ਦੰਦਾਂ ਨਾਲ ਜੁੜੀਆਂ ਪ੍ਰਚੱਲਤ ਮਿੱਥਾਂ ਅਤੇ ਉਨ੍ਹਾਂ ਦੇ ਸੱਚ

ਡਾ. ਗੁਰਜੀਤਪਾਲ ਕੌਰ

ਸਾਡੇ ਸਮਾਜ ਵਿੱਚ ਦੰਦਾਂ ਨਾਲ ਸਬੰਧਤ ਕਈ ਗ਼ਲਤ ਧਾਰਨਾਵਾਂ ਬਣੀਆਂ ਹੋਈਆਂ ਹਨ ਜਿਸਦਾ ਮੁੱਖ ਕਾਰਨ ਅਗਿਆਨਤਾ ਹੈ। ਲੋਕ ਵਹਿਮਾਂ-ਭਰਮਾਂ ਵਿੱਚ ਫਸ ਕੇ ਆਪਣੇ ਦੰਦਾਂ ਦਾ ਸਹੀ ਇਲਾਜ ਨਹੀਂ ਕਰਵਾਉਂਦੇ ਅਤੇ ਸਮੇਂ ਤੋਂ ਪਹਿਲਾਂ ਹੀ ਆਪਣੇ ਦੰਦ ਗੁਆ ਬੈਠਦੇ ਹਨ। ਇਹੀ ਕਾਰਨ ਹੈ ਕਿ 40 ਸਾਲ ਤੋਂ ਘੱਟ ਉਮਰ ਦੇ ਮਰੀਜ਼ ਵੀ ਨਕਲੀ ਦੰਦਾਂ ਦੇ ਸੈੱਟ ਲਗਵਾਉਣ ਲਈ ਹਸਪਤਾਲਾਂ ਵਿੱਚ ਆਮ ਦੇਖੇ ਜਾਂਦੇ ਹਨ। ਇਸ ਲਈ ਸਾਡੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਅੰਧ-ਵਿਸ਼ਵਾਸਾਂ ਤੋਂ ਮੁਕਤ ਹੋ ਕੇ ਸੱਚਾਈ ‘ਤੇ ਅਮਲ ਕਰੀਏ।

ਮਿੱਥ- ਦੰਦ ਕਢਵਾਉਣ ਨਾਲ ਅੱਖਾਂ ਦੀ ਨਜ਼ਰ ਘੱਟ ਹੋ ਜਾਂਦੀ ਹੈ।
ਸੱਚ- ਦੰਦ ਕਢਵਾਉਣ ਦਾ ਅੱਖਾਂ ਦੀ ਨਿਗ੍ਹਾ ਨਾਲ ਕੋਈ ਸਬੰਧ ਨਹੀਂ ਹੈ।

ਮਿੱਥ- ਦੰਦਾਂ ਦੀ ਸਫ਼ਾਈ ਕਰਵਾਉਣ ਨਾਲ ਦੰਦ ਢਿੱਲੇ ਪੈ ਜਾਂਦੇ ਹਨ।
ਸੱਚ- ਦੰਦਾਂ ਦੀ ਸਫ਼ਾਈ ਕਰਵਾਉਣ ਉਪਰੰਤ ਦੰਦਾਂ ਵਿੱਚ ਫਸੇ ਭੋਜਨ ਦੇ ਟੁਕੜੇ ਨਿਕਲ ਜਾਂਦੇ ਹਨ ਅਤੇ ਦੰਦ ਥੋੜ੍ਹੇ ਢਿੱਲੇ ਜਾਪਣ ਲੱਗ ਪੈਂਦੇ ਹਨ ਪਰ ਇਹ ਢਿੱਲਾਪਣ ਜਲਦੀ ਹੀ ਠੀਕ ਹੋ ਜਾਂਦਾ ਹੈ ਕਿਉਂਕਿ ਦੰਦਾਂ ਵਿਚਕਾਰ ਨਵਾਂ ਮਾਸ (ਮਸੂੜੇ) ਬਣ ਜਾਂਦਾ ਹੈ।

