ਭਾਈ ਸਾਹਿਬ ਭਾਈ ਦਿੱਤ ਸਿੰਘ ਜੀ

ਗੁਰਮੇਲ ਸਿੰਘ ਖ਼ਾਲਸਾ

ਮਹਾਰਾਜਾ ਰਣਜੀਤ ਸਿੰਘ ਬੇਦੀਆਂ ਸੋਢੀਆਂ ਨੂੰ ਗੁਰੂਵੰਸ਼ ਸਮਝ ਕੇ ਬਹੁਤ ਮਾਣ ਸਤਿਕਾਰ ਦਿੰਦੇ ਸਨ। ਮਹਾਰਾਜਾ ਆਪ ਖ਼ੁਦ ਬਾਬਾ ਸਾਹਿਬ ਸਿੰਘ ਬੇਦੀ ਦੇ ਸਿਰ ਤੇ ਚੌਰ ਝੁਲਾਇਆ ਕਰਦੇ ਸਨ। ਮਹਾਰਾਜੇ ਦੇ ਅੱਖਾਂ ਮੀਟਣ ਦੀ ਦੇਰ ਸੀ ਕਿ ਰਾਜ ਵਿੱਚ ਆਪੋਧਾਪੀ ਮੱਚ ਗਈ। ਆਪਸ ਵਿੱਚ ਕੱਟ-ਵੱਢ ਸ਼ੁਰੂ ਹੋ ਗਈ। ਰਾਣੀ ਚੰਦ ਕੌਰ ਨੂੰ ਤਾਂ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਗਿਆ। ਰਾਜ ਅੰਗਰੇਜ਼ਾਂ ਨੇ ਹਥਿਆ ਲਿਆ। ਕਾਰਨ ਇਹੀ ਲੱਗਦਾ ਹੈ ਕਿ ਧਾਰਮਿਕ ਸ਼ਖ਼ਸੀਅਤਾਂ ਨੇ ਗੁਰਮਤਿ ਦੀ ਠੀਕ ਸਿੱਖਿਆ ਨਹੀਂ ਦਿੱਤੀ ਸੀ। ਖ਼ਾਲਸਾ ਫ਼ੌਜਾਂ ਨੇ ਖਿਝ ਕੇ ਬੀਰ ਸਿੰਘ ਵਰਗੇ ਸਾਧ ਸੰਤ ਨੂੰ ਵੀ ਤੋਪਾਂ ਨਾਲ਼ ਉਡਾ ਦਿੱਤਾ ਗਿਆ ਸੀ। ਸ਼ਾਹ ਮੁਹੰਮਦ ਨੂੰ ਵੀ ਲਿਖਣਾ ਪਿਆ :-

ਬੀਰ ਸਿੰਘ ਜਿਹੇ ਅਸੀਂ ਮਾਰ ਸੁੱਟੇ
ਨਹੀਂ ਛੱਡਿਆ ਸਾਧ ਤੇ ਸੰਤ ਮੀਆਂ ॥

ਜੇ ਧਾਰਮਿਕ ਸ਼ਖ਼ਸੀਅਤਾਂ ਨੇ ਰਾਜੇ ਨੂੰ ਅਤੇ ਰਾਜੇ ਦੇ ਆਲੇ-ਦੁਆਲੇ ਦੇ ਵਜ਼ੀਰਾਂ ਆਦਿ ਨੂੰ ਠੀਕ ਗੁਰਮਤਿ ਦੀ ਸਿੱਖਿਆ ਦਿੰਦੇ ਤਾਂ ਜੋ ਅਸੀਂ ਅੱਜ ਹਰ ਰੋਜ਼ ਬੋਲਦੇ ਹਾਂ ‘ਰਾਜ ਕਰੇਗਾ ਖ਼ਾਲਸਾ’ ਦੇ ਬੋਲ ਬਾਲੇ ਹੋਣੇ ਸਨ। ਧਰਤੀ ਤੇ ਰਾਜ ਖ਼ਾਲਸੇ ਦਾ ਹੋਣਾ ਸੀ। ਮਨੁੱਖਤਾ ਦਾ ਭਲਾ ਹੋਣਾ ਸੀ। ਮਹਾਰਾਜੇ ਦੇ ਰਾਜ ਵੇਲ਼ੇ ਸਿੱਖਾਂ ਦੀ ਆਬਾਦੀ ਇੱਕ ਕਰੋੜ ਸੀ। ਅੰਗਰੇਜ਼ਾਂ ਨੇ 1861 ਵਿੱਚ ਜਨਗਣਨਾ ਕਰਵਾਈ ਤਾਂ ਸਿੱਖਾਂ ਦੀ ਆਬਾਦੀ ਘੱਟ ਕੇ 18ਲੱਖ 70 ਹਜ਼ਾਰ ਰਹਿ ਗਈ। ਅੰਗਰੇਜ਼ਾਂ ਦੇ ਰਾਜ ਵੇਲ਼ੇ ਸਿੱਖਾਂ ਤੇ ਚਾਰੋ ਤਰਫ਼ੋਂ ਹਮਲੇ ਹੋ ਰਹੇ ਸਨ। ਸਾਹਮਣਿਓਂ ਈਸਾਈ ਮਿਸ਼ਨਰੀ, ਪਿੱਛਿਓਂ ਬਾਬਾ ਖੇਮ ਸਿੰਘ ਵਰਗੇ ਸਾਧਾਂ ਦੀ ਅਗਵਾਈ ਵਿੱਚ ਹਿੰਦੂ ਕੱਟੜਵਾਦੀ, ਸੱਜਿਓਂ ਆਰੀਆ ਸਮਾਜੀ ਅਤੇ ਖੱਬਿਓਂ ਮੁਸਲਮਾਨ ਆਦਿ ਸਿੱਖੀ ਦੇ ਕਿੱਲੇ ਨੂੰ ਗਿਰਾਉਣ ਲੱਗੇ ਸਨ। ਵਿਦਵਾਨਾਂ ਨੇ ਤਾਂ ਏਥੋਂ ਤੱਕ ਕਹਿ ਦਿੱਤਾ ਸੀ ਕਿ ਆਉਂਦੇ 25 ਸਾਲਾਂ ਤੱਕ ਸਿੱਖਾਂ ਨੂੰ ਅਜਾਇਬ ਘਰਾਂ ਵਿੱਚ ਮੂਰਤੀਆਂ ਦੇ ਰੂਪ ਵਿੱਚ ਹੀ ਦੇਖਿਆ ਜਾ ਸਕੇਗਾ। ਬਾਬਾ ਖੇਮ ਸਿੰਘ ਬੇਦੀ ਤਾਂ ਅੰਮ੍ਰਿਤਸਰ, ਦਰਬਾਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗਦੈਲਾ ਲਗਾ ਕੇ ਬੈਠਦਾ ਸੀ। ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਮੂਰਤੀਆਂ ਟਿਕਾਈਆਂ ਹੋਈਆਂ ਸਨ। ਇਸ ਤਰਾਂ ਦੇ ਭਿਆਨਕ ਹਾਲਤਾਂ ਵਿੱਚ ਦੂਹਲਾ ਸ਼ੇਰ ਭਾਈ ਦਿੱਤ ਸਿੰਘ ਜੀ ਦਹਾੜਿਆ। ਉਸ ਨੇ ਖੇਮ ਸਿੰਘ ਦੇ ਹੇਠੋਂ ਗਦੇਲਾ ਖਿੱਚ ਕੇ ਬਾਹਰ ਸਰੋਵਰ ਵਿੱਚ ਸੁੱਟ ਦਿੱਤਾ, ਨਾਲ਼ ਹੀ ਮੂਰਤੀਆਂ ਵਗਾਹ ਮਾਰੀਆਂ। ਭਾਈ ਦਿੱਤ ਸਿੰਘ ਤੇ ਇੱਜ਼ਤ ਹੱਤਕ ਦਾ ਮੁਕੱਦਮਾ ਚੱਲਿਆ। 12 ਰੁਪਏ ਜੁਰਮਾਨਾ ਵੀ ਹੋਇਆ।

