ਪੀੜਤ ਪਰਿਵਾਰ ਵੱਲੋਂ ਰਾਹੁਲ ਗਾਂਧੀ ਤੇ ਕੈਪਟਨ ਤੋਂ ਇਨਸਾਫ਼ ਦੀ ਮੰਗ
ਚੰਡੀਗੜ੍ਹ : ਸੁਪਰੀਮ ਕੋਰਟ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ ਚੱਲ ਰਹੇ ਕੇਸ ਸਬੰਧੀ ਪੰਜਾਬ ਸਰਕਾਰ ਵੱਲੋਂ ਲਏ ਸਟੈਂਡ ਨੂੰ ਲੈ ਕੇ ਹੁਣ ਪੀੜਤ ਪਰਿਵਾਰ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਸੜਕ ’ਤੇ ਝਗੜੇ ਦੇ ਇਸ ਮਾਮਲੇ ਸਬੰਧੀ ਪਰਿਵਾਰ ਚਾਹੁੰਦਾ ਹੈ ਕਿ ਹੁਣ ਨਿਆਂ ਵਿੱਚ ਕੋਈ ਅੜਿੱਕਾ ਨਾ ਡਾਹਿਆ ਜਾਵੇ। ਇਸ ਤੋਂ ਦੋ ਦਿਨ ਪਹਿਲਾਂ ਵਿਰੋਧੀ ਪਾਰਟੀਆਂ ਜਿਨ੍ਹਾਂ ਵਿੱਚੋਂ ਸ਼ੋ੍ਮਣੀ ਅਕਾਲੀ ਦਲ ਨੇ ਇਸ ਮਾਮਲੇ ਨੂੰ ਲੈ ਕੇ ਸ੍ਰੀ ਸਿੱਧੂ ਵਿਰੁੱਧ ਕਈ ਹਮਲੇ ਕੀਤੇ ਸਨ ਤੇ ਉਨ੍ਹਾਂ ਦਾ ਅਸਤੀਫ਼ਾ ਮੰਗਿਆ ਸੀ। ਇਸ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਸਿੱਧੂ ਦੇ ਹੱਕ ਵਿੱਚ ਭੁਗਤਦਿਆਂ ਕਿਹਾ ਸੀ ਕਿ ਅਸਤੀਫੇ ਦਾ ਤਾਂ ਸਵਾਲ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕੇਵਲ ਵਿਹਾਰਕ ਸਟੈਂਡ ਹੀ ਲਿਆ ਹੈ ਜੋ 30 ਸਾਲ ਪਹਿਲਾਂ ਲਿਆ ਸੀ।
ਦੱਸਣਯੋਗ ਹੈ ਕਿ ਲੰਘੇ ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਸ੍ਰੀ ਸਿੱਧੂ ਦੇ ਕੇਸ ਸਬੰਧੀ ਪੰਜਾਬ ਸਰਕਾਰ ਵੱਲੋਂ ਲਏ ਸਟੈਂਡ ਨੇ ਸਿਆਸੀ ਤੌਰ ’ਤੇ ਨਵੀਂ ਚਰਚਾ ਛੇੜ ਦਿੱਤੀ ਸੀ। ਇਹ ਮਾਮਲਾ ਸੜਕ ’ਤੇ ਹੋਈ ਲੜਾਈ ਦਾ ਹੈ ਜਿਸ ਵਿੱਚ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ। ਗੁਰਨਾਮ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 30 ਸਾਲ ਦੀ ਲੰਬੀ ਅਦਾਲਤੀ ਜੱਦੋਜਹਿਦ ਤੋਂ ਬਾਅਦ ਹੁਣ ਕੇਸ ਵਿੱਚ ਨਿਆਂ ਮਿਲਣ ਦੀ ਆਸ ਜਾਗੀ ਹੈ। ਗੁਰਨਾਮ ਸਿੰਘ ਦੇ ਪੋਤੇ ਅਮਰਿੰਦਰ ਸਿੰਘ ਸੁਅੱਚ ਵਾਸੀ ਪਿੰਡ ਘਲੋੜੀ ਨੇ ਦੱਸਿਆ ਕਿ ਇਸ ਲੰਬੇ ਸਮੇਂ ਦੌਰਾਨ ਉਨ੍ਹਾਂ ਨੂੰ ਨਿਆਂ ਲਈ ਬਹੁਤ ਭਟਕਣਾ ਪਿਆ ਹੈ। ਇਹੀ ਨਹੀਂ ਇਥੋਂ ਦੇ ਸਿਸਟਮ ਨੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰ ਦੇ ਮੁਖੀ ਦੀ ਹੱਤਿਆ ਦਾ ਮੁੱਖ ਦੋਸ਼ੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਸਿਆਸਤ ਦੀ ਸਿਖਰਲੀ ਪੌੜੀ ’ਤੇ ਬਿਰਾਜਮਾਨ ਹੈ ਜਦੋਂ ਕਿ ਉਹ ਕੌਮੀ ਟੈਲੀਵਿਜ਼ਨ ’ਤੇ ਇਸ ਅਪਰਾਧ ਨੂੰ ਸ਼ਰ੍ਹੇਆਮ ਕਬੂਲ ਕਰ ਚੁੱਕਾ ਹੈ। ਉਸ ਨੇ ਕਿਹਾ ਕਿ ਉਸ ਦੇ ਪਿਤਾ ਨਰਵੇਦਇੰਦਰ ਸਿੰਘ ਨੇ ਉਸ ਨੂੰ ਅਤੇ ਉਸ ਦੀਆਂ ਦੋ ਭੈਣਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਉਦੋਂ ਬਹੁਤ ਦੁੱਖ ਹੋਇਆ ਜਦੋਂ ਕੌਮੀ ਟੈਲੀਵਿਜ਼ਨ ’ਤੇ ਸਿੱਧੂ ਵੱਲੋਂ ਅਪਰਾਧ ਦੇ ਇੰਕਸ਼ਾਫ਼ ਨੂੰ ‘ਮਜ਼ਾਕ’ ਸਮਝਿਆ ਗਿਆ ਅਤੇ ਬਾਵਜੂਦ ਇਸ ਦੇ ਸਿਆਸੀ ਆਗੂ ਸਿੱਧੂ ਦੀ ਮਦਦ ਕਰਦੇ ਰਹੇ। ਉਸ ਨੇ ਕਿਹਾ ਕਿ ਹੁਣੇ ਹੁਣੇ ਲੜਕੀਆਂ ਨਾਲ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਵਿੱਚ ਸਭ ਉਨ੍ਹਾਂ ਲਈ ਨਿਆਂ ਦੀ ਮੰਗ ਕਰ ਰਹੇ ਹਨ ਪਰ ਉਸ ਵੇਲੇ ਸਾਡੇ ਲਈ ਕਿਸੇ ਨੇ ਨਿਆਂ ਦੀ ਮੰਗ ਨਹੀਂ ਕੀਤੀ ਜਦੋਂ ਇਕ ਸ਼ਕਤੀਸ਼ਾਲੀ ਵਿਅਕਤੀ ਵੱਲੋਂ ਆਪਣੀ ਮਸ਼ਹੂਰੀ ਤੇ ਸ਼ਕਤੀ ਦੇ ਗਰੂਰ ਵਿੱਚ ਇਕ ਬਜ਼ੁਰਗ ਵਿਅਕਤੀ ਨੂੰ ਮਾਰ ਦਿੱਤਾ ਸੀ। ਉਸ ਨੇ ਪਾਰਟੀ ਆਗੁੂਆਂ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ‘‘ਇਨਸਾਨੀਅਤ ਦੇ ਨਾਤੇ ਸਾਨੂੰ ਇਨਸਾਫ਼ ਦਿਵਾਇਆ ਜਾਵੇ ਅਤੇ 30 ਸਾਲ ਬਾਅਦ ਸਾਨੂੰ ਉਮੀਦ ਦੀ ਕੋਈ ਕਿਰਨ ਨਜ਼ਰ ਆਈ ਹੈ ਇਹ ਕਿਤੇ ਸਿਆਸਤ ਦੀ ਭੇਟ ਨਾ ਚੜ੍ਹ ਜਾਵੇ।’’ ਉਨ੍ਹਾਂ ਨੂੰ ਜਦੋਂ ਇ