ਆਲੀਆ ਦਾ ਸੁਪਨਾ ਹੋਇਆ ਪੂਰਾ

ਸਾਲ 2012 ਵਿੱਚ ਕਰਨ ਜੌਹਰ ਦੀ ‘ਸਟੂਡੈਂਟ ਆਫ ਦਿ ਯੀਅਰ’ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਆਲੀਆ ਭੱਟ ਨੂੰ ਬੌਲੀਵੁੱਡ ਵਿੱਚ ਆਏ ਅਜੇ ਸਿਰਫ਼ ਪੰਜ ਸਾਲ ਹੀ ਹੋਏ ਹਨ, ਪਰ ਉਸਨੇ ‘ਹਾਈਵੇ’, ‘ਟੂ ਸਟੇਟਸ’, ‘ਹੰਪਟੀ ਸ਼ਰਮਾ ਕੀ ਦੁਲਹਨੀਆ’, ‘ਉੜਤਾ ਪੰਜਾਬ’, ‘ਡੀਅਰ ਜ਼ਿੰਦਗੀ’ ਅਤੇ ‘ਬਦਰੀਨਾਥ ਕੀ ਦੁਲਹਨੀਆ’ ਵਰਗੀਆਂ ਕਈ ਫ਼ਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਅਤੇ ਭੋਲੀ ਸੂਰਤ ਦੇ ਦਮ ਉੱਤੇ ਲੱਖਾਂ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ। ਆਪਣੇ ਹੁਣ ਤਕ ਦੇ ਕਰੀਅਰ ਵਿੱਚ ਆਲੀਆ ਭੱਟ ਨੇ ਕਾਮੇਡੀ, ਡਰਾਮਾ, ਭਾਵਨਾਤਮਕ ਅਤੇ ਰੁਮਾਂਸ ਭਰਪੂਰ ਫ਼ਿਲਮਾਂ ਵਿੱਚ ਇੱਕ ਤੋਂ ਵਧਕੇ ਇੱਕ ਦਮਦਾਰ ਕਿਰਦਾਰ ਨਿਭਾਏ ਹਨ। ਇਹੀ ਵਜ੍ਹਾ ਹੈ ਕਿ ਅੱਜ ਉਸ ਦੇ ਹੱਥ ਵਿੱਚ ਕਈ ਫ਼ਿਲਮਾਂ ਹਨ। ਪੇਸ਼ ਹੈ ਆਲੀਆ ਭੱਟ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼:
-ਤੁਹਾਡੀ ਫ਼ਿਲਮ ‘ਰਾਜ਼ੀ’ ਰਿਲੀਜ਼ ਹੋਣ ਵਾਲੀ ਹੈ। ਇਸ ਬਾਰੇ ਕੁਝ ਦੱਸੋ ?
-ਕਰਨ ਜੌਹਰ ਦੀ ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਵਿੱਚ ਬਣੀ ‘ਰਾਜ਼ੀ’ ਇੱਕ ਪੀਰੀਅਡ ਫ਼ਿਲਮ ਹੈ ਜੋ 1971 ਦੀ ਭਾਰਤ – ਪਾਕਿਸਤਾਨ ਲੜਾਈ ਦੇ ਦੌਰਾਨ ਦੀ ਕਹਾਣੀ ਹੈ। ਇਸਦੇ ਕੇਂਦਰ ਵਿੱਚ ਇੱਕ ਕਸ਼ਮੀਰੀ ਕੁੜੀ ਹੈ ਜੋ ਦਰਅਸਲ ਇੱਕ ਜਾਸੂਸ ਹੈ। ਉਸਦਾ ਵਿਆਹ ਪਾਕਿਸਤਾਨ ਵਿੱਚ ਹੋ ਜਾਂਦਾ ਹੈ। ‘ਰਾਜ਼ੀ’ ਵਿੱਚ ਮੈਂ ਪਹਿਲੀ ਵਾਰ ‘ਮਸਾਨ’ ਫ਼ਿਲਮ ਤੋਂ ਪ੍ਰਸਿੱਧੀ ਪ੍ਰਾਪਤ ਵਿੱਕੀ ਕੌਸ਼ਲ ਨਾਲ ਨਜ਼ਰ ਆਵਾਂਗੀ। ਸਾਨੂੰ ਉਮੀਦ ਹੈ ਕਿ ਵਿੱਕੀ ਕੌਸ਼ਲ ਅਤੇ ਮੇਰੀ ਇਹ ਨਵੀਂ ਜੋੜੀ ਟਿਕਟ ਖਿੜਕੀ ਉੱਤੇ ਜ਼ਬਰਦਸਤ ਧਮਾਲ ਮਚਾਏਗੀ। ਇਹ ਫ਼ਿਲਮ ਇਸ ਮਹੀਨੇ ਹੀ ਰਿਲੀਜ਼ ਹੋਵੇਗੀ।
13004209cd _alia_bhatt_bikini_hd-ਤੁਹਾਡੀ ਫ਼ਿਲਮ ‘ਬ੍ਰਹਮਾਸਤਰ’ ਦੀ ਵੀ ਬਹੁਤ ਚਰਚਾ ਹੈ। ਤੁਹਾਡਾ ਇਸ ਫ਼ਿਲਮ ਵਿੱਚ ਕੰਮ ਕਰਨ ਦਾ ਅਨੁਭਵ ਕਿਵੇਂ ਰਿਹਾ?
-ਕਰਨ ਜੌਹਰ ਦੇ ਬੈਨਰ ਹੇਠ ਬਣ ਰਹੀ ਅਯਾਨ ਮੁਖਰਜੀ ਨਿਰਦੇਸ਼ਤ ਫ਼ਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਮੈਂ ਬੇਹੱਦ ਉਤਸ਼ਾਹਿਤ ਹਾਂ ਜਿਸ ਵਿੱਚ ਰਣਬੀਰ ਕਪੂਰ ਨਾਲ ਮੈਂ ਮੁੱਖ ਭੂਮਿਕਾ ਵਿੱਚ ਹਾਂ, ਪਰ ਮੇਰੇ ਉਤਸ਼ਾਹਿਤ ਹੋਣ ਦੀ ਸਭ ਤੋਂ ਵੱਡੀ ਵਜ੍ਹਾ ‘ਬ੍ਰਹਮਾਸਤਰ’ ਵਿੱਚ ਅਮਿਤਾਭ ਬੱਚਨ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਹੈ। ਦਰਅਸਲ, ਮੈਂ ਜਦੋਂ ਕਦੇ ਬੱਚਨ ਸਰ ਨਾਲ ਮਿਲਦੀ ਸੀ ਤਾਂ ਉਨ੍ਹਾਂ ਨੂੰ ਇਹੀ ਪੁੱਛਦੀ ਸੀ ਕਿ ਸਰ, ਮੈਂ ਤੁਹਾਡੇ ਨਾਲ ਕਦੋਂ ਕੰਮ ਕਰ ਸਕਾਂਗੀ ? ਅਤੇ ਅਖੀਰ ਉਹ ਸਮਾਂ ਆ ਹੀ ਗਿਆ, ਜਦੋਂ ਮੈਂ ਉਨ੍ਹਾਂ ਦੇ ਨਾਲ ਕੰਮ ਕਰ ਰਹੀ ਹਾਂ। ਮੇਰਾ ਵਰ੍ਹਿਆਂ ਪੁਰਾਣਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਤਾਂ ਅਜਿਹੇ ਵਿੱਚ ਮੇਰਾ ਇਸ ਤਰ੍ਹਾਂ ਉਤਸ਼ਾਹਿਤ ਹੋਣਾ ਸੁਭਾਵਿਕ ਹੀ ਹੈ।
-ਤੁਹਾਨੂੰ ਅਮਿਤਾਭ ਬੱਚਨ ਨਾਲ ਕੰਮ ਕਰਦੇ ਹੋਏ ਕਿਤੇ ਡਰ ਤਾਂ ਨਹੀਂ ਲੱਗ ਰਿਹਾ ?