ਜਾਤ ਅਭਿਮਾਨੀ ਖੇਮ ਸਿੰਘ ਦੇ ਚੇਲਿਆਂ ਨੇ ਭਾਈ ਦਿੱਤ ਸਿੰਘ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਤ੍ਰਿਸਕਾਰ ਭਰੇ ਜਾਤੀ ਸੂਚਕ ਸ਼ਬਦ ਲਾਂਗਰੀ ਦਾ ਤੁਖ਼ਮ ਅਤੇ ਗਿੱਟਲ਼ ਚਮਿਆਰ ਤੱਕ ਕਹਿਣਾ ਸ਼ੁਰੂ ਕਰ ਦਿੱਤਾ। ਗਿਆਨੀ ਗੁਰਦਿੱਤ ਸਿੰਘ ਆਪਣੀ ਸੰਪਾਦਿਤ ਪੁਸਤਕ ‘ਗਿਆਨੀ ਦਿੱਤ ਸਿੰਘ ਜੀਵਨ ਰਚਨਾ’ ਤੇ ਪੰਨਾ 140 ਤੇ ਲਿਖਦੇ ਹਨ, ‘ਅੰਮ੍ਰਿਤਸਰ ਸਿੰਘ ਸਭਾ ਵਾਲ਼ੇ ਪੁਜਾਰੀ ਤੇ ਜ਼ਗੀਰਦਾਰ ਅਤੇ ਗੁਰੂ ਕੇ ਸਾਹਿਬਜ਼ਾਦੇ ਅਖਵਾਉਣ ਵਾਲ਼ੇ ਲਹੌਰ ਸਿੰਘ ਸਭਾ ਦੇ ਸੁਧਾਰਵਾਦੀ ਆਗੂਆਂ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਲਾਂਗਰੀ ਦਾ ਪੁੱਤਰ ਅਤੇ ਭਾਈ ਦਿੱਤ ਸਿੰਘ ਜੀ ਨੂੰ ਚਮਿਆਰ ਕਰਕੇ ਭੰਡਦੇ ਸਨ’

1873 ਵਿੱਚ ਪਹਿਲਾਂ ਪਹਿਲਾਂ ਇੱਕੋ ਹੀ ਸਿੰਘ ਸਭਾ ਅੰਮ੍ਰਿਤਸਰ ਹੀ ਸੀ। ਜਿਸ ਦੇ ਕਰਤਾ ਧਰਤਾ ਖੇਮ ਸਿੰਘ ਬੇਦੀ ਅਤੇ ਬਿਕਰਮ ਸਿੰਘ ਹੀ ਸਨ , ਜੋ ਕਿ ਪੱਕੇ ਸਨਾਤਨੀ ਅਤੇ ਹਿੰਦੂ ਧਰਮ ਦਾ ਹੀ ਪ੍ਰਚਾਰ ਕਰਦੇ ਸਨ। ਪਤਿਤ ਪੁਣੇ ਨੂੰ ਠੱਲ ਪਾਉਣ ਲਈ ਪ੍ਰੋਫੈਸਰ ਗੁਰਮੁਖ ਸਿੰਘ ਅਤੇ ਭਾਈ ਦਿੱਤ ਸਿੰਘ ਜੀ ਨੇ 1878 ਵਿੱਚ ਸਿੰਘ ਸਭਾ ਲਹੌਰ ਬਣਾ ਕੇ ਨਿਰੋਲ ਗੁਰਮਤਿ ਦਾ ਪ੍ਰਚਾਰ ਕੀਤਾ। ਗਿਆਨੀ ਦਿੱਤ ਸਿੰਘ ਜੀ ਹਰ ਮਹੀਨੇ ਸੰਗਰਾਂਦ ਵਾਲ਼ੇ ਦਿਨ ਗੁਰਦੁਆਰਾ ਅਕਾਲ ਗੜ ਫਿਰੋਜਪੁਰ ਲੈਕਚਰ ਦੇਣ ਜਾਂਦੇ ਸਨ। ਅਰਦਾਸ ਤੋਂ ਬਾਅਦ ਗਿਆਨੀ ਦਿੱਤ ਸਿੰਘ ਜੀ ਜੁੱਤੀਆਂ ਵਿੱਚ ਬੈਠ ਜਾਂਦੇ। ਦੇਗ ਵਰਤਾਵਾ ਗਿਆਨੀ ਜੀ ਦੇ ਹੱਥਾਂ ਵਿੱਚ ਉੱਪਰੋਂ ਦੇਗ ਸੁੱਟਦੇ, ਕਈ ਵੇਰ ਦੇਗ ਹੇਠਾਂ ਜੁੱਤੀਆਂ ਵਿੱਚ ਡਿਗ ਪੈਂਦੀ, ਭਾਈ ਸਾਹਿਬ ਪ੍ਰੇਮ ਨਾਲ਼ ਦੇਗ ਹੇਠੋਂ ਚੁੱਕ ਕੇ ਛਕ ਜਾਂਦੇ ਅਤੇ ਅਗਲੀ ਸੰਗਰਾਂਦ ਲੈਕਚਰ ਦੇਣ ਫਿਰ ਆ ਜਾਂਦੇ। ਭਾਈ ਸਾਹਿਬ ਭਾਈ ਦਿੱਤ ਸਿੰਘ ਜੀ ਇਹ ਤ੍ਰਿਸਕਾਰ ਇਸ ਲਈ ਸਹਾਰਦੇ ਰਹੇ ਕਿਉਂਕਿ ਆਪ ਜੀ ਨੂੰ ਦ੍ਰਿੜ੍ਹ ਵਿਸ਼ਵਾਸ ਸੀ ਕਿ ਦਲਿਤਾਂ ਦਾ ਕਲਿਆਣ ਨਿਰੋਲ ਗੁਰਮਤਿ ਦੇ ਪ੍ਰਚਾਰ ਸਦਕਾ ਹੀ ਹੋ ਸਕਦਾ ਹੈ। ਇਸ ਲਈ ਉਹ ਲੱਖਾਂ ਮੁਸੀਬਤਾਂ ਦੇ ਆਉਣ ਤੇ ਵੀ ਗੁਰਮਤਿ ਪ੍ਰਚਾਰ ਵਿੱਚ ਡਟੇ ਰਹੇ।

ਅੰਮ੍ਰਿਤਸਰ ਵਿਖੇ ਖ਼ਾਲਸਾ ਕਾਲਜ ਸ਼ੁਰੂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਮਾਇਆ ਇਕੱਠੀ ਕਰਨ ਦੀ ਮੀਟਿੰਗ ਹੋ ਰਹੀ ਸੀ। ਇੱਕ ਅਮੀਰ ਸਿੱਖ ਸ.ਦਿਆਲ ਸਿੰਘ ਮਜੀਠੀਏ ਨੇ ਕਿਹਾ ਕਿ ਉਹ ਕਾਲਜ ਦਾ ਸਾਰਾ ਖਰਚਾ ਉਠਾਉਣ ਲਈ ਤਿਆਰ ਹੈ ਪਰ ਸ਼ਰਤ ਇਹ ਹੈ ਕਿ ਕਾਲਜ ਦਾ ਨਾਮ ਉਨ੍ਹਾਂ ਦੇ ਨਾਮ ਤੇ ਰੱਖਿਆ ਜਾਵੇ। ਭਾਈ ਦਿੱਤ ਸਿੰਘ ਜੀ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਇਸ ਗੱਲ ਤੇ ਅੜੇ ਰਹੇ ਕਿ ਸਿਰਫ਼ ਤੇ ਸਿਰਫ਼ ਨਾਮ ਖ਼ਾਲਸਾ ਕਾਲਜ ਹੀ ਰਹੇਗਾ। ਭਾਈ ਦਿੱਤ ਸਿੰਘ ਜੀ ਦੀ ਵਡਿਆਈ ਡਾ. ਗੰਡਾ ਸਿੰਘ ਸੰਪਾਦਿਤ ਪੁਸਤਕ ਭਾਈ ਜੋਧ ਸਿੰਘ ਅਭਿਨੰਦਨ ਗ੍ਰੰਥ ਦੇ ਪੰਨਾ 138 ਤੇ ਲਿਖਦੇ ਹਨ, ‘ਖ਼ਾਲਸਾ ਅਖ਼ਬਾਰ ਨੇ ਆਪਣਾ ਸਿਖਰ ਭਾਈ ਦਿੱਤ ਸਿੰਘ ਜੀ ਦੇ ਅਧੀਨ ਛੋਹਿਆ, ਜੋ ਕਿ ਸਿੰਘ ਸਭਾ ਦੇ ਮੋਢੀ ਨੇਤਾਵਾਂ ਵਿੱਚੋਂ ਸਨ। ਉਹ ਬੜੇ ਭਾਰੀ ਵਿਦਵਾਨ ਅਤੇ ਉੱਚ ਕੋਟੀ ਦੇ ਕਵੀ ਸਨ ਅਤੇ ਦਲੀਲ ਦੇ ਇੰਨੇ ਪ੍ਰਵੀਨ ਸਨ ਕਿ ਬਹਿਸ ਵਿੱਚ ਕਦੇ ਵੀ ਨਹੀਂ ਹਾਰਦੇ ਸਨ। ਉਹ ਕਦੇ ਕਦੇ ਸਮਾਚਾਰ ਪੱਤਰ ਦੇ ਸੰਪਾਦਕੀ ਮਜ਼ਮੂਨ ਅਤੇ ਟੀਕਾ ਟਿੱਪਣੀ ਕਵਿਤਾ ਵਿੱਚ ਹੀ ਲਿਖ ਦਿੰਦੇ ਸਨ’।

ਗੁਜਰਾਤ ਦਾ ਇੱਕ ਮੋਰਵੀ ਸ਼ਹਿਰ ਹੈ। ਸ਼ਹਿਰ ਵੜਦਿਆਂ ਹੀ ਗੇਟ ਤੇ ਲਿਖਿਆ ਹੈ ‘ਗੇਟ ਆਫ਼ ਹਿੰਦੁਸਤਾਨ’। ਏਥੋਂ ਦਾ ਇੱਕ ਪੰਡਿਤ ਸੁਆਮੀ ਦਇਆਨੰਦ ਆਰੀਆ ਸਮਾਜੀ 19-04-1877 ਨੂੰ ਪੰਜਾਬ ਵਿੱਚ ਪ੍ਰਚਾਰ ਕਰਨ ਆਇਆ। ਪਹਿਲਾਂ-ਪਹਿਲਾਂ ਤਾਂ ਇਹਨਾਂ ਦੇ ਪ੍ਰਚਾਰ ਦਾ ਲਹਿਜ਼ਾ ਕੁੱਝ-ਕੁੱਝ ਗੁਰਮਤਿ ਨਾਲ਼ ਮੇਲ਼ ਖਾਂਦਾ ਵੇਖ ਕੇ ਬਹੁਤ ਸਾਰੇ ਸਿੱਖ ਵੀ ਆਰੀਆ ਸਮਾਜੀ ਬਣ ਗਏ। ਹੌਲ਼ੀ-ਹੌਲ਼ੀ ਬਿੱਲੀ ਥੈਲਿਓਂ ਬਾਹਰ ਆ ਗਈ। ਅਸਲ ਵਿੱਚ ਇਹ ਤਾਂ ਸਿੱਖ ਧਰਮ ਦੀਆਂ ਜੜਾਂ ਹੀ ਵੱਢਦਾ ਫਿਰਦਾ ਸੀ। ਇਹਨਾਂ ਨੇ ਆਪਣੀ ਪੁਸਤਕ ਸਤਿਆਰਥ ਪ੍ਰਕਾਸ਼ ਵਿੱਚ ਸਿੱਖ ਗੁਰੂਆਂ ਦੇ ਖ਼ਿਲਾਫ਼ ਬਹੁਤ ਕੁੱਝ ਲਿਖਿਆ ਹੈ। ਪੰਜਾਬ ਵਿੱਚ ਰਤਨ ਚੰਦ ਦੇ ਬਾਗ਼ ਵਿੱਚ ਇਹਨਾਂ ਨੇ ਤਿੰਨ ਦਿਨ ਪ੍ਰਵਚਨ ਕੀਤਾ। ਚੌਥੇ ਦਿਨ ਪ੍ਰਵਚਨ ਸਬੰਧੀ ਸੁਆਲ-ਜੁਆਬ ਦਾ ਪ੍ਰਬੰਧ ਕੀਤਾ। ਸੰਗਤਾਂ ਦਰੀਆਂ ਤੇ ਬੈਠੀਆਂ ਸਨ ਅਤੇ ਆਪ ਮੇਜ਼ ਕੁਰਸੀ ਤੇ ਸਾਹਮਣੇ ਵਾਲ਼ੀ ਕੁਰਸੀ ਤੇ ਸ਼ੰਕਾਵਾਦੀ ਸੁਆਲ-ਜੁਆਬ ਲਈ ਬੈਠਾ ਹੁੰਦਾ। ਸਭ ਤੋਂ ਪਹਿਲਾਂ ਇਹਨਾਂ ਵਰਗਾ ਹੀ ਇੱਕ ਪੰਡਿਤ ਸਾਹਮਣੇ ਆਇਆ। ਉਹ ਸੰਸਕ੍ਰਿਤ ਦੇ ਸ਼ਲੋਕ ਹੀ ਬੋਲਣੋਂ ਨਾ ਹਟਿਆ। ਸੁਆਮੀ ਜੀ ਨੇ ਉਸ ਨੂੰ ਹਾਸੇ ਵਿੱਚ ਲੈ ਕੇ ਸੰਗਤਾਂ ਨੂੰ ਉਹਦੀ ਹਾਸੀ ਉਡਾਉਣ ਲਈ ਨਾਲ਼ ਲੈ ਲਿਆ। ਪੰਡਿਤ ਜੀ ਸ਼ਰਮਾ ਕੇ ਚਲੇ ਗਏ। ਫਿਰ ਇੱਕ ਪਤਲਾ ਜਿਹਾ ਮੁਸਲਮਾਨ ਸਾਹਮਣੇ ਵਾਲ਼ੀ ਕੁਰਸੀ ਤੇ ਬੈਠਾ। ਭਾਈ ਦਿੱਤ ਸਿੰਘ ਜੀ ਨੇ ਇਹ ਨਕਸ਼ਾ ਇਉਂ ਖਿੱਚਿਆ ਹੈ :-