ਮਿੱਥ : ਗਰਭਵਤੀ ਔਰਤਾਂ ਨੂੰ ਦੰਦਾਂ ਦਾ ਇਲਾਜ ਬਿਲਕੁਲ ਨਹੀਂ ਕਰਵਾਉਣਾ ਚਾਹੀਦਾ।
ਸੱਚ- ਕੇਵਲ ਦੰਦਾਂ ਦੇ ‘ਐਕਸ-ਰੇ’ ਤੋਂ ਗਰਭ ਦੇ ਪਹਿਲੇ ਤਿੰਨ ਮਹੀਨੇ ਪਰਹੇਜ਼ ਕੀਤਾ ਜਾਂਦਾ ਹੈ। ਦੰਦਾਂ ਦੇ ਆਮ ਇਲਾਜ ਗਰਭ ਦੌਰਾਨ ਕਰਵਾਏ ਜਾ ਸਕਦੇ ਹਨ। ਦੰਦਾਂ ਨਾਲ ਸਬੰਧਤ ਅਪਰੇਸ਼ਨ ਮਾਹਰ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ।

ਮਿੱਥ- ਬੁਰਸ਼ ਨਾਲੋਂ ਉਂਗਲ ਨਾਲ ਦੰਦਾਂ ਦੀ ਸਫ਼ਾਈ ਵਧੇਰੇ ਚੰਗੀ ਤਰ੍ਹਾਂ ਕੀਤੀ ਜਾ ਸਕਦੀ ਹੈ।
ਸੱਚ- ਉਂਗਲ ਨਾਲ ਸਿਰਫ਼ ਮਸੂੜਿਆਂ ਦੀ ਮਾਲਿਸ਼ ਕੀਤੀ ਜਾ ਸਕਦੀ ਹੈ। ਬੁਰਸ਼ ਹੀ ਦੰਦ ਸਾਫ਼ ਕਰਨ ਦਾ ਸਭ ਤੋਂ ਵਧੀਆ ਅਤੇ ਸਹੀ ਤਰੀਕਾ ਹੈ।

ਮਿੱਥ- ਦੰਦਾਂ ਦਾ ਇਲਾਜ ਹਮੇਸ਼ਾਂ ਦੁਖਦਾਇਕ ਜਾਂ ਤਕਲੀਫ਼-ਭਰਪੂਰ ਹੁੰਦਾ ਹੈ।
ਸੱਚ- ਦੰਦਾਂ ਦਾ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਉਸ ਥਾਂ ਨੂੰ ਸੁੰਨ ਕਰ ਦਿੱਤਾ ਜਾਂਦਾ ਹੈ ਤਾਂ ਕਿ ਮਰੀਜ਼ ਨੂੰ ਕਿਸੇ ਕਿਸਮ ਦੀ ਤਕਲੀਫ਼ ਨਾ ਹੋਵੇ।

ਮਿੱਥ- ਨਮਕ ਜਾਂ ਨਿੰਬੂ ਦੇ ਰਸ ਦੀ ਵਰਤੋਂ ਨਾਲ ਦੰਦ ਚਿੱਟੇ ਹੋ ਜਾਂਦੇ ਹਨ।
ਸੱਚ- ਨਮਕ ਜਾਂ ਨਿੰਬੂ ਦੀ ਵਰਤੋਂ ਨਾਲ ਦੰਦਾਂ ਦੀ ਬਾਹਰਲੀ ਪਰਤ (ਇਨੈਮਲ) ਖੁਰ ਜਾਂਦੀ ਹੈ ਅਤੇ ਦੰਦ ਪੀਲੇ ਦਿਸਣ ਲੱਗ ਪੈਂਦੇ ਹਨ।

