ਕਠੂਆ ਬਲਾਤਕਾਰ ਕੇਸ ਦੀ ਸੁਣਵਾਈ ਅੱਜ ਹੋਵੇਗੀ ਸ਼ੁਰੂ

ਜੰਮੂ : ਕਠੂਆ ਬਲਾਤਕਾਰ ਤੇ ਕਤਲ ਕੇਸ ਦੀ ਸੁਣਵਾਈ ਭਲਕ ਤੋਂ ਕਠੂਆ ਵਿੱਚ ਸ਼ੁਰੂ ਹੋਵੇਗੀ। ਇਸ ਕੇਸ ਵਿੱਚ ਅੱਠ ਵਿਅਕਤੀ ਮੁਲਜ਼ਮ ਹਨ। ਇਸ ਗੰਭੀਰ ਅਤੇ ਦਿਲ ਕੰਬਾਊ ਮਾਮਲੇ ਵਿੱਚ ਇੱਕ ਅੱਠ ਸਾਲ ਦੀ ਨਾਬਾਲਗ ਮੁਸਲਿਮ ਬੱਚੀ ਨੂੰ ਹਿੰਦੂਵਾਦੀਆਂ ਵੱਲੋਂ ਇੱਕ ਮੰਦਰ ਵਿੱਚ ਕਥਿਤ ਕੈਦ ਕਰਕੇ ਸੱਤ ਦਿਨ ਤੱਕ ਉਸ ਨਾਲ ਬਲਾਤਕਾਰ ਕੀਤਾ ਜਾਂਦਾ ਰਿਹਾ ਅਤੇ ਬਾਅਦ ਵਿੱਚ ਉਸ ਦੀ ਹੱਤਿਆ ਕਰ ਦਿੱਤੀ ਗਈ। ਮੁਲਜ਼ਮਾਂ ਵਿੱਚ ਸ਼ਾਮਲ ਇੱਕ ਨਾਬਾਲਗ ਵਿਰੁੱਧ ਵੱਖਰੀ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ।

ਕਠੂਆ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਕਾਨੂੰਨ ਅਨੁਸਾਰ ਦਾਇਰ ਦੋਸ਼ ਪੱਤਰਾਂ ਵਿੱਚੋਂ ਇੱਕ ਨੂੰ ਸੁਣਵਾਈ ਲਈ ਸਬੰਧਿਤ ਅਦਾਲਤ ਨੂੰ ਭੇਜਣਗੇ। ਇਸ ਦੋਸ਼ ਪੱਤਰ (ਚਾਰਜਸ਼ੀਟ) ਵਿੱਚ ਸੱਤ ਮੁਲਜ਼ਮਾਂ ਦੇ ਨਾਂਅ ਸ਼ਾਮਲ ਹਨ। ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਇੱਕ ਨਾਬਾਲਗ ਵਿਰੁੱਧ ਬਲਾਤਕਾਰ ਦੀ ਸੁਣਵਾਈ ਫਿਲਹਾਲ ਰੋਕ ਲਈ ਹੈ ਅਤੇ ਇਸ ਨੂੰ ਜੁਵੇਨਾਈਲ ਕੋਰਟ ਨੂੰ ਭੇਜਿਆ ਜਾਵੇਗਾ। ਇਸ ਮਾਮਲੇ ਨੂੰ ਹਿੰਦੂ ਅਤੇ ਮੁਸਲਿਮ ਦੀ ਰੰਗਤ ਦੇਣ ਕਾਰਨ ਜੰਮੂ ਕਸ਼ਮੀਰ ਸਰਕਾਰ ਨੇ ਕੇਸ ਦੀ ਸੁਣਵਾਈ ਲਈ ਦੋ ਸਿੱਖ ਸਰਕਾਰੀ ਵਕੀਲ ਨਿਯੁਕਤ ਕੀਤੇ ਹਨ ਤਾਂ ਜੋ ਮਾਮਲੇ ਦੀ ਸੁਣਵਾਈ ਦੌਰਾਨ ਨਿਰਪੱਖਤਾ ਬਰਕਰਾਰ ਰੱਖੀ ਜਾ ਸਕੇ। ਸੁਪਰੀਮ ਕੋਰਟ ਵੱਲੋਂ ਇਸ ਕੇਸ ’ਚ ਵਕੀਲਾਂ ਵਲੋਂ ਖਲਲ ਪਾਉਣ ਦਾ ਗੰਭੀਰ ਨੋਟਿਸ ਲੈਣ ਬਾਅਦ ਹੁਣ ਮਾਮਲੇ ਦੀ ਸੁਣਵਾਈ ਅਮਨ-ਅਮਾਨ ਨਾਲ ਸ਼ੁਰੂ ਹੋਣ ਦੇ ਆਸਾਰ ਬਣ ਗਏ ਹਨ।