ਇਤ ਬਲ ਸੁਆਮੀ ਮੋਟਾ ਭਾਰਾ,
ਉਤ ਉਹ ਪਤਲਾ ਮੀਆਂ ਵੇਚਾਰਾ।
ਜਦ ਕੁਰਸੀ ਪਰ ਬੈਠਾ ਆ ਕੇ,
ਕੰਬਣ ਲੱਗਾ ਅੱਤ ਡਰ ਖਾ ਕੇ।

ਮੀਆਂ ਜੀ ਨੂੰ ਮਖ਼ੌਲ ਕਰਕੇ ਭਜਾ ਦਿੱਤਾ। ਫਿਰ ਸੁਆਮੀ ਜੀ ਦੇ ਸਾਹਮਣੇ ਭਾਈ ਦਿੱਤ ਸਿੰਘ ਜੀ ਬੈਠੇ। ਗਿਆਨੀ ਜੀ ਨੇ ਕਿਹਾ। ਆਪ ਜੀ ਦਾ ਤਿੰਨ ਦਿਨ ਪ੍ਰਵਚਨ ਸੁਣਿਆ। ਇਸ ਵਿੱਚ ਆਪ ਜੀ ਨੇ ਕਿਹਾ ਵੇਦ ਈਸ਼ਵਰ ਕ੍ਰਿਤ ਹਨ। ਸੁਆਮੀ ਜੀ ਨੇ ਕਿਹਾ ਕਿ ਬਿਲਕੁਲ ਈਸ਼ਵਰ ਕ੍ਰਿਤ ਹਨ। ਗਿਆਨੀ ਜੀ ਨੇ ਕਿਹਾ ਨਹੀਂ ਬੇਦ ਮਨੁੱਖਾਂ ਦੀ ਕ੍ਰਿਤ ਹਨ। ਬੋਲੀ ਚਾਰ ਪ੍ਰਕਾਰ ਦੀ ਹੁੰਦੀ ਹੈ। ਪਹਿਲੀ ਹੈ ਪ੍ਰਾ ਬੋਲੀ , ਇਹ ਸਾਡੇ ਮਨ ਵਿੱਚ ਹੁੰਦੀ ਹੈ ਪਰ ਸਾਨੂੰ ਭੁੱਲੀ ਹੁੰਦੀ ਹੈ। ਯਾਦ ਕਰਨ ਤੇ ਪ੍ਰਗਟ ਹੁੰਦੀ ਹੈ। ਦੂਜੀ ਹੈ ਪਸੰਤੀ ਬੋਲੀ ਜਿਹੜੀ ਯਾਦ ਤਾਂ ਹੁੰਦੀ ਹੈ ਪਰ ਅਸੀਂ ਬਾਹਰ ਨਹੀਂ ਕੱਢਦੇ।ਤੀਜੀ ਹੈ ਮਧਿਮਾ ਬੋਲੀ , ਜਿਸ ਨੂੰ ਬੋਲਣ ਵਾਲ਼ੇ ਹੁੰਦੇ ਹਾਂ ਜਿਸ ਨੂੰ ਅਸੀਂ ਬੁੱਲ੍ਹਾਂ ਤੋਂ ਜਾ ਮੂੰਹ ਤੋਂ ਬਾਹਰ ਨਹੀਂ ਕੱਢਦੇ। ਚੌਥੀ ਬੈਖਰੀ ਬੋਲੀ ਇਸ ਬੋਲੀ ਨਾਲ਼ ਅਸੀਂ ਸੁਆਲ ਜੁਆਬ ਕਰਦੇ ਹਾਂ ਜਾ ਲਿਖਦੇ ਲਿਖਾਉਂਦੇ ਹਾਂ। ਇਸ ਬੋਲੀ ਨੂੰ ਪ੍ਰਗਟ ਕਰਨ ਲਈ ਸੰਘ, ਤਾਲ਼ੂਆ, ਦੰਦ ਤੇ ਬੁੱਲ੍ਹਾਂ ਦੀ ਵਰਤੋ ਹੁੰਦੀ ਹੈ। ਲਿਖਣ ਲਈ ਹੱਥ ਕਲਮ ਵੀ ਜ਼ਰੂਰੀ ਹੈ। ਬੇਦ ਅੱਖਰ ਹਨ। ਅੱਖਰ ਬੈਖਰੀ ਤੋਂ ਬਾਅਦ ਹੱਥਾਂ ਨਾਲ਼ ਲਿਖੇ ਜਾਂਦੇ ਹਨ ਜਾਂ ਬੋਲ ਕੇ ਕਿਸੇ ਤੋਂ ਲਿਖਵਾਏ ਵੀ ਜਾ ਸਕਦੇ ਹਨ। ਇਸ ਲਈ ਬੇਦ ਮਨੁੱਖੀ ਕ੍ਰਿਤ ਹਨ। ਸੁਆਮੀ ਜੀ ਨੇ ਬਹੁਤ ਟਪਲੇ ਬਾਜ਼ੀਆਂ ਮਾਰੀਆਂ ਪਰ ਕਿਸੇ ਸਿੱਟੇ ਤੇ ਨਾ ਪਹੁੰਚੇ।

ਇਸ ਤਰਾਂ ਭਾਈ ਦਿੱਤ ਸਿੰਘ ਜੀ ਨੇ ਸੁਆਮੀ ਜੀ ਨੂੰ ਪਹਿਲੇ ਗੇੜ ਵਿੱਚ ਚਿੱਤ ਕਰ ਦਿੱਤਾ। ਸੰਗਤਾਂ ਨੇ ਤਾੜੀਆਂ ਮਾਰੀਆਂ। ਦੂਜਾ ਗੇੜ ਸ਼ੁਰੂ ਹੋ ਗਿਆ। ਭਾਈ ਦਿੱਤ ਸਿੰਘ ਜੀ ਨੇ ਸੁਆਮੀ ਜੀ ਨੂੰ ਮੁਕਤੀ ਬਾਰੇ ਸਮਝਾਉਣ ਲਈ ਬੇਨਤੀ ਕੀਤੀ। ਸੁਆਮੀ ਜੀ ਨੇ ਬਹੁਤ ਉਕਤੀਆਂ ਯੁਕਤੀਆਂ ਲੜਾਈਆਂ। ਨਿਚੋੜ ਇਹੀ ਨਿਕਲਿਆ ਕਿ ਮਰ ਜਾਣ ਨੂੰ ਹੀ ਮੁਕਤੀ ਕਿਹਾ ਜਾਂਦਾ ਹੈ। ਭਾਈ ਸਾਹਿਬ ਜੀ ਨੇ ਕਿਹਾ ਮੁਕਤ ਦਾ ਉਲਟ ਹੈ ਬੰਧਨ ਜਾਂ ਬੰਨ੍ਹਿਆ ਹੋਇਆ। ਦਿਖਾਈ ਦੇਣ ਵਾਲ਼ਾ ਬੰਧਨ ਰੱਸੀਆਂ ਆਦਿ ਨਾਲ਼ ਸਰੀਰ ਨੂੰ ਬੰਨ੍ਹਣਾ, ਜੇਲ੍ਹ ਵਿੱਚ ਜਾਂ ਕਮਰੇ ਵਿੱਚ ਬੰਦ ਕਰਕੇ ਵੀ ਸਰੀਰ ਨੂੰ ਬੰਧਨ ਵਿੱਚ ਰੱਖਿਆ ਜਾ ਸਕਦਾ ਹੈ। ਮਨ ਨਿਰਅਕਾਰ ਹੈ, ਇਸ ਨੂੰ ਰੱਸੀਆਂ ਜਾਂ ਜੇਲ੍ਹ ਆਦਿ ਬੰਨ੍ਹ ਨਹੀਂ ਸਕਦੀਆਂ।

