ਭਰੂਣ ਦੀ ਉਬਾਸੀ ਦੇ ਅਰਥ

ਡਾ. ਹਰਸ਼ਿੰਦਰ ਕੌਰ

ਅਸੀਂ ਉਬਾਸੀ ਲੈਂਦੇ ਹਾਂ ਤਾਂ ਇਹ ਲਾਗ ਦੀ ਬਿਮਾਰੀ ਵਾਂਗ ਆਲੇ-ਦੁਆਲੇ ਉੱਤੇ ਪੂਰਾ ਅਸਰ ਪਾਉਂਦੀ ਹੈ। ਉਬਾਸੀ ਬਾਰੇ ਪੜ੍ਹਨ ਜਾਂ ਲਿਖਣ ਜਾਂ ਉਬਾਸੀ ਦਾ ਜ਼ਿਕਰ ਆਉਣ ਨਾਲ ਵੀ ਬਥੇਰਿਆਂ ਨੂੰ ਉਬਾਸੀ ਆ ਜਾਂਦੀ ਹੈ; ਪਰ ਭਰੂਣ ਦੀ ਉਬਾਸੀ ਦਾ ਕਾਰਨ ਕੁੱਝ ਹੋਰ ਹੁੰਦਾ ਹੈ। ਆਮ ਤੌਰ ਉੱਤੇ ਢਿੱਡ ਵਿਚ ਭਰੂਣ ਅਨੇਕ ਵਾਰ ਮੂੰਹ ਖੋਲ੍ਹਦਾ ਹੈ ਤੇ ਪਾਣੀ ਅੰਦਰ ਲੰਘਾਉਣ ਜਾਂ ਖਾਣ ਵਾਂਗ ਮੂੰਹ ਮਾਰਨ ਦਾ ਜਤਨ ਕਰਦਾ ਦੇਖਿਆ ਗਿਆ ਹੈ। ਦਰਅਸਲ, ਕੁਦਰਤ ਉਸ ਨੂੰ ਜੰਮਣ ਬਾਅਦ ਦੁੱਧ ਚੁੰਘਣ ਲਈ ਤਿਆਰ ਕਰ ਰਹੀ ਹੁੰਦੀ ਹੈ।

ਚੌਥੇ ਤੋਂ ਨੌਵੇਂ ਮਹੀਨੇ ਤੱਕ ਕੀਤੇ ਅਲਟਰਾਸਾਊਂਡ ਵਿਚ ਅਜਿਹੇ ਖੋਲ੍ਹੇ ਮੂੰਹ ਉੱਤੇ ਜਦੋਂ ਖੋਜ ਚੱਲ ਰਹੀ ਸੀ ਤਾਂ ਅਨੇਕ ਖੋਜਾਰਥੀਆਂ ਨੇ ਧਿਆਨ ਕੀਤਾ ਕਿ ਕਈ ਵਾਰ ਭਰੂਣ ਮੂੰਹ ਖੋਲ੍ਹ ਕੇ ਕੁੱਝ ਅੰਦਰ ਲੰਘਾਉਣ ਦਾ ਜਤਨ ਨਹੀਂ ਕਰਦਾ, ਬਸ ਐਵੇਂ ਹੀ ਕੁੱਝ ਪਲ ਮੂੰਹ ਚੌੜਾ ਖੋਲ੍ਹ ਕੇ ਰੱਖਦਾ ਹੈ ਤੇ ਬਿਲਕੁਲ ਉਬਾਸੀ ਲੈਣ ਦਾ ਅਹਿਸਾਸ ਹੁੰਦਾ ਹੈ।

ਇਸ ਗੱਲ ‘ਤੇ ਕਾਫ਼ੀ ਕਿੰਤੂ-ਪ੍ਰੰਤੂ ਹੋਇਆ ਤੇ ਅਖ਼ੀਰ ਉਬਾਸੀ ਲੈਂਦੇ ਦੌਰਾਨ ਭਰੂਣ ਦੇ ਦਿਮਾਗ਼ ਦਾ ਸਕੈਨ ਕੀਤਾ ਗਿਆ। ਦੇਖਣ ਵਿਚ ਇਹ ਆਇਆ ਕਿ ਤੀਜੇ ਮਹੀਨੇ ਦੇ ਗਰਭ ਬਾਅਦ ਭਰੂਣ ਉਬਾਸੀ ਲੈਣਾ ਸ਼ੁਰੂ ਕਰਦਾ ਹੈ ਤੇ ਜਿਵੇਂ ਜਿਵੇਂ ਸਮਾਂ ਵਧਦਾ ਹੈ, ਉਬਾਸੀਆਂ ਘਟਣ ਲੱਗ ਪੈਂਦੀਆਂ ਹਨ। ਨੌਵੇਂ ਮਹੀਨੇ ਉੱਤੇ ਪਹੁੰਚ ਕੇ ਕਦੇ ਕਦਾਈਂ ਹੀ ਭਰੂਣ ਉਬਾਸੀ ਲੈਂਦਾ ਦੇਖਿਆ ਗਿਆ।

