ਬਾਈਬਲ ਤੇ ਹੋਰ ਸਾਮਾਨ ਸੜਿਆ

ਧਾਰਮਿਕ ਗ੍ਰੰਥ ਸੜਨ ਦੇ ਮਾਮਲੇ ਦੀ ਪੜਤਾਲ ਕਰਦੀ ਹੋਈ ਪੁਲੀਸ।

ਧਾਰੀਵਾਲ : ਬਲਾਕ ਧਾਰੀਵਾਲ ਅਧੀਨ ਪੈਂਦੇ ਪਿੰਡ ਕਲੇਰ ਕਲਾਂ ਦੀ ਕਲੋਨੀ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਇਸੇ ਕਲੋਨੀ ਵਿੱਚ ਰਹਿਣ ਵਾਲੇ ਕੁਝ ਵਿਅਕਤੀਆਂ ਨੇ ਇੱਕ ਘਰ ਵਿੱਚ ਪਏ ਧਾਰਮਿਕ ਗ੍ਰੰਥ ਬਾਈਬਲ ਸਮੇਤ ਹੋਰ ਸਾਮਾਨ ਨੂੰ ਸਾੜ ਦਿੱਤਾ।

ਪਿੰਡ ਕਲੇਰ ਕਲਾਂ ਦੀ ਕਲੋਨੀ, ਧਾਰੀਵਾਲ ਤੋਂ ਅੱਗੇ ਜਾਂਦੀ ਅੱਪਰਬਾਰੀ ਦੋਆਬ ਨਹਿਰ ਨੇੜੇ ਹੈ। ਕਲੋਨੀ ਦੇ ਵਿਜੇ ਕੁਮਾਰ ਨੇ ਦੱਸਿਆ ਕਿ ਕਲੋਨੀ ਵਿੱਚ ਨਵੀਂ ਚਰਚ ਬਣਾਈ ਜਾ ਰਹੀ ਹੈ ਅਤੇ ਉਹ ਪਿੰਡ ਦੀ ਪੰਚਾਇਤ ਵੱਲੋਂ ਦਿੱਤੇ ਘਰ ਵਿੱਚ ਰਹਿ ਰਿਹਾ ਹੈ। ਬੀਤੇ ਦਿਨ ਉਹ ਪਿੰਡ ਭਾਮੜੀ ਆਪਣੇ ਪਰਿਵਾਰ ਨੂੰ ਮਿਲਣ ਲਈ ਗਿਆ ਹੋਇਆ ਸੀ ਤਾਂ ਕਿਸੇ ਨੇ ਸੂਚਨਾ ਦਿੱਤੀ ਕਿ ਉਸ ਦੇ ਮਕਾਨ ਨੂੰ ਅੱਗ ਲੱਗ ਗਈ ਹੈ। ਜਦੋਂ ਉਸ ਨੇ ਘਰ ਆ ਕੇ ਵੇਖਿਆ ਤਾਂ ਘਰ ਦੇ ਜਿੰਦੇ ਟੁੱਟੇ ਪਏ ਸਨ ਤੇ ਕਮਰੇ ਵਿੱਚ ਪਏ ਧਾਰਮਿਕ ਗ੍ਰੰਥ ਬਾਈਬਲ ਅਤੇ ਮਸੀਹ ਭਾਈਚਾਰੇ ਨਾਲ ਸਬੰਧਤ ਹੋਰ ਧਾਰਮਿਕ ਕਿਤਾਬਾਂ ਅਤੇ ਦੂਜੇ ਕਮਰੇ ਵਿੱਚ ਰੱਖੇ ਲੋਹੇ ਦੇ ਟਰੰਕਾਂ ਵਿਚਲੇ ਕੱਪੜੇ, ਲੈਪਟਾਪ ਤੇ ਨਕਦੀ ਆਦਿ ਵੀ ਸੜ ਕੇ ਸੁਆਹ ਹੋ ਗਏ। ਜਦੋਂ ਉਹ ਅੱਜ ਆਪਣੇ ਘਰ ਆਇਆ ਤਾਂ ਘਰ ਦੇ ਨੇੜੇ ਹੀ ਰਹਿੰਦੇ ਉਸ ਦੇ ਇੱਕ ਰਿਸ਼ਤੇਦਾਰ ਥੁੜੂ ਮਸੀਹ ਪੁੱਤਰ ਰੁਲਦੂ ਮਸੀਹ ਨੇ ਦੱਸਿਆ ਕਿ ਰਾਤ ਲਗਪਗ 12 ਵਜੇ ਜਦੋਂ ਉਸ ਨੇ ਉਸ ਦੇ (ਵਿਜੇ ਕੁਮਾਰ) ਦੇ ਘਰ ਵਿੱਚੋਂ ਧੂੰਆਂ ਨਿਕਲਦਾ ਵੇਖਿਆ ਤਾਂ ਉਹ ਘਰ ਨੇੜੇ ਗਿਆ ਤਾਂ ਉਸ ਘਰ ਵਿੱਚੋਂ ਕਲੋਨੀ ਵਿੱਚ ਹੀ ਰਹਿੰਦੇ ਤਰਸੇਮ ਅਤੇ ਉਸ ਦੇ ਹੋਰ 4-5 ਸਾਥੀ ਉਸ ਨੂੰ ਵੇਖ ਕੇ ਦੌੜ ਗਏ। ਉਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਹ ਆਪਣੇ ਘਰ ਜਾ ਵੜੇ ਅਤੇ ਉਸ ਉੱਪਰ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੰਜਾਬ ਚਰਚ ਪ੍ਰੋਟੈਕਸ਼ਨ ਕਮੇਟੀ ਦੇ ਪ੍ਰਧਾਨ ਰਾਕੇਸ਼ ਵਿਲੀਅਮ, ਪੀਟਰ ਚੀਦਾ, ਮਸੀਹ ਆਗੂ ਲਾਭਾ ਮਸੀਹ, ਪ੍ਰੇਮ ਮਸੀਹ, ਲਵਲੀ ਰੰਧਾਵਾ ਤੇ ਪਾਸਟਰ ਸਾਦਿਕ ਆਦਿ ਪੁੱਜ ਗੲ ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸੁੱਚਾ ਸਿੰਘ ਬੱਲ, ਨਾਇਬ ਤਹਿਸੀਲਦਾਰ ਧਾਰੀਵਾਲ ਨਿਰਮਲ ਸਿੰਘ, ਐੱਸਐਚਓ ਸੇਖਵਾਂ ਰਬਿੰਦਰ ਸਿੰਘ ਤੇ ਐੱਸਐਚਓ ਪਰਮਜੀਤ ਸਿੰਘ ਭਾਰੀ ਪੁਲੀਸ ਸਮੇਤ ਮੌਕੇ ’ਤੇ ਪੁੱਜੇ ਤੇ ਸਥਿਤੀ ਨੂੰ ਕਾਬੂ ਕੀਤਾ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਮਸੀਹ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਇਸ ਮੌਕੇ ਡੀਐੱਸਪੀ ਸੁੱਚਾ ਸਿੰਘ ਬੱਲ ਅਤੇ ਥਾਣਾ ਮੁਖੀ ਰਬਿੰਦਰ ਸਿੰਘ ਨੇ ਦੱਸਿਆ ਕਿ ਪਾਸਟਰ ਵਿਜੇ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਤਰਸੇਮ ਅਤੇ ਉਸ ਦੇ 4 ਹੋਰ ਸਾਥੀਆਂ ਖ਼ਿਲਾਫ ਧਾਰਾ 295ਏ, 436, 452, 34 ਆਈਪੀਸੀ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Comments

comments

Share This Post

RedditYahooBloggerMyspace