ਅਜੋਕੇ ਮਨੁੱਖ ਦੀਆਂ ਸਮੱਸਿਆਵਾਂ ਤੇ ਗੁਰਮਤਿ ਦੀ ਰੌਸ਼ਨੀ ਵਿਚ ਉਨਾਂ ਦਾ ਹੱਲ

Problem Solving_img(ਕ੍ਰਿਪਾਲ ਸਿੰਘ ਚੰਦਨ)

ਅੱਜ ਵਿਗਿਆਨ ਉੱਨਤੀ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ। ਇਸ ਕਰਕੇ ਅੱਜ ਦੇ ਮਨੁੱਖ ਕੋਲ ਵਧੀਆ ਤੋਂ ਵਧੀਆ ਸੁਖ ਦੇ ਸਾਧਨ ਆ ਗਏ ਹਨ। ਜੇ ਬਹੁਤੇ ਅਮੀਰਾਂ ਦੀ ਗੱਲ ਛੱਡ ਦੇਈਏ ਤਾਂ ਦਰਮਿਆਨੇ ਵਰਗ ਦੇ ਮਨੁੱਖਾਂ ਕੋਲ ਵੀ ਕਾਰਾਂ, ਸਕੂਟਰ, ਟੀ.ਵੀ., ਫਰਿਜ, ਏਅਰ ਕੰਡੀਸ਼ਨਰ, ਕੂਲਰ, ਪੱਖੇ, ਕੰਪਿਊਟਰ, ਟੈਲੀਫੋਨ, ਮੋਬਾਈਲ ਅਤੇ ਬਿਜਲੀ ਦੇ ਅਨੇਕਾਂ ਉਪਕਰਣ ਹਨ ਜਿਨਾਂ ਨੇ ਮਨੁੱਖ ਦੇ ਜੀਵਨ ਨੂੰ ਬੇਹੱਦ ਆਰਾਮਦਾਇਕ ਅਤੇ ਸੁਖਾਲਾ ਬਣਾ ਦਿੱਤਾ ਹੈ। ਆਵਾਜਾਈ ਦੇ ਸਾਧਨਾਂ, ਸੰਚਾਰ-ਸਾਧਨਾਂ, ਮਨ-ਪ੍ਰਚਾਵੇ ਦੇ ਸਾਧਨਾਂ, ਡਾਕਟਰੀ ਵਿੱਦਿਆ ਵਿਚ ਹੋਈਆਂ ਖੋਜਾਂ, ਖੇਤੀਬਾੜੀ ਦੇ ਨਵੀਨ ਢੰਗਾਂ ਅਤੇ ਨਵੀਨ ਸੰਦਾਂ ਅਤੇ ਜੀਵਨ ਦੇ ਹੋਰ ਖੇਤਰਾਂ ਵਿਚ ਹੋਈ ਅਸਾਧਾਰਨ ਪ੍ਰਗਤੀ ਨੇ ਮਨੁੱਖੀ ਜ਼ਿੰਦਗੀ ਵਿਚ ਇਨਕਲਾਬ ਹੀ ਲੈ ਆਂਦਾ ਹੈ।

ਮਨੁੱਖ ਦੀ ਸੋਚਣੀ ਵਿਚ ਵੀ ਬਹੁਤ ਵਿਕਾਸ ਹੋਇਆ ਹੈ। ਹੁਣ ਉਹ ਦਲੀਲ ਅਤੇ ਤਰਕ ਦੇ ਆਧਾਰ ‘ਤੇ ਪਰਖ ਕੇ ਹੀ ਕੋਈ ਕਾਰਜ ਕਰਦਾ ਹੈ। ਉਸ ਨੇ ਕਾਫ਼ੀ ਹੱਦ ਤੱਕ ਗਲਤ ਮਨੌਤਾਂ, ਅੰਧ-ਵਿਸ਼ਵਾਸਾਂ, ਕਰਮਕਾਂਡਾਂ ਅਤੇ ਵਿਅਰਥ ਦੇ ਰੀਤੀ-ਰਿਵਾਜਾਂ ਨੂੰ ਤਿਆਗ ਦਿੱਤਾ ਹੈ। ਇਥੋਂ ਤੱਕ ਕਿ ਵੱਡੀ ਗਿਣਤੀ ਵਿਚ ਲੋਕ ਰੱਬ ਦੀ ਹੋਂਦ ਤੋਂ ਵੀ ਇਨਕਾਰੀ ਹੋ ਗਏ ਹਨ।

ਪਹਿਲਾਂ-ਪਹਿਲ ਇਹ ਸਮਝਿਆ ਜਾਂਦਾ ਸੀ ਕਿ ਗਿਆਨ-ਵਿਗਿਆਨ ਦੀ ਤਰੱਕੀ ਦੇ ਨਾਲ ਮਨੁੱਖਾਂ ਵਿਚੋਂ ਲੜਾਈ ਝਗੜੇ ਖਤਮ ਹੋ ਜਾਣਗੇ ਅਤੇ ਸਾਰੇ ਮਨੁੱਖ ਇਕ ਦੂਜੇ ਦੇ ਭਲੇ ਲਈ ਕਾਰਜ ਕਰਨਗੇ, ਮਨੁੱਖਾਂ ਅੰਦਰ ਸਦਾਚਾਰਕ ਗੁਣਾਂ ਦਾ ਵਿਕਾਸ ਹੋਵੇਗਾ, ਕੁਦਰਤੀ ਸਾਧਨਾਂ ਦੀ ਸਹੀ ਵਰਤੋਂ ਹੋਵੇਗੀ, ਰੁਪਏ-ਪੈਸੇ ਦੀ ਸਾਵੀਂ ਵੰਡ ਹੋਵੇਗੀ ਜਾਂ ਘੱਟੋ-ਘੱਟ ਯੋਗਤਾ ਦੇ ਅਨੁਸਾਰ ਮਨੁੱਖ ਨੂੰ ਉਸਦਾ ਹੱਕ ਮਿਲੇਗਾ, ਮਨੁੱਖ ਕਿਸੇ ਫਰਜ਼ੀ ‘ਸਵਰਗ’ ਦੀ ਆਸ ਤਿਆਗ ਦੇਣਗੇ ਕਿਉਂਕਿ ਇਹ ਸੰਸਾਰ ਹੀ ਸਹੀ ਅਰਥਾਂ ਵਿਚ ਸਵਰਗ ਬਣ ਜਾਵੇਗਾ।….ਪਰ ਮਨੁੱਖਤਾ ਦੀ ਇਹ ਤ੍ਰਾਸਦੀ ਹੀ ਸਮਝੀ ਜਾਵੇਗੀ ਕਿ ਐਸਾ ਹੋ ਨਹੀਂ ਸਕਿਆ। ਮਨੁੱਖ ਦੇ ਅੰਦਰ ਪਦਾਰਥਵਾਦੀ ਰੁਚੀਆਂ ਇਸ ਕਦਰ ਵਧ ਗਈਆਂ ਹਨ ਕਿ ਉਹ ਵੱਧ ਤੋਂ ਵੱਧ ਧਨ- ਪਦਾਰਥ ਇਕੱਤਰ ਕਰਨ ਦੀ ਅੰਨੀ ਦੌੜ ਵਿਚ ਲੱਗਾ ਹੋਇਆ ਹੈ। ਸੰਯੁਕਤ ਪਰਿਵਾਰ ਟੁੱਟ ਰਹੇ ਹਨ, ਮਾਤਾ-ਪਿਤਾ, ਭੈਣ-ਭਰਾ, ਭਰਾ-ਭਰਾ ਇਥੋਂ ਤੱਕ ਕਿ ਪਤੀ-ਪਤਨੀ ਦੇ ਰਿਸ਼ਤਿਆਂ ਵਿਚ ਵੀ ਮੋਹ-ਪਿਆਰ ਨਹੀਂ ਰਿਹਾ। ਨਿਜੀ ਤਰੱਕੀ, ਧਨ-ਜਾਇਦਾਦ ‘ਤੇ ਕਬਜ਼ਾ, ਪਰਿਵਾਰਕ ਜਾਇਦਾਦ ਵਿਚ ਦੂਜੇ ਦਾ ਹੱਕ ਮਾਰਨ ਲਈ ਜਾਇਜ਼-ਨਜਾਇਜ਼ ਢੰਗ ਵਰਤੇ ਜਾ ਰਹੇ ਹਨ, ਇਥੋਂ ਤੱਕ ਕਿ ਨਜ਼ਦੀਕੀ ਰਿਸ਼ਤਿਆਂ ਦੇ ਕਤਲ ਹੋ ਰਹੇ ਹਨ। ਇਹ ਕੰਮ ਸਾਧਾਰਨ ਬੁੱਧੀ ਦੇ ਮਾਲਕ ਹੀ ਨਹੀਂ ਕਰਦੇ ਸਗੋਂ ਬੜੇ ਪੜੇ-ਲਿਖੇ ਅਤੇ ਸੁਖ-ਸਾਧਨ ਸੰਪੰਨ ਲੋਕ ਕਰ ਰਹੇ ਹਨ।