ਇੰਗਲੈਂਡ ਦੇ ਡਾ. ਨਡਜਾ ਰੀਸਲੈਂਡ ਨੇ ਆਪਣੀ ਖੋਜ ਵਿਚ ਸਪਸ਼ਟ ਕੀਤਾ ਕਿ ਭਰੂਣ ਦੇ ਉਬਾਸੀ ਲੈਣ ਸਮੇਂ ਉਸ ਦੇ ਦਿਮਾਗ਼ ਦੇ ਸੈੱਲ ਕੁੱਝ ਤੇਜ਼ੀ ਨਾਲ ਵਧ ਰਹੇ ਹੁੰਦੇ ਹਨ; ਭਾਵ ਭਰੂਣ ਦੀ ਉਬਾਸੀ ਨੂੰ ਦਿਮਾਗ਼ ਦੇ ਵਿਕਾਸ ਨਾਲ ਜੋੜਿਆ ਗਿਆ। ਜਿਵੇਂ ਜਿਵੇਂ ਸੈੱਲਾਂ ਦੇ ਜੋੜ ਤੇਜ਼ੀ ਨਾਲ ਵਧਣ ਲੱਗਣ ਤੇ ਦਿਮਾਗ਼ ਜ਼ਿਆਦਾ ਕੰਮ ਕਰਨ ਲੱਗ ਪਵੇ, ਭਰੂਣ ਓਨਾ ਹੀ ਵੱਧ ਉਬਾਸੀ ਲੈਣ ਲੱਗ ਪੈਂਦਾ ਹੈ।

ਕੁੱਝ ਖੋਜਾਂ ਰਾਹੀਂ ਇਹ ਤੱਥ ਸਾਹਮਣੇ ਆਇਆ ਕਿ ਜਿਹੜੇ ਭਰੂਣਾਂ ਵਿਚ ਲਹੂ ਦੀ ਕਮੀ ਹੋਵੇ, ਉਹ ਵੀ ਵਾਧੂ ਉਬਾਸੀਆਂ ਲੈਂਦੇ ਹਨ। ਜਿਹੜੇ ਬੱਚੇ ਸਤਮਾਹੇ ਜੰਮ ਪੈਣ, ਉਹ ਪੂਰੇ ਸਮੇਂ ਉੱਤੇ ਜੰਮੇ ਬੱਚਿਆਂ ਨਾਲੋਂ ਵੱਧ ਉਬਾਸੀਆਂ ਲੈਂਦੇ ਹਨ; ਭਾਵ ਉਨ੍ਹਾਂ ਦੇ ਦਿਮਾਗ਼ ਦੇ ਸੈੱਲ ਤੇਜ਼ੀ ਨਾਲ ਕੰਮ ਕਰ ਰਹੇ ਹੁੰਦੇ ਹਨ ਤਾਂ ਜੋ ਉਹ ਪੂਰੇ ਸਮੇਂ ਉੱਤੇ ਜੰਮੇ ਬੱਚੇ ਜਿੰਨਾ ਦਿਮਾਗ਼ ਬਣਾ ਸਕਣ।

