ਮੁੱਖ ਮੰਤਰੀ ਦੇ ਸ਼ਹਿਰ ਨੇੜੇ ਹਜ਼ਾਰਾਂ ਅਧਿਆਪਕਾਂ ਵੱਲੋਂ ਰੋਸ ਰੈਲੀ

ਪਟਿਆਲਾ ਨੇੜੇ ਜੱਸੋਵਾਲ ਵਿੱਚ ਐਤਵਾਰ ਨੂੰ ਹੋਈ ਵਿਸ਼ਾਲ ਅਧਿਆਪਕ ਰੈਲੀ ਦੀ ਝਲਕ|

ਪਟਿਆਲਾ : ਸ਼ਾਹੀ ਸ਼ਹਿਰ ਵੱਲ ਅੱਜ ਪੰਜਾਬ ਭਰ ’ਚੋਂ ਹਜ਼ਾਰਾਂ ਹੀ ਅਧਿਆਪਕਾਂ ਨੇ ਵਹੀਰਾਂ ਘੱਤ ਕੇ ਵਿਸ਼ਾਲ ਰੋਸ ਪ੍ਰਦਰਸ਼ਨ ’ਚ ਹਿੱਸਾ ਲਿਆ| ਪੰਜਾਬ ਸਰਕਾਰ ਖ਼ਿਲਾਫ਼ ‘ਸੂਬਾਈ ਹੱਲਾ ਬੋਲ’ ਰੈਲੀ ਦਾ ਸੱਦਾ 21 ਅਧਿਆਪਕ ਜਥੇਬੰਦੀਆਂ ਦੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਦਿੱਤਾ ਗਿਆ ਸੀ | ਸ਼ਹਿਰ ਨੇੜਲੇ ਪਿੰਡ ਜੱਸੋਵਾਲ ਦੇ ਗਰਾਉੂਂਡ ‘ਚ ਕੀਤੀ ਗਈ ਇਸ ਰੈਲੀ ਦੌਰਾਨ ਅਧਿਆਪਕ ਉਦੋਂ ਭੜਕ ਪਏ ਜਦੋਂ ਪ੍ਰਸ਼ਾਸਨ ਦੀ ਤਰਫੋਂ ਮੁੱਖ ਮੰਤਰੀ ਨਾਲ ਮੀਟਿੰਗ ਦੀ ਬਜਾਏ ਸਿਰਫ਼ ਮੁੱਖ ਮੰਤਰੀ ਦਫ਼ਤਰ ’ਚ ਗੱਲਬਾਤ ਲਈ 30 ਅਪਰੈਲ ਦਾ ਸੱਦਾ ਦਿੱਤਾ ਗਿਆ। ਅਧਿਆਪਕਾਂ ਨੇ ਸ਼ਹਿਰ ਵੱਲ ਰੋਸ ਮਾਰਚ ਆਰੰਭਣ ਦੀ ਤਿਆਰੀ ਖਿੱਚ ਲਈ ਪਰ ਐਨ ਵਕਤ ਸਿਰ ਐਸ.ਡੀ.ਐਮ. ਨੇ ਪਹੁੰਚ ਕੇ ਅਧਿਆਪਕਾਂ ਦੀ 27 ਅਪਰੈਲ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਲਿਖ਼ਤੀ ਭਰੋਸਾ ਦੇਣ ਮਗਰੋਂ ਮੁਜ਼ਾਹਰਾਕਾਰੀ ਸ਼ਾਂਤ ਹੋਏ|
ਗਰਮੀ ਦੇ ਬਾਵਜੂਦ ਰੈਲੀ ਵਿੱਚ ਅਧਿਆਪਕਾਵਾਂ ਦੀ ਵੱਡੀ ਗਿਣਤੀ ਵੇਖਣ ਨੂੰ ਮਿਲੀ| ਇਸ ਮੌਕੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰਾਂ ਕੁਲਵੰਤ ਸਿੰਘ ਗਿੱਲ, ਬਲਕਾਰ ਸਿੰਘ ਵਲਟੋਹਾ, ਸੁਖਵਿੰਦਰ ਸਿੰਘ ਚਾਹਲ, ਭੁਪਿੰਦਰ ਸਿੰਘ ਵੜੈਚ ਅਤੇ ਬਾਜ਼ ਸਿੰਘ ਖਹਿਰਾ ਨੇ ਅਧਿਆਪਕ ਏਕਤਾ ਨੂੰ ਵੱਡੇ ਸੰਘਰਸ਼ਾਂ ਰਾਹੀਂ ਲੋਕ ਲਹਿਰ ਬਣਾ ਕੇ ਸਰਕਾਰ ਨੂੰ ਜਨਤਕ ਸਿੱਖਿਆ ਨੀਤੀ ’ਤੇ ਪਹਿਰਾ ਦੇਣ ਤੇ ਅਧਿਆਪਕ ਪੱਖੀ ਫੈਸਲੇ ਕਰਨ ਲਈ ਮਜਬੂਰ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਅਧਿਆਪਕ ਆਗੂਆਂ ਨੇ ਮੰਗ ਉਠਾਈ ਕਿ ਠੇਕਾ ਅਧਾਰਿਤ ਸਰਵ ਸਿੱਖਿਆ ਅਭਿਆਨ, ਰਮਸਾ ਅਧਿਆਪਕਾਂ ਤੇ ਕਰਮਚਾਰੀਆਂ, ਆਈਈਆਰਟੀ, ਸਿੱਖਿਆ ਵਿਭਾਗ ਦੀ ਪਿਕਟਸ ਸੁਸਾਇਟੀ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ, ਸੇਵਾ ਸ਼ਰਤਾਂ ਤਹਿਤ ਤਿੰਨ ਸਾਲ ਪੂਰੇ ਹੋਣ ਦੇ ਬਾਵਜੂਦ ਕੱਚੇ ਵਿਭਾਗੀ 5178 ਅਧਿਆਪਕਾਂ, ਸਰਕਾਰੀ ਆਦਰਸ਼, ਮਾਡਲ ਤੇ ਆਦਰਸ਼ (ਪੀਪੀਪੀ ਮੋਡ) ਅਤੇ ਓ.ਡੀ.ਐੱਲ. ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲ ਤੇ ਵਿਭਾਗ ‘ਚ ਰੈਗੂਲਰ ਕਰਕੇ ਹੀ ਜਨਤਕ ਸਿੱਖਿਆ ਦੇ ਖੇਤਰ ਵਿੱਚ ਚੰਗੀ ਪ੍ਰਤਿਭਾ ਦੀ ਆਮਦ ਦੀ ਆਸ ਕੀਤੀ ਜਾ ਸਕਦੀ ਹੈ। ਸੂਬਾ ਕੋ-ਕਨਵੀਨਰ ਜਗਸੀਰ ਸਹੋਤਾ, ਪ੍ਰਦੀਪ ਮਲੂਕਾ, ਦੀਦਾਰ ਮੁੱਦਕੀ, ਗੁਰਵਿੰਦਰ ਤਰਨਤਾਰਨ, ਗੁਰਜਿੰਦਰਪਾਲ ਸਿੰਘ, ਅੰਮਿ੍ਤਪਾਲ ਸਿੱਧੂ, ਸੁਖਰਾਜ ਕਾਹਲੋਂ, ਬਿਕਰਮਜੀਤ ਮਲੇਰਕੋਟਲਾ, ਦੇਵਿੰਦਰ ਪੂਨੀਆ, ਹਰਦੀਪ ਟੋਡਰਪੁਰ, ਹਰਵਿੰਦਰ ਬਿਲਗਾ, ਹਾਕਮ ਸਿੰਘ, ਸੁਖਜਿੰਦਰ ਹਰੀਕਾ, ਜਸਵੰਤ ਸਿੰਘ ਪੰਨੂ, ਸੁਖਰਾਜ ਸਿੰਘ, ਸਤਨਾਮ ਸਿੰਘ ਸ਼ੇਰੋਂ ਅਤੇ ਵਨੀਤ ਕੁਮਾਰ ਨੇ ਹੈਰਾਨੀ ਜ਼ਾਹਿਰ ਕੀਤੀ ਕੇ ਕਈ ਸਾਲਾਂ ਤੋਂ ਵਿਦਿਆਰਥੀਆਂ ਦਾ ਭਵਿੱਖ ਸਵਾਰਨ ‘ਚ ਲੱਗੇ ਈ.ਜੀ.ਐੱਸ, ਏ.ਆਈ.ਈ, ਐੱਸ.ਟੀ.ਆਰ, ਏ.ਆਈ.ਈ, ਆਈ.ਈ.ਵੀ, ਵਾਲੰਟੀਅਰਾਂ ਅਤੇ ਸਿੱਖਿਆ ਪ੍ਰੋਵਾਈਡਰਾਾਂ ਨੂੰ ਪੱਕੇ ਅਤੇ ਰੈਗੂਲਰ ਅਧਿਆਪਕ ਵਾਲੀਆਂ ਸੇਵਾ ਸਹੂਲਤਾਂ ਦੇਣ ਤੋਂ ਵੀ ਇਨਕਾਰੀ ਹੋਇਆ ਜਾ ਰਿਹਾ ਹੈ।
ਰੈਲੀ ’ਚ ਗੂੰਜੇ ਅਧਿਆਪਕਾਂ ਦੇ ਕਈ ਮਸਲੇ