ਅਕਾਲ ਪੁਰਖ ਦਾ ਡਰ-ਭਉ ਖ਼ਤਮ ਹੋ ਜਾਣ ਕਾਰਨ ਅਤੇ ਜੀਵਨ ਵਿਚੋਂ ਦੈਵੀ ਗੁਣਾਂ ਦਾ ਅਭਾਵ ਹੋ ਜਾਣ ਕਾਰਨ ਮਨੁੱਖ ਭੈੜੀਆਂ ਰੁਚੀਆਂ, ਭੈੜੀ ਸੋਚਣੀ ਅਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਦੀ ਜਕੜ ਵਿਚ ਪੂਰੀ ਤਰਾਂ ਫਸ ਗਿਆ ਹੈ। ਵਧੇਰੇ ਧਨ ਦੀ ਪ੍ਰਾਪਤੀ ਦੀ ਇੱਛਾ ਨੇ ਸਮਾਜ ਵਿਚ ਚੋਰੀ, ਡਾਕੇ, ਕਤਲਾਂ ਆਦਿ ਨੂੰ ਇਕ ਆਮ ਵਰਤਾਰਾ ਬਣਾ ਦਿੱਤਾ ਹੈ। ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਵਿਭਚਾਰ, ਬਲਾਤਕਾਰ ਵਰਗੀਆਂ ਬੁਰਾਈਆਂ ਸਮਾਜ ਨੂੰ ਆਪਣੇ ਸ਼ਿਕੰਜੇ ਵਿਚ ਕੱਸ ਰਹੀਆਂ ਹਨ। ਦੋ- ਤਿੰਨ ਸਾਲ ਦੀ ਬੱਚੀ ਤੋਂ ਲੈ ਕੇ 70-75 ਸਾਲ ਦੀ ਬਜ਼ੁਰਗ ਔਰਤ ਨਾਲ ਬਲਾਤਕਾਰ ਹੋ ਰਹੇ ਹਨ। ਕਥਿਤ ਮਨ-ਪ੍ਰਚਾਵੇ ਦੇ ਸਾਧਨਾਂ ਨੇ ਭੈਣ-ਭਰਾ ਅਤੇ ਪਿਉ-ਧੀ ਦੇ ਰਿਸ਼ਤੇ ਨੂੰ ਤਾਰ- ਤਾਰ ਕਰਕੇ ਰੱਖ ਦਿੱਤਾ ਹੈ। ਸਕੂਲਾਂ-ਕਾਲਜਾਂ ਵਿਚ ਪੜਦੇ ਬੱਚੇ, ਪ੍ਰੋਫੈਸਰ, ਇੰਜੀਨੀਅਰ, ਵਕੀਲ, ਵਪਾਰੀ, ਉਦਯੋਗਪਤੀ, ਫਿਲਮ ਜਗਤ ਨਾਲ ਜੁੜੇ ਲੋਕ ਅਤੇ ਸਿਆਸੀ ਪਾਰਟੀਆਂ ਦੇ ਸਾਧਾਰਣ ਵਰਕਰਾਂ ਤੋਂ ਲੈ ਕੇ ਵੱਡੇ-ਵੱਡੇ ‘ਮਾਨਨੀਯ ਨੇਤਾ ਗਣ’…ਸਭ ਇਹ ਘਿਨਾਉਣਾ ਜੁਰਮ ਵਿਭਚਾਰ/ਬਲਾਤਕਾਰ ਕਰ ਰਹੇ ਹਨ। ਇਹ ਸਾਰੇ ਆਪਣੇ ਆਪ ਨੂੰ ਸੱਭਿਅਕ ਸਮਾਜ ਦੇ ਮੈਂਬਰ ਗਿਣਦੇ ਹਨ। ਸੋਚਿਆ ਜਾਵੇ ਤਾਂ ਸਾਡੇ ਵਰਗੇ ਸੱਭਿਅਕ ਲੋਕਾਂ ਨਾਲੋਂ ਤਾਂ ਪੁਰਾਣੇ ਅਨਪੜ ਲੋਕ ਤੇ ਇਥੋਂ ਤੱਕ ਕਿ ਪਸ਼ੂ ਵੀ ਚੰਗੇ ਹੁੰਦੇ ਸਨ। ਜਦੋਂ ਸੰਵੇਦਨਸ਼ੀਲ ਮਨੁੱਖਾਂ ਨਾਲ ਧੋਖਾ ਹੁੰਦਾ ਹੈ ਜਾਂ ਬੇਵਫਾਈ ਹੁੰਦੀ ਹੈ ਤਾਂ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕਈ ਵਾਰ ਆਤਮ-ਹੱਤਿਆ ਕਰ ਲੈਂਦੇ ਹਨ। ਕਰੋੜਪਤੀ ਅਤੇ ਅਰਬਪਤੀ ਵੀ ਆਤਮ- ਹੱਤਿਆ ਕਰਦੇ ਦੇਰ ਨਹੀਂ ਲਾਉਂਦੇ। ਕਈ ਉੱਚ-ਅਧਿਕਾਰੀ, ਜਦ ਉਹਨਾਂ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆਉਂਦੇ ਹਨ ਜਾਂ ਹੋਰਨਾਂ ‘ਤੇ ਕੀਤੇ ਅੱਤਿਆਚਾਰ ਸਾਹਮਣੇ ਆਉਂਦੇ ਹਨ ਉਹ ਝਟ-ਪਟ ਆਤਮ-ਹੱਤਿਆ ਕਰ ਲੈਂਦੇ ਹਨ।

ਮਨੁੱਖਾਂ ਅੰਦਰ ਹਉਮੈ-ਹੰਕਾਰ ਦੀ ਰੁਚੀ ਏਨੀ ਵਧ ਗਈ ਹੈ ਕਿ ਉਹ ਆਪਣੇ ਤੋਂ ਕਮਜ਼ੋਰਾਂ ‘ਤੇ ਨਜਾਇਜ਼ ਰੋਅਬ ਪਾਉਣਾ, ਉਨਾਂ ਨੂੰ ਤੰਗ ਕਰਨਾ ਅਤੇ ਉਨਾਂ ਨੂੰ ਅਣਮਨੁੱਖੀ ਤਸੀਹੇ ਦੇਣਾ ਜਾਂ ਕਤਲ ਕਰ ਦੇਣ ਤੱਕ ਨੂੰ ਆਪਣਾ ਜਨਮ-ਸਿੱਧ ਅਧਿਕਾਰ ਸਮਝਣ ਲੱਗ ਪੈਂਦੇ ਹਨ। ਆਪਣੇ ਆਪ ਨੂੰ ਉੱਚਾ ਸਮਝਣ ਤੇ ਦੂਜਿਆਂ ਨੂੰ ਨੀਚ ਸਮਝਣ ਦੀ ਭਾਵਨਾ ਮਨੁੱਖਾਂ ਵਿਚ ਹੀ ਨਹੀਂ, ਵੱਖ-ਵੱਖ ਵਰਗਾਂ (ਜਾਤਾਂ ਜਾਂ ਧਰਮਾਂ) ਵਿਚ ਵੀ ਹੈ ਅਤੇ ਵਿਕਾਸ ਦੀ ਚੋਟੀ ‘ਤੇ ਪਹੁੰਚੇ ਹੋਏ ਦੇਸ਼ਾਂ ਵਿਚ ਵੀ। ਅਮਰੀਕਾ, ਰੂਸ ਤੇ ਚੀਨ ਵਰਗੇ ਦੇਸ਼ ਵੀ ਦੂਜੇ ਦੇਸ਼ਾਂ ਦੀ ਜ਼ਮੀਨ ਤੇ ਕੁਦਰਤੀ ਸਾਧਨਾਂ ‘ਤੇ ਕਬਜ਼ਾ ਕਰਨ ਲਈ ਤਬਾਹੀ ਮਚਾਉਣ ਤੋਂ ਵੀ ਨਹੀਂ ਝਿਜਕਦੇ। ਜਰਮਨੀ ਦੇ ਹਿਟਲਰ ਦੇ ਅੱਤਿਆਚਾਰਾਂ ਤੋਂ ਕੌਣ ਜਾਣੂੰ ਨਹੀਂ। ਸਟਾਲਿਨ ਨੇ ‘ਸਮਾਜਵਾਦ’ ਸਥਾਪਤ ਕਰਨ ਲਈ ਕਿਹੜੇ ਜ਼ੁਲਮ ਨਹੀਂ ਸਨ ਕੀਤੇ? ਅਮਰੀਕਾ ਵਰਗੇ ‘ਪ੍ਰਗਤੀਸ਼ੀਲ’ ਦੇਸ਼ ਨੇ ਵਿਅਤਨਾਮ, ਇਰਾਕ, ਅਫ਼ਗਾਨਿਸਤਾਨ ਵਿਚ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਦਰਿੰਦੇ ਹਾਕਮਾਂ ਦੇ ਜ਼ੁਲਮ, ਬੇਇਨਸਾਫੀ, ਅੱਤਵਾਦ ਜਾਂ ਹਿੰਸਕ ਸੰਘਰਸ਼ਾਂ ਨੂੰ ਜਨਮ ਦਿੰਦੇ ਹਨ। ਸਿਆਸੀ ਲੀਡਰ ਆਪ ਹੀ ਦੂਜੇ ਦੇਸ਼ਾਂ ‘ਚ ਆਤੰਕਵਾਦੀ ਕਾਰਵਾਈਆਂ ਕਰਵਾਉਂਦੇ ਹਨ, ਤੇ ਮਗਰੋਂ ਆਪ ਹੀ ਬਣਾਏ ਆਤੰਕਵਾਦੀਆਂ ਨੂੰ ਮਾਰ- ਮੁਕਾਉਣ ਵਿਚ ਜੁਟ ਜਾਂਦੇ ਹਨ। ਇਸ ਤਰਾਂ ਅਜਿਹਾ ਚੱਕਰਵਿਊ ਸਿਰਜਿਆ ਜਾਂਦਾ ਹੈ ਜਿਸ ਵਿਚੋਂ ਦੇਸ਼ਾਂ ਦੇ ਸ਼ਾਸਕਾਂ ਅਤੇ ਕਥਿਤ ਆਤੰਕਵਾਦੀਆਂ ਨੂੰ ਨਿਕਲਣਾ ਅਸੰਭਵ ਹੋ ਜਾਂਦਾ ਹੈ ਤੇ ਮੌਤ ਦਾ ਸਿਲਸਿਲਾ ਜਾਰੀ ਰਹਿੰਦਾ ਹੈ।

