ਮਹੱਲੇ ਦੌਰਾਨ ਨਿਹੰਗ ਸਿੰਘ ਦੀ ਮੌਤ, ਦੂਜਾ ਜ਼ਖ਼ਮੀ

ਤਲਵੰਡੀ ਸਾਬੋ : ਇੱਥੇ ਦਮਦਮਾ ਸਾਹਿਬ ਵਿਖੇ ਚਾਰ ਰੋਜ਼ਾ ਵਿਸਾਖੀ ਮੇਲੇ ਦੀ ਸਮਾਪਤੀ ਮੌਕੇ ਅੱਜ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਵੱਲੋਂ ਸਥਾਨਕ ਬੱਸ ਅੱਡੇ ਪਿੱਛੇ ਖੁੱਲ੍ਹੇ ਮੈਦਾਨ ਵਿੱਚ ਕੱਢੇ ਜਾ ਰਹੇ ਮਹੱਲੇ ਦੌਰਾਨ ਘੋੜਿਆਂ ਦੇ ਦੌੜਦੇ ਸਮੇਂ ਦੁਲੱਤਾ ਵੱਜਣ ਕਾਰਨ ਮਹੱਲਾ ਦੇਖ ਰਹੇ ਦੋ ਬਜ਼ੁਰਗ ਨਿਹੰਗ ਸਿੰਘ ਭੂਰਾ ਸਿੰਘ (62) ਵਾਸੀ ਰਣੀਆ (ਮੋਗਾ) ਅਤੇ ਸ਼ਿੰਦਰ ਸਿੰਘ (65) ਵਾਸੀ ਕਾਉਣੀ (ਮੁਕਤਸਰ) ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਸ਼ਿੰਦਰ ਸਿੰਘ ਵਾਸੀ ਕਾਉਣੀ ਨੂੰ ਬਠਿੰਡਾ ਰੈਫਰ ਕਰ ਦਿੱਤਾ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਉਹ ਦਮ ਤੋੜ ਗਿਆ।

ਚਾਰ ਰੋਜ਼ਾ ਵਿਸਾਖੀ ਮੇਲਾ ਅੱਜ ਸ਼ਾਮ ਛਿਆਨਵੇਂ ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੱਢੇ ਰਵਾਇਤੀ ਮਹੱਲੇ ਨਾਲ ਸਮਾਪਤ ਹੋ ਗਿਆ। ਇਸ ਮੇਲੇ ਦੌਰਾਨ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਅਤੇ ਬੁੱਢਾ ਦਲ ਵੱਲੋਂ ਅੰਮ੍ਰਿਤ ਸੰਚਾਰ ਕਰਕੇ ਵੱਡੀ ਗਿਣਤੀ ਪ੍ਰਾਣੀਆਂ ਨੂੰ ਗੁਰੂ ਵਾਲੇ ਬਣਾਇਆ ਗਿਆ। ਬੁੱਢਾ ਦਲ ਵੱਲੋਂ ਨਿਹੰਗ ਸਿੰਘਾਂ ਦੇ ਨਵੇਂ ਲਾਇਸੈਂਸ ਬਣਾਏ ਗਏ ਤੇ ਪੁਰਾਣੇ ਰੀਨਿਊ ਕੀਤੇ ਗਏ। ਮੇਲੇ ਮੌਕੇ ਬੁੱਢਾ ਦਲ ਵੱਲੋਂ ਇੰਟਰਨੈਸ਼ਨਲ ਗਤਕਾ ਮੁਕਾਬਲੇ ਵੀ ਕਰਵਾਏ ਗਏ। ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਮੇਲੇ ਵਿੱਚ ਕੈਂਸਰ ਜਾਂਚ ਕੈਂਪ ਐਨਆਰਆਈ ਬਲਬੀਰ ਸਿੰਘ ਦੀ ਅਗਵਾਈ ਵਿੱਚ ਲਾਇਆ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਮਹੱਲਾ ਕੱਢਿਆ ਗਿਆ। ਇਸ ਮੌਕੇ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਵਧਾਈ ਦਿੱਤੀ।