ਮਿੱਥ- ਨਿੰਮ ਦੀ ਦਾਤਣ ਬੁਰਸ਼ ਨਾਲੋਂ ਕਈ ਗੁਣਾ ਬਿਹਤਰ ਹੈ।
ਸੱਚ- ਨਿੰਮ ਦੀ ਦਾਤਣ ਦੇ ‘ਬੇਕਾਇਦੇ ਵਾਲ’ ਮਸੂੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਇਹ ਦੰਦਾਂ ਦੇ ਵਿਚਕਾਰਲੇ ਹਿੱਸਿਆਂ ਨੂੰ ਸਾਫ਼ ਕਰਨ ਵਿੱਚ ਵੀ ਅਸਮਰੱਥ ਹੁੰਦੀ ਹੈ।

ਮਿੱਥ- ਜ਼ਿਆਦਾ ਜ਼ੋਰ ਨਾਲ ਜ਼ਿਆਦਾ ਵਾਰ ਬੁਰਸ਼ ਕਰਨ ਨਾਲ ਦੰਦ ਜ਼ਿਆਦਾ ਮਜ਼ਬੂਤ ਤੇ ਸਾਫ਼ ਹੁੰਦੇ ਹਨ।
ਸੱਚ- ਜ਼ੋਰ ਲਾ ਕੇ ਬੁਰਸ਼ ਕਰਨ ਨਾਲ ਦੰਦ ਸਾਫ਼ ਨਹੀਂ ਹੁੰਦੇ ਸਗੋਂ ਇਨੈਮਲ ਦੀ ਪਰਤ ਉਤਰ ਜਾਂਦੀ ਹੈ। ਤਿੰਨ ਵਾਰ ਤੋਂ ਜ਼ਿਆਦਾ ਬੁਰਸ਼ ਕਰਨ ਨਾਲ ਦੰਦ ਕਮਜ਼ੋਰ ਪੈ ਜਾਂਦੇ ਹਨ ਤੇ ਪੀਲੇ ਵੀ ਹੋ ਜਾਂਦੇ ਹਨ।

ਮਿੱਥ- ਬੈਂਗਣ ਖਾਣ ਨਾਲ ਬੱਚੇ ਦੇ ਦੰਦ ਕਾਲੇ ਪੈ ਜਾਂਦੇ ਹਨ।
ਸੱਚ- ਬੈਂਗਣ ਖਾਣ ਦਾ ਦੰਦਾਂ ਨਾਲ ਕੋਈ ਸਬੰਧ ਨਹੀਂ ਹੈ।

ਮਿੱਥ- ਅੰਗੂਠਾ ਚੂਸਣ ਨਾਲ ਬੱਚੇ ਦੇ ਦੰਦ ਉੱਚੇ ਅਤੇ ਬਾਹਰ ਨੂੰ ਆ ਜਾਂਦੇ ਹਨ।
ਸੱਚ- ਤਿੰਨ ਸਾਲ ਦੀ ਉਮਰ ਤਕ ਬੱਚੇ ਦਾ ਅੰਗੂਠਾ ਚੂਸਣਾ ਆਮ ਮੰਨਿਆ ਜਾਂਦਾ ਹੈ। ਜੇਕਰ 4-5 ਸਾਲ ਤੋਂ ਬਾਅਦ ਵੀ ਬੱਚਾ ਅੰਗੂਠਾ ਚੂਸਦਾ ਹੈ ਤਾਂ ਦੰਦਾਂ ਦੇ ਬਾਹਰ ਹੋਣ ਦਾ ਖ਼ਤਰਾ ਹੁੰਦਾ ਹੈ।