ਸੱਤ ਸਾਲ ਦੀ ਡਿਉੂਟੀ ਵਾਲੇ ਅਧਿਆਪਕਾਂ ਨੂੰ ਜਬਰੀ ਤਬਦੀਲ ਕਰਨ, ਦੂਰ ਦੁਰਾਡੇ ਸੇਵਾਵਾਂ ਦੇ ਰਹੇ ਨਵਨਿਯੁਕਤ ਅਧਿਆਪਕਾਂ ‘ਤੇ ਤਿੰਨ ਸਾਲ ਤੋਂ ਪਹਿਲਾਂ ਬਦਲੀ ਨਾ ਹੋਣ ਦੀ ਸ਼ਰਤ ਲਗਾਉਣ, ਤਰਕਸੰਗਤ ਪਾਠਕ੍ਰਮ ਅਧਾਰਿਤ ਸਿੱਖਿਆ ਦੇਣ ਦੀ ਥਾਂ ‘ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ’ ਪ੍ਰੋਜੈਕਟ ਲਾਗੂ ਕਰ ਕੇ ਹਜ਼ਾਰਾਂ ਅਧਿਆਪਕਾਂ ਨੂੰ ਸਕੂਲਾਂ ਵਿੱਚੋਂ ਕੱਢਣ, ਮਿਡਲ ਸਕੂਲਾਂ ਵਿੱਚੋਂ ਪੰਜਾਬੀ/ਹਿੰਦੀ/ਡਰਾਇੰਗ ਅਤੇ ਸਰੀਰਕ ਸਿੱਖਿਆ ਦੀਆਂ ਹਜ਼ਾਰਾਂ ਅਸਾਮੀਆਂ ਖਤਮ ਕਰਨ, ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਸਮੇਤ ਹੋਰ ਅਸਾਮੀਆਂ ਦੇਣ ਦੀ ਥਾਂ ਹੈੱਡ ਟੀਚਰ ਦੀ ਅਸਾਮੀ ਦੇਣ ’ਤੇ ਵੀ ਮਾਰੂ ਸ਼ਰਤਾਂ ਲਗਾਉਣ, ਬੀਐੱਡ ਪਾਸ ਪ੍ਰਾਇਮਰੀ ਅਧਿਆਪਕਾਂ ‘ਤੇ ਜਬਰੀ ਬ੍ਰਿਜ ਕੋਰਸ ਦੀ ਸ਼ਰਤ ਲਗਾਉਣ, ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰ ਕੇ ਪੁਰਾਣੀ ਪੈਨਸ਼ਨ ਨਾ ਬਹਾਲ ਕਰਨ, ਡੀਏ ਅਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਨਾ ਜਾਰੀ ਕਰਨ, ਹਿੰਦੀ ਤੇ ਸਮਾਜਿਕ ਸਿੱਖਿਆ ਵਰਗੇ ਅਹਿਮ ਵਿਸ਼ਿਆਂ ਨੂੰ ਆਪਸ਼ਨਲ ਬਣਾਉਣ ਅਤੇ ਦੋਸ਼ਪੂਰਨ ਰੈਸ਼ਨਲਾਈਜੇਸ਼ਨ ਨੀਤੀ ਰਾਹੀਂ ਲੈਕਚਰਾਰ, ਮਾਸਟਰ, ਈ.ਟੀ.ਟੀ ਕਾਡਰਾਂ ਅਤੇ ਕੰਪਿਊਟਰ ਫੈਕਲਟੀ ਦੀਆਂ ਹਜ਼ਾਰਾਂ ਅਸਾਮੀਆਂ ਦਾ ਖਾਤਮਾ ਕਰਨ, ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਨੂੰ ਲਾਗੂ ਕਰ ਰਹੇ ਸਿੱਖਿਆ ਸਕੱਤਰ ਨੂੰ ਨਾ ਹਟਾਉਣ, ਬੀ.ਐਲ.ਓ ਡਿਊਟੀਆਂ ਵਰਗੇ ਗੈਰ ਵਿੱਦਿਅਕ ਕੰਮ ਵਾਪਸ ਨਾ ਲੈਣ ਅਤੇ ਸੰਘਰਸ਼ੀ ਅਧਿਆਪਕਾਂ ‘ਤੇ ਮੁਹਾਲੀ ਤੇ ਲੁਧਿਆਣਾ ਵਿਚ ਪੁਲੀਸ ਕੇਸ ਦਰਜ ਕਰਨ ਵਰਗੇ ਫੈਸਲਿਆਂ ਦੇ ਵਿਰੋਧ ‘ਚ ਬੁਲਾਰੇ ਹੱਲਾ ਬੋਲ ਰੈਲੀ ‘ਚ ਆਵਾਜ਼ ਬੁਲੰਦ ਕਰਦੇ ਰਹੇ|

Comments

comments

Share This Post

RedditYahooBloggerMyspace