ਕਰਾਈਮ ਬਰਾਂਚ ਵੱਲੋਂ ਤਿਆਰ ਕੀਤੀ ਚਾਰਜਸ਼ੀਟ ਵਿੱਚ ਦੋਸ਼ ਲਾਇਆ ਗਿਆ ਹੈ ਕਿ ਬਕਰਵਾਲ ਫਿਰਕੇ ਦੀ ਲੜਕੀ ਨੂੰ ਯੋਜਨਾਬੱਧ ਢੰਗ ਦੇ ਨਾਲ ਅਗਵਾ ਕਰਕੇ ਬਲਾਤਕਾਰ ਕੀਤਾ ਗਿਆ ਅਤੇ ਉਸਨੂੰ ਮਾਰ ਦਿੱਤਾ ਗਿਆ ਤਾਂ ਜੋ ਇਹ ਲੋਕ ਖੌਫਜ਼ਦਾ ਹੋ ਕੇ ਇਲਾਕਾ ਛੱਡ ਜਾਣ। ਇਸ ਕੇਸ ਵਿੱਚ ਮੰਦਰ ਦੇ ਪੁਜਾਰੀ ਨੂੰ ਘਟਨਾ ਦਾ ਮੁੱਖ ਸਾਜਿਸ਼ਕਾਰ ਦਰਸਾਇਆ ਗਿਆ ਹੈ। ਪੁਜਾਰੀ ਸਾਂਜੀਰਾਮ, ਉਸਦਾ ਲੜਕਾ ਵਿਸ਼ਾਲ ਜੰਗੋਤਰਾ ਉਰਫ ਸ਼ਾਮਾ, ਪੁਜਾਰੀ ਦਾ ਨਾਬਾਲਗ ਭਤੀਜਾ, ਐਸਪੀਓ ਦੀਪਕ ਖਜੂਰੀਆ, ਸੁਰੇਂਦਰ ਵਰਮਾ,ਉਸਦਾ ਇੱਕ ਦੋਸਤ ਪ੍ਰਵੇਸ਼ ਕੁਮਾਰ ਉਰਫ ਮੰਨੂ ਤੋਂ ਇਲਾਵਾ ਦੋ ਪੁਲੀਸ ਮੁਲਾਜ਼ਮ; ਸਬ ਇੰਸਪੈਕਟਰ ਆਨੰਦ ਦੱਤਾ, ਹੈੱਡ ਕਾਂਸਟੇਬਲ ਤਿਲਕਰਾਜ ਜੋ ਮਾਮਲੇ ਦੀ ਜਾਂਚ ਕਰ ਰਹੇ ਸਨ ,ਦੇ ਨਾਂ ਦੋਸ਼ ਪੱਤਰ ਵਿੱਚ ਸ਼ਾਮਲ ਹਨ। ਹੌਲਦਾਰ ਅਤੇ ਸਬ ਇੰਸਪੈਕਟਰ ਉੱਤੇ ਮਾਮਲੇ ਨੂੰ ਰਫਾ ਦਫਾ ਕਰਨ ਲਈ ਚਾਰ ਲੱਖ ਰਿਸ਼ਵਤ ਲੈਣ ਦਾ ਦੋਸ਼ ਹੈ ਅਤੇ ਇਨ੍ਹਾਂ ਨੇ ਘਟਨਾ ਦੇ ਅਹਿਮ ਸਬੂਤ ਖਤਮ ਕਰ ਦਿੱਤੇ।। ਇਹ ਸਾਰੇ ਇਸ ਵੇਲੇ ਗ੍ਰਿਫਤਾਰ ਹਨ।