-ਬਿਲਕੁੱਲ ਨਹੀਂ, ਜੇਕਰ ਉਨ੍ਹਾਂ ਨਾਲ ਕੰਮ ਕਰਨ ਤੋਂ ਡਰਦੀ ਤਾਂ ਉਨ੍ਹਾਂ ਨਾਲ ਕੰਮ ਕਰਨ ਲਈ ਇਵੇਂ ਨਾ ਮਰਦੀ। ਸੱਚ ਕਹਾਂ ਤਾਂ ਬੱਚਨ ਸਰ ਬੇਹੱਦ ਨਿੱਘੀ ਸ਼ਖ਼ਸੀਅਤ ਵਾਲੇ ਇਨਸਾਨ ਹਨ। ਉਹ ਆਪਣੇ ਆਪ ਦੇ ਸਾਹਮਣੇ ਦੂਜੇ ਨੂੰ ਸਹਿਜ ਕਰਨਾ ਚੰਗੀ ਤਰ੍ਹਾਂ ਨਾਲ ਜਾਣਦੇ ਹਨ, ਪਰ ਜਦੋਂ ਤੁਸੀਂ ਅਮਿਤਾਭ ਬੱਚਨ ਵਰਗੀ ਵੱਡੀ ਹਸਤੀ ਨਾਲ ਕੰਮ ਕਰੋਗੇ ਤਾਂ ਸਾਫ਼ ਹੈ ਕਿ ਥੋੜ੍ਹਾ ਡਰ ਤਾਂ ਲੱਗੇਗਾ ਹੀ। ਇਹ ਉਨ੍ਹਾਂ ਦਾ ਵਡੱਪਣ ਹੈ ਕਿ ਮੈਂ ਜਦੋਂ ਵੀ ਉਨ੍ਹਾਂ ਨੂੰ ਮਿਲਦੀ ਹਾਂ ਮੇਰੇ ਤੋਂ ਉਹ ਇਹੀ ਪੁੱਛਦੇ ਰਹਿੰਦੇ ਹਨ ਕਿ ਤੁਸੀਂ ਠੀਕ ਮਹਿਸੂਸ ਕਰ ਰਹੇ ਹੋ ਕਿ ਨਹੀਂ ?
-ਕਿਹਾ ਜਾ ਰਿਹਾ ਹੈ ਕਿ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੀ ‘ਸਟੂਡੈਂਟ ਆਫ ਦਿ ਯੀਅਰ 2’ ਵਿੱਚ ਤੁਹਾਨੂੰ ਇੱਕ ਖ਼ਾਸ ਕਿਰਦਾਰ ਲਈ ਲਿਆ ਜਾ ਰਿਹਾ ਹੈ ?
-ਹੁਣੇ ਇਸ ਬਾਰੇ ਪੱਕੇ ਤੌਰ ਉੱਤੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ, ਪਰ ਮੈਨੂੰ ਭਰੋਸਾ ਹੈ ਕਿ ਕਰਨ ਕਿਸੇ ਨਾ ਕਿਸੇ ਤਰ੍ਹਾਂ ਇਸ ਦੂਜੇ ਪਾਰਟ ਨਾਲ ਮੈਨੂੰ ਜੋੜਨਗੇ ਜ਼ਰੂਰ। ਉਂਜ, ਇਸ ਸੀਕੁਏਲ ਵਿੱਚ ਟਾਈਗਰ ਸ਼ਰੌਫ ਦਾ ਮੁੱਖ ਕਿਰਦਾਰ ਹੈ। ਟਾਈਗਰ ਇੱਕ ਲਾਜਵਾਬ ਅਭਿਨੇਤਾ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਦੂਜਾ ਭਾਗ ਵੀ ਪਹਿਲੇ ਭਾਗ ਦੀ ਤਰ੍ਹਾਂ ਕਾਫ਼ੀ ਮਜ਼ੇਦਾਰ ਹੋਵੇਗਾ।
-ਮਤਲਬ, ਅੱਜ ਤੁਹਾਡੇ ਹੱਥ ਵਿੱਚ ਫ਼ਿਲਮਾਂ ਹੀ ਫ਼ਿਲਮਾਂ ਹਨ ?