ਡਾ. ਰੀਸਲੈਂਡ ਨੇ ਕੁੱਝ ਹੋਰ ਖੋਜ ਕਰਨ ਲਈ ਬਹੁਤ ਸਾਰੇ ਅਲਟਰਾਸਾਊਂਡ ਸੈਂਟਰਾਂ ਤੋਂ ਅਜਿਹੀਆਂ ਤਸਵੀਰਾਂ ਇਕੱਠੀਆਂ ਕੀਤੀਆਂ ਤਾਂ ਜੋ ਉਹ ਉਬਾਸੀ ਤੇ ਦੁੱਧ ਚੁੰਘਣ ਲਈ ਖੋਲ੍ਹੇ ਮੂੰਹ ਵਿਚ ਹੋਰ ਫ਼ਰਕ ਲੱਭ ਸਕੇ। ਉਸ ਨੇ ਆਪਣੀ ਪੂਰੀ ਟੀਮ ਨਾਲ ਸੱਤ ਲੜਕੀ ਭਰੂਣਾਂ ਤੇ ਅੱਠ ਲੜਕੇ ਭਰੂਣਾਂ ਦੇ ਵੀਡੀਓ ਬਣਾਏ। ਅਜਿਹਾ ਹਰ ਮਹੀਨੇ ਵਿਚ ਇਕ ਵਾਰ ਕੀਤਾ ਗਿਆ (5 ਤੋਂ 8 ਮਹੀਨੇ ਦੇ ਭਰੂਣਾਂ ਵਿਚ)। ਇਸ ਖੋਜ ਦੇ ਨਤੀਜਿਆਂ ਅਨੁਸਾਰ 5 ਮਹੀਨੇ ਦੇ ਭਰੂਣ ਤਕਰੀਬਨ ਹਰ ਰੋਜ਼ ਛੇ ਵਾਰ ਉਬਾਸੀ ਲੈਂਦੇ ਹਨ ਤੇ ਅੱਠ ਮਹੀਨੇ ਹੋਣ ਬਾਅਦ ਉਬਾਸੀ ਲੈਣੀ ਛੱਡ ਦਿੰਦੇ ਹਨ। ਉਬਾਸੀ ਲੈਣ ਤੋਂ ਬਾਅਦ ਦਿਮਾਗ਼ ਦੇ ਸੈੱਲ ਹਰਕਤ ਵਿਚ ਆਉਣ ਲੱਗ ਪੈਂਦੇ ਹਨ ਤੇ ਤੇਜ਼ੀ ਨਾਲ ਜੋੜ ਬਣਾ ਕੇ ਸੁਨੇਹੇ ਘੱਲਦੇ ਹਨ, ਭਾਵ ਉਬਾਸੀ ਦਾ ਮਤਲਬ ਇਹ ਸੀ ਕਿ ਦਿਮਾਗ਼ ਦੇ ਸੈੱਲਾਂ ਨੂੰ ਹਰਕਤ ਵਿਚ ਲਿਆਂਦਾ ਜਾ ਸਕੇ।

ਇਕ ਹੋਰ ਤੱਥ ਵੀ ਸਾਹਮਣੇ ਆਇਆ: ਜਿਹੜੇ ਭਰੂਣ ਲੋੜ ਤੋਂ ਕਈ ਗੁਣਾਂ ਵੱਧ ਉਬਾਸੀ ਲੈ ਰਹੇ ਸਨ, ਉਨ੍ਹਾਂ ਦੇ ਦਿਮਾਗ਼ ਪੂਰੀ ਤਰ੍ਹਾਂ ਵਿਕਸਿਤ ਨਹੀਂ ਸਨ ਹੋ ਰਹੇ: ਭਾਵ ਭਰੂਣ ਵੱਲੋਂ ਵਾਰ ਵਾਰ ‘ਸਵਿੱਚ ਆਨ’ ਦੇ ਸੁਨੇਹੇ ਬਾਅਦ ਵੀ ਦਿਮਾਗ਼ ਦੇ ਸੈੱਲ ਹਰਕਤ ਨਹੀਂ ਸਨ ਕਰ ਰਹੇ। ਜੇ ਵੇਲੇ ਸਿਰ ਅਜਿਹੇ ਭਰੂਣਾਂ ਬਾਰੇ ਜਾਣਕਾਰੀ ਮਿਲ ਜਾਏ ਤਾਂ ਉਨ੍ਹਾਂ ਦੇ ਦਿਮਾਗ਼ ਤੇਜ਼ ਕਰਨ ਲਈ ਡਾਕਟਰੀ ਇਲਾਜ ਸੰਭਵ ਹੈ ਪਰ ਜੇ ਅਣਗੌਲਿਆ ਛੱਡ ਦਿੱਤਾ ਜਾਵੇ ਤਾਂ ਕਈ ਭਰੂਣ ਘੱਟ ਦਿਮਾਗ਼ ਨਾਲ ਹੀ ਪੈਦਾ ਹੁੰਦੇ ਹਨ।

