ਮੁਆਫ਼ ਕਰਨ ਦੀਆਂ ਮੁਸ਼ਕਿਲਾਂ

ਨਰਿੰਦਰ ਸਿੰਘ ਕਪੂਰ
ਬਦਲਾ ਲੈਣ ਵਿੱਚ ਕੋਈ ਸੂਰਮਗਤੀ ਨਹੀਂ ਹੁੰਦੀ, ਸੂਰਮਗਤੀ ਤਾਂ ਸਾਹਮਣੇ ਖਲੋਤੇ ਦੁਸ਼ਮਣ ਨੂੰ ਮੁਆਫ਼ ਕਰਕੇ ਬਦਲ ਦੇਣ ਅਤੇ ਆਪਣਾ ਸ਼ੁਭਚਿੰਤਕ ਬਣਾਉਣ ਵਿੱਚ ਹੁੰਦੀ ਹੈ। ਹੁਣ ਹਰ ਕੋਈ ਬਦਲਾ ਲੈਣ ਦੀਆਂ ਹੀ ਗੱਲਾਂ ਕਰਦਾ ਹੈ। ਮੁਆਫ਼ ਕਰਨ ਬਾਰੇ ਕੋਈ ਨਹੀਂ ਸੋਚਦਾ ਕਿਉਂਕਿ ਕਿਸੇ ਨੂੰ ਮੁਆਫ਼ ਕਰਨਾ ਆਉਂਦਾ ਹੀ ਨਹੀਂ। ਪਹਿਲਾਂ ਸਿਰਫ਼ ਪੁਰਸ਼ ਬਦਲਾ ਲੈਂਦੇ ਸਨ, ਹੁਣ ਵਧੀਕੀਆਂ ਵਧ ਜਾਣ ਕਾਰਨ ਇਸਤਰੀਆਂ ਵੀ ਬਦਲਾ ਲੈਂਦੀਆਂ ਹਨ ਅਤੇ ਬਦਲਾ ਲੈਣ ਵਿੱਚ ਸਾਰਾ ਬਾਰੂਦ ਝੋਕ ਦਿੰਦੀਆਂ ਹਨ। ਗੁਸੈਲ ਪੁਰਸ਼ਾਂ ਅਤੇ ਕੌੜੀਆਂ ਇਸਤਰੀਆਂ ਦੀ ਗਿਣਤੀ ਵਧਣ ਨਾਲ ਤੇਜ਼ਾਬੀ ਹੋਏ ਸਮਾਜ ਵਿੱਚੋਂ ਮਿੱਠੇ ਲੋਕ ਮਿਟਦੇ ਜਾ ਰਹੇ ਹਨ। ਹੁਣ ਜੋ ਆਨੰਦ ਦੁਸ਼ਮਣੀ ਦੇ ਜੈਕਾਰੇ ਵਿੱਚੋਂ ਮਿਲਦਾ ਹੈ, ਉਹ ਸਰਬੱਤ ਦੇ ਭਲੇ ਦੀ ਅਰਦਾਸ ਵਿੱਚੋਂ ਨਹੀਂ ਮਿਲਦਾ। ਮੁਆਫ਼ ਕਰਨ ਦੀ ਗੱਲ ਕੇਵਲ ਧਰਮ ਕਰਦੇ ਹਨ, ਪਰ ਹੁਣ ਧਰਮ ਵੀ ਬਦਲਾ-ਲਊ ਹੋ ਗਏ ਹਨ। ਬਦਲਾ ਲੈਣਾ ਪਹਿਲਾਂ ਵੀ ਰਾਜਨੀਤੀ ਦਾ ਖੇਤਰ ਸੀ, ਹੁਣ ਇਹ ਤਿੱਖੇ ਵੈਰ-ਵਿਰੋਧ ਦਾ ਅਖਾੜਾ ਬਣ ਗਿਆ ਹੈ। ਹੁਣ ਬਦਲਾ ਲੈਣ ਦੇ ਨਵੇਂ ਨਵੇਂ ਢੰਗ ਵਰਤੇ ਜਾ ਰਹੇ ਹਨ। ਹੁਣ ਚੋਣਾਂ ਰਾਹੀਂ, ਅਦਾਲਤਾਂ ਰਾਹੀਂ, ਟਕਰਾਓ ਅਤੇ ਸਾਜ਼ਿਸ਼ਾਂ ਰਾਹੀਂ ਸੋਸ਼ਲ ਮੀਡੀਏ ਅਤੇ ਸੰਚਾਰ ਸਾਧਨਾਂ ਰਾਹੀਂ ਬਦਲਾ ਲਿਆ ਜਾਂਦਾ ਹੈ। ਹੁਣ ਮੁਆਫ਼ ਕੁਝ ਨਹੀਂ ਕੀਤਾ ਜਾਂਦਾ। ਬਦਲਾ ਹਰੇਕ ਵਧੀਕੀ ਦਾ ਲਿਆ ਜਾਂਦਾ ਹੈ। ਇੱਕ ਅਧਿਕਾਰੀ ਦੇ ਦੁਰ-ਵਿਹਾਰ ਤੋਂ ਪੀੜਤ ਉਸ ਦੇ ਅਧੀਨ ਅਤੇ ਸਹਿਕਰਮੀ ਅਮਲੇ ਨੇ ਉਸ ਦੀ ਸੇਵਾਮੁਕਤੀ ਮੌਕੇ ਵਿਦਾਇਗੀ ਪਾਰਟੀ ਹੀ ਨਾ ਦਿੱਤੀ। ਮੰਦ-ਭਾਵਨਾ ਅਧੀਨ ਜਦੋਂ ਇੱਕ ਇਸਤਰੀ ਨੇ ਇੱਕ ਜੱਜ ਦਾ ਕਤਲ ਕਰਵਾ ਦਿੱਤਾ ਤਾਂ ਕੋਈ ਵਕੀਲ ਉਸ ਦਾ ਮੁਕੱਦਮਾ ਲੜਨ ਲਈ ਤਿਆਰ ਨਾ ਹੋਇਆ। ਇੱਕ ਵਿਅਕਤੀ ਨੇ ਜਦੋਂ ਆਪਣੇ ਭਰਾ ਦੇ ਤਿੰਨ ਬੱਚਿਆਂ ਦਾ ਕਤਲ ਕਰਕੇ ਆਪ ਆਤਮਘਾਤ ਕਰ ਲਿਆ ਤਾਂ ਪਿੰਡ ਵਾਲਿਆਂ ਨੇ ਸ਼ਮਸ਼ਾਨਘਾਟ ਵਿੱਚ ਉਸ ਦਾ ਸਸਕਾਰ ਨਾ ਹੋਣ ਦਿੱਤਾ।