ਇਸ ਤਰਾਂ ਅਸੀਂ ਵੇਖਦੇ ਹਾਂ ਕਿ ਅੱਜ ਦਾ ਕਥਿਤ ਸੱਭਿਅਕ, ਗਿਆਨਵਾਨ, ਪ੍ਰਗਤੀਸ਼ੀਲ ਮਨੁੱਖ ਪਰਮਾਤਮਾ ਅਤੇ ਰੱਬੀ ਗੁਣਾਂ, ਨੈਤਿਕ ਗੁਣਾਂ ਦਾ ਪੱਲਾ ਛੱਡ ਕੇ ਸੁਖਾਂ ਦੇ ਸਭ ਸਾਧਨ ਹੋਣ ਦੇ ਬਾਵਜੂਦ ਦੁੱਖਾਂ, ਪਰੇਸ਼ਾਨੀਆਂ, ਮਾਨਸਿਕ ਉਲਝਣਾਂ ਅਤੇ ਹਿੰਸਾ ਦਾ ਸ਼ਿਕਾਰ ਹੋਇਆ ਪਿਆ ਹੈ।

ਇਹ ਹਾਲਤ ਤਾਂ ਉਨਾਂ ਮਨੁੱਖਾਂ ਦੀ ਹੈ ਜੋ ਸੁਖ-ਸਾਧਨਾਂ ਨਾਲ ਸੰਪੰਨ ਹਨ ਅਤੇ ਦੌਲਤ ਦੇ ਅੰਬਾਰ ਲਾਈ ਬੈਠੇ ਹਨ। ਉਹ ਹੀ ਸੰਸਾਰ ਵਿਚ ਵਿਆਪਕ ਤੌਰ ‘ਤੇ ਫੈਲੀ ਗਰੀਬੀ, ਕੰਗਾਲੀ, ਭੁੱਖਮਰੀ, ਅਕਾਲ ਅਤੇ ਭਿਆਨਕ ਬਿਮਾਰੀਆਂ ਨਾਲ ਗ੍ਰਸਤ ਲੋਕਾਂ ਦੀ ਦੁਰਦਸ਼ਾ ਲਈ ਜ਼ਿੰਮੇਵਾਰ ਹਨ। ਕਿਉਂਕਿ ਉਹ ਪ੍ਰਭੂ ਵਿਚ ਵਿਸ਼ਵਾਸ ਨਹੀਂ ਰੱਖਦੇ ਜਾਂ ਵਿਖਾਵੇ ਮਾਤਰ ਕਿਸੇ ਨਾ ਕਿਸੇ ‘ਧਰਮ’ ਨਾਲ ਜੁੜੇ ਹੋਏ ਹਨ; ਉਨਾਂ ਨੂੰ ਗਰੀਬਾਂ, ਕੰਗਾਲਾਂ ਅਤੇ ਦੁੱਖ-ਭੁੱਖ ਨਾਲ ਬਣੇ ‘ਕੰਕਾਲਾਂ’ ਵਿਚ ਪ੍ਰਭੂ ਦੀ ਵਿਆਪਕ ਜਾਗਤ-ਜੋਤਿ ਦਾ ਉੱਕਾ ਹੀ ਅਹਿਸਾਸ ਨਹੀਂ ਹੈ।….ਇਹ ਹੀ ਅੱਜ ਦੇ ਮਨੁੱਖ ਦੀ ਤਰਸਯੋਗ ਹਾਲਤ ਦਾ ਮੁੱਖ ਕਾਰਨ ਹੈ।
ਐਸੇ ਹਾਲਤ ਵਿਚੋਂ ਨਿਕਲਣ ਲਈ ਮਨੁੱਖ ਨੂੰ ਸਰਬ-ਵਿਆਪਕ ਪ੍ਰਭੂ-ਜੋਤਿ ਨਾਲ ਸਾਂਝ ਪਾਉਣੀ ਹੀ ਪਵੇਗੀ ਅਤੇ ‘ਬ੍ਰਹਿਮੰਡੀ ਧਰਮ’ ਵੱਲ ਨੂੰ ਮੁੜਨਾ ਪਵੇਗਾ। ਇਸ ਗੱਲ ਨੂੰ ਸਿਖਰ ਦੇ ਵਿਗਿਆਨਕਾਂ ਨੇ ਵੀ ਮਹਿਸੂਸ ਕੀਤਾ ਹੈ। ਉਨਾਂ ਵਿਚੋਂ ਕੁਝ ਕੁ ਦੇ ਵਿਚਾਰ ਇਸ ਪ੍ਰਕਾਰ ਹਨ :

(ੳ) ਐਲਬਰਟ ਆਈਨਸਟਾਈਨ :
”ਵਿਗਿਆਨਕ ਖੋਜ ਲਈ ਸਭ ਤੋਂ ਨਿੱਗਰ ਅਤੇ ਉੱਤਮ ਪ੍ਰੇਰਣਾ ‘ਬ੍ਰਹਿਮੰਡੀ ਧਾਰਮਿਕ ਅਨੁਭਵ’ ਹੀ ਹੈ।”
ਅਤੇ :
”ਗੰਭੀਰ ਵਿਗਿਆਨਕ ਰੁਚੀ ਵਾਲੇ ਵਿਅਕਤੀਆਂ ਵਿਚੋਂ ਸ਼ਾਇਦ ਹੀ ਤੁਹਾਨੂੰ ਕੋਈ ਅਜਿਹਾ ਵਿਅਕਤੀ ਮਿਲੇ, ਜਿਸ ਵਿਚ (ਆਪਣੀ ਹੀ ਕਿਸਮ ਦੇ) ਧਾਰਮਿਕ ਅਹਿਸਾਸ ਦੀ ਘਾਟ ਹੋਵੇ।”

(ਅ) ਪ੍ਰਸਿੱਧ ਤਾਰਾ ਵਿਗਿਆਨੀ ਫਰੈੱਡ ਹਾਇਲ : ”ਅਸੀਂ ਵਿਗਿਆਨਕ ਖੋਜ ਕਿਉਂ ਕਰਦੇ ਹਾਂ? ਇਨਾਂ ਕਾਰਜਾਂ ਦਾ ਅਸਲ ਮੰਤਵ ਤਾਂ ਦਰਅਸਲ ਧਾਰਮਿਕ ਖੋਜ ਹੀ ਹੈ।….ਸਾਡਾ ਪ੍ਰਯੋਜਨ ਤਾਂ ਧਰਮ ਸੰਕਲਪ ਵਾਲਾ ਹੀ ਹੈ। ਇਹ ਸਭ ਕੁਝ ਤਾਂ ਅਸੀਂ ਖੁਦ ਨੂੰ ਅਤੇ ਇਰਦ- ਗਿਰਦ ਦੀ ਦੁਨੀਆਂ ਨੂੰ ਸਮਝਣ ਲਈ ਕਰਦੇ ਹਾਂ।”

(ੲ) ਕਾਰਲ ਸਾਗਾਨ : ”ਅਸੀਂ ਬ੍ਰਹਿਮੰਡ ਵਿਚ ਇਕੋ ਹੀ ਸਮੇਂ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਪ੍ਰਚੰਡ ਵਰਤਾਰੇ ਵੇਖ ਸਕਦੇ ਹਾਂ। ਇੰਝ ਸਾਡੇ ਸਾਹਮਣੇ ਇਕ ਅਜਿਹਾ ਬ੍ਰਹਿਮੰਡ ਦ੍ਰਿਸ਼ਟਮਾਨ ਹੈ, ਜਿਸ ਵਿਚੋਂ ਪੱਛਮੀ ਜਾਂ ਪੂਰਬੀ ਦੇਸ਼ਾਂ ਵਿਚ ਪ੍ਰਚੱਲਤ ਰਵਾਇਤੀ ਈਸ਼ਵਰ ਦੀ ਭਾਵਨਾ ਨੂੰ ਖਾਰਜ ਕਰਨਾ ਸੰਭਵ ਨਹੀਂ।”
[ਧਰਮ ਅਤੇ ਵਿਗਿਆਨ/ਡਾ: ਡੀ.ਪੀ. ਸਿੰਘ, ਪੰਨਾ 17 ਤੋਂ 19]