ਮਿੱਥ- ਦੁੱਧ ਵਾਲੇ ਦੰਦ ਸਾਫ਼ ਰੱਖਣ ਦੀ ਕੋਈ ਲੋੜ ਨਹੀਂ ਹੁੰਦੀ।
ਸੱਚ- ਦੁੱਧ ਵਾਲੇ ਦੰਦ ਸਾਫ਼ ਰੱਖਣੇ ਬਹੁਤ ਜ਼ਰੂਰੀ ਹਨ ਨਹੀਂ ਤਾਂ ਇਨ੍ਹਾਂ ਨੂੰ ਕੀੜਾ ਲੱਗ ਜਾਵੇਗਾ। ਹਾਲਾਂਕਿ ਦੁੱਧ ਵਾਲੇ ਦੰਦ ਆਉਣ ਤੋਂ ਪਹਿਲਾਂ ਹੀ ਬੂਟਾਂ ਦੀ ਹਲਕੀ ਮਾਲਿਸ਼ ਕਰ ਕੇ ਸਫ਼ਾਈ ਰੱਖਣੀ ਚਾਹੀਦੀ ਹੈ।

ਮਿੱਥ- ਦੁੱਧ ਵਾਲੇ ਦੰਦਾਂ ਨੂੰ ਕੀੜਾ ਲੱਗਣ ‘ਤੇ ਇਲਾਜ ਕਰਵਾਉਣ ਦੀ ਜ਼ਰੂਰਤ ਨਹੀਂ ਹੁੰਦੀ।
ਸੱਚ- ਇਹ ਅਕਸਰ ਸੁਣਿਆ ਜਾਂਦਾ ਹੈ ਕਿ ਦੁੱਧ ਵਾਲੇ ਦੰਦਾਂ ਨੇ ਨਿਕਲ ਜਾਣਾ ਹੁੰਦਾ ਹੈ। ਇਸ ਲਈ ਇਨ੍ਹਾਂ ਨੂੰ ਸੰਭਾਲਣ ਦੀ ਲੋੜ ਨਹੀਂ। ਅਸਲ ਵਿੱਚ ਦੁੱਧ ਵਾਲੇ ਦੰਦਾਂ ਦੇ ਹੇਠਾਂ ਹੀ ਸਾਡੇ ਪੱਕੇ ਦੰਦ ਮੌਜੂਦ ਹੁੰਦੇ ਹਨ। ਦੁੱਧ ਵਾਲੇ ਦੰਦਾਂ ਦਾ ਜਦੋਂ ਅਸੀਂ ਧਿਆਨ ਨਹੀਂ ਰੱਖਦੇ, ਇਹ ਆਪਣੇ ਸਮੇਂ ਤੋਂ ਪਹਿਲਾਂ ਹੀ ਨਿਕਲ ਜਾਂਦੇ ਹਨ ਅਤੇ ਇਨ੍ਹਾਂ ਦੇ ਨਾਲ ਲੱਗਦੇ ਦੰਦ ਇਨ੍ਹਾਂ ਦੀ ਥਾਂ ‘ਤੇ ਆ ਜਾਂਦੇ ਹਨ ਅਤੇ ਇਸ ਤਰ੍ਹਾਂ ਪੱਕੇ ਦੰਦਾਂ ਨੂੰ ਆਪਣੀ ਸਹੀ ਥਾਂ ‘ਤੇ ਆਉਣ ਦਾ ਮੌਕਾ ਨਹੀਂ ਮਿਲਦਾ। ਇਸ ਵਜ੍ਹਾ ਨਾਲ ਦੰਦ ਅੱਗੇ-ਪਿੱਛੇ ਆ ਜਾਂਦੇ ਹਨ ਅਤੇ ਮੂੰਹ ਦੀ ਦਿੱਖ ਵੀ ਵਿਗੜ ਜਾਂਦੀ ਹੈ। ਇਸ ਦੇ ਨਾਲ ਹੀ ਭੋਜਨ ਚਿੱਥਣ ਦੀ ਸਮਰੱਥਾ ਘਟ ਜਾਂਦੀ ਹੈ ਤੇ ਬੱਚਾ ਕੁਪੋਸ਼ਣ ਦਾ ਵੀ ਸ਼ਿਕਾਰ ਹੋ ਸਕਦਾ ਹੈ।