ਸ਼ਹਿਰਾਂ ਵਿੱਚ ਜੀਵਨ ਦੀਆਂ ਸਮੱਸਿਆਵਾਂ, ਰਫ਼ਤਾਰ ਅਤੇ ਵਸੋਂ ਵਧੇਰੇ ਹੋਣ ਕਾਰਨ ਆਪਣੇ ਵਿਰੋਧੀਆਂ ਨਾਲ ਕਦੇ-ਕਦਾਈਂ ਹੀ ਸਾਹਮਣਾ ਹੁੰਦਾ ਹੈ, ਪਰ ਪਿੰਡਾਂ ਵਿੱਚ ਇਹ ਸਾਹਮਣਾ ਲਗਪਗ ਹਰ ਰੋਜ਼ ਅਤੇ ਕਈ ਵਾਰ, ਨਿੱਤ ਦਿਨ ਹੁੰਦਾ ਹੈ ਜਿਸ ਕਾਰਨ ਪਿੰਡਾਂ ਦੀਆਂ ਦੁਸ਼ਮਣੀਆਂ ਤਿੱਖੀਆਂ, ਜ਼ਾਲਮ ਅਤੇ ਘਾਤਕ ਹੁੰਦੀਆਂ ਹਨ। ਇਸ ਕਾਰਨ ਕੋਈ ਮੁਆਫ਼ੀ ਮੰਗਣ ਜਾਂ ਮੁਆਫ਼ ਕਰਨ ਬਾਰੇ ਨਹੀਂ ਸੋਚਦਾ। ਪੁਰਾਣੇ ਸਮਿਆਂ ਵਿੱਚ ਕਬੀਲੇ ਦਾ ਮੁੱਖ ਕਾਰਜ ਬਦਲਾ ਲੈਣਾ ਹੁੰਦਾ ਸੀ। ਕੁਦਰਤ ਵਿੱਚ ਕਈ ਨਸਲਾਂ ਨਾਲ, ਸੱਪ ਅਤੇ ਨਿਉਲੇ ਵਾਂਗ, ਉਨ੍ਹਾਂ ਦੀ ਦੁਸ਼ਮਣੀ ਉਨ੍ਹਾਂ ਦੀ ਜੀਵਨ ਜਾਚ ਵਿੱਚ ਹੀ ਸ਼ਾਮਲ ਹੈ। ਮਨੁੱਖਾਂ ਵਿੱਚ ਵੀ ਮੰਗੋਲ, ਰਾਜਪੂਤ, ਪਠਾਣ ਅਤੇ ਹੁਣ ਤਾਲਿਬਾਨ ਆਦਿ ਮੁਆਫ਼ ਕਰਨ ਦੀ ਗੱਲ ਨੂੰ ਮੁੱਢੋਂ ਹੀ ਰੱਦ ਕਰ ਦਿੰਦੇ ਹਨ। ਪਹਿਲੇ ਸਮਿਆਂ ਦੇ ਮੁਕਾਬਲੇ ਅਜੋਕੇ ਸਮਿਆਂ ਵਿੱਚ ਹਥਿਆਰਾਂ ਦੇ ਵਧਣ ਕਾਰਨ ਜੀਵਨ ਵਿੱਚ ਗੁੱਸਾ ਅਤੇ ਹਮਲਾਵਰ ਬਿਰਤੀ ਵਧ ਗਈ ਹੈ। ਹਰ ਕੋਈ ਹਰ ਕਿਸੇ ਨੂੰ ਪਛਾੜਨ ਦੀ ਦੌੜ ਵਿੱਚ ਪਿਆ ਹੋਇਆ ਹੈ। ਜਦੋਂ ਤਕ ਵਿਅਕਤੀ ਮਾਇਕ, ਸਮਾਜਿਕ ਅਤੇ ਰਾਜਨੀਤਕ ਪੱਖੋਂ ਸੁਰੱਖਿਅਤ ਨਹੀਂ ਹੁੰਦਾ, ਉਸ ਦਾ ਵਿਹਾਰ ਸਦਭਾਵੀ, ਉਦਾਰ ਅਤੇ ਖ਼ਿਮਾਮਈ ਵੀ ਨਹੀਂ ਹੁੰਦਾ ਅਤੇ ਮੁਆਫ਼ ਕਰਨ ਦੀ ਸੋਚ ਵੀ ਨਹੀਂ ਉਪਜਦੀ। ਮੁਆਫ਼ ਕਰਨਾ ਆਦਰਸ਼ਵਾਦੀ ਸੰਕਲਪ ਹੈ ਜਦੋਂਕਿ ਬਦਲਾ ਲੈਣਾ ਜੀਵਨ ਦਾ ਯਥਾਰਥ ਹੈ। ਕਈ ਉਪਦੇਸ਼ ਸੁਣੇ ਹਰ ਰੋਜ਼, ਹਰ ਥਾਂ ਜਾਂਦੇ ਹਨ ਪਰ ਉਹ ਸਕੂਲਾਂ ਦੀਆਂ ਕੰਧਾਂ ‘ਤੇ ਹੀ ਸ਼ੋਭਦੇ ਹਨ, ਜੀਵਨ ਵਿੱਚ ਕਿਧਰੇ ਲਾਗੂ ਨਹੀਂ ਹੁੰਦੇ। ਮੁਆਫ਼ ਕਰਨਾ ਸੀਮਤ ਅਤੇ ਵਿਅਕਤੀਗਤ ਵਿਹਾਰ ਹੈ ਜਦੋਂਕਿ ਬਦਲਾ ਲੈਣਾ ਖੁੱਲ੍ਹੇਆਮ ਅਤੇ ਵਿਸ਼ਾਲ ਪੱਧਰ ‘ਤੇ ਵਾਪਰਦਾ ਹੈ। ਨਿਰਸੰਦੇਹ ਸੰਸਾਰ ਵਿੱਚ ਅਨੇਕਾਂ ਪਰਿਵਰਤਨ ਬਦਲਾ ਲੈਣ ਨਾਲ ਵਾਪਰਦੇ ਹਨ, ਜਿਨ੍ਹਾਂ ਦਾ ਮੁਆਫ਼ ਕਰਨ ਨਾਲ ਵਾਪਰਨਾ ਸੰਭਵ ਨਹੀਂ ਸੀ। ਦੇਸ਼ਾਂ ਦੀਆਂ ਹੱਦਾਂ-ਸਰਹੱਦਾਂ ਦਾ ਸਬੰਧ ਹਮਲਾ ਕਰਨ ਅਤੇ ਬਦਲਾ ਲੈਣ ਨਾਲ ਹੈ। ਸ਼ਕਤੀਸ਼ਾਲੀ ਦੇਸ਼ ਅਤੇ ਕੌਮਾਂ ਨਾ ਮੁਆਫ਼ੀ ਮੰਗਦੀਆਂ ਹਨ, ਨਾ ਮੁਆਫ਼ ਕਰਦੀਆਂ ਹਨ। ਜੋ ਗੁਰੂ ਤੇਗ ਬਹਾਦਰ ਨਾਲ ਵਾਪਰਿਆ ਉਸ ਵਿੱਚ ਇੱਕ ਦਰਵੇਸ਼, ਇੱਕ ਬਾਦਸ਼ਾਹ ਨੂੰ ਮੁਖ਼ਾਤਬ ਸੀ ਪਰ ਜੋ ਛੋਟੇ ਸਾਹਿਬਜ਼ਾਦਿਆਂ ਨਾਲ ਵਾਪਰਿਆ, ਉਸ ਨੂੰ ਮੁਆਫ਼ ਕਰਨਾ ਸੰਭਵ ਨਹੀਂ, ਉਸ ਨੂੰ ਯਾਦ ਰੱਖਣਾ ਜ਼ਰੂਰੀ ਹੈ।