ਇਸ ਤਰਾਂ ਅਸੀਂ ਵੇਖਦੇ ਹਾਂ ਕਿ ਜੇ ਮਨੁੱਖ ਨੇ ਸੁਖ-ਸ਼ਾਂਤੀ ਅਤੇ ਪਰੇਸ਼ਾਨੀਆਂ-ਰਹਿਤ ਜੀਵਨ ਜਿਊਣਾ ਹੈ ਤਾਂ ਉਸ ਨੂੰ ਪਦਾਰਥਕ/ ਵਿਗਿਆਨਕ ਵਿਕਾਸ ਦੇ ਨਾਲ-ਨਾਲ ਮਾਨਸਿਕ ਅਤੇ ਅਧਿਆਤਮਕ ਪੱਖੋਂ ਵੀ ਵਿਕਾਸ ਕਰਨਾ ਹੋਵੇਗਾ; ਭਾਵ ਕਿ ਉਸ ਨੂੰ ਦੈਵੀ ਅਤੇ ਨੈਤਿਕ ਗੁਣਾਂ ਦਾ ਧਾਰਨੀ ਬਣਨਾ ਪਵੇਗਾ, ਜਿਸ ਲਈ ਬ੍ਰਹਿਮੰਡੀ ਧਰਮ ਦੀ ਲੋੜ ਹੈ। ਅਜਿਹਾ ਧਰਮ ਜੋ ਮਨੁੱਖਾਂ ਨੂੰ ਕਰਮਕਾਂਡਾਂ ਅਤੇ ਬਾਹਰੀ ਵਿਖਾਵੇ ਤੋਂ ਬਚਾ ਕੇ ਉਨਾਂ ਦੇ ਅੰਦਰ ਪ੍ਰਭੂ-ਚੇਤਨਾ ਦਾ ਪ੍ਰਕਾਸ਼ ਕਰ ਸਕੇ; ਉਨਾਂ ਨੂੰ ਨਿਜੀ ਸੁਆਰਥਾਂ ਤੋਂ ਉੱਪਰ ਚੁੱਕ ਕੇ ਸਰਬੱਤ ਦੇ ਭਲੇ ਦੇ ਕਾਰਜਾਂ ਵੱਲ ਪ੍ਰੇਰ ਸਕੇ। ਅਜਿਹੇ ਬ੍ਰਹਿਮੰਡੀ ਧਰਮ ਦੇ ਸਾਰੇ ਜ਼ਰੂਰੀ ਤੱਤ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਅਥਵਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ/ਗੁਰਬਾਣੀ ਵਿਚ ਮੌਜੂਦ ਹਨ। ਸਾਡਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਇਹ ਸਿਧਾਂਤ-ਨਾਮ ਜਪਣਾ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਨਿਸ਼ਕਾਮ ਸੇਵਾ ਅਤੇ ਲੋਕ ਹਿਤਾਂ ਲਈ ਕੁਰਬਾਨੀ-ਹੀ ਮਾਨਵਜਾਤੀ ਅਪਣਾ ਲਵੇ ਤਾਂ ਉਹ ਅਮਨਪੂਰਵਕ ਸੁਖ-ਸ਼ਾਂਤੀ ਨਾਲ ਰਹਿ ਸਕਦੀ ਹੈ ਅਤੇ ਸੰਸਾਰ ਵਿਚੋਂ ਮਨੁੱਖੀ ਵਿਨਾਸ਼ ਦਾ ਡਰ ਦੂਰ ਕੀਤਾ ਜਾ ਸਕਦਾ ਹੈ, ਨਿਰਾਸ਼ਤਾ ਦੇ ਆਲਮ ਵਿਚੋਂ ਨਿਕਲਿਆ ਜਾ ਸਕਦਾ ਹੈ ਅਤੇ ਆਤੰਕਵਾਦ, ਲੁੱਟ-ਖੋਹ, ਆਤਮ- ਹੱਤਿਆਵਾਂ, ਜੰਗਾਂ-ਯੁੱਧਾਂ ਦੀ ਤਬਾਹੀ ਤੋਂ ਬਚਿਆ ਜਾ ਸਕੇਗਾ ਤੇ ਜਾਤ-ਪਾਤ, ਰੰਗ, ਨਸਲ, ਅਮੀਰੀ-ਗਰੀਬੀ, ਊਚ-ਨੀਚ, ਇਲਾਕਾਵਾਦ ਆਦਿ ਦੀਆਂ ਸੌੜੀਆਂ ਵਲਗਣਾਂ ਤੋਂ ਮੁਕਤੀ ਹਾਸਲ ਕੀਤੀ ਜਾ ਸਕੇਗੀ।

(ੳ) ਨਾਮ ਜਪਣਾ : ਨਾਮ ਜਪਣ ਤੋਂ ਭਾਵ ਸਰਬ-ਵਿਆਪਕ ਪ੍ਰਭੂ-ਹੋਂਦ ਨਾਲ ਸਾਂਝ ਪਾਉਣਾ ਹੈ; ਪ੍ਰਭੂ ਵਰਗੇ ਪਾਕ-ਪਵਿੱਤਰ ਬਣਨਾ ਹੈ। ਅਜਿਹਾ ਪ੍ਰਭੂ ਵਾਲੇ ਗੁਣ ਮਨ ਵਿਚ ਵਸਾ ਕੇ ਹੀ ਸੰਭਵ ਹੈ। ਇਸ ਦਾ ਢੰਗ ਹੈ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਨੀ, ਚਿੰਤਨ ਕਰਨਾ, ਉਨਾਂ ਨੂੰ ਵਾਰ-ਵਾਰ ਜਪਣਾ ਤਾਂ ਕਿ ਉਹ ਅਚੇਤ ਮਨ ਦਾ ਹਿੱਸਾ ਬਣ ਜਾਣ। ਇਹ ਉਵੇਂ ਹੀ ਹੈ ਜਿਵੇਂ ਕੰਪਿਊਟਰ ਵਿਚ ਡਾਟਾ ਫੀਡ ਕੀਤਾ ਜਾਂਦਾ ਹੈ। ਮਨ ਕੰਪਿਊਟਰ ਵਿਚ ਭਰੇ ਹੋਏ ਇਹ ਪ੍ਰਭੂ-ਗੁਣ ਮਨੁੱਖ ਨੂੰ ਹਰ ਸਮੇਂ ਸੇਧ ਦਿੰਦੇ ਰਹਿੰਦੇ ਹਨ, ਉਸ ਦੀ ਅਗਵਾਈ ਕਰਦੇ ਰਹਿੰਦੇ ਹਨ। ਜਦੋਂ ਮਨੁੱਖ ਦੁਚਿੱਤੀ ਵਿਚ ਹੁੰਦਾ ਹੈ (ਕਿ ਮੈਂ ਇਹ ਕੰਮ ਕਰਾਂ ਜਾਂ ਨਾ ਕਰਾਂ) ਅਤੇ ਦੁੱਖਾਂ-ਮੁਸੀਬਤਾਂ ਵਿਚ ਹੁੰਦਾ ਹੈ ਤਾਂ ਪ੍ਰਭੂ-ਗੁਣ ਮੁਸੀਬਤਾਂ ਦਾ ਹੱਲ ਸੁਝਾਉਂਦੇ ਹਨ, ਪ੍ਰਭੂ ਦੇ ਅੰਗ-ਸੰਗ ਹੋਣ ਦਾ ਅਹਿਸਾਸ ਕਰਾਉਂਦੇ ਹਨ। ਇਸ ਸਬੰਧ ਵਿਚ ਗੁਰਬਾਣੀ ਵਿਚ ਇਸ ਤਰਾਂ ਸੇਧ ਦਿੱਤੀ ਗਈ ਹੈ :

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥

          (ਜਪੁ ਜੀ, ਪਉੜੀ ੪) –

ਸਾਚੀ ਬਾਣੀ ਸੂਚਾ ਹੋਇ॥
ਗੁਣ ਤੇ ਨਾਮੁ ਪਰਾਪਤਿ ਹੋਇ॥ ੨॥
(ਆਸਾ, ਮ: ੩, ੩੬੧)

ਨਾਨਕੁ ਆਖੈ ਏਹੁ ਬੀਚਾਰੁ॥
ਸਿਫਤੀ ਗੰਢੁ ਪਵੈ ਦਰਬਾਰਿ॥ ੨॥
(ਮਾਝ ਕੀ ਵਾਰ, ਸਲੋਕ ਮ: ੧, ੧੪੩)

ਗੁਨ ਗਾਵਤ ਤੇਰੀ ਉਤਰਸਿ ਮੈਲੁ॥
ਬਿਨਸਿ ਜਾਇ ਹਉਮੈ ਬਿਖੁ ਫੈਲੁ॥
(ਗਉੜੀ, ਸੁਖਮਨੀ, ਮ: ੫, ੨੮੯)

ਗੁਨ ਕਹੁ, ਹਰਿ ਲਹੁ,
ਕਰਿ ਸੇਵਾ ਸਤਿਗੁਰ
ਇਵ ਹਰਿ ਹਰਿ ਨਾਮੁ ਧਿਆਈ॥
(ਧਨਾਸਰੀ, ਮ: ੪, ੬੬੯)

ਪ੍ਰਭੂ ਦੇ ਗੁਣ ਗਾਉਣ ਵਾਲੇ, ਉਸਦੀ ਕੀਰਤੀ ਕਰਨ ਵਾਲੇ ਅਥਵਾ ਸਿਫ਼ਤ-ਸਾਲਾਹ ਕਰਨ ਵਾਲੇ ਵੀ ਪ੍ਰਭੂ-ਰੂਪ ਹੋ ਜਾਂਦੇ ਹਨ :
ਜਿਨ ਹਰਿ ਜਪਿਆ,
ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ॥
(ਧਨਾਸਰੀ, ਮ: ੪, ੬੬੭)

ਨਾਨਕ ਹਰਿ ਜਨ ਹਰਿ ਇਕੇ ਹੋਇ ਹਰਿ ਜਪਿ,
ਹਰਿ ਸੇਤੀ ਰਲਿਆ॥
(ਵਡਹੰਸ, ਮ: ੪, ੫੬੨)

ਜਿਨ੍ਰਾ ਨ ਵਿਸਰੈ ਨਾਮੁ ਸੇ ਕਿਨੇਹਿਆ॥
ਭੇਦੁ ਨ ਜਾਣਹੁ ਮੂਲਿ, ਸਾਂਈ ਜੇਹਿਆ॥
(ਆਸਾ, ਮ: ੫, ੩੯੭)

