ ਨੇ ਕੀਤੀ। ਇਸ ਮੌਕੇ ਪੁਲੀਸ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਐੱਸਪੀ (ਡੀ) ਬਲਕਾਰ ਸਿੰਘ ਨੇ ਪਰਿਵਾਰਕ ਮੈਂਬਰਾਂ ਅਤੇ ਆਗੂਆਂ ਤੋਂ ਘਟਨਾ ਸਬੰਧੀ ਜਾਣਕਾਰੀ ਲਈ। ਲੋਕਾਂ ਦੇ ਰੋਹ ਨੂੰ ਵੇਖਦਿਆਂ ਐਸਪੀ (ਡੀ) ਨੇ ਏਐਸਆਈ ਗਿਆਨ ਈਸ਼ਵਰ ਨੂੰ ਤੁਰੰਤ ਮੁਅੱਤਲ ਕਰਨ ਦਾ ਐਲਾਨ ਕੀਤਾ। ਐਸਪੀ (ਡੀ) ਨੇ ਵਿਸ਼ਵਾਸ ਦਿਵਾਇਆ ਕਿ ਮੁਲਜ਼ਮ ਦਾ ਇਲਾਜ ਪੁਲੀਸ ਆਪਣੇ ਕੋਲੋਂ ਕਰਵਾਏਗੀ। ਇਸ ਮਗਰੋਂ ਇਕੱਤਰ ਲੋਕਾਂ ਨੇ ਧਰਨਾ ਚੁੱਕ ਦਿੱਤਾ।

Comments

comments

Share This Post

RedditYahooBloggerMyspace