ਮਨ ਬਹੁਤ ਸਾਰੇ ਫੁਰਨਿਆਂ ਦਾ ਸੰਗ੍ਰਹਿ ਹੁੰਦਾ ਹੈ। ਇਹ ਬੰਨ੍ਹਿਆ ਹੁੰਦਾ ਹੈ। ਵਡਿਆਈ ਜਾਂ ਨਿੰਦਿਆ ਦਾ। ਧੰਨ ਦੌਲਤ ਜਾਂ ਸੋਨਾ ਚਾਂਦੀ ਆਦਿ ਦਾ , ਅਨੰਦ ਦਾ ਅਤੇ ਸੋਗ ਦਾ , ਮਿੱਤਰਤਾ ਦਾ ਅਤੇ ਦੁਸ਼ਮਣੀ ਦਾ , ਹਉਮੈ ਦਾ ਵੀ ਮਨ ਬੰਨ੍ਹਿਆ ਹੁੰਦਾ ਹੈ। ਇਹਨਾਂ ਸਾਰੇ ਬੰਧਨਾਂ ਤੋਂ ਛੁਟਕਾਰਾ ਪਾਉਣ ਨੂੰ ਮੁਕਤੀ ਕਿਹਾ ਜਾਂਦਾ ਹੈ। ਆਖ਼ਰੀ ਗੱਲ ਜਿਸ ਦੇ ਮਨ ਵਿੱਚ ਰੱਬ ਤੋਂ ਬਗੈਰ ਕੁੱਝ ਵੀ ਨਾ ਹੋਵੇ ਉਹ ਮੁਕਤ ਹੁੰਦੇ ਹਨ। ਸੰਗਤਾਂ ਨੇ ਤਾੜੀਆਂ ਮਾਰੀਆਂ। ਦੂਜੇ ਗੇੜ ਵਿੱਚ ਵੀ ਸਾਧ ਚਿੱਤ ਹੋ ਗਿਆ। ਤੀਜਾ ਗੇੜ ਸ਼ੁਰੂ ਹੋਇਆ। ਭਾਈ ਸਾਹਿਬ ਨੇ ਪੁੱਛਿਆ। ਜਗਤ ਦਾ ਕਰਤਾ ਕੌਣ ਹੈ। ਸਵਾਮੀ ਜੀ ਸਮਝਾਉਣ ਲੱਗੇ ਜਗਤ ਦਾ ਕਰਤਾ ਨਿਰੰਕਾਰ ਹੈ। ਨਿਰੰਕਾਰ ਹਵਾ ਪਾਣੀ ਅੱਗ ਤੇ ਮਿੱਟੀ ਆਦਿ ਦੇ ਤੱਤਾਂ ਨੂੰ ਹੁਕਮ ਦਿੰਦਾ ਹੈ ਅਤੇ ਜਗਤ ਬਣ ਜਾਂਦਾ ਹੈ। ਸਵਾਮੀ ਜੀ ਅਨੁਸਾਰ ਨਿਰੰਕਾਰ ਅਲੱਗ ਹੈ ਬਾਕੀ ਜਗਤ ਅਲੱਗ ਹੈ। ਗਿਆਨੀ ਜੀ ਨੇ ਸਪਸ਼ਟ ਕੀਤਾ ਜਦੋਂ ਨਿਰੰਕਾਰ ਨੇ ਆਪਣੇ ਆਪ ਨੂੰ ਫੈਲਾਇਆ ਤਾਂ ਜਗਤ ਹੋਂਦ ਵਿੱਚ ਆ ਜਾਂਦਾ ਹੈ। ਜਦੋਂ ਨਿਰੰਕਾਰ ਨੇ ਆਪਣੇ ਆਪ ਨੂੰ ਸੁੰਗੇੜਿਆ ਤਾਂ ਸੁੰਨ ਰੂਪ ਹੋ ਜਾਂਦਾ ਹੈ। ਚੌਪਈ ਵਿੱਚੋਂ ਦੋ ਤੁਕਾਂ ਵੀ ਸੁਣਾਈਆਂ :-

ਜਬ ਉਦਕਰਖ ਕਰਾ ਕਰਤਾਰਾ,
ਪ੍ਰਜਾ ਧਰਤ ਤਬ ਦੇਹਿ ਅਪਾਰਾ ॥
ਜਬ ਅਕਰਖ ਕਰਤ ਹੋ ਕਬਹੁੰ,
ਤੁਮ ਮੈਂ ਮਿਲਤ ਦਹਿ ਧਰ ਸਭਹੂੰ ॥

ਸੰਗਤਾਂ ਨੇ ਤਾੜੀਆਂ ਮਾਰੀਆਂ। ਵਿੱਚ ਬੈਠੇ ਸਿੱਖਾਂ ਨੇ ਜੈਕਾਰੇ ਵੀ ਛੱਡੇ। ਸੁਆਮੀ ਜੀ ਨੇ ਖਿਝ ਕੇ ਏਥੋਂ ਤੱਕ ਕਹਿ ਦਿੱਤਾ , ਜਾਉ ਬਤਾਓ ਸਭ ਕੋ ਕਿ ਸੁਆਮੀ ਜੀ ਹਾਰ ਗਏ। ਇਸ ਤਰਾਂ ਭਾਈ ਸਾਹਿਬ ਭਾਈ ਦਿੱਤ ਸਿੰਘ ਜੀ ਨੇ ਸੁਆਮੀ ਦਿਆ ਨੰਦ ਨੂੰ ਤਿੰਨ ਵੇਰ ਚਿੱਤ ਕੀਤਾ। ਇਸ ਸੰਵਾਦ ਤੋਂ ਪ੍ਰਭਾਵਿਤ ਹੋ ਕੇ ਪਹਿਲਾਂ ਜਿਹੜੇ ਅੰਮ੍ਰਿਤਧਾਰੀ ਸਿੱਖਾਂ ਨੇ ਕਕਾਰ ਉਤਾਰ ਕੇ ਜਨੇਊ ਪਾਉਣੇ ਸ਼ੁਰੂ ਕਰ ਦਿੱਤੇ ਸਨ ਹੁਣ ਉਨ੍ਹਾਂ ਨੇ ਜਨੇਊ ਉਤਾਰ ਕੇ ਕਕਾਰ ਧਾਰਨ ਕਰਨੇ ਸ਼ੁਰੂ ਕਰ ਦਿੱਤੇ। ਇਸ ਦਾ ਸਬੂਤ ਖ਼ਾਲਸਾ ਅਖ਼ਬਾਰ ਲਹੌਰ ਦੀ 20-10-1899 ਨੂੰ ਲਿਖੀ ਇੱਕ ਸੰਪਾਦਕੀ ਵਿੱਚੋਂ ਮਿਲਦਾ ਹੈ। ਸੰਪਾਦਕੀ ਹੈ :- ਕੁੱਝ ਮਹੀਨੇ ਹੋਏ ਖ਼ਾਲਸਾ ਅਖ਼ਬਾਰ ਵਿੱਚ ਇਹ ਹੈ। ਮਜਮੂਨ ਛਪਿਆ ਸੀ ਕਿ ਅੱਜ ਕੱਲ੍ਹ ਖ਼ਾਲਸਾ ਧਰਮ ਦਾ ਜਗਾ ਜਗਾ ਪ੍ਰਚਾਰ ਹੋ ਰਿਹਾ ਹੈ। ਜਿਸ ਦਾ ਸਬੂਤ ਇਹ ਹੈ ਜੋ ਪੋਠੋਹਾਰ ਵਿੱਚ ਸਾਡੇ ਪਾਸ 21 ਤੋਲੇ ਦੇ ਲਗਭਗ ਉਹ ਜਨੇਊ ਆਏ ਹਨ ਜੋ ਉਸ ਤਰਫ਼ ਦੇ ਖ਼ਾਲਸਾ ਨੇ ਅੰਮ੍ਰਿਤ ਪਾਨ ਕਰਕੇ ਉਤਾਰੇ ਹਨ। ਇਹ ਖ਼ਬਰ ਨੂੰ ਪੜ੍ਹ ਕੇ ਆਰੀਆ ਗੈਜ਼ਟ ਐਡੀਟਰ ਸਾਹਿਬ ਆਪਣੇ 25-05-1899 ਦੇ ਪਰਚੇ ਵਿੱਚ ਉਪਦੇਸ਼ਕ ਸਿੱਖ ਅਤੇ ਆਪਣੇ ਭਾਈ ਲਾਲਾ ਮੁਨਸ਼ੀ ਰਾਮ ਜੀ ਜਲੰਧਰੀ ਪ੍ਰਤੀ ਮਹਾਸ਼ੋਕ ਪ੍ਰਗਟ ਕਰਦੇ ਹਨ ਅਰ ਉਹ ਇਸ ਪ੍ਰਕਾਰ ਲਿਖ ਕੇ ਆਪਣਾ ਕ੍ਰੋਧ ਠੰਡਾ ਕਰਦੇ ਹਨ।’ਯਹ ਕਿਆ ਅੰਂਧੇਰ ਹੋਆ’। ਗਿਆਨੀ ਜੀ ਨੇ ਕਿਹਾ ਅੰਧੇਰ ਨਹੀਂ ਇਹ ਤਾਂ ਪ੍ਰਕਾਸ਼ ਹੋਇਆ ਹੈ। ਜਦੋਂ ਭਾਈ ਦਿੱਤ ਸਿੰਘ ਜੀ ਖ਼ਾਲਸਾ ਅਖ਼ਬਾਰ ਦੇ ਸੰਪਾਦਕ ਸਨ ਉਦੋਂ ਸਿੱਖ ਧਰਮ ਦਾ ਬਹੁਤ ਪ੍ਰਚਾਰ ਹੋਇਆ।