ਸਮਾਜ ਵਿੱਚ ਰਹਿੰਦਿਆਂ ਮੁਆਫ਼ ਕਰਨ ਦੀ ਲੋੜ ਚਾਰ ਮੁੱਖ ਰਿਸ਼ਤਿਆਂ ਵਿਚਕਾਰ ਝਗੜਿਆਂ ਵੇਲੇ ਪੈਂਦੀ ਹੈ। ਪਤੀ-ਪਤਨੀ ਅਤੇ ਪ੍ਰੇਮੀ-ਪ੍ਰੇਮਿਕਾ ਦੀ ਬੇਵਫ਼ਾਈ ਕਾਰਨ, ਪਰਿਵਾਰਕ ਰਿਸ਼ਤਿਆਂ ਵਿੱਚ ਦੁਰਵਿਹਾਰ ਅਤੇ ਕਿਸੇ ਦਾ ਹੱਕ ਮਾਰਨ ਕਾਰਨ, ਦੋਸਤ-ਸਹੇਲੀ ਵੱਲੋਂ ਧੋਖਾ ਦੇਣ ਕਾਰਨ ਜਾਂ ਵਪਾਰ ਅਤੇ ਲੈਣ-ਦੇਣ ਵਿੱਚ ਬੇਈਮਾਨੀ ਕਾਰਨ। ਸਭ ਤੋਂ ਵਧੇਰੇ ਰੋਸ ਬੇਵਫ਼ਾਈ, ਧੋਖੇ ਅਤੇ ਦੁਰਵਿਹਾਰ ਦਾ ਹੁੰਦਾ ਹੈ। ਕੋਈ ਵੀ ਗੰਭੀਰ ਘਟਨਾ-ਦੁਰਘਟਨਾ ਵਾਪਰਨ ਤੋਂ ਪਹਿਲਾਂ ਬਹਿਸ ਹੁੰਦੀ ਹੈ, ਇੱਕ ਦੂਜੇ ‘ਤੇ ਦੋਸ਼ ਲੱਗਦੇ ਹਨ। ਰਿਸ਼ਤਾ ਟੁੱਟਣ ਦੀ ਪ੍ਰਕਿਰਿਆ ਕਈ ਪੜਾਵਾਂ ਵਿੱਚੋਂ ਗੁਜ਼ਰਦੀ ਹੈ। ਸੰਚਾਰ ਰੁਕ ਜਾਂਦਾ ਹੈ, ਹਰੇਕ ਗੱਲਬਾਤ ਲੜਾਈ ਦਾ ਸ਼ਿਕਾਰ ਹੋ ਜਾਂਦੀ ਹੈ, ਇਤਬਾਰ ਨਹੀਂ ਰਹਿੰਦਾ, ਕੋਈ ਮਸਲਾ ਹੱਲ ਨਹੀਂ ਹੁੰਦਾ। ਅਜਿਹੀ ਹਾਲਤ ਵਿੱਚ ਆਪਮੁਹਾਰੇ ਕੁਝ ਕੀਤਾ, ਕਿਹਾ ਜਾਂਦਾ ਹੈ ਜਿਸ ਨਾਲ ਰਿਸ਼ਤੇ ਦੀ ਆਖ਼ਰੀ ਕੜੀ ਵੀ ਟੁੱਟ ਜਾਂਦੀ ਹੈ। ਇੱਕ ਸੱਸ ਨੇ ਬੱਚੇ ਆਪਣੇ ਕੋਲ ਰੱਖ ਕੇ ਚਰਿੱਤਰ ਦਾ ਦੋਸ਼ ਲਾ ਕੇ ਨੂੰਹ ਕੱਢ ਦਿੱਤੀ। ਅਜਿਹੀ ਨੂੰਹ ਮੁਆਫ਼ ਕਿਉਂ ਕਰੇਗੀ? ਇੱਕ ਪੁਰਸ਼ ਪਤਨੀ ਨੂੰ ਛੱਡ ਵਿਦੇਸ਼ ਚਲਾ ਗਿਆ, ਹੋਰ ਵਿਆਹ ਕਰਵਾ ਲਿਆ, ਏਡਜ਼ ਨਾਲ ਪੀੜਤ ਹੋ ਕੇ ਮੁੜਿਆ ਅਤੇ ਪਤਨੀ ਨੂੰ ਮੁਆਫ਼ ਕਰਨ ਲਈ ਕਿਹਾ। ਪਤਨੀ ਕੋਲ ਆਪਣੇ ਦੁੱਖਾਂ ਦੇ ਇੰਨੇ ਵੇਰਵੇ ਸਨ ਕਿ ਉਸ ਨੇ ਮੁਆਫ਼ ਕਰਨ ਬਾਰੇ ਸੋਚਣਾ ਚਿਰੋਕਣਾ ਬੰਦ ਕਰ ਦਿੱਤਾ ਸੀ। ਮਤਰੇਈ ਮਾਂ ਦੇ ਤਸੀਹੇ, ਬੋਰੀ ਵਿੱਚ ਪਾ ਕੇ ਡੰਡਿਆਂ ਨਾਲ ਕੁੱਟਣ ਜਿਹੇ ਕੁਕਰਮ ਨਾ ਭੁੱਲਦੇ ਹਨ, ਨਾ ਮੁਆਫ਼ ਕੀਤੇ ਜਾਂਦੇ ਹਨ। ਇੱਕ ਲੜਕੀ ਦੇ ਮੰਗੇਤਰ ਨੇ ਵਿਆਹ ਉਸ ਦੀ ਸਹੇਲੀ ਨਾਲ ਕਰਵਾ ਲਿਆ। ਕਿਸੇ ਵੇਲੇ ਦੀ ਕਿਸੇ ਗੱਲ ਦਾ ਬਦਲਾ ਲੈਣ ਲਈ ਪ੍ਰੇਮਿਕਾ ਨੂੰ ਪ੍ਰੇਮੀ ਨੇ ਕਿਹਾ ਕਿ ਮੈਂ ਤੇਰੇ ਨਾਲ ‘ਵਿਆਹ ਕਰਵਾ ਕੇ ਹੀ ਛੱਡਾਂਗਾ।’ ਉਸ ਨੇ ਚੰਗਾ ਬਣ ਕੇ ਵਿਆਹ ਕਰਵਾ ਲਿਆ ਅਤੇ ਜਦੋਂ ਛੱਡ ਕੇ ਚਲਾ ਗਿਆ ਤਾਂ ਪ੍ਰੇਮਿਕਾ ਨੂੰ ‘ਵਿਆਹ ਕਰਵਾ ਕੇ ਹੀ ਛੱਡਾਂਗਾ’ ਦੇ ਅਰਥ ਸਮਝ ਆਏ। ਇੱਕ ਪਤੀ ਨੇ ਪਤਨੀ ਵੱਲੋਂ ਆਪਣੇ ਪ੍ਰੇਮੀ ਨੂੰ ਭੇਜੇ ਸੁਨੇਹੇ ਵਿੱਚ ਲਿਖਿਆ-ਪੜ੍ਹਿਆ ਭਾਵੇਂ ਵਿਆਹ ਮੇਰਾ ਉਸ ਨਾਲ ਹੋ ਗਿਆ ਹੈ, ਪਰ ਬੱਚੇ ਤੇਰੇ ਹੀ ਹੋਣਗੇ। ਪਤੀ ਨੇ ਤਿਆਗ ਦਿੱਤਾ, ਪ੍ਰੇਮੀ ਨੇ ਅਪਨਾਇਆ ਨਾ। ਅਜਿਹੀਆਂ ਹਾਲਤਾਂ ਵਿੱਚ ਮੁਆਫ਼ ਕਰਕੇ ਸਮਾਜ ਦੇ ਤਾਅਨੇ-ਮਿਹਣੇ ਸਹਿਣੇ ਸੌਖੇ ਨਹੀਂ ਹੁੰਦੇ। ਜਿਹੜੇ ਬਦਲਾ ਲੈ ਸਕਦੇ ਹਨ, ਉਹ ਮੁਆਫ਼ ਕਰਨ ਬਾਰੇ ਨਹੀਂ ਸੋਚਦੇ। ਬਹੁਤੇ ਲੋਕ ਇਸ ਲਈ ਮੁਆਫ਼ ਕਰਦੇ ਹਨ ਕਿਉਂਕਿ ਉਹ ਬਦਲਾ ਨਹੀਂ ਲੈ ਸਕਦੇ। ਪਹਿਲਾ ਪ੍ਰਤੀਕਰਮ ਬਦਲਾ ਲੈਣ ਦਾ ਹੀ ਹੁੰਦਾ ਹੈ। ਕਈਆਂ ਨੂੰ ਅਸੀਂ ਮਜਬੂਰੀਵੱਸ ਮੁਆਫ਼ ਕਰ ਦਿੰਦੇ ਹਾਂ, ਪਰ ਭੁੱਲਦੇ ਨਹੀਂ। ਮੁਆਫ਼ ਕਰਨ ਦੇ ਬਾਵਜੂਦ ਰਿਸ਼ਤੇ ਦਾ ਨਿੱਘ ਮੁੱਕ ਜਾਂਦਾ ਹੈ ਕਿਉਂਕਿ ਮੁਆਫ਼ ਕਰਨ ਦੇ ਬਾਵਜੂਦ ਬੇਵਫ਼ਾਈ ਦਾ ਡੰਗ ਨਹੀਂ ਜਾਂਦਾ। ਪਤੀ-ਪਤਨੀ ਦੇ ਮਨ ਵਿੱਚ ਬੈਠਿਆਂ ਸ਼ੱਕ ਅਕਸਰ ਨਹੀਂ ਨਿਕਲਦਾ।