-ਜੀ ਹਾਂ, ‘ਬ੍ਰਹਮਾਸ਼ਤਰ’, ‘ਰਾਜ਼ੀ’ ਤੋਂ ਇਲਾਵਾ ਰਣਵੀਰ ਸਿੰਘ ਨਾਲ ‘ਗਲੀ ਬੌਇ’ ਵਿੱਚ ਨਜ਼ਰ ਆਵਾਂਗੀ। ਕਰਨ ਜੌਹਰ ਦੀ ‘ਸਟੂਡੈਂਟ ਆਫ ਦਿ ਯੀਅਰ 2’ ਵਿੱਚ ਵੀ ਖ਼ਾਸ ਕਿਰਦਾਰ ਨਿਭਾਵਾਂਗੀ। ਹੋਮ ਪ੍ਰੋਡਕਸ਼ਨ ਦੀ ਇੱਕ ਫ਼ਿਲਮ ‘ਆਸ਼ਕੀ 3’ ਵੀ ਕਰ ਰਹੀ ਹਾਂ। ਵਰੁਣ ਧਵਨ ਨਾਲ ਦੋ ਫ਼ਿਲਮਾਂ ਕਰ ਰਹੀ ਹਾਂ ਜਿਨ੍ਹਾਂ ਦੇ ਨਾਮ ਹਨ ‘ਕਲੰਕ’ ਅਤੇ ‘ਗੁੱਡੀ ਔਰ ਗੁੱਡੂ ਔਰ ਗੁੱਡਾ’। ਕਰਨ ਜੌਹਰ ਦੇ ਹੀ ਪ੍ਰੋਡਕਸ਼ਨ ਦੀ ਇੱਕ ਹੋਰ ਫ਼ਿਲਮ ‘ਸ਼ੁੱਧੀ’ ਵੀ ਕਰ ਰਹੀ ਹਾਂ। ਜੇਕਰ ਸਭ ਕੁਝ ਠੀਕ ਰਿਹਾ ਤਾਂ ਡੇਵਿਡ ਸਰ ਆਪਣੇ ਨਿਰਦੇਸ਼ਨ ਵਿੱਚ ‘ਚਾਲਬਾਜ਼’ ਦਾ ਰੀਮੇਕ ਬਣਾਉਣਾ ਚਾਹੁੰਦੇ ਹਨ। ਰਜਨੀਕਾਂਤ ਵਾਲੇ ਕਿਰਦਾਰ ਲਈ ਉਨ੍ਹਾਂ ਨੇ ਆਪਣੇ ਬੇਟੇ ਵਰੁਣ ਨੂੰ ਫਾਈਨਲ ਕਰ ਲਿਆ ਹੈ, ਜਦੋਂ ਕਿ ਸ੍ਰੀਦੇਵੀ ਵਾਲੇ ਕਿਰਦਾਰ ਲਈ ਮੇਰੇ ਨਾਲ ਸੰਪਰਕ ਕੀਤਾ ਗਿਆ ਹੈ। ਸੰਭਵ ਹੈ, ਇਸ ਫ਼ਿਲਮ ਵਿੱਚ ਵੀ ਨਜ਼ਰ ਆਵਾਂ, ਹਾਲਾਂਕਿ ਅਜੇ ਕੁਝ ਫਾਈਨਲ ਨਹੀਂ ਹੋਇਆ ਹੈ।
-ਤੁਸੀਂ ਰਣਵੀਰ ਸਿੰਘ ਨਾਲ ਪਹਿਲੀ ਵਾਰ ‘ਗਲੀ ਬੌਇ’ ਵਿੱਚ ਕੰਮ ਕਰ ਰਹੇ ਹੋ। ਇਸ ਫ਼ਿਲਮ ਤੋਂ ਤੁਹਾਨੂੰ ਕਿੰਨੀਆਂ ਉਮੀਦਾਂ ਹਨ?