ਪ੍ਰਭੂ ਵਰਗਾ ਹੋਣ ਦਾ ਭਾਵ ਹੈ : ਮਨੁੱਖ ਦੀ ਸੋਚਣੀ ਪ੍ਰਭੂ ਗੁਣਾਂ ਵਾਲੀ ਹੋਵੇ, ਉਸਦੇ ਬਚਨਾਂ ਵਿਚੋਂ ਪ੍ਰਭੂ ਗੁਣਾਂ (ਨਿਮਰਤਾ, ਹਲੀਮੀ, ਮਿਠਾਸ, ਨਿਰਵੈਰਤਾ, ਨਿਰਭੈਤਾ, ਕਿਰਪਾਲੂ ਤੇ ਦਿਆਲੂ ਹੋਣ, ਸੇਵਾ-ਭਾਵ, ਸਮ-ਦ੍ਰਿਸ਼ਟੀ, ਇਨਸਾਫ ਪਸੰਦ ਹੋਣ…ਆਦਿ) ਦੀ ਝਲਕ ਪਵੇ, ਉਸਦੇ ਕਰਮਾਂ, ਆਚਾਰ ਵਿਚੋਂ ਵੀ ਇਹ ਤੇ ਹੋਰ ਪ੍ਰਭੂ-ਗੁਣ ਕੇਵਲ ਪ੍ਰਗਟ ਹੀ ਨਾ ਹੁੰਦੇ ਹੋਣ, ਸਗੋਂ ਉਹ ਇਨਾਂ ‘ਤੇ ਦ੍ਰਿੜਤਾ ਨਾਲ ਪਹਿਰਾ ਦਿੰਦਾ ਹੋਵੇ।
(ਅ) ਕਿਰਤ ਕਰਨਾ :ਇਸ ਸਿਧਾਂਤ ਨੂੰ ਪੂਰਨ ਰੂਪ ਵਿਚ ‘ਧਰਮ ਦੀ ਕਿਰਤ ਕਰਨਾ’ ਜਾਂ ਦਸਾਂ-ਨਹੁੰਆਂ ਦੀ ਕਿਰਤ ਕਰਨਾ ਕਿਹਾ ਗਿਆ ਹੈ। ‘ਕਿਰਤ’ ਦੀ ਵਿਆਖਿਆ ਕਰਦਿਆਂ ਹੋਇਆਂ ਗੁਰਬਾਣੀ ਵਿਚ ਦੱਸਿਆ ਗਿਆ ਹੈ ਕਿ ਜੀਵਨ-ਨਿਰਬਾਹ ਲਈ ਮਨੁੱਖ ਕੇਵਲ ਮਿਹਨਤ ਨਾਲ ਹੀ ਧਨ ਕਮਾਵੇ। ਉਹ ਹਰ ਤਰਾਂ ਦੇ ਭ੍ਰਿਸ਼ਟਾਚਾਰ ਤੋਂ ਬਚ ਕੇ ਰਹੇ, ਰਿਸ਼ਵਤਖੋਰ ਨਾ ਬਣੇ, ਦੂਜਿਆਂ (ਭਾਵ ਕਿਰਤੀਆਂ) ਦਾ ਹੱਕ ਨਾ ਮਾਰੇ, ਕਿਸੇ ‘ਤੇ ਅੱਤਿਆਚਾਰ ਨਾ ਕਰੇ, ਗਰੀਬਾਂ ਦਾ ਖੂਨ ਨਾ ਚੂਸੇ, ਅਯੋਗ ਮੁਨਾਫਾ ਨਾ ਕਮਾਵੇ, ਜੇ ਵਿਉਪਾਰੀ ਜਾਂ ਦੁਕਾਨਦਾਰ ਹੈ ਤਾਂ ਕਿਸੇ ਤਰਾਂ ਦੀ ਮਿਲਾਵਟ ਨਾ ਕਰੇ ਅਤੇ ਆਪਣੇ ਕਾਰਿੰਦਿਆਂ ਨੂੰ ਬਣਦਾ ਕਿਰਤ-ਫਲ ਦੇਵੇ। ਇਸ ਤਰਾਂ ਨਾਲ ਕਮਾਈ ਕਰਨ ਵਾਲਾ ਮਨੁੱਖ ਹੀ ਪ੍ਰਭੂ-ਸਿਮਰਨ ਕਰ ਸਕਦਾ ਹੈ। ਅਜਿਹਾ ਮਨੁੱਖ ਹੀ ਪ੍ਰਭੂ ਦੀ ਕਿਰਪਾ ਦਾ ਪਾਤਰ ਬਣ ਸਕਦਾ ਹੈ। ਗੁਰਬਾਣੀ ਦੇ ਪਾਵਨ ਬਚਨ ਹਨ :

ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵਹਿ ਮਾਣਸਾ
ਤਿਨ ਕਿਉ ਨਿਰਮਲੁ ਚੀਤੁ॥
ਨਾਨਕ ਨਾਉ ਖੁਦਾਇ ਕਾ
ਦਿਲਿ ਹਛੈ ਮੁਖਿ ਲੇਹੁ॥
ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ॥੧॥
(ਮਾਝ ਕੀ ਵਾਰ, ਮ: ੧, ੧੪੦)

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰਜਾ ਮੁਰਦਾਰੁ ਨ ਖਾਇ॥
(ਉਹੀ, ਪੰਨਾ ੧੪੧)

[ਪਰਾਇਆ ਹੱਕ ਮਾਰਨਾ ਉਸੇ ਤਰਾਂ ਹੀ ਵਿਵਰਜਿਤ ਹੈ, ਜਿਵੇਂ ਮੁਸਲਮਾਨ ਲਈ ਸੂਰ ਅਤੇ ਹਿੰਦੂ ਲਈ ਗਊ ਦਾ ਮਾਸ ਖਾਣਾ ਵਿਵਰਜਿਤ ਹੈ। ਗੁਰ ਪੀਰ ਤਾਂ ਹੀ ਸਿਫਾਰਸ਼ ਕਰਦਾ ਹੈ (ਸਹਾਈ ਹੁੰਦਾ ਹੈ), ਜੇ ਮਨੁੱਖ ਪਰਾਇਆ ਹੱਕ ਨਾ ਵਰਤੇ।]

ਗੁਰੂ ਨਾਨਕ ਦੇਵ ਜੀ ਨੇ ‘ਠਗਿ ਖਾਧਾ ਮੁਰਦਾਰੁ।’ (੧੫) ਆਖ ਕੇ ਹਰਾਮ ਦੀ ਕਮਾਈ ਨੂੰ, ਠੱਗੀ ਕਰਕੇ ਖਾਣ ਨੂੰ ਮੁਰਦਾ ਖਾਣ ਦੇ ਸਮਾਨ ਦੱਸਿਆ ਹੈ। ਇਸੇ ਤਰਾਂ ਮੰਗ ਕੇ ਖਾਣ ਦੀ ਵੀ ਨਿਖੇਧੀ ਕੀਤੀ ਗਈ ਹੈ ਅਤੇ ਵਿਹਲੜ ਸਾਧਾਂ ਦਾ ਸਤਿਕਾਰ ਕਰਨ ਤੋਂ ਸਖਤੀ ਨਾਲ ਵਰਜਿਆ ਹੈ :

ਗੁਰੁ ਪੀਰੁ ਸਦਾਏ ਮੰਗਣ ਜਾਇ॥
ਤਾ ਕੈ ਮੂਲਿ ਨ ਲਗੀਐ ਪਾਇ॥
(ਮ: ੧, ੧੨੪੫)

ਕੁਝ ਵਿਰਲਿਆਂ ਨੂੰ ਛੱਡ ਕੇ, ਧਨ ਇਕੱਤਰ ਕਰਨ ਦੀ ਲਾਲਸਾ (ਤ੍ਰਿਸ਼ਨਾ) ਆਮ ਮਨੁੱਖਾਂ ਵਿਚ ਪਾਈ ਜਾਂਦੀ ਹੈ। ਮਨੁੱਖ ਦੀ ਦਸ਼ਾ ਤਾਂ ਇਸ ਤਰਾਂ ਦੀ ਹੈ :
ਸਹਸ ਖਟੇ ਲਖ ਕਉ ਉਠਿ ਧਾਵੈ॥

ਤ੍ਰਿਪਤਿ ਨ ਆਵੈ,
ਮਾਇਆ ਪਾਛੈ ਪਾਵੈ॥
(੨੭੮-੭੯)

ਇਸ ਲਈ ਮਨੁੱਖ ਗਲਤ ਢੰਗਾਂ ਨਾਲ ਮਾਇਆ ਇਕੱਠੀ ਕਰਦਾ ਹੈ :
ਬਹੁ ਪਰਪੰਚ ਕਰਿ ਪਰ ਧਨੁ ਲਿਆਵੈ॥
ਧਨ-ਪਦਾਰਥਾਂ ਦੀ ਖਾਤਰ ਤਾਂ ਵੱਡੇ-ਵੱਡੇ ਯੁੱਧ ਹੋਏ ਹਨ, ਜਿਨਾਂ ਵਿਚ ਹਜ਼ਾਰਾਂ ਬੰਦੇ ਮਾਰੇ ਗਏ। ਪਰ ਹੈਰਾਨੀ ਦੀ ਗੱਲ ਹੈ ਕਿ ਜੋੜਿਆ ਹੋਇਆ ਧਨ ਮੌਤ ਸਮੇਂ ਇੱਥੇ ਹੀ ਰਹਿ ਜਾਂਦਾ ਹੈ-ਜੋੜਨ ਵਾਲੇ ਦੇ ਕਿਸੇ ਕੰਮ ਨਹੀਂ ਆਉਂਦਾ। ਗੁਰੂ ਨਾਨਕ ਪਾਤਸ਼ਾਹ ਫੁਰਮਾਉਂਦੇ ਹਨ :

 

ਇਸੁ ਜਰ ਕਾਰਣਿ ਘਣੀ ਵਿਗੁਤੀ
ਇਨਿ ਜਰ ਘਣੀ ਖੁਆਈ॥
ਪਾਪਾ ਬਾਝਹੁ ਹੋਵੈ ਨਾਹੀ
ਮੁਇਆ ਸਾਥਿ ਨ ਜਾਈ॥
(ਆਸਾ, ਮ: ੧, ੪੧੭)