ਅਜੋਕੇ ਸਮਿਆਂ ਵਿੱਚ ਗੁੱਸੇ, ਤਣਾਓ ਅਤੇ ਬਦਲੇ ਦੀ ਭਾਵਨਾ ਵਧਣ ਦੇ ਕਾਰਨ ਸਾਡੀ ਖੁਰਾਕ ਵਿੱਚ ਹਨ। ਪਹਿਲੇ ਸਮਿਆਂ ਵਿੱਚ ਲੋਕਾਂ ਦੀ ਬਿਰਤੀ ਧਾਰਮਿਕ, ਭੋਜਨ ਸਾਤਵਕ ਅਤੇ ਮਨ ਸ਼ਾਂਤ ਹੁੰਦਾ ਸੀ, ਹੁਣ ਖੁਰਾਕ ਵਿੱਚ ਮਿਰਚਾਂ, ਮਸਾਲੇ ਅਤੇ ਮਾਸਾਹਾਰੀ ਤੱਤਾਂ ਦੇ ਵਧਣ ਕਾਰਨ ਬਿਰਤੀ ਬਲਾਤਕਾਰੀ, ਭੋਜਨ ਤਾਮਸਕ ਅਤੇ ਮਨ ਚਿੰਤਾ ਵਿੱਚ ਰਹਿੰਦਾ ਹੈ ਜਿਸ ਕਾਰਨ ਮੁਆਫ਼ ਕਰਨਾ ਕਮਜ਼ੋਰੀ ਅਤੇ ਡਰਪੋਕਪੁਣਾ ਹੋ ਗਿਆ ਹੈ। ਨਵੇਂ ਹਥਿਆਰ ਹਿੰਸਾਮਈ ਅਤੇ ਬਦਲਾ-ਲਊ ਹਨ। ਨਵੇਂ ਸੰਚਾਰ ਸਾਧਨਾਂ ਨੇ ਵੀ ਪਰਿਵਾਰਕ ਰਿਸ਼ਤਿਆਂ ਨੂੰ ਵਿਗਾੜਿਆ ਅਤੇ ਤਣਾਓ ਵਧਾਏ ਹਨ। ਗਜ਼ਨੀ ਨੇ ਮੰਦਰ ਢਾਹੇ ਸਨ, ਹਿੰਦੂਆਂ ਨੇ ਬਾਬਰੀ ਮਸਜਿਦ ਢਾਹ ਦਿੱਤੀ ਹੈ। ਹੁਣ ਕੋਈ ਸਿਕੰਦਰ ਅਤੇ ਪੋਰਸ ਵਾਂਗ ਕੋਈ ਗੱਲਬਾਤ ਨਹੀਂ ਕਰਦਾ। ਭਾਰਤ ਨੇ ਪਾਕਿਸਤਾਨ ਤੋੜ ਕੇ ਬੰਗਲਾਦੇਸ਼ ਬਣਾਇਆ, ਕੀ ਪਾਕਿਸਤਾਨ ਕਦੇ ਭੁੱਲੇਗਾ? ਹਿਟਲਰ ਵੱਲੋਂ ਯਹੂਦੀਆਂ ਦਾ ਘਾਣ, ਚੁਰਾਸੀ ਦਾ ਕਤਲੇਆਮ ਵਿਸਾਰਨਾ ਸੰਭਵ ਨਹੀਂ। ਗੁੱਸਾ ਅਤੇ ਰੋਸ ਪ੍ਰਗਟਾਉਣਾ ਜ਼ਰੂਰੀ ਹੁੰਦਾ ਹੈ ਤਾਂ ਕਿ ਦੱਸਿਆ ਜਾ ਸਕੇ ਕਿ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ। ਮੁਆਫ਼ੀ ਮੰਗਣ ਲਈ ਬਰਾਬਰ ਦੇ ਬੰਦੇ ਜਾਂ ਪਾਰਟੀ ਨੂੰ ਹੀ ਕਿਹਾ ਜਾਂਦਾ ਹੈ। ਉਮਰ ਦੇ ਵਧਣ ਨਾਲ ਪਰਿਵਾਰਕ ਰਿਸ਼ਤਿਆਂ ਵਿੱਚ ਜਵਾਨੀ ਵਾਲੀ ਜ਼ਿੱਦ ਆਪਣੀ ਗ਼ਲਤੀ ਮੰਨਣ ਨਾਲ ਸਮਝੌਤੇ ਵਿੱਚ ਬਦਲ ਜਾਂਦੀ ਹੈ। ਜਦੋਂ ਤਕ ਦੋਵੇਂ ਧਿਰਾਂ ਸਾਰਾ ਦੋਸ਼ ਦੂਜੀ ਧਿਰ ਨੂੰ ਦਿੰਦੀਆਂ ਰਹਿੰਦੀਆਂ ਹਨ, ਗੱਲ ਅੱਗੇ ਨਹੀਂ ਚਲਦੀ। ਬਦਲਾ ਤਾਂ ਪਸ਼ੂ ਵੀ ਲੈਂਦੇ ਹਨ, ਪਰ ਮੁਆਫ਼ ਕਰਨ ਅਤੇ ਮੁਆਫ਼ੀ ਮੰਗਣ ਦੀ ਲੋੜ ਕੇਵਲ ਮਨੁੱਖਾਂ ਨੂੰ ਪੈਂਦੀ ਹੈ। ਪਸ਼ੂ-ਪੰਛੀ ਵਰਤਮਾਨ ਵਿੱਚ ਜਿਉਂਦੇ ਹਨ, ਉਨ੍ਹਾਂ ਨਾਲ ਜੋ ਵਾਪਰਦਾ ਹੈ ਉਹ ਯਾਦ ਨਹੀਂ ਰੱਖਦੇ, ਪਰ ਮਨੁੱਖ ਅਤੀਤ, ਵਰਤਮਾਨ ਅਤੇ ਭਵਿੱਖ ਵਿੱਚ ਜਿਉਂਦਾ ਹੈ। ਭਾਸ਼ਾ ਕਾਰਨ ਹੀ ਯਾਦ ਸ਼ਕਤੀ ਹੁੰਦੀ ਹੈ। ਅਸੀਂ ਅਤੀਤ ਬਦਲ ਨਹੀਂ ਸਕਦੇ, ਪਰ ਅਤੀਤ ਨੂੰ ਯਾਦ ਕਰ ਕਰ ਕੇ ਆਪਣੇ ਆਪ ਨੂੰ ਪੀੜਤ ਕਰਦੇ ਹਾਂ। ਪਹਿਲਾ ਜ਼ਖ਼ਮ ਸਾਨੂੰ ਕੋਈ ਦਿੰਦਾ ਹੈ, ਬਾਕੀ ਸਾਰੇ ਜ਼ਖ਼ਮ ਸਾਡੇ ਆਪਣੇ ਸਿਰਜੇ ਹੁੰਦੇ ਹਨ। ਕਈ ਜ਼ਖ਼ਮਾਂ ਨੂੰ ਅਸੀਂ ਠੀਕ ਨਹੀਂ ਹੋਣ ਦਿੰਦੇ।

