ਬੀਸੀਆਈ ਨੇ ਜੰਮੂ ਤੇ ਕਠੂਆ ਦੀਆਂ ਬਾਰ ਐਸੋਸੀਏਸ਼ਨਾਂ ਨੂੰ ਹੜਤਾਲ ਵਾਪਸ ਲੈਣ ਲਈ ਭੇਜਿਆ ਨੋਟਿਸ
ਨਵੀਂ ਦਿੱਲੀ/ ਜੰਮੂ : ਬਾਰ ਕੌਂਸਲ ਆਫ ਇੰਡੀਆ (ਬੀਸੀਆਈ) ਨੇ ਜੰਮੂ ਅਤੇ ਕਠੂਆ ਬਾਰ ਕੌਂਸਲਾਂ ਨੂੰ ਹੜਤਾਲ ਵਾਪਿਸ ਲੈਣ ਲਈ ਕਿਹਾ ਹੈ ਅਤੇ ਮਾਮਲੇ ਦੀ ਜਾਂਚ ਲਈ ਹਾਈਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਿੱਚ ਪੰਜ ਮੈਂਬਰੀ ਵਫਦ ਭੇਜਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਜੰਮੂ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਵੱਲੋਂ ਮਾਮਲੇ ਦਾ ਨੋਟਿਸ ਲੈਣ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦਾ ਸੁਪਰੀਮ ਕੋਰਟ ਵਿੱਚ ਪੂਰਾ ਵਿਸ਼ਵਾਸ ਹੈ। ਐਸੋਸੀਏਸ਼ਨ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਗ ਇਸ ਖਿੱਤੇ ਵਿੱਚ ਗੈਰਕਾਨੂੰਨੀ ਰੋਹਿੰਗੀਆ ਸ਼ਰਨਾਰਥੀਆਂ ਨੂੰ ਇੱਥੋਂ ਉਠਾਉਣ ਦੀ ਹੈ ਅਤੇ ਇਸ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਕੇ ਉਨ੍ਹਾਂ ਨੂੰ ਬਲਾਤਕਾਰ ਪੱਖੀ ਅਤੇ ਦੇਸ਼ ਵਿਰੋਧੀ ਐਲਾਨਣ ਦੀ ਕੋਸ਼ਿਸ਼ ਕੀਤੀ ਗਈ ਹੈ। ਐਸੋਸੀਏਸ਼ਨ ਦੀ ਮੈਂਬਰ ਸੀਨੀਅਰ ਐਡਵੋਕੇਟ ਸੁਰਿੰਦਰ ਕੌਰ ਨੇ ਕਿਹਾ ਕਿ ਹੁਣ ਸੁਪਰੀਮ ਕੋਰਟ ਨੇ ਦੇਖਣਾ ਹੈ ਕਿ ਮਾਮਲਾ ਸੀਬੀਆਈ ਨੂੰ ਨੂੰ ਸੌਂਪਣਾ ਹੈ ਕਿ ਨਹੀ।’ ਇਸ ਦੌਰਾਨ ਅੱਜ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਠੂਆ ਬਲਾਤਕਾਰ ਮਾਮਲੇ ਵਿੱਚ ਨਾਬਾਲਗਾਂ ਨਾਲ ਬਲਾਤਕਾਰ ਦੇ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕਰਦਿਆਂ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ। ਜੰਮੂ ਵਿੱਚ ਪੈਂਥਰਜ਼ ਪਾਰਟੀ ਨੇ ਮੁਜ਼ਾਹਰਾ ਕਰਕੇ ਮੰਤਰੀਆਂ ਦੇ ਅਸਤੀਫੇ ਸਵੀਕਾਰ ਕਰਨ ਦੀ ਮੰਗ ਕੀਤੀ ਹੈ।