ਮਿੱਥ- ਮਸੂੜਿਆਂ ਵਿੱਚ ਖ਼ੂਨ ਆਉਣ ‘ਤੇ ਬੁਰਸ਼ ਨਹੀਂ ਕਰਨਾ ਚਾਹੀਦਾ।
ਸੱਚ- ਅਜਿਹੀ ਸਥਿਤੀ ਵਿੱਚ ਬਹੁਤ ਹੀ ਨਰਮ ਵਾਲਾਂ ਵਾਲੇ ਬੁਰਸ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਮਸੂੜਿਆਂ ਵਿੱਚ ਗੰਦਗੀ ਫਸੇ ਹੋਣਾ ਹੀ ਖ਼ੂਨ ਆਉਣ ਦਾ ਮੁੱਖ ਕਾਰਨ ਹੈ।

ਮਿੱਥ- ‘ਅਕਲ ਜਾੜ੍ਹ’ ਆਉਣ ਤੋਂ ਬਾਅਦ ਹੀ ਅਕਲ ਆਉਂਦੀ ਹੈ।
ਸੱਚ- ਤੀਜੀ ਜਾੜ ਨੂੰ ‘ਅਕਲ ਜਾੜ’ ਕਿਹਾ ਜਾਂਦਾ ਹੈ। ਇਹ 16-25 ਸਾਲ ਦੀ ਉਮਰ ਤਕ ਆ ਜਾਂਦੀ ਹੈ। ਇਸ ਦਾ ਅਕਲ ਆਉਣ ਨਾਲ ਕੋਈ ਸਬੰਧ ਨਹੀਂ।

ਮਿੱਥ- ਜ਼ਿਆਦਾ ਮਿੱਠਾ ਖਾਣ ਨਾਲ ਦੰਦਾਂ ਵਿੱਚ ਜ਼ਿਆਦਾ ਖੋੜ੍ਹਾਂ ਬਣ ਜਾਂਦੀਆਂ ਹਨ।
ਸੱਚ- ਇਸ ਤਰ੍ਹਾਂ ਕੇਵਲ ਉਦੋਂ ਹੀ ਹੁੰਦਾ ਹੈ ਜਦੋਂ ਮਿੱਠਾ ਦੰਦਾਂ ਨਾਲ ਜ਼ਿਆਦਾ ਸਮੇਂ ਤਕ ਲੱਗਿਆ ਰਹੇ। ਮਿੱਠਾ ਖਾਣ ਤੋਂ ਤੁਰੰਤ ਬਾਅਦ ਕੁਰਲੀ ਕਰਨ ਨਾਲ ਇਹ ਖ਼ਤਰਾ ਕਾਫ਼ੀ ਹੱਦ ਤਕ ਘੱਟ ਜਾਂਦਾ ਹੈ।

ਮਿੱਥ- ਐਸਪਰਿਨ ਦੀ ਗੋਲੀ ਨੂੰ ਦੁਖਦੇ ਦੰਦ ਕੋਲ ਰੱਖਣ ‘ਤੇ ਦੰਦ ਦੁਖਣਾ ਬੰਦ ਹੋ ਜਾਂਦਾ ਹੈ।
ਸੱਚ- ਐਸਪਰਿਨ ਦੀ ਗੋਲੀ ਨੂੰ ਪਾਣੀ ਨਾਲ ਲੈਣਾ ਚਾਹੀਦਾ ਹੈ ਤੇ ਦਰਦ ਵੀ ਦੂਰ ਹੋ ਜਾਂਦਾ ਹੈ ਪਰ ਦੰਦ ਦੇ ਕੋਲ ਰੱਖਣ ਨਾਲ ਨਰਮ ਮਾਸ ਸੜ ਸਕਦਾ ਹੈ।