ਜਦੋਂ ਸਾਡਾ ਅਪਮਾਨ ਹੁੰਦਾ ਹੈ ਤਾਂ ਮੁੱਢਲਾ ਪ੍ਰਤੀਕਰਮ ਗੁੱਸਾ ਚੜ੍ਹਨਾ ਹੁੰਦਾ ਹੈ। ਗੁੱਸੇ ਨਾਲ ਪ੍ਰਤੀਕਰਮ ਪ੍ਰਗਟਾਉਣਾ ਸੁਭਾਵਿਕ ਹੁੰਦਾ ਹੈ। ਕਈ ਵਾਰੀ ਅਸੀਂ ਗੁੱਸਾ ਨਹੀਂ ਪ੍ਰਗਟਾ ਸਕਦੇ। ਇਸ ਸਥਿਤੀ ਵਿੱਚ ਸਾਡੇ ਮੋਢੇ ਢਿਲਕ ਜਾਂਦੇ ਹਨ ਅਤੇ ਅਸੀਂ ਢਹਿੰਦੀਕਲਾ ਦਾ ਸ਼ਿਕਾਰ ਹੋ ਜਾਂਦੇ ਹਾਂ। ਅਪਮਾਨ ਕਰਨ ਵਾਲੇ ਦਾ ਸਾਹਮਣਾ ਕਰਨਾ ਵੀ ਜ਼ਰੂਰੀ ਹੁੰਦਾ ਹੈ। ਕਿਸੇ ਅਪਮਾਨ ਨੂੰ ਹਰ ਵੇਲੇ ਗੋਦੀ ਚੁੱਕੀ ਰੱਖਣਾ ਚੰਗਾ ਵਿਹਾਰ ਨਹੀਂ ਹੁੰਦਾ ਕਿਉਂਕਿ ਜਦੋਂ ਸਾਡਾ ਅਪਮਾਨ ਹੋਇਆ ਹੋਵੇ, ਸਾਡੇ ਤੋਂ ਆਪਮੁਹਾਰੇ ਕਈ ਹੋਰਾਂ ਦਾ ਅਪਮਾਨ ਹੋ ਜਾਂਦਾ ਹੈ। ਜਦੋਂ ਅਸੀਂ ਕਿਸੇ ਦੇ ਭੈੜੇ ਵਿਹਾਰ ਨੂੰ ਅਣਡਿੱਠ ਕਰਦੇ ਹਾਂ ਤਾਂ ਉਸ ਸਮੇਂ ਢਹਿੰਦੀਕਲਾ ਤੋਂ ਆਪਣੀ ਰੱਖਿਆ ਕਰ ਰਹੇ ਹੁੰਦੇ ਹਾਂ ਅਤੇ ਇਉਂ ਕਰਨ ਨਾਲ ਅਸੀਂ ਅਤੀਤ ਵਿੱਚੋਂ ਬਾਹਰ ਨਿਕਲਦੇ ਹਾਂ। ਮੁਆਫ਼ ਕਰਨ ਦੇ ਸਰੀਰਕ ਅਤੇ ਮਾਨਸਿਕ ਲਾਭ ਹੁੰਦੇ ਹਨ। ਮੁਆਫ਼ ਕਰਨ ਨਾਲ ਅਸੀਂ ਹੋਰਾਂ ਨਾਲ ਵਧੇਰੇ ਤੰਦਰੁਸਤ ਸਬੰਧ ਉਸਾਰਨਯੋਗ ਹੋ ਜਾਂਦੇ ਹਾਂ, ਮਾਨਸਿਕ ਸਿਹਤ ਸੁਧਰਦੀ ਹੈ, ਚਿੰਤਾ ਘਟਦੀ ਹੈ, ਤਣਾਓ ਅਤੇ ਗੁੱਸਾ ਮੁੱਕਦਾ ਹੈ, ਲਹੂ ਦਾ ਦਬਾਓ ਠੀਕ ਹੁੰਦਾ ਹੈ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ, ਨਿਰਾਸਤਾ ਦੇ ਲੱਛਣ ਲੋਪ ਹੁੰਦੇ ਹਨ, ਸਵੈ-ਸਤਿਕਾਰ ਵਧਦਾ ਹੈ ਅਤੇ ਆਪਣੇ ਆਪ ਬਾਰੇ ਰਾਇ ਸੁਧਰਦੀ ਹੈ। ਦਿਲ ਦੇ ਰੋਗੀਆਂ ਨੂੰ ਮੁਆਫ਼ ਕਰਨਾ ਅਤੇ ਮੁਆਫ਼ੀ ਮੰਗਣ ਦੀ ਜਾਚ ਸਿੱਖਣੀ ਚਾਹੀਦੀ ਹੈ। ਕਈ ਸ਼ਰਤਾਂ ਨਾਲ ਮੁਆਫ਼ੀ ਮੰਗਦੇ ਹਨ। ਇਹ ਅਧੂਰੀ ਮੁਆਫ਼ੀ ਹੁੰਦੀ ਹੈ। ਪੁਰਸ਼ਾਂ ਦੀ ਤੁਲਨਾ ਵਿੱਚ ਇਸਤਰੀਆਂ ਵੱਲੋਂ ਮੰਗੀ ਮੁਆਫ਼ੀ ਸਿੱਧੀ, ਸਰਲ ਅਤੇ ਸਪਸ਼ਟ ਹੁੰਦੀ ਹੈ। ਅਜੋਕੇ ਸੰਸਾਰ ਵਿੱਚ ਅਪਮਾਨ ਸਹਿਣਾ ਸਿੱਖਣ ਅਤੇ ਸਹਿਣਸ਼ੀਲਤਾ ਵਧਾਉਣ ਦੀ ਲੋੜ ਹੈ। ਦੁਰਵਿਹਾਰ ਹੋਣਾ ਅਤੇ ਕਰਨਾ ਨਿੱਤ-ਦਿਨ ਦਾ ਸੁਭਾਵਿਕ ਵਰਤਾਰਾ ਬਣ ਗਿਆ ਹੈ। ਕਿਸੇ ‘ਤੇ ਦੋਸ਼ ਲਾਉਣ ਸਮੇਂ ਆਪਣਾ ਕਸੂਰ ਜਾਣਨ ਦੀ ਵੀ ਲੋੜ ਹੁੰਦੀ ਹੈ। ਜੇ ਪਤਨੀ ਮਾਪਿਆਂ ਕੋਲ ਰਹਿਣ ਲਈ ਮਜਬੂਰ ਹੈ ਤਾਂ ਉਸ ਦੇ ਕਿਸੇ ਵੱਲ ਝੁਕਣ ਲਈ ਪਤੀ ਵੀ ਕਸੂਰਵਾਰ ਹੁੰਦਾ ਹੈ। ਜੇ ਗ਼ਲਤੀ ਮੰਨ ਲਈ ਜਾਵੇ ਤਾਂ ਉਹ ਮੁਆਫ਼ ਹੋ ਜਾਂਦੀ ਹੈ।