ਨਿਹੰਗ ਸਿੰਘ ਜਥੇਬੰਦੀਆਂ ਨੇ ਸ਼ਾਮ ਨੂੰ ਮਹੱਲਾ ਕੱਢਿਆ। ਨੀਲੇ ਬਾਣਿਆਂ ਵਿੱਚ ਸਜੀਆਂ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਸ਼ਿੰਗਾਰੇ ਹੋਏ ਘੋੜਿਆਂ ’ਤੇ ਸਵਾਰ ਹੋ ਕੇ ਪਹਿਲਾਂ ਨਿਹੰਗਾਂ ਸਿੰਘਾਂ ਦੀ ਮੁੱਖ ਛਾਉਣੀ ਗੁਰਦੁਆਰਾ ਦੇਗਸਰ ਬੇਰ ਸਾਹਿਬ ਵਿਖੇ ਇਕੱਠੀਆਂ ਹੋਈਆਂ। ਜਿੱਥੋਂ ਉਹ ਛਿਆਨਵੇਂ ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਅਰਦਾਸ ਕਰਨ ਮਗਰੋਂ ਨਗਾਰਿਆਂ ਦੀਆਂ ਚੋਟਾਂ ਅਤੇ ਖ਼ਾਲਸਈ ਜੈਕਾਰਿਆਂ ਦੀ ਗੂੰਜ ਨਾਲ ਸਖ਼ਤ ਸੁਰੱਖਿਆ ਪ੍ਰਬੰਧਾਂ ਵਿੱਚ ਹੇਠ ਰਵਾਨਾ ਹੋਏ। ਉਹ ਤਖ਼ਤ ਸਾਹਿਬ ਦੀ ਪਰਿਕਰਮਾ ਕਰਕੇ ਅਤੇ ਇਤਿਹਾਸਕ ਗੁਰਦੁਆਰਾ ਮਹੱਲਸਰ ਵਿਖੇ ਮੱਥਾ ਟੇਕ ਦੇ ਸਥਾਨਕ ਬੱਸ ਅੱਡੇ ਕੋਲ ਖੁੱਲ੍ਹੇ ਮੈਦਾਨ ਵਿੱਚ ਪੁੱਜੇ, ਜਿੱਥੇ ਘੋੜ ਸਵਾਰ ਨਿਹੰਗ ਸਿੰਘਾਂ ਨੇ ਘੋੜ ਸਵਾਰੀ, ਕਿੱਲਾ ਪੁੱਟਣ ਤੇ ਗੱਤਕੇ ਦੇ ਕਰਤੱਬ ਦਿਖਾਏ। ਬਾਬਾ ਬਲਬੀਰ ਸਿੰਘ ਨੇ ਜੇਤੂਆਂ ਨੂੰ ਇਨਾਮ ਵੰਡੇ। ਦੂਜੇ ਪਾਸੇ, ਬੁੱਢਾ ਦਲ ਦੇ ਦੂਜੇ ਗਰੁੱਪ ਨੇ ਬਾਬਾ ਸਮਸ਼ੇਰ ਸਿੰਘ ਦੀ ਅਗਵਾਈ ਵਿੱਚ ਰਵਾਇਤੀ ਮਹੱਲਾ ਕੱਢਿਆ ਗਿਆ। ਪਹਿਲਾਂ ਇਤਿਹਾਸਕ ਗੁਰਦੁਆਰਾ ਮਹੱਲਸਰ ਵਿਖੇ ਮੱਥਣ ਟੇਕਣ ਜਾਂਦੇ ਬੁੱਢਾ ਦਲ ਦੇ ਦੋਵਾਂ ਗਰੁੱਪਾਂ ਦੇ ਰਸਤੇ ਵਿੱਚ ਅਚਾਨਕ ਇਕੱਠੇ ਹੋਣ ਨਾਲ ਇੱਕ ਵਾਰ ਪੁਲੀਸ-ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਪਰ ਪੁਲੀਸ ਦੀ ਸੂਝ-ਬੂਝ ਸਦਕਾ ਕਿਸੇ ਕਿਸਮ ਦੇ ਟਕਰਾਅ ਤੋਂ ਬਚਾਅ ਰਿਹਾ। ਮਹੱਲੇ ਵਾਲੀ ਜਗ੍ਹਾ ’ਤੇ ਗਾਰਾ ਹੋਣ ਕਰਕੇ ਬੁੱਢਾ ਦਲ ਦੀਆਂ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਆੜੇ ਹੱਥੀਂ ਲਿਆ।

Comments

comments

Share This Post

RedditYahooBloggerMyspace