ਮਨੁੱਖ ਦੀ ਇਸ ਲਾਲਸਾ ਦੇ ਕਾਰਨ ਹੀ ਕਈਆਂ ਕੋਲ ਬੇਸ਼ੁਮਾਰ ਧਨ ਇਕੱਠਾ ਹੋ ਜਾਂਦਾ ਹੈ ਅਤੇ ਕਈ ਅੰਤਾਂ ਦੀ ਗਰੀਬੀ ਵਿਚ ਜੀਵਨ ਬਤੀਤ ਕਰਦੇ ਹਨ। ਇਸ ਕਰਕੇ ਸਮਾਜ ਵਿਚ ਲੁੱਟ-ਖਸੁੱਟ, ਕਤਲੋ-ਗਾਰਤ, ਚੋਰੀਆਂ-ਡਾਕੇ ਆਦਿ ਹੋਣ ਲੱਗ ਪੈਂਦੇ ਹਨ। ਸਮਾਜ ਵਿਚੋਂ ਸੁਖ-ਚੈਨ, ਅਮਨ-ਸ਼ਾਂਤੀ ਖਤਮ ਹੋ ਜਾਂਦੀ ਹੈ (ਇਹੀ ਕੁਝ ਅੱਜ ਹੋ ਰਿਹਾ ਹੈ)। ਜੇਕਰ ਹਰੇਕ ਮਨੁੱਖ ਮਿਹਨਤ ਨੂੰ ਆਪਣੀ ਉਪਜੀਵਿਕਾ ਦਾ ਸਾਧਨ ਬਣਾ ਲਵੇ ਤਾਂ ਸਮਾਜ ਵਿਚੋਂ ਰੁਪਏ- ਪੈਸੇ ਦੀ ਕਾਣੀ ਵੰਡ ਸਮਾਪਤ ਹੋ ਸਕਦੀ ਹੈ ਅਤੇ ਸਭ ਸੁਖ-ਆਰਾਮ ਨਾਲ ਜੀਵਨ ਜੀਅ ਸਕਦੇ ਹਨ। ਇਸੇ ਲਈ ਗੁਰੂ ਅਰਜਨ ਪਾਤਸ਼ਾਹ ਨੇ ਅਜਿਹੀ ਵਿਵਸਥਾ ਕਾਇਮ ਕਰਨ ਦੀ ਵਕਾਲਤ ਕੀਤੀ ਸੀ, ਜਿਸ ਨਾਲ ਰੁਪਏ-ਪੈਸੇ ਦਾ ਪਾੜਾ ਖ਼ਤਮ ਕੀਤਾ ਜਾ ਸਕੇ। ਆਪ ਨੇ ਫੁਰਮਾਇਆ :

ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ॥
ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ॥
ਦੁਹੂ ਬਿਵਸਥਾ ਤੇ ਜੋ ਮੁਕਤਾ
ਸੋਈ ਸੁਹੇਲਾ ਭਾਲੀਐ॥ (੧੦੧੯)

(ੲ) ਵੰਡ ਕੇ ਛਕਣਾ :

ਗੁਰਬਾਣੀ ਸਾਰੀ ਮਨੁੱਖ-ਜਾਤੀ ਨੂੰ ਇਕ ਵਿਸ਼ਾਲ ਪਰਿਵਾਰ ਦੇ ਰੂਪ ਵਿਚ ਵੇਖਦੀ ਹੈ, ਅਕਾਲ ਪੁਰਖ ਜਿਸ ਦਾ ਸਾਂਝਾ ਪਿਤਾ ਹੈ। ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ ਅਤੇ ਉਹ ਇਸ ਸ੍ਰਿਸ਼ਟੀ ਵਿਚ ਜੋਤਿ-ਰੂਪ ਵਿਚ ਵਸਿਆ ਹੋਇਆ ਹੈ। ਗੁਰਬਾਣੀ ਵਿਚ ਇਸ ਵਿਚਾਰ ਨੂੰ ਵਾਰ-ਵਾਰ ਦੁਹਰਾਇਆ ਗਿਆ ਹੈ :
ਦੁਹਰਾਇਆ ਗਿਆ ਹੈ :

ਏਕੁ ਪਿਤਾ ਏਕਸ ਕੇ ਹਮ ਬਾਰਿਕ
ਤੂ ਮੇਰਾ ਗੁਰ ਹਾਈ॥
(ਸੋਰਠਿ, ਮ: ੫, ੬੧੧)

ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥
ਨਉ ਨਿਧਿ ਤੇਰੈ ਅਖੁਟ ਭੰਡਾਰਾ॥
(ਮਾਝ ਮ: ੫, ੯੭)

ਸਭੇ ਸਾਝੀਵਾਲ ਸਦਾਇਨਿ
ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥
(ਉਹੀ, ਪੰਨਾ ੯੭)

ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥
(ਧਨਾਸਰੀ, ਮ: ੧, ਆਰਤੀ, ੬੬੩)

ਲੋਗਾ ਭਰਮਿ ਨ ਭੂਲਹੁ ਭਾਈ॥
ਖਾਲਿਕੁ ਖਲਕ, ਖਲਕ ਮਹਿ ਖਾਲਿਕੁ
ਪੂਰਿ ਰਹਿਓ ਸ੍ਰਬ ਠਾਂਈ॥
(ਪ੍ਰਭਾਤੀ, ਕਬੀਰ ਜੀ, ੧੩੫੦)

ਇਕ ਪ੍ਰਭੂ ਦੀ ਸੰਤਾਨ ਹੋਣ ਕਰਕੇ ਸਾਰੇ ਮਨੁੱਖ ਆਪਸ ਵਿਚ ਭਰਾ-ਭਰਾ ਹਨ। ਆਪਣੇ ਭਰਾ ਦੇ ਦੁੱਖ-ਮੁਸੀਬਤ ਵਿਚ ਸਹਾਈ ਹੋਣਾ ਇਕ ਭਰਾ ਦਾ ਮੁੱਖ ਕਰਤੱਵ ਹੈ। ਇਸ ਲਈ ਲੋੜਵੰਦ ਦੀ ਸਹਾਇਤਾ ਕਰਨਾ ਇਨਸਾਨੀਅਤ ਦੀ ਨਿਸ਼ਾਨੀ ਹੈ। ਇਸ ਲਈ ਲੋੜਵੰਦ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਗੁਰਬਾਣੀ ਦੇ ਨਜ਼ਰੀਏ ਤੋਂ ਇਕ ਗੱਲ ਸਪੱਸ਼ਟ ਹੈ ਕਿ ਲੋੜਵੰਦ ਦੀ ਸਹਾਇਤਾ ਕਰਨਾ ਉਸ ‘ਤੇ ‘ਅਹਿਸਾਨ’ ਨਹੀਂ ਹੈ। ਇਹ ਤਾਂ ਸਰਬ ਵਿਆਪਕ ਪ੍ਰਭੂ, ਸਰਬ-ਸਾਂਝੇ ਪਿਤਾ ਦੀ ਪ੍ਰਸੰਨਤਾ ਅਤੇ ਮਿਹਰ ਜਾਂ ਕਿਰਪਾ-ਦ੍ਰਿਸ਼ਟੀ ਪ੍ਰਾਪਤ ਕਰਨ ਦਾ ਇਕ ਸਾਧਨ ਹੈ। ਸਭ ਵਿਚ ਪ੍ਰਭੂ ਦੀ ਜੋਤਿ ਹੈ, ਇਸ ਲਈ ਲੋੜਵੰਦ ਦੀ ਸਹਾਇਤਾ ਅਸਲ ਵਿਚ ਪ੍ਰਭੂ ਦੀ ਸੇਵਾ ਹੈ।
ਗੁਰਬਾਣੀ ਇਹ ਉਪਦੇਸ਼ ਕਰਦੀ ਹੈ ਕਿ ਮਿਹਨਤ ਨਾਲ ਕੀਤੀ ਹੱਕ-ਹਲਾਲ ਦੀ ਕਮਾਈ ਵਿਚੋਂ ਕੁਝ ਹਿੱਸਾ ਲੋੜਵੰਦਾਂ ਦੀ ਸਹਾਇਤਾ ਲਈ ਖਰਚ ਕਰਨਾ ਚਾਹੀਦਾ ਹੈ। ਇਹ ਹੀ ਵੰਡ ਕੇ ਛਕਣਾ ਹੈ।
ਗੁਰਬਾਣੀ ਦਾ ਇਹ ਮੰਨਣਾ ਹੈ ਕਿ ਜਿਹੜਾ ਵਿਅਕਤੀ ਮਿਹਨਤ ਦੀ ਕਮਾਈ ਕਰਕੇ, ਉਸ ਵਿਚੋਂ ਕੁਝ ਹਿੱਸਾ ਸਮਾਜ ਭਲਾਈ ਵਿਚ ਲਾਉਂਦਾ ਹੈ, ਉਹ ਜੀਵਨ ਦੇ ਸਹੀ ਰਸਤੇ ਨੂੰ ਸਮਝਦਾ ਹੈ :

ਘਾਲਿ ਖਾਇ, ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥
(ਸਾਰੰਗ ਕੀ ਵਾਰ, ਸਲੋਕ ਮ: ੧, ੧੨੪੫)

ਗੁਰੂ ਅਰਜਨ ਦੇਵ ਜੀ ਨੇ ਨਗਰ ਵਸਾਉਣ, ਦਰਬਾਰ ਸਾਹਿਬ ਦੀ ਉਸਾਰੀ ਅਤੇ ਦੁਖੀਆਂ, ਰੋਗੀਆਂ ਅਤੇ ਅਕਾਲ ਪੀੜਤਾਂ ਦੀ ਸਹਾਇਤਾ ਕਰਨ ਲਈ ‘ਦਸਵੰਧ’ ਦੀ ਪ੍ਰਥਾ ਜਾਰੀ ਕੀਤੀ ਸੀ। ਦਸਵੰਧ ਦਾ ਅਰਥ ਹੈ ਆਪਣੀ ਕਿਰਤ-ਕਮਾਈ ਦਾ ਦਸਵਾਂ ਹਿੱਸਾ। ਉਨਾਂ ਦੇ ਮਗਰੋਂ ਸਿੱਖ-ਸੰਘਰਸ਼ ਨੂੰ ਜਾਰੀ ਰੱਖਣ ਲਈ ਵੀ ਦਸਵੰਧ ਦੀ ਮਾਇਆ ਦੀ ਲੋੜ ਪਈ। ਉਂਝ ਦਸਵੰਧ ਮੁਸਲਮਾਨਾਂ ਦੇ ਜ਼ਕਾਤ ਦੀ ਤਰਾਂ ਜਾਂ ਕੋਈ ਟੈਕਸ ਨਹੀਂ ਸੀ, ਸਗੋਂ ਇਹ ਆਪਣੀ ਮਰਜ਼ੀ ਨਾਲ ਦਿੱਤਾ ਜਾਂਦਾ ਸੀ। ਮਗਰੋਂ ਇਹ ਲਫ਼ਜ਼ ਧਰਮ-ਅਰਥ ਖਰਚ ਕੀਤੀ ਜਾਣ ਵਾਲੀ ਮਾਇਆ ਲਈ ਵਰਤਿਆ ਜਾਣ ਲੱਗ ਪਿਆ। ਉਂਝ ਗੁਰਮਤਿ ਦਾ ਸਿਧਾਂਤ ਸਮਾਜ ਸੇਵਾ ਲਈ ਯਥਾ-ਸੰਭਵ ਆਰਥਕ ਸੇਵਾ ਕਰਨਾ ਹੈ। ਸਿੱਖ ਤਾਂ ਲੋੜ ਪੈਣ ‘ਤੇ ਆਪਣਾ ਤਨ, ਮਨ, ਧਨ- ਸਭ ਕੁਝ ਗੁਰੂ ਹੁਕਮਾਂ ‘ਤੇ (ਗੁਰੂ ਆਦਰਸ਼ਾਂ ਦੀ ਪ੍ਰਾਪਤੀ ਲਈ) ਵਾਰ ਦਿੰਦਾ ਹੈ। ਸਿਧਾਂਤ ਹੈ :