ਬਦਲਾ ਲੈਣਾ ਸਾਧਾਰਨ ਅਨੁਭਵ ਹੈ, ਮੁਆਫ਼ ਕਰਨਾ ਰੂਹਾਨੀ ਉੱਚਤਾ ਦਾ ਸਬੂਤ ਹੁੰਦਾ ਹੈ। ਕਈ ਵਾਰੀ ਕੁਝ ਅਜਿਹਾ ਵਾਪਰ ਜਾਂਦਾ ਹੈ ਕਿ ਸਥਿਤੀ ਬਦਲੇ ਜਾਂ ਮੁਆਫ਼ੀ ਤੋਂ ਬਿਲਕੁਲ ਵੱਖਰੀ ਭਾਂਤ ਦੀ ਹੋ ਜਾਂਦੀ ਹੈ। ਪੰਜਾਹ ਸਾਲ ਦੇ ਇੱਕ ਦੋਸਤ ਨੇ ਉਸ ਦੀ ਪੈਂਤੀ ਵਰ੍ਹਿਆਂ ਤੋਂ ਵਧੇਰੇ ਸਮੇਂ ਵਾਲੀ ਇਸਤਰੀ ਨਾਲ ਸਬੰਧ ਬਣਾ ਲਏ। ਉਹ ਵਿਅਕਤੀ ਦੂਹਰੇ ਸਦਮੇ ਦਾ ਸ਼ਿਕਾਰ ਹੋ ਗਿਆ ਅਤੇ ਘੁਲ-ਘੁਲ ਕੇ ਮਰ ਗਿਆ। ਇੱਕ ਨਵ-ਵਿਆਹੀ ਪਤਨੀ ਬੜੇ ਚਾਅ ਨਾਲ ਆਪਣੇ ਪਤੀ ਨੂੰ ਦਫ਼ਤਰੋਂ ਮੁੜਨ ਵੇਲੇ ਉਡੀਕਿਆ ਕਰਦੀ ਸੀ। ਗੇਟ ਖੋਲ੍ਹ ਕੇ ਉਹ ਪਤੀ ਦੀ ਕਾਰ ਵਿੱਚ ਅਗਲੀ ਸੀਟ ‘ਤੇ ਬਹਿ ਕੇ ਸੱਠ-ਸੱਤਰ ਫੁੱਟ ਦੂਰ ਗੈਰਾਜ ਤਕ ਬਹਿ ਕੇ ਆਇਆ ਕਰਦੀ ਸੀ। ਉਹ ਦੋਵੇਂ ਬਹੁਤ ਖ਼ੁਸ਼ ਸਨ। ਇੱਕ ਦਿਨ ਵੱਡੇ ਅਧਿਕਾਰੀ ਨੇ ਪਤੀ ਦਾ ਅਪਮਾਨ ਕਰ ਦਿੱਤਾ ਕਿਉਂਕਿ ਉਸ ਦੀ ਇੱਕ ਗ਼ਲਤੀ ਕਾਰਨ ਕੰਪਨੀ ਦੇ ਹੱਥੋਂ ਇੱਕ ਵੱਡਾ ਠੇਕਾ ਨਿਕਲ ਗਿਆ ਸੀ। ਉਸ ਸ਼ਾਮ ਨੂੰ ਜਦੋਂ ਪਤੀ ਆਇਆ ਤਾਂ ਰੋਜ਼ ਵਾਂਗ ਬੜੇ ਚਾਅ ਨਾਲ ਪਤਨੀ ਕਾਰ ਵਿੱਚ ਬਹਿਣ ਲੱਗੀ ਤਾਂ ਪਤੀ ਨੇ ਕਿਹਾ, ”ਨਹੀਂ ਬੈਠਣਾ, ਤੈਨੂੰ ਹਰ ਵੇਲੇ ਪਿਆਰ ਹੀ ਸੁੱਝਦਾ ਹੈ, ਪਿਆਰ ਤੋਂ ਸਿਵਾਏ ਤੈਨੂੰ ਕੁਝ ਆਉਂਦਾ ਹੀ ਨਹੀਂ।” ਇਨ੍ਹਾਂ ਸ਼ਬਦਾਂ ਨੇ ਪਤਨੀ ਦਾ ਦਿਲ ਤੋੜ ਦਿੱਤਾ। ਬਿਮਾਰ ਪੈ ਗਈ, ਚਾਲੀ ਸਾਲ ਜੀਵੀ ਪਰ ਬਿਮਾਰ ਹੀ ਰਹੀ। ਉਸ ਨੇ ਗੱਲ ਦਿਲ ਨੂੰ ਲਾ ਲਈ ਸੀ। ਅਜਿਹੇ ਸਦਮੇ ਅਤੇ ਹਾਦਸੇ ਮੁਆਫ਼ੀ ਨਾਲ ਨਹੀਂ ਧੁਲਦੇ।