ਮਿੱਥ- ‘ਬੇਬੀ ਟੁੱਥਪੇਸਟ’ ਛੋਟੇ ਬੱਚਿਆਂ ਲਈ ਬੇਹੱਦ ਲਾਭਦਾਇਕ ਹੈ।
ਸੱਚ- ਇਸ ਟੁੱਥਪੇਸਟ ਵਿੱਚ ਫਲੋਰਾਈਡ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਘੱਟੋ-ਘੱਟ 1,000 ਪੀਪੀਐੱਮ ਫਲੋਰਾਈਡ ਵਾਲੇ ਟੁੱਥਪੇਸਟ ਹੀ ਬੱਚਿਆਂ ਨੂੰ ਵਰਤਣਾ ਚਾਹੀਦਾ ਹੈ। ਫਲੋਰਾਈਡ ਦੰਦਾਂ ਨੂੰ ਖ਼ਰਾਬ ਹੋਣ ਤੋਂ ਬਚਾਉਂਦਾ ਹੈ ਤੇ ਮਜ਼ਬੂਤੀ ਪ੍ਰਦਾਨ ਕਰਦਾ ਹੈ।

ਮਿੱਥ- ਮਾਂ ਹਰ ਬੱਚਾ ਜੰਮਣ ਮਗਰੋਂ ਆਪਣਾ ਇਕ ਦੰਦ ਗਵਾ ਲੈਂਦੀ ਹੈ।
ਸੱਚ- ਕਿਹਾ ਜਾਂਦਾ ਹੈ ਕਿ ਗਰਭ ਵਿੱਚ ਬੱਚੇ ਦਾ ਦੰਦ ਮਾਂ ਦੇ ਦੰਦਾਂ ਤੋਂ ਕੈਲਸ਼ੀਅਮ ਲੈਂਦਾ ਹੈ ਪਰ ਅਸਲ ਵਿੱਚ ਇਹ ਕੈਲਸ਼ੀਅਮ ਮਾਂ ਦੀਆਂ ਹੱਡੀਆਂ ਤੋਂ ਲਿਆ ਜਾਂਦਾ ਹੈ ਜੋ ਕਿ ਬਾਅਦ ਵਿੱਚ ਪੂਰਾ ਹੋ ਜਾਂਦਾ ਹੈ। ੲ

ਮਿੱਥ- ਜ਼ਿਆਦਾ ਗਰਮ ਚੀਜ਼ਾਂ ਖਾਣ/ਪੀਣ ਨਾਲ ਦੰਦਾਂ ਨੂੰ ਨੁਕਸਾਨ ਪਹੁੰਚਦਾ ਹੈ।
ਸੱਚ- ਕਦੇ-ਕਦਾੱੀਂ ਗਰਮ ਜਾਂ ਠੰਢੀਆਂ ਚੀਜ਼ਾਂ ਖਾਣ-ਪੀਣ ਨਾਲ ਦੰਦਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਜੇ ਇਸ ਨੂੰ ਆਦਤ ਬਣਾ ਲਿਆ ਜਾਵੇ ਤਾਂ ਦੰਦਾਂ ਵਿਚਲੀਆਂ ਨਾੜਾਂ ਦੇ ਸੜਨ ਦਾ ਖ਼ਤਰਾ ਬਣ ਜਾਂਦਾ ਹੈ।