ਜੰਮਣ ਤੋਂ ਬਾਅਦ ਉਬਾਸੀ ਦੇ ਮਾਇਨੇ ਬਦਲ ਜਾਂਦੇ ਹਨ। ਜਦੋਂ ਨਵਜੰਮਿਆ ਬੱਚਾ ਥਕੇਵਾਂ ਮਹਿਸੂਸ ਕਰੇ ਜਾਂ ਬੋਰ ਹੋਣ ਲੱਗ ਪਵੇ ਤਾਂ ਨਿੱਕੀਆਂ ਪਿਆਰੀਆਂ ਉਬਾਸੀਆਂ ਰਾਹੀਂ ਸੰਕੇਤ ਦੇ ਦਿੰਦਾ ਹੈ ਕਿ ਹੁਣ ਮੇਰੇ ਨਾਲ ਹੋਰ ਛੇੜਖਾਨੀ ਕਰਨੀ ਛੱਡ ਕੇ ਮੈਨੂੰ ਆਪਣੀ ਨੀਂਦਰ ਪੂਰੀ ਕਰ ਲੈਣ ਦਿਓ। ਜੇ ਅਣਗੌਲਿਆਂ ਕਰ ਦਿੱਤਾ ਜਾਵੇ ਤਾਂ ਬੱਚਾ ਚੀਕ-ਚਿਹਾੜਾ ਮਚਾ ਕੇ ਰੋਂਦੂ ਹੋਣ ਦਾ ਸੰਕੇਤ ਦੇ ਦਿੰਦਾ ਹੈ ਤੇ ਹੌਲੀ ਹੌਲੀ ਜ਼ਿੱਦੀ ਬਣ ਜਾਂਦਾ ਹੈ। ਹੋਰ ਵੱਡੇ ਹੋਣ ਉੱਤੇ ਇਹੀ ਉਬਾਸੀ ਸੁਸਤੀ ਦਾ ਸੰਕੇਤ ਬਣ ਜਾਂਦੀ ਹੈ ਤੇ ਲਾਗ ਦੀ ਬਿਮਾਰੀ ਵੀ। ਫਿਰ ਭਾਵੇਂ ਕਿੰਨੇ ਹੀ ਚੁਸਤ ਹੋ ਕੇ ਬੈਠੇ ਹੋਵੋ, ਨਾਲ ਦੇ ਬੰਦੇ ਵੱਲੋਂ ਲਈ ਜਾਂ ਉਬਾਸੀ ਬਾਰੇ ਕੀਤੀ ਗੱਲਬਾਤ ਬਦੋਬਦੀ ਦੂਜੇ ਨੂੰ ਉਬਾਸੀ ਲੈਣ ਉੱਤੇ ਮਜਬੂਰ ਕਰ ਦਿੰਦੀ ਹੈ। ਉਬਾਸੀ ਬਾਰੇ ਪੜ੍ਹਨ ਉੱਤੇ ਜਾਂ ਉਬਾਸੀ ਲੈਂਦੇ ਬੰਦੇ ਦੀ ਤਸਵੀਰ ਦੇਖਣ ਉੱਤੇ ਵੀ ਬਹੁਤਿਆਂ ਨੂੰ ਉਬਾਸੀ ਆ ਜਾਂਦੀ ਹੈ।

ਉਬਾਸੀ ਲੈਂਦੇ ਭਰੂਣ ਨਾਲ ਜੇ ਬਾਹਰੋਂ ਮਾਂ ਗੱਲ ਕਰਨੀ ਸ਼ੁਰੂ ਕਰੇ ਤਾਂ ਉਹ ਕਾਫ਼ੀ ਚੁਸਤੀ ਨਾਲ ਹੁੰਗਾਰਾ ਭਰਦਾ ਹੈ। ਮਾਂ ਦੇ ਢਿੱਡ ਅੰਦਰ ਮੁੰਡੇ ਤੇ ਕੁੜੀ ਦੇ ਉਬਾਸੀ ਲੈਣ ਦੇ ਤੌਰ ਤਰੀਕੇ ਭਾਵੇਂ ਇੱਕੋ ਜਿਹੇ ਹੁੰਦੇ ਹਨ ਪਰ ਕੁਦਰਤ ਦਾ ਕਮਾਲ ਵੇਖੋ ਕਿ ਮਾਂ ਦੇ ਢਿੱਡ ਅੰਦਰ ਵੀ ਬੁਲਾਉਣ ਉੱਤੇ ਬੇਟੀ ਵੱਧ ਚੁਸਤ ਹੋ ਕੇ ਹੁੰਗਾਰਾ ਭਰਦੀ ਹੈ ਤੇ ਜ਼ਿਆਦਾ ਸਮੇਂ ਲਈ ਕਰਦੀ ਹੈ।