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ
ਹੁਕਮਿ ਮੰਨਿਐ ਪਾਈਐ॥
(ਰਾਮਕਲੀ, ਮ: ੩, ਅਨੰਦੁ, ੯੧੮)

ਗੁਰੂ ਕੀ ਗੋਲਕ (ਦਸਵੰਧ ਦੀ ਮਾਇਆ) ਇਕ ਸਾਂਝਾ ਖਜ਼ਾਨਾ ਹੈ, ਜਿਸ ਵਿਚੋਂ ਲੋੜਵੰਦ ਵਿਅਕਤੀ ਮਾਇਆ ਗੁਰੂ ਦੀ ਜਾਇਦਾਦ ਸਮਝ ਕੇ ਨਿਸ਼ੰਗ ਹੋ ਕੇ, ਬਿਨਾਂ ਕਿਸੇ ਹੀਨ ਭਾਵਨਾ ਦੇ ਵਰਤਦਾ ਹੈ, ਅਤੇ ਦੇਣ ਵਾਲੇ ਨੇ ਤਾਂ ਆਪਣਾ ‘ਦਸਵੰਧ’ ਵਿਚ ਆਪਣਾ ਹਿੱਸਾ ਸੇਵਾ-ਭਾਵਨਾ ਅਧੀਨ ਪਾਇਆ ਹੁੰਦਾ ਹੈ, ਕਿਸੇ ਦਾਤੇ ਜਾਂ ਦਾਨੀ ਵਜੋਂ ਨਹੀਂ। ਸਮਾਜ ਸੇਵਾ ਲਈ ਸੰਸਾਰ ਭਰ ਵਿਚ ‘ਟ੍ਰਸਟ’ ਬਣਾਏ ਜਾ ਸਕਦੇ ਹਨ, ਸੰਸਥਾਵਾਂ ਬਣਾਈਆਂ ਜਾ ਸਕਦੀਆਂ ਹਨ, ਜੋ ਸਮਾਜ ਭਲਾਈ ਲਈ ਮਾਇਆ ਦੀ ਵਰਤੋਂ ਕਰਨ।

(ਸ) ਨਿਸ਼ਕਾਮ ਸੇਵਾ :
ਗੁਰਬਾਣੀ ਨੇ ਪ੍ਰਭੂ ਦੀ ਸਿਫ਼ਤ-ਸਾਲਾਹ (ਨਾਮ ਜਪਣ) ਨੂੰ ਨਿਸ਼ਕਾਮ ਸੇਵਾ ਨਾਲ ਜੋੜਿਆ। ਜਿਸ ਤਰਾਂ ਨਾਮ ਜਪਣ ਨਾਲ ਪ੍ਰਭੂ ਨਾਲ ਸਾਂਝ ਪੈਂਦੀ ਹੈ, ਉਸੇ ਤਰਾਂ ਪ੍ਰਭੂ ਦੀ ਸਿਰਜੀ ਖਲਕਤ ਦੀ ਸੇਵਾ ਕਰਨ ਨਾਲ ਵੀ ਪ੍ਰਭੂ ਦੀ ਹਜ਼ੂਰੀ ਵਿਚ ਜਗਾ ਮਿਲਦੀ ਹੈ; ਭਾਵ ਕਿ ਪ੍ਰਭੂ ਦੀ ਨੇੜਤਾ ਪ੍ਰਾਪਤ ਹੁੰਦੀ ਹੈ।
ਗੁਰ-ਫ਼ੁਰਮਾਨ ਹੈ :

ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥
(ਸਿਰੀਰਾਗੁ, ਮ: ੧, ੨੬)

ਗੁਰਬਾਣੀ ਵਿਚ ਆਮ ਕਰਕੇ ਹਰਿ ਦੀ ਸੇਵਾ, ਗੁਰੂ ਦੀ ਸੇਵਾ, ਹਰਿਜਨ ਦੀ ਸੇਵਾ ਜਾਂ ਸਾਧ-ਸੰਗਤ ਦੀ ਸੇਵਾ ਦੀ ਗੱਲ ਆਈ ਹੈ। ਜਿਥੋਂ ਤੱਕ ਗੁਰੂ ਦੀ ਸੇਵਾ ਦੀ ਗੱਲ ਹੈ, ਉਸ ਦਾ ਭਾਵ ਹੈ-ਗੁਰੂ ਦੇ ਹੁਕਮਾਂ ਦੀ ਕਮਾਈ ਕਰਨੀ, ਗੁਰਬਾਣੀ ਉਪਦੇਸ਼ਾਂ ਮੁਤਾਬਕ ਜੀਵਨ ਜਿਊਣਾ। ਬਾਕੀ ਸਭ ਸੇਵਾਵਾਂ ਦਾ ਅਸਲ ਮੰਤਵ ਆਮ ਲੋਕਾਂ ਦੀ ਸੇਵਾ ਤੋਂ ਹੈ। ਹਰੀ ਦੀ ਸੇਵਾ ਬਾਰੇ ਪ੍ਰਿੰ: (ਭਾਈ ਸਾਹਿਬ) ਹਰਿਭਜਨ ਸਿੰਘ ਜੀ ਲਿਖਦੇ ਹਨ, ”……ਹਰੀ ਦੀ ਸੇਵਾ ਤੋਂ ਭਾਵ ਹੈ ਉਸ ਦੇ ਸਰਗੁਣ ਸਰੂਪ, ਉਸ ਦੀ ਰਚਨਾ ਦੀ ਸੇਵਾ, ਉਸ ਨੂੰ ਪਿਆਰਨ, ਸਤਿਕਾਰਨ ਤੇ ਸੰਵਾਰਨ ਦੀ ਰੁਚੀ, ਕੁੱਲ ਮਖਲੂਕ ਦਾ ਦੁੱਖ ਦਰਦ ਹਰਨ ਕਰਨ ਲਈ ਬੇਕਰਾਰੀ।
(ਨਾਨਕ ਪ੍ਰਕਾਸ਼ , ਦਸੰਬਰ 1984, ਪੰਨਾ 4)

ਭਗਤ ਕਬੀਰ ਜੀ ਨੇ ਕਿੰਨਾ ਜ਼ੋਰ ਦੇ ਕੇ ਆਖਿਆ ਹੈ ਕਿ ਅਕਾਲ ਪੁਰਖ ਨੂੰ ਉਸ ਦੀ ਰਚਨਾ ਵਿਚੋਂ ਹੀ ਦੇਖਿਆ ਜਾਣਾ ਚਾਹੀਦਾ ਹੈ :

ਲੋਗਾ ਭਰਮਿ ਨ ਭੂਲਹੁ ਭਾਈ॥
ਖਾਲਿਕੁ ਖਲਕ, ਖਲਕ ਮਹਿ ਖਾਲਿਕੁ
ਪੂਰਿ ਰਹਿਓ ਸ੍ਰਬ ਠਾਂਈ॥
(ਪ੍ਰਭਾਤੀ, ਕਬੀਰ ਜੀ, ੧੩੫੦)

ਤਨਖਾਹਨਾਮਾ ਭਾਈ ਨੰਦ ਲਾਲ ਜੀ ਵਿਚ ਵੀ ਤਾੜਨਾ ਕੀਤੀ ਗਈ ਹੈ :
ਵੀ ਤਾੜਨਾ ਕੀਤੀ ਗਈ ਹੈ :

ਖਲਕ ਖਾਲਕ ਕੀ ਜਾਨ ਕੈ ਖਲਕ ਦੁਖਾਵੈ ਨਾਹਿਂ॥
ਖਲਕ ਦੁਖੇ ਨੰਦ ਲਾਲ ਜੀ
ਖਾਲਿਕ ਕੋਪੈ ਤਾਹਿਂ॥ ੨੬॥

ਸੇਵਾ ਦੀ ਮਹੱਤਤਾ ਨੂੰ ਗੁਰਬਾਣੀ ਵਿਚ ਇੰਝ ਦਰਸਾਇਆ ਗਿਆ ਹੈ :

ਜੇਤੇ ਜੀਅ ਤੇਤੇ ਸਭਿ ਤੇਰੇ
ਵਿਣੁ ਸੇਵਾ ਫਲੁ ਕਿਸੈ ਨਾਹੀ॥
(ਆਸਾ, ਮ: ੧, ੩੫੪)

ਜੰਗਮ ਜੋਧ ਜਤੀ ਸੰਨਿਆਸੀ
ਗੁਰਿ ਪੂਰੈ ਵੀਚਾਰੀ॥
ਬਿਨੁ ਸੇਵਾ ਫਲੁ ਕਬਹੁ ਨ ਪਾਵਸਿ
ਸੇਵਾ ਕਰਣੀ ਸਾਰੀ॥ ੨॥
(ਮਾਰੂ, ਮ: ੧, ੯੯੨)