ਮਿੱਥ- ਟੁੱਥਪਿਕ (ਦੰਦਾਂ ਨੂੰ ਸਾਫ਼ ਕਰਨ ਲਈ ਵਰਤੇ ਜਾਣ ਵਾਲੇ ਤੀਲੇ) ਦੰਦਾਂ ਵਿਚਕਾਰਲੀ ਥਾਂ ਨੂੰ ਹੋਰ ਚੌੜਾ ਕਰ ਦਿੰਦੇ ਹਨ।
ਸੱਚ- ਲੱਕੜ ਦੇ ਬਣੇ ਟੁੱਥਪਿਕ ਦੰਦਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਪਹੁੰਚਾਉਂਦੇ, ਜੇ ਇਨ੍ਹਾਂ ਦੀ ਵਰਤੋਂ ਧਿਆਨਪੂਰਵਕ ਕੀਤੀ ਜਾਵੇ। ਧਾਤ ਦੇ ਬਣੇ ਤੀਲੇ ਦੰਦਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਮਿੱਥ- ਫਲੌਸਿੰਗ (ਧਾਗੇ ਦੀ ਵਰਤੋਂ ਨਾਲ ਦੰਦਾਂ ਵਿਚਕਾਰਲੀ ਥਾਂ ਨੂੰ ਸਾਫ਼ ਕਰਨਾ) ਨਾਲ ਮਸੂੜਿਆਂ ਨੂੰ ਨੁਕਸਾਨ ਪਹੁੰਚਦਾ ਹੈ।
ਸੱਚ- ਜੇ ਫਲੌਸਿੰਗ ਧਿਆਨ ਨਾਲ ਕੀਤੀ ਜਾਵੇ ਤਾਂ ਕਦੇ ਵੀ ਮਸੂੜਿਆਂ ਨੂੰ ਨੁਕਸਾਨ ਨਹੀਂ ਪਹੁੰਚਦਾ। ਫਲੌਸਿੰਗ ਹਰੇਕ ਦੋ ਦੰਦਾਂ ਵਿਚਕਾਰ ਇੱਕ ਸਮੇਂ ਵਿੱਚ 8-10 ਵਾਰੀ ਕਰਨੀ ਚਾਹੀਦੀ ਹੈ।

ਮਿੱਥ- ਹਰੇਕ ਵਿਅਕਤੀ ਨੂੰ ਅਕਲ ਜਾੜ੍ਹ ਕਢਵਾਉਣੀ ਪੈਂਦੀ ਹੈ।
ਸੱਚ- ਜੇ ਅਕਲ ਜਾੜ੍ਹ ਨਾਲ ਮੂੰਹ ਵਿੱਚ ਕੋਈ ਤਕਲੀਫ਼ ਆ ਰਹੀ ਹੋਵੇ ਜਾਂ ਫਿਰ ਭੋਜਨ ਚਿੱਥਣ ਵਿੱਚ ਦਿੱਕਤ ਹੋਵੇ, ਸਿਰਫ਼ ਉਦੋਂ ਹੀ ਇਸ ਨੂੰ ਕਢਵਾਉਣਾ ਠੀਕ ਸਮਝਿਆ ਜਾਂਦਾ ਹੈ।

ਮਿੱਥ- ਹਰ ਇੱਕ ਨੂੰ ਬੁਢਾਪੇ ਵਿੱਚ ਨਕਲੀ ਦੰਦਾਂ ਦੇ ਸੈੱਟ ਲਗਵਾਉਣੇ ਪੈਂਦੇ ਹਨ।
ਸੱਚ- ਇਸ ਗੱਲ ਵਿੱਚ ਬਿਲਕੁਲ ਵੀ ਸੱਚਾਈ ਨਹੀਂ ਹੈ। ਜੇ ਦੰਦਾਂ ਦਾ ਪਹਿਲਾਂ ਤੋਂ ਹੀ ਸਹੀ ਧਿਆਨ ਰੱਖਿਆ ਜਾਵੇ ਤਾਂ ਨਕਲੀ ਦੰਦ ਲਗਵਾਉਣ ਦੀ ਕਦੇ ਵੀ ਲੋੜ ਨਹੀਂ ਪਵੇਗੀ। ਜੇ ਕੋਈ ਦੰਦ ਕਿਸੇ ਕਾਰਨ ਕਢਵਾਇਆ ਗਿਆ ਹੋਵੇ ਤਾਂ ਉਸ ਦੀ ਥਾਂ ‘ਤੇ ਦੰਦਾਂ ਦੇ ਡਾਕਟਰ ਤੋਂ ਤੁਰੰਤ ਨਕਲੀ ਦੰਦ ਲਗਵਾਉਣ ਬਾਰੇ ਸਲਾਹ ਲੈਣੀ ਚਾਹੀਦੀ ਹੈ।

Comments

comments

Share This Post

RedditYahooBloggerMyspace