ਭਾਈ ਸਾਹਿਬ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਕਿਸੇ ਸਕੂਲ ਕਾਲਜ ਜਾਣ ਤੋਂ ਬਗੈਰ ਸਿੱਧਾ ਹੀ ਗਿਆਨੀ ਦਾ ਇਮਤਿਹਾਨ ਪਾਸ ਕਰਕੇ ਓਰੀਐਂਟਲ ਕਾਲਜ ਲਹੌਰ ਦੇ ਪਹਿਲੇ ਪੰਜਾਬੀ ਦੇ ਪ੍ਰੋਫੈਸਰ ਲੱਗੇ ਸਨ। ਇਉਂ ਉਨ੍ਹਾਂ ਸੁੱਤੀ ਕੌਮ ਨੂੰ ਜਗਾਇਆਂ। ਪ੍ਰਿੰਸੀਪਲ ਨਸੀਬ ਸਿੰਘ ਸੇਵਕ ਗਿਆਨੀ ਦਿੱਤ ਸਿੰਘ ਪੱਤ੍ਰਿਕਾ ਅਪ੍ਰੈਲ 2014 ਦੀ ਸੰਪਾਦਕੀ ਏਥੋਂ ਸ਼ੁਰੂ ਕਰਦੇ ਹਨ :-

ਸੁੱਤਾ ਪੰਥ ਜਗਾਇਆਂ
ਕਲਮ ਦੁਹਾਈ ਫੇਰ।
ਹਾਏ! ਹਾਏ! ਪੰਥ ਵਿਸਾਰਿਆ
ਐਸਾ ਦੂਲਾ ਸ਼ੇਰ ॥

ਗਿਆਨੀ ਦਿੱਤ ਸਿੰਘ ਜੀ 6 ਸਤੰਬਰ 1901 ਨੂੰ ਅਕਾਲ ਚਲਾਣਾ ਕਰ ਗਏ। ਭਾਈ ਵੀਰ ਸਿੰਘ ਖ਼ਾਲਸਾ ਸਮਾਚਾਰ ਵਿੱਚ ਦੇ ਪਰਚੇ 11-09-1901 ਵਿੱਚ ਇਸ ਤਰਾਂ ਕੀਰਨੇ ਪਾਉਂਦੇ ਹਨ :-

ਜਾਗੋ ਜਾਗੋ ਜੀ ਦਿੱਤ ਸਿੰਘ ਪਿਆਰੇ।
ਕੌਮ ਬੈਠੀ ਸਿਰਾਣੇ ਜਗਾਵੇ।
ਕਿਉਂ ਕੀਤੀ ਨੀਂਦ ਪਿਆਰੀ।
ਕਿਉਂ ਜਾਗ ਤੁਹਾਨੂੰ ਨਾ ਆਵੇ।
ਕਦੀ ਕੌਮ ਜਗਾਈ ਸੀ ਤੈਨੇ।
ਲੰਮੇ ਕੱਢ-ਕੱਢ ਵੈਣ ਤੇ ਹਾਵੇ।

ਇਸੇ ਪਰਚੇ ਵਿੱਚ ਭਾਈ ਵੀਰ ਸਿੰਘ ਜੀ ਭਾਈ ਦਿੱਤ ਸਿੰਘ ਜੀ ਦੀ ਕਲਮ ਦਵਾਤ ਬਾਰੇ ਕਵਿਤਾ ਲਿਖਦੇ ਹਨ ਕਿ ਉਹ ਕਲਮ ਦਵਾਤ ਵੀ ਭਾਈ ਸਾਹਿਬ ਦੇ ਨਾਲ਼ ਹੀ ਸਤੀ ਹੋਣਾ ਚਾਹੁੰਦੀਆਂ ਹਨ। ਆਪ ਨੇ ਲਿਖਿਆ ਹੈ :-

ਪਈ ਪਾਸ ਦਵਾਤ ਹੈ ਓਹੀ,
ਵਿੱਚ ਸਿਆਹੀ ਓਵੇਂ ਹੀ ਸੋਹੀ।
ਕਲਮਦਾਨ ਉਵੇਂ ਹੀ ਧਰਿਆ,
ਪੱਤਰ ਕਾਗਜ ਡੁਬਕਾ ਭਰਿਆ।
ਵਿੱਚ ਨਿਥਾਵੀਂ ਬੈਠੀ ਮੈਂ ਹਾਂ
——————-
ਸਤੀ ਦੀ ਪਦਵੀ ਮੋਹਿ ਦਵਾਉ,
ਮੈਂ ਨਹੀਂ ਹੋਰ ਕਿਸੇ ਹੱਥ ਜਾਣਾ।