– ਮੈਂ ਰਣਵੀਰ ਦੀ ਊਰਜਾ ਤੋਂ ਕਾਫ਼ੀ ਪ੍ਰਭਾਵਿਤ ਹਾਂ। ਕਾਸ਼! ਉਨ੍ਹਾਂ ਦੀ ਤਰ੍ਹਾਂ ਊਰਜਾ ਮੇਰੇ ਕੋਲ ਵੀ ਹੁੰਦੀ। ਇਹ ਜ਼ੋਆ ਅਖ਼ਤਰ ਦੀ ਫ਼ਿਲਮ ਹੈ ਜੋ ਆਪਣੀ ਫ਼ਿਲਮ ਲਈ ਆਪਣਾ ਸਭ ਕੁਝ ਝੋਂਕ ਦੇਣ ਲਈ ਮਸ਼ਹੂਰ ਹਨ। ਉਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਵੇਖਕੇ ਸਾਡੀ ਵੀ ਕੋਸ਼ਿਸ਼ ਹੈ ਕਿ ਇਸ ਵਿੱਚ ਅਸੀਂ ਆਪਣਾ ਬਿਹਤਰ ਕਰ ਸਕੀਏ। ਉਮੀਦ ਕਰਦੀ ਹਾਂ ਕਿ ਫ਼ਿਲਮ ਟਿਕਟ ਖਿੜਕੀ ਦੇ ਲਿਹਾਜ਼ ਨਾਲ ਕਾਫ਼ੀ ਚੰਗਾ ਕਰੇਗੀ।
-ਕਿਹਾ ਜਾ ਰਿਹਾ ਹੈ ਕਿ ਤੁਸੀਂ ‘ਜੁੜਵਾ 3’ ਵਿੱਚ ਕੰਮ ਕਰਨ ਲਈ ਵੀ ਉਤਸੁਕ ਹੋ ?
-ਦਰਅਸਲ, ‘ਜੁੜਵਾ’ ਅਤੇ ‘ਜੁੜਵਾ 2’ ਬੇਹੱਦ ਮਜ਼ਾਹੀਆ ਫ਼ਿਲਮਾਂ ਸਨ। ਮੈਂ ਇਸ ਦੇ ਸੀਕੁਏਲ ਵਿੱਚ ਨਹੀਂ, ਸਗੋਂ ਡੇਵਿਡ ਅੰਕਲ ਨਾਲ ਕੋਈ ਫ਼ਿਲਮ ਕਰਨਾ ਚਾਹੁੰਦੀ ਹਾਂ ਕਿਉਂਕਿ ਮੈਂ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਖ਼ੂਬ ਪਸੰਦ ਕਰਦੀ ਹਾਂ। ਮੇਰੀ ਇੱਛਾ ਹੈ ਕਿ ਮੈਂ ਇਸ ਤਰ੍ਹਾਂ ਦੀਆਂ ਕੁਝ ਮਜ਼ਾਹੀਆ ਫ਼ਿਲਮਾਂ ਕਰਾਂ। ਮੈਂ ਆਪਣੀ ਇਸ ਇੱਛਾ ਤੋਂ ਡੇਵਿਡ ਅੰਕਲ ਨੂੰ ਵੀ ਜਾਣੂ ਕਰਾ ਚੁੱਕੀ ਹਾਂ।
-ਬਹੁਤ ਘੱਟ ਸਮੇਂ ਵਿੱਚ ਹੀ ਤੁਸੀਂ ਜੋ ਉਪਲੱਬਧੀਆਂ ਹਾਸਲ ਕੀਤੀਆਂ ਹਨ, ਉਸਦੀ ਤਾਰੀਫ਼ ਹਰ ਕੋਈ ਕਰਦਾ ਹੈ। ਤੁਹਾਨੂੰ ਕਿਵੇਂ ਲੱਗਦਾ ਹੈ ?