ਮੁਫਤੀ ਵੱਲੋਂ ਭਾਜਪਾ ਮੰਤਰੀਆਂ ਦੇ ਅਸਤੀਫੇ ਪ੍ਰਵਾਨ
ਸ੍ਰੀਨਗਰ: ਜੰਮੂ ਅਤੇ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅੱਜ ਭਾਜਪਾ ਦੇ ਦੋ ਵਿਵਾਦਗ੍ਰਸਤ ਮੰਤਰੀਆਂ ਲਾਲ ਸਿੰਘ ਅਤੇ ਚੰਦਰ ਪ੍ਰਕਾਸ਼ ਗੰਗਾ ਦੇ ਅਸਤੀਫੇ ਪ੍ਰਵਾਨ ਕਰ ਲਏ ਹਨ। ਇਹ ਦੋਵੇਂ ਪਹਿਲੀ ਮਾਰਚ ਨੂੰ ਕਠੂਆ ਵਿੱਚ ਇੱਕ ਅੱਠ ਸਾਲ ਦੀ ਬੱਚੀ ਨਾਲ ਸਮੂਹਿਕ ਬਲਾਤਕਾਰ ਅਤੇ ਉਸਨੂੰ ਕਤਲ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਮੰਦਰ ਦੇ ਪੁਜਾਰੀ ਦੇ ਭਤੀਜੇ ਅਤੇ ਹੋਰ ਮੁਲਜ਼ਮਾਂ ਦੇ ਹੱਕ ਵਿੱਚ ਕੀਤੀ ਰੈਲੀ ਵਿੱਚ ਸ਼ਾਮਲ ਹੋਏ ਸਨ ਅਤੇ ਇਸ ਤੋਂ ਬਾਅਦ ਭਾਰੀ ਵਿਵਾਦ ਪੈਦਾ ਹੋ ਗਿਆ ਸੀ। ਪਿਛਲੇ ਦਿਨੀਂ ਇਨ੍ਹਾਂ ਮੰਤਰੀਆਂ ਨੇ ਆਪਣੇ ਅਸਤੀਫੇ ਪਾਰਟੀ ਪ੍ਰਧਾਨ ਨੂੰ ਸੌਂਪ ਦਿੱਤੇ ਸਨ।
ਅੱਜ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਮੰਤਰੀ ਲਾਲ ਸਿੰਘ ਅਤੇ ਚੰਦਰ ਪ੍ਰਕਾਸ਼ ਗੰਗਾ ਦੇ ਅਸਤੀਫ਼ੇ ਸੂਬੇ ਦੇ ਭਾਜਪਾ ਪ੍ਰਧਾਨ ਸਤ ਸ਼ਰਮਾ ਤੋਂ ਸਵੇਰੇ ਹਾਸਲ ਕਰਕੇ ਤੁਰੰਤ ਰਾਜਪਾਲ ਐੱਨ ਐੱਨ ਵੋਹਰਾ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤੇ। ਪੁਲੀਸ ਪੜਤਾਲ ਵਿੱਚ ਇਹ ਗੱਲ ਉਭਰਕੇ ਸਾਹਮਣੇ ਆਈ ਕਿ ਇਸ ਮਾਮਲੇ ਵਿੱਚ ਮੁੱਖ ਸਾਜਿਸ਼ਕਾਰ ਮੰਦਰ ਦਾ ਪੁਜਾਰੀ ਹੀ ਸੀ। ਇਨ੍ਹਾਂ ਅਸਤੀਫਿਆਂ ਬਾਅਦ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਹੈ।

Comments

comments

Share This Post

RedditYahooBloggerMyspace