ਐਸੇ ਦੁਹਲੇ ਸ਼ੇਰ, ਪੰਥ ਰਤਨ ਅਤੇ ਚੋਟੀ ਦੇ ਵਿਦਵਾਨ ਭਾਈ ਦਿੱਤ ਸਿੰਘ ਜੀ ਦਾ ਜਨਮ 21.04.1850 ਨੂੰ ਪਿੰਡ ਨੰਦਪੁਰ ਕਲੌੜ ਭਾਈ ਦੀਵਾਨ ਸਿੰਘ ਜੀ ਦੇ ਘਰ ਮਾਤਾ ਬਿਸ਼ਨ ਕੌਰ ਜੀ ਦੇ ਕੁੱਖੋਂ ਹੋਇਆ। ਬਚਪਨ ਦਾ ਨਾਮ ਦਿੱਤ ਰਾਮ ਸੀ। ਪਿਤਾ ਸਾਧੂ ਸੁਭਾਅ ਸੀ। ਵੱਖ-ਵੱਖ ਧਰਮਾਂ ਦੀ ਜਾਣਕਾਰੀ ਆਪਣੇ ਪਿਤਾ ਪਾਸੋਂ ਹੀ ਪ੍ਰਾਪਤ ਕੀਤੀ। 9 ਸਾਲ ਦੀ ਉਮਰ ਵਿੱਚ ਆਪ ਧਾਰਮਿਕ ਲੈਕਚਰ ਦੇਣ ਲੱਗ ਪਏ। ਵੱਖ-ਵੱਖ ਸਾਧੂਆਂ ਦੇ ਡੇਰਿਆਂ ਵਿੱਚ ਰਹਿਣ ਕਾਰਨ ਆਪ ਕਿਸੇ ਭੀ ਸਾਧ ਤੋਂ ਘਬਰਾਉਂਦੇ ਨਹੀਂ ਸਨ। ਸੰਤ ਗੁਰਬਖ਼ਸ਼ ਸਿੰਘ ਜੀ ਤੋਂ ਆਪ ਨੇ ਗੁਰਮਤਿ ਦੀ ਸਿੱਖਿਆ ਪ੍ਰਾਪਤ ਕੀਤੀ। ਗੁਲਾਬਦਾਸੀਆਂ ਦੇ ਡੇਰੇ ਵਿੱਚੋਂ ਸਾਧਾਂ ਨਾਲ਼ ਸੰਵਾਦ ਰਚਾਉਣ ਦੀ ਨਿਪੁੰਨਤਾ ਹਾਸਿਲ ਕੀਤੀ। ਆਪ ਜੀ ਦੇ ਪੱਕੇ ਆੜੀ ਪ੍ਰੋ. ਗੁਰਮੁਖ ਸਿੰਘ ਜੀ ਅਤੇ ਭਾਈ ਜਵਾਹਰ ਸਿੰਘ ਜੀ ਸਨ ਜੋ ਕਿ ਰੇਲਵੇ ਵਿੱਚ ਕਲਰਕ ਸਨ। ਆਪ ਨੇ 43 ਸਾਲਾਂ ਦੀ ਛੋਟੀ ਉਮਰ ਭੋਗੀ। ਆਪ ਦੇ ਵੀਹ ਸਾਲਾਂ ਦੇ ਪ੍ਰਚਾਰ ਨੇ ਦਰਿਆਵਾਂ ਦੇ ਰੁੱਖ ਮੋੜਨ ਦੀ ਤਰਾਂ ਅਤੇ ਹਨੇਰੀ ਦੀ ਤਰਾਂ ਪਤਿਤ ਹੁੰਦੇ ਜਾਂਦੇ ਨੌਜੁਆਨਾਂ ਨੂੰ ਸਿੱਖੀ ਵੱਲ ਆਉਣ ਲਈ ਮਜਬੂਰ ਕਰ ਦਿੱਤਾ। 1872 ਵਿੱਚ ਸੰਤ ਭਾਗ ਸਿੰਘ ਜੀ ਦੀ ਬੇਟੀ ਨਾਲ਼ ਆਪ ਜੀ ਦਾ ਵਿਆਹ ਹੋਇਆ। ਆਪ ਜੀ ਦੀ ਕਲਮ ਤੋਂ ਜ਼ਿਆਦਾ ਜੀਭ ਅਤੇ ਜੀਭ ਤੋਂ ਜ਼ਿਆਦਾ ਕਲਮ ਚੱਲਦੀ ਸੀ। ਪਹਿਲਾਂ ਪਹਿਲਾਂ ਇੱਕੋ ਸਿੰਘ ਸਭਾ ਅੰਮ੍ਰਿਤਸਰ ਹੁੰਦੀ ਸੀ। ਆਪ ਇਸ ਦੇ ਮੁੱਢਲੇ ਮੈਂਬਰਾਂ ਵਿੱਚੋਂ ਸਨ। ਬਾਬਾ ਖੇਮ ਸਿੰਘ ਬੇਦੀ ਹੁਣਾ ਨੂੰ ਆਪ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਪਸੰਦ ਨਹੀਂ ਸਨ। ਖੇਮ ਸਿੰਘ ਪੱਕੇ ਸਨਾਤਨੀਏ ਸਨ। ਇਸ ਲਈ ਆਪ 1878 ਵਿੱਚ ਇਹਨਾਂ ਤੋਂ ਵੱਖ ਹੋ ਗਏ ਅਤੇ ਸਿੰਘ ਸਭਾ ਲਹੌਰ ਬਣਾ ਲਈ। 1880 ਵਿੱਚ ਖ਼ਾਲਸਾ ਅਖ਼ਬਾਰ ਪੱਥਰ ਦੇ ਛਾਪੇ ਤੇ ਨਿਕਲ਼ਿਆ ਸੀ।

ਸੰਪਾਦਕ ਸ. ਝੰਡਾ ਸਿੰਘ ਜੀ ਸਨ ਜੋ ਕਿ ਇਸ ਸਾਲ ਹੀ ਅਖ਼ਬਾਰ ਚਲਾ ਸਕੇ। ਝੰਡਾ ਸਿੰਘ ਨੇ ਖ਼ਾਲਸਾ ਅਖ਼ਬਾਰ ਛੱਡ ਦਿੱਤਾ ਅਤੇ ਪ੍ਰੋ. ਗੁਰਮੁਖ ਸਿੰਘ ਅਤੇ ਆਪ ਨੇ ਖ਼ਾਲਸਾ ਅਖ਼ਬਾਰ ਸੰਭਾਲ਼ ਲਿਆ। ਆਪ ਖ਼ਾਲਸਾ ਅਖ਼ਬਾਰ ਦੇ ਸੰਪਾਦਕ ਬਣੇ। ਇਹਨਾਂ ਦੋਹਾਂ ਨੇ ਪੰਜ ਸਾਲ ਡਟ ਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ। ਪੰਥ ਵਿਰੋਧੀਆਂ ਨੇ 18-03-1887 ਨੂੰ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਪੰਥ ਵਿੱਚੋਂ ਛੇਕਵਾ ਦਿੱਤਾ। ਕੁੱਝ ਦੇਰ ਲਈ ਖ਼ਾਲਸਾ ਅਖ਼ਬਾਰ ਭੀ ਬੰਦ ਹੋ ਗਿਆ। ਭਾਈ ਸਾਹਿਬ ਜੀ ਨੇ ਪੰਥ ਅੱਗੇ ਬੇਨਤੀਆਂ ਕਰ ਕਰ ਕੇ ਮਾਇਆ ਜੋੜੀ ਅਤੇ ਅਖ਼ਬਾਰ ਚਾਲੂ ਕਰਵਾ ਲਿਆ। ਸੰਪਾਦਕ ਪ੍ਰਬੰਧਕ ਆਪ ਹੀ ਸਨ। ਮਾਇਆ ਦੀ ਹਮੇਸ਼ਾ ਤੋਟ ਹੀ ਰਹੀ। ਪੰਥ ਅੱਗੇ ਤਰਲੇ ਹੀ ਕੱਢਦੇ ਰਹੇ। 28-09-1898 ਨੂੰ ਆਪ ਜੀ ਦਾ ਪਿਆਰਾ ਸਾਥੀ ਪ੍ਰੋਫੈਸਰ ਗੁਰਮੁਖ ਸਿੰਘ ਅਕਾਲ ਚਲਾਣਾ ਕਰ ਗਏ। ਦਿਨ ਰਾਤ ਦੀ ਮਿਹਨਤ ਕਾਰਨ ਆਪ ਜੀ ਬਿਮਾਰ ਰਹਿਣ ਲੱਗ ਪਏ। ਸਿਹਤ ਵੱਲ ਕੋਈ ਧਿਆਨ ਨਾ ਦਿੱਤਾ। ਅਖੀਰ 06-09-1901 ਨੂੰ ਪੰਥ ਨੂੰ ਫਤਿਹ ਬੁਲਾ ਗਏ। ਭਾਈ ਸਾਹਿਬ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਜੰਗਲ਼ ਦੀ ਅੱਗ ਦੀ ਤਰਾਂ ਫੈਲ ਗਈ। ਕੌਮ ਲੁੱਟੀ ਗਈ। ਕੌਮ ਲੁੱਟੀ ਗਈ ਦੀ ਹਾ-ਹਾਕਾਰ ਮੱਚ ਗਈ। ਭਾਈ ਸਾਹਿਬ ਨੇ ਪੰਥ ਅੱਗੇ ਅੰਤਿਮ ਬੇਨਤੀ ਕੀਤੀ ਸੀ :-