-ਇਸ ਸਬੰਧ ਵਿੱਚ ਇਹੀ ਕਹਾਂਗੀ ਕਿ ਮੈਂ ਸਿਰਫ਼ ਆਪਣਾ ਕੰਮ ਕਰਦੀ ਹਾਂ, ਮਿਹਨਤ ਕਰਦੀ ਹਾਂ। ਮੇਰੇ ਹੱਥ ਵਿੱਚ ਸਿਰਫ਼ ਇੰਨਾ ਹੀ ਹੈ। ਜੇਕਰ ਕਲਾਕਾਰਾਂ, ਸਮੀਖਿਅਕਾਂ ਅਤੇ ਦਰਸ਼ਕਾਂ ਨੂੰ ਮੇਰਾ ਕੰਮ ਪਸੰਦ ਆਉਂਦਾ ਹੈ, ਤਾਂ ਇਸਨੂੰ ਆਪਣੀ ਖ਼ੁਸ਼ਕਿਸਮਤੀ ਹੀ ਕਹਾਂਗੀ। ਉਨ੍ਹਾਂ ਦੀ ਇਹ ਚਾਹਤ ਅਤੇ ਮੇਰੇ ਪ੍ਰਤੀ ਉਨ੍ਹਾਂ ਦਾ ਪਿਆਰ ਮੇਰੇ ਲਈ ਕਿਸੇ ਐਵਾਰਡ ਤੋਂ ਘੱਟ ਨਹੀਂ ਹੈ।
-ਤੁਸੀਂ ਆਪਣੇ ਆਪ ਨੂੰ ਫਿੱਟ ਰੱਖਣ ਲਈ ਕੀ ਕਰਦੇ ਹੋ ?
-ਹਮੇਸ਼ਾਂ ਫਿੱਟਨੈੱਸ ਨੂੰ ਲੈ ਕੇ ਪ੍ਰਯੋਗ ਕਰਦੀ ਰਹਿੰਦੀ ਹਾਂ ਕਿਉਂਕਿ ਮੈਂ ਲਗਾਤਾਰ ਇੱਕ ਹੀ ਕਸਰਤ ਕਰਨ ਨਾਲ ਅੱਕ ਜਾਂਦੀ ਹਾਂ। ਇਸ ਲਈ ਹਮੇਸ਼ਾਂ ਤਬਦੀਲ ਕਰਦੀ ਰਹਿੰਦੀ ਹਾਂ। ਇਸ ਲਈ ਜੋ ਕੁਝ ਨਵਾਂ ਹੋ ਸਕਦਾ ਹੈ, ਉਸਨੂੰ ਅਜ਼ਮਾਉਂਦੀ ਹਾਂ। ਕਦੇ ਜਿਮ ਤਾਂ ਕਦੇ ਖੇਡਾਂ, ਕਦੇ ਤੈਰਾਕੀ ਜਾਂ ਕੁਝ ਹੋਰ ਕਰਦੀ ਹਾਂ। ਇਸ ਤਰ੍ਹਾਂ ਫਿੱਟਨੈੱਸ ਪ੍ਰਤੀ ਮੇਰਾ ਝੁਕਾਅ ਵੀ ਬਣਿਆ ਰਹਿੰਦਾ ਹੈ ਅਤੇ ਮੇਰਾ ਸਰੀਰ ਵੀ ਜਲਦੀ ਪ੍ਰਤੀਕਿਰਿਆ ਕਰਦਾ ਹੈ।
-ਅਜਿਹੇ ਪ੍ਰਯੋਗ ਕਿੰਨੇ ਫਾਇਦੇਮੰਦ ਹੁੰਦੇ ਹਨ ?
-ਮੇਰੇ ਹਿਸਾਬ ਨਾਲ ਤਾਂ ਇਹੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਨਾ ਤਾਂ ਮੇਰੇ ਸਰੀਰ ਨੂੰ ਇੱਕ ਚੀਜ਼ ਦੀ ਆਦਤ ਲੱਗਦੀ ਹੈ ਅਤੇ ਨਾ ਹੀ ਮੈਂ ਅੱਕਦੀ ਹਾਂ। ਇਸਦਾ ਨਤੀਜਾ ਵੀ ਬਿਹਤਰ ਆਉਂਦਾ ਹੈ। ਇਸ ਲਈ ਮੈਂ ਤਾਂ ਇਹੀ ਕਰਦੀ ਹਾਂ ਅਤੇ ਦੂਸਰਿਆਂ ਨੂੰ ਵੀ ਅਜਿਹਾ ਹੀ ਕਰਨ ਦੀ ਸਲਾਹ ਦਿੰਦੀ ਹਾਂ।

ਸੰਜੀਵ ਕੁਮਾਰ ਝਾਅ

Comments

comments

Share This Post

RedditYahooBloggerMyspace