ਜਿਚਰੁ ਅੰਦਰਿ ਸਾਸੁ ਤਿਚਰੁ ਸੇਵਾ ਕੀਚੈ
ਜਾਇ ਮਿਲੀਐ ਰਾਮ ਮੁਰਾਰੀ॥ ੨੫॥
(ਰਾਮਕਲੀ, ਮ: ੩, ੯੧੧)

ਸੇਵਾ ਜਿਸ ਦੀ ਵੀ ਕੀਤੀ ਜਾਵੇ ਨਿਸ਼ਕਾਮ ਭਾਵਨਾ ਨਾਲ ਕਰਨੀ ਚਾਹੀਦੀ ਹੈ, ਹਉਮੈ- ਹੰਕਾਰ ਤੋਂ ਰਹਿਤ ਹੋ ਕੇ ਕਰਨੀ ਚਾਹੀਦੀ ਹੈ ਕਿਉਂਕਿ ਸੇਵਾ ਇਕ ਧਾਰਮਿਕ ਫਰਜ਼ ਸਮਝ ਕੇ ਕੀਤੀ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ ਕਿ (ਹੇ ਸੇਵਕ ਜਨੋ!) ਸਭਨਾਂ ਦੇ ਚਰਨਾਂ ਹੇਠ ਪਏ ਰਹੋ। ਜੇ ਇਹੋ ਜਿਹੀ ਸੇਵਾ ਦੀ ਕਮਾਈ ਕਰੋਗੇ ਤਾਂ ਉੱਚੇ ਜੀਵਨ ਵਾਲੇ ਬਣ ਜਾਵੋਗੇ। ਜਦੋਂ ਤੁਸੀਂ ਸਭ ਨੂੰ ਆਪਣੇ ਨਾਲੋਂ ਚੰਗਾ ਸਮਝਣ ਲੱਗ ਪਵੋਗੇ, ਤਾਂ ਪਰਮਾਤਮਾ ਦੀ ਹਜ਼ੂਰੀ ਦਾ ਅਨੰਦ ਮਾਣੋਗੇ :

ਪਵਹੁ ਚਰਣਾ ਤਲਿ,
ਊਪਰਿ ਆਵਹੁ ਐਸੀ ਸੇਵ ਕਮਾਵਹੁ॥
ਆਪਸ ਤੇ ਊਪਰਿ ਸਭ ਜਾਣਹੁ
ਤਉ ਦਰਗਹ ਸੁਖੁ ਪਾਵਹੁ॥
(ਰਾਮਕਲੀ, ਮ: ੫. ੮੮੩)

ਸਿੱਖ ਸੇਵਾ ਕਰਦਿਆਂ ਹੋਇਆਂ ਸਭਨਾਂ ਵਿਚ ਪ੍ਰਭੂ ਦੀ ਜੋਤਿ ਨੂੰ ਮਹਿਸੂਸ ਕਰਦਾ ਹੈ, ਇਸ ਲਈ ਉਹ ਸੇਵਾ ਬਿਨਾਂ ਜਾਤ, ਧਰਮ, ਦੇਸ਼, ਨਸਲ, ਰੰਗ ਜਾਂ ਲਿੰਗ ਦੇ ਵਿਤਕਰੇ ਦੇ ਕਰਦਾ ਹੈ।

(ਹ) ਲੋਕ ਹਿਤਾਂ ਲਈ ਕੁਰਬਾਨੀ :
ਆਪਾ ਸਮਰਪਣ ਕਰਨਾ ਸਿੱਖੀ ਦੇ ਮੁਢਲੇ ਅਸੂਲਾਂ ਵਿਚੋਂ ਇਕ ਹੈ। ਸਿੱਖ ਹੈ ਹੀ ਉਹ ਜੋ ਗੁਰੂ ਅੱਗੇ ਆਪਾ-ਭਾਵ ਤਿਆਗ ਕੇ, ਗੁਰੂ ਦੀ ਸ਼ਰਨ ਵਿਚ ਆਉਂਦਾ ਹੈ। ਅਜਿਹਾ ਸਿੱਖ ਹੀ ਹਉਮੈ-ਹੰਕਾਰ ਤਿਆਗ ਕੇ, ਸੁਆਰਥ ਵਾਲੀ ਜ਼ਿੰਦਗੀ ਦੀ ਆਸ ਛੱਡ ਕੇ, ਸਭਨਾਂ ਦੀ ਚਰਨ ਧੂੜ ਬਣ ਕੇ (ਨਿਮਰਤਾ ਧਾਰਨ ਕਰਕੇ) ਸੇਵਾ ਕਰ ਸਕਦਾ ਹੈ :

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥
ਰਾਗ ਮਾਰੂ, ਸਲੋਕ ਮ: ੫,੧੧੦੨)

ਇਸ ਲਈ ਸਿੱਖ ਸਜਣ ਵਾਲੇ ਵਿਅਕਤੀ ਲਈ ਪਹਿਲੀ ਸ਼ਰਤ ਹੀ ਇਹੀ ਰੱਖੀ ਗਈ ਹੈ ਕਿ ਉਹ ਪ੍ਰਭੂ-ਮਾਰਗ ਜਾਂ ਧਰਮ ਦੇ ਮਾਰਗ ‘ਤੇ ਚੱਲਣ ਲਈ ਆਪਣਾ ਸੀਸ ਤਲੀ ‘ਤੇ ਰੱਖ ਕੇ ਆਵੇ ਅਤੇ ਸੀਸ ਵਾਰਨ ਸਮੇਂ ਝਿਜਕ ਵੀ ਨਾ ਕਰੇ :

ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ ੨੦॥
(ਸਲੋਕ ਵਾਰਾਂ ਤੇ ਵਧੀਕ, ਮ: ੧,
੧੪੧੨)

ਅਜਿਹੇ ਕੁਰਬਾਨੀ ਦੇ ਮਾਰਗ ‘ਤੇ ਕੋਈ ਬਹਾਦਰ ਯੋਧਾ ਹੀ ਚੱਲ ਸਕਦਾ ਹੈ ਜਿਹੜਾ ਆਤਮਿਕ, ਮਾਨਸਿਕ ਅਤੇ ਸਰੀਰਕ ਤੌਰ ‘ਤੇ ਬਲਵਾਨ ਹੋਵੇ। ਉਸ ਦੀ ਕੁਰਬਾਨੀ ਨੂੰ ਵੀ ਤਾਂ ਹੀ ਸਲਾਹਿਆ ਜਾਵੇਗਾ ਜੇ ਉਹ (ਕੁਰਬਾਨੀ) ਪ੍ਰਭੂ ਦੀਆਂ ਨਜ਼ਰਾਂ ਵਿਚ ਮਾਨਤਾਯੋਗ ਹੋਵੇ। ਅਜਿਹੇ ਆਦਰਸ਼ਕ ਸੂਰਮੇ ਹੀ ਪ੍ਰਭੂ ਦੀ ਹਜ਼ੂਰੀ ਵਿਚ ਮਾਣ ਪ੍ਰਾਪਤ ਕਰ ਸਕਦੇ ਹਨ :

ਮਰਣੁ ਮੁਣਸਾ ਸੂਰਿਆ ਹਕੁ ਹੈ
ਜੋ ਹੋਇ ਮਰਨਿ ਪਰਵਾਣੋ॥
ਸੂਰੇ ਸੇਈ ਆਗੈ ਆਖੀਅਹਿ
ਦਰਗਹ ਪਾਵਹਿ ਸਾਚੀ ਮਾਣੋ॥
(ਵਡਹੰਸੁ, ਮ: ੧, ੫੭੯-੮੦)

ਸਿੱਖ ਧਰਮ ਸਿੱਖਾਂ ਤੋਂ ਆਸ ਰੱਖਦਾ ਹੈ ਕਿ ਸਿੱਖ ਗਰੀਬਾਂ, ਨਿਮਾਣਿਆਂ ਨੂੰ ਜਬਰਾਂ-ਜ਼ੁਲਮਾਂ ਦੇ ਅੱਤਿਆਚਾਰਾਂ ਤੋਂ ਬਚਾਉਣ ਲਈ ਸੰਘਰਸ਼ ਕਰਨ। ਲੜਦਿਆਂ ਹੋਇਆਂ ਰਣ-ਤੱਤੇ ਵਿਚੋਂ ਨਾ ਨੱਸਣ, ਭਾਵੇਂ ਸਰੀਰ ਦਾ ਪੋਟਾ-ਪੋਟਾ ਕਟਵਾਉਣਾ ਪੈ ਜਾਵੇ :

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ
ਕਬਹੂ ਨ ਛਾਡੈ ਖੇਤੁ॥
(ਸਲੋਕ ਕਬੀਰ ਜੀਉ, ੧੧੦੫)

ਇਸ ਸਾਰੀ ਵਿਚਾਰ-ਚਰਚਾ ਤੋਂ ਇਹ ਗੱਲ ਸਹਿਜੇ ਹੀ ਸਪੱਸ਼ਟ ਹੋ ਜਾਂਦੀ ਹੈ ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਵਰਤਮਾਨ ਜੀਵਨ-ਸ਼ੈਲੀ ਦਾ ਆਧਾਰ ਬਣਾ ਲਿਆ ਜਾਵੇ ਤਾਂ ਸੰਸਾਰ ਸਭ ਸਮੱਸਿਆਵਾਂ ‘ਤੇ ਕਾਬੂ ਪਾਉਣ ਦੇ ਸਮਰੱਥ ਹੋ ਸਕਦਾ ਹੈ ਅਤੇ ਇਹ ਧਰਤੀ ਵਾਸਤਵ ਵਿਚ ਸਵਰਗ ਬਣ ਸਕਦੀ ਹੈ।

Comments

comments

Share This Post

RedditYahooBloggerMyspace