ਤਾਂ ਤੇ ਮੇਰੀ ਬੇਨਤੀ ਸੁਣ ਮੰਨੀਂ ਏਹ।
ਦਸਮ ਗੁਰੂ ਦੇ ਵਾਸਤੇ ਮਨ ਤਨ ਆਪਣਾ ਦੇਹ।
ਜੇ ਤੈ ਮੇਰੀ ਬਾਤ ਨੂੰ ਹੱਸ ਕੇ ਦਿੱਤਾ ਟਾਲ਼।
ਯਾਦ ਰੱਖ ਇਸ ਗੱਲ ਨੂੰ ਤਾਂ ਹੈ ਤੇਰਾ ਕਾਲ।

ਭਾਈ ਸਾਹਿਬ ਦੀ ਰੂਹ ਨੂੰ ਕਹਿਣਾ ਚਾਹੁੰਦਾ ਹਾਂ ਭਾਈ ਸਾਹਿਬ ਜੀ ਤੇਰਾ ਖ਼ਾਲਸਾ ਤਾਂ ਗੁਰੂ ਦੀ ਗੱਲ ਵੀ ਭੁੱਲ ਗਿਆ ਲੱਗਦਾ ਹੈ। ਗੁਰੂ ਜੀ ਨੇ ਕਿਹਾ ਸੀ

ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ,
ਹੋ ਸਭਨਾ ਕੀ ਰੇਣੁਕਾ ਤਉ ਆਉ ਹਮਾਰੇ ਪਾਸ

ਪਰ ਅੱਜ ਦਾ ਬਹੁਤਾ ਸਿੱਖ ਮਰਨਾ ਭੁੱਲ ਗਿਆ। ਖਾਣਾ ਪੀਣਾ ਚਾਹੁੰਦਾ ਹੈ। ਐਸ਼ ਕਰਨਾ ਚਾਹੁੰਦਾ ਹੈ। ਸੇਵਕ ਤਾਂ ਬਣਨਾ ਹੀ ਨਹੀਂ ਚਾਹੁੰਦਾ। ਹਲੇਮੀ ਰਾਜ ਆਏਗਾ ਜ਼ਰੂਰ ਜਦੋਂ ਸਾਡੇ ਲੀਡਰਾਂ ਦਾ ਮਨ ਗੁਰਮਤਿ ਨਾਲ਼ ਲਬਾਲਬ ਭਰਿਆ ਹੋਵੇਗਾ ਅਤੇ ਸਾਰੇ ਕੰਮ ਗੁਰਮਤਿ ਅਨੁਸਾਰ ਕਰਨਗੇ। ਇਹਨਾਂ ਨੂੰ ਇਹ ਗੱਲ ਭੁੱਲ ਗਈ ਹੈ ਕਿ ਗੁਰੂ ਜੀ ਨੇ ਫ਼ਰਮਾਇਆ ਸੀ :-

ਜੇ ਜੀਵੇ ਪੱਤ ਲੱਥੀ ਜਾਏ
ਸਭ ਹਰਾਮ ਜੇਤਾ ਕਿਛੁ ਖਾਇ ॥142॥

ਅੱਜ ਦਾ ਬਹੁਤਾ ਸਿੱਖ ਗੋਤਾਂ ਵਿੱਚ ਉਲਝਿਆ ਪਿਆ ਹੈ। ਇਹ ਤਾਂ ਗਿੱਲ, ਗਰੇਵਾਲ਼, ਮਾਨ, ਸੰਧੂ, ਸਿੱਧੂ, ਘੁਮਾਣ ਕਹਿ ਕਹਾ ਕੇ ਖੁਸ਼ ਹੈ। ਗੁਰੂ ਜੀ ਨੇ ਤਾਂ ਫ਼ਰਮਾਇਆ ਹੈ :-

ਜਾਤਿ ਕਾ ਗਰਬ ਨਾ ਕਰ ਮੂਰਖ ਗਵਾਰਾ

ਇਸ ਗਰਬ ਤੇ ਚਲੈ ਬਹੁਤ ਵਿਕਾਰਾ ॥

ਬ੍ਰਾਹਮਣ ਬਾਣੀਆਂ ਪੰਜਾਬ ਦੀ ਕਣਕ ਨਹੀਂ ਖਾਂਦਾ। ਵੱਡੇ-ਵੱਡੇ ਹੋਟਲਾਂ ਵਿੱਚ ਲਿਖਿਆ ਮਿਲ਼ਦਾ ਹੈ ਏਥੇ ਪੰਜਾਬ ਦੀ ਕਣਕ ਨਹੀਂ ਵਰਤੀ ਜਾਂਦੀ। ਇਹਨਾਂ ਨੂੰ ਚਾਹੀਦਾ ਹੈ ਕਿ ਘੱਟੋ ਘੱਟ ਆਪਣੇ ਵਾਸਤੇ ਤਾਂ ਜ਼ਹਿਰਾਂ ਤੋਂ ਬਗੈਰ ਫਸਲਾਂ ਉਗਾ ਲੈਣ। ਭਾਈ ਸਾਹਿਬ ਜੋ ਤੁਸੀਂ ਇਹਨਾਂ ਦੀ ਤਸਵੀਰ ਖਿੱਚੀ ਸੀ।

ਕੁੱਝ ਅੰਨ ਦੇ ਕੁੱਝ ਧਨ ਦੇ, ਕੁੱਝ ਪਹਾੜਾਂ ਵਾਲ਼ੀ ਰੰਨ ਦੇ।
ਕੁੱਝ ਢੋਲ ਢਮੱਕਾ ਸਰਵਰ ਦਾ, ਕੁੱਝ ਹਿੜਵਸ ਬਾਬੇ ਨਾਨਕ ਦਾ॥

Comments

comments

Share This Post

RedditYahooBloggerMyspace