ਇਤਿਹਾਸ ਵਿੱਚ ਮੁਆਫ਼ੀ ਦੀਆਂ ਬੜੀਆਂ ਵੱਡੀਆਂ ਉਦਾਹਰਨਾਂ ਵੀ ਹਨ। ਮੁਆਫ਼ ਕਰਨਾ ਤਾਂ ਕੋਈ ਨੈਲਸਨ ਮੰਡੇਲਾ ਤੋਂ ਸਿੱਖੇ। ਉਸ ਨੇ ਅਠਾਈ ਸਾਲ ਵਿਦੇਸ਼ੀ ਹਾਕਮਾਂ ਦੀ ਜੇਲ੍ਹ ਵਿੱਚ ਰਹਿ ਕੇ ਦੇਸ਼ ਆਜ਼ਾਦ ਕਰਵਾ ਕੇ ਹਾਕਮਾਂ ਨੂੰ ਮੁਆਫ਼ ਕਰਨ ਦੀ ਸਾਰੇ ਦੇਸ਼ ਵਿੱਚ ਮੁਹਿੰਮ ਚਲਾਈ ਤਾਂ ਕਿ ਦੇਸ਼ ਵਾਸੀ ਬਦਲਾ ਲੈਣ ਵਿੱਚ ਆਪਣੀ ਸ਼ਕਤੀ ਗੁਆਉਣ ਦੀ ਬਜਾਏ ਦੇਸ਼ ਦੇ ਨਿਰਮਾਣ ਵਿੱਚ ਜੁਟ ਜਾਣ।

ਨਿੱਤ ਦਿਨ ਦੇ ਜੀਵਨ ਵਿੱਚ ਵੀ ਮੁਆਫ਼ ਕਰਨ ਦੀਆਂ ਉਦਾਹਰਨਾਂ ਮਿਲਦੀਆਂ ਹਨ। ਇੱਕ ਵਾਰੀ ਇੱਕ ਲੜਾਕੀ ਲੜਕੀ ਨੇ ਸਾੜੇ ਕਾਰਨ ਅੱਵਲ ਆਉਣ ਵਾਲੀ ਜਮਾਤਣ ਦਾ ਪਰਸ ਖੋਹ ਕੇ ਸਾਰੇ ਪੈਸੇ ਆਪ, ਵਿਖਾ ਕੇ ਖ਼ਰਚ ਕੀਤੇ। ਪਰਸ ਵਾਲੀ ਲੜਕੀ ਪੂਰਾ ਮਹੀਨਾ ਘਰ ਨਾ ਜਾ ਸਕੀ, ਬਾਜ਼ਾਰ ਨਾ ਗਈ। ਕਈ ਵਰ੍ਹੇ ਮਗਰੋਂ ਵਿਆਹ ਦੇ ਇੱਕ ਸਮਾਗਮ ਵਿੱਚ ਉਨ੍ਹਾਂ ਦਾ ਸਾਹਮਣਾ ਹੋਇਆ। ਵੇਖ ਕੇ ਪਰਸ ਖੋਹਣ ਵਾਲੀ ਘਬਰਾ ਗਈ, ਪਰ ਪਰਸ ਵਾਲੀ ਨੇ ਖੋਹਣ ਵਾਲੀ ਨਾਲ ਇੰਨਾ ਸਤਿਕਾਰ ਭਰਿਆ ਵਿਹਾਰ ਕੀਤਾ ਕਿ ਪਰਸ ਖੋਹਣ ਵਾਲੀ ਇਸ ਵਿਹਾਰ ਨਾਲ ਹੀ ਪ੍ਰੇਸ਼ਾਨ ਹੋ ਗਈ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਅਜਿਹਾ ਮਿਹਰਬਾਨੀ ਵਾਲਾ ਵਿਹਾਰ ਕਰਕੇ ਪਰਸ ਵਾਲੀ ਨੇ ਬਦਲਾ ਲਿਆ ਸੀ ਜਾਂ ਮੁਆਫ਼ ਕੀਤਾ ਸੀ।

ਮੁਆਫ਼ ‘ਕਰਨਾ ਹੈ ਕਿ ਨਹੀਂ’? ਤੁਸੀਂ ਆਪ ਨਿਰਣਾ ਕਰੋ ਕਿ ਤੁਹਾਡੇ ਹਿੱਤ ਵਿੱਚ ਕੀ ਹੈ? ਕਈ ਵਾਰ ਮੁਆਫ਼ ਕਰਨ ਦੇ ਨਾਲ ਵਿਅਕਤੀ ਤਿਆਗਿਆ ਵੀ ਜਾਂਦਾ ਹੈ। ਕਿਸੇ ਨੂੰ ਤਿਆਗਣਾ ਵੀ ਬਦਲਾ ਲੈਣ ਦੀ ਇੱਕ ਕਿਸਮ ਹੁੰਦੀ ਹੈ। ਮੁਆਫ਼ ਕਰਨ ਨਾਲ ਦੂਜਾ ਨਹੀਂ, ਤੁਸੀਂ ਸੌਖੇ-ਸੁਖਾਲੇ ਹੋ ਜਾਓਗੇ। ਆਪਣੇ ਵਿਕਾਸ ਲਈ ਕਿਸੇ ਨੂੰ ਭੁਲਾ ਦੇਣਾ ਅਕਸਰ ਸਹੀ ਫ਼ੈਸਲਾ ਹੁੰਦਾ ਹੈ। ਤੁਸੀਂ ਆਪ ਸੋਚੋ, ਕੀ ਉਹ ਤੁਹਾਡੀ ਮੁਆਫ਼ੀ ਦੇ ਯੋਗ ਹੈ? ਵੇਖੋ ਜੇ ਉਸ ਦਾ ਸਮੁੱਚਾ ਵਿਹਾਰ ਸੁਹਿਰਦ ਅਤੇ ਸੁਖਾਵਾਂ ਰਿਹਾ ਹੋਵੇ ਅਤੇ ਉਸ ਦੇ ਸ਼ਬਦਾਂ ਤੋਂ ਉਸ ਦੇ ਸੁਧਰਨ ਦੀ ਗਵਾਹੀ ਮਿਲਦੀ ਹੋਵੇ, ਜ਼ਰੂਰ ਮੁਆਫ਼ ਕਰੋ। ਕਦੋਂ ਮੁਆਫ਼ ਕਰਨਾ ਚਾਹੀਦਾ ਹੈ?

ਉਦੋਂ ਮੁਆਫ਼ ਕਰਨਾ ਚਾਹੀਦਾ ਹੈ, ਜਦੋਂ ਉਸ ਨੇ ਪਛਤਾਵਾ ਕਰ ਲਿਆ ਹੋਵੇ ਅਤੇ ਤੁਹਾਨੂੰ ਵਿਸ਼ਵਾਸ ਹੋ ਜਾਵੇ ਕਿ ਉਹ ਗ਼ਲਤੀ ਨੂੰ ਦੁਹਰਾਏਗਾ ਨਹੀਂ। ਉਸ ਦੇ ਸ਼ਬਦ ਦੱਸ ਦੇਣਗੇ ਕਿ ਉਹ ਸੱਚ ਬੋਲ ਰਿਹਾ ਹੈ ਜਾਂ ਨਹੀਂ। ਕਈ ਵਾਰੀ ਬਦਲਾ ਲੈਣਾ ਸੰਭਵ ਨਹੀਂ ਹੁੰਦਾ, ਅਸੀਂ ਉਸ ਨੂੰ ਇਸ ਯੋਗ ਹੀ ਨਹੀਂ ਸਮਝਦੇ ਕਿ ਉਸ ਤੋਂ ਬਦਲਾ ਲਿਆ ਜਾਵੇ ਅਤੇ ਮੁਆਫ਼ ਕਰਨ ਨੂੰ ਵੀ ਮਨ ਨਹੀਂ ਕਰਦਾ। ਅਜਿਹੀ ਸਥਿਤੀ ਵਿੱਚ ਕੁਝ ਚਿਰ ਹੋਰ ਉਡੀਕ ਲੈਣਾ ਚਾਹੀਦਾ ਹੈ। ਕਈ ਵਾਰ ਉਡੀਕਣਾ ਵੀ ਸਮੱਸਿਆ ਦਾ ਹੱਲ ਹੁੰਦਾ ਹੈ। ਸਮੇਂ ਤੋਂ ਪਹਿਲਾਂ ਮੁਆਫ਼ ਕਰਨ ਨਾਲ ਸਮੱਸਿਆਵਾਂ ਵਧਦੀਆਂ ਹਨ, ਸਥਿਤੀ ਵਿਗੜਦੀ ਹੈ ਅਤੇ ਪਛਤਾਵਾ ਉਪਜਦਾ ਹੈ। ਮੁਆਫ਼ ਕਰਨਾ ਹਰ ਕਿਸੇ ਨੂੰ ਰਾਸ ਨਹੀਂ ਆਉਂਦਾ, ਕਈ ਮੁਆਫ਼ ਕਰਨ ਦੇ ਪਛਤਾਵੇ ਨਾਲ ਬਿਮਾਰ ਪੈ ਜਾਂਦੇ ਹਨ। ਮਨੋਵਿਗਿਆਨਕ ਸਲਾਹਕਾਰ ਅਕਸਰ ਮੁਆਫ਼ ਕਰਨ ਦਾ ਸੁਝਾਓ ਦਿੰਦੇ ਹਨ, ਪਰ ਸਾਰੇ ਵੇਰਵੇ ਜਾਣਨ ਉਪਰੰਤ ਉਹ ਤਿਆਗਣ ਦੀ ਸਲਾਹ ਦਿੰਦੇ ਹਨ। ਝੱਟਪੱਟ ਮੁਆਫ਼ ਕਰਨ ਨਾਲ ਦੂਜਾ ਸਮਝਦਾ ਹੈ ਕਿ ਉਸ ਨੇ ਕੋਈ ਗ਼ਲਤੀ ਕੀਤੀ ਹੀ ਨਹੀਂ। ਝੱਟਪੱਟ ਮੁਆਫ਼ ਕਰਨ ਵਾਲਾ ਹਾਸੋਹੀਣਾ ਹੋ ਨਿੱਬੜਦਾ ਹੈ। ਜਿਹੜਾ ਮੁਆਫ਼ ਕਰਨ ਦੀ ਕਦਰ ਨਹੀਂ ਕਰਦਾ, ਉਸ ਨੂੰ ਮੁਆਫ਼ ਕਰਕੇ ਉਸ ਨਾਲ ਰਹਿਣਾ ਨਿਰੰਤਰ ਤਸੀਹਾ ਬਣ ਜਾਂਦਾ ਹੈ।

ਅਜਿਹਾ ਵਿਅਕਤੀ ਬਦਲਾ ਲੈਣ ਲੱਗ ਪੈਂਦਾ ਹੈ ਅਤੇ ਉਸ ਦਾ ਵਿਹਾਰ ਹੋਰ ਨੀਵਾਂ ਹੋ ਜਾਂਦਾ ਹੈ। ਪਤੀ-ਪਤਨੀ ਦੇ ਮਨ ਵਿੱਚ ਇੱਕ ਵਾਰ ਬੈਠਿਆ ਸ਼ੱਕ ਨਿਕਲਣ ਨੂੰ ਕਈ ਸਾਲ ਲੱਗਦੇ ਹਨ। ਮੁਆਫ਼ ਕਰਨਾ ਅਤੇ ਨਾਲ ਰਹਿਣਾ ਦੋ ਵੱਖਰੇ ਫ਼ੈਸਲੇ ਹੁੰਦੇ ਹਨ। ਮੁਆਫ਼ ਉਦੋਂ ਹੀ ਕਰਨਾ ਚਾਹੀਦਾ ਹੈ ਜਦੋਂ ਮਨ ਅਤੇ ਆਤਮਾ ਦੋਵੇਂ ਹਾਮੀ ਭਰਨ। ਨਾਲ ਤਾਂ ਹੀ ਰਹਿਣਾ ਚਾਹੀਦਾ ਹੈ ਜੇਕਰ ਉਸ ਵਿਅਕਤੀ ਦਾ ਸਮੁੱਚਾ ਵਿਹਾਰ ਸੁਹਿਰਦ ਰਿਹਾ ਹੋਵੇ ਅਤੇ ਉਸ ਦੇ ਪਛਤਾਵੇ ਵਿੱਚੋਂ ਸੁਧਰਨ ਦੀ ਗਵਾਹੀ ਮਿਲਦੀ ਹੋਵੇ। ਜੋ ਵੀ ਨਿਰਣਾ ਕਰੋ, ਸੋਚ-ਸਮਝ-ਸਲਾਹ ਨਾਲ ਕਰੋ, ਪਰ ਨਿਰਣਾ ਕਰਕੇ ਪਿੱਛੇ ਵੱਲ ਨਾ ਵੇਖੋ, ਅੱਗੇ ਵੇਖੋ। ੲ

Comments

comments

Share This Post

RedditYahooBloggerMyspace