ਦਸ ਮਹੀਨਿਆਂ ਦੇ ਬੱਚਿਆਂ ਦੇ ਦਿਮਾਗ਼ ਬਲੂਪ੍ਰਿੰਟ ਤਿਆਰ ਕਰਨ ਦੇ ਸਮਰੱਥ ਬਣ ਜਾਂਦੇ ਹਨ ਤੇ ਉਨ੍ਹਾਂ ਦੇ ਦਿਮਾਗ਼ ਅੰਦਰ ਮਾਂ ਤੇ ਪਿਓ ਵੱਲੋਂ ਕੀਤੀ ਜਾਂਦੀ ਸਾਰੀ ਗੱਲ ਛਪ ਚੁੱਕੀ ਹੁੰਦੀ ਹੈ। ਬੱਚੇ ਦੀ ਜ਼ਬਾਨ ਦਾ ਆਧਾਰ ਵੀ ਕਾਫੀ ਹੱਦ ਤਕ ਪਕਿਆਈ ਫੜ ਲੈਂਦਾ ਹੈ ਤੇ ਉਸ ਨੂੰ ਇਹ ਵੀ ਸਮਝ ਲੱਗ ਜਾਂਦੀ ਹੈ ਕਿ ਕਿਹੜਾ ਜਣਾ ਘਰ ਵਿਚ ਦੂਜੇ ਉੱਤੇ ਹਾਵੀ ਹੈ। ਬੱਚੇ ਦੀ ਸੋਚਣ ਸਮਝਣ ਦੀ ਸਮਰੱਥਾ ਇਸ ਸਮੇਂ ਚਰਮ ਸੀਮਾ ਉੱਤੇ ਹੁੰਦੀ ਹੈ ਤੇ ਉਹ ਬੋਲਣ ਦੀ ਥਾਂ ਸਭ ਕੁੱਝ ਸਮੋਣ ਵਿਚ ਜੁਟਿਆ ਹੁੰਦਾ ਹੈ।

ਸੰਨ 2009 ਵਿਚ ਹੋਈ ਖੋਜ ਰਾਹੀਂ ਪਤਾ ਲੱਗਿਆ ਕਿ ਛੇ ਮਹੀਨੇ ਦੇ ਬੱਚੇ ਨੂੰ ਬੋਲਣਾ ਭਾਵੇਂ ਨਾ ਆਉਂਦਾ ਹੋਵੇ ਪਰ ਉਹ ਮਾਂ ਦੇ ਢਿੱਡ ਅੰਦਰ ਆਪਣੇ ਨਾਲ ਕੀਤੇ ਵਿਹਾਰ ਅਨੁਸਾਰ ਅਤੇ ਜੰਮਣ ਬਾਅਦ ਆਪਣੇ ਨਾਲ ਗੁੱਸੇ ਜਾਂ ਪਿਆਰ ਭਰੇ ਸ਼ਬਦਾਂ ਨਾਲ ਸੰਬੋਧਨ ਕੀਤੇ ਗਏ ਅਨੁਸਾਰ, ਆਪਣੇ ਗੁੱਸੇ ਨੂੰ ਤਿੱਖੇ ਚੀਕਵੇਂ ਰੋਣ ਜਾਂ ਕਤੂਰੇ ਵਾਂਗ ਚਊਂ-ਚਊਂ ਦੀ ਆਵਾਜ਼ਾਂ ਕੱਢ ਕੇ ਹੁੰਗਾਰਾ ਭਰਦਾ ਹੈ। ਸੋ, ਸਾਨੂੰ ਆਪਣੀ ਗੋਦ ਵਿਚ ਪਏ ਬੱਚੇ ਨੂੰ ਐਵੇਂ ਮਾਸ ਦਾ ਲੋਥੜਾ ਨਹੀਂ ਮੰਨ ਲੈਣਾ ਚਾਹੀਦਾ। ਉਸ ਦੇ ਦਿਮਾਗ਼ ਵਿਚਲੇ ਕੰਪਿਊਟਰ ਨੇ ਉਹ ਸਭ ਕੁੱਝ ਸਮੋਣਾ ਹੈ ਜੋ ਉਸ ਨੂੰ ਸੁਣ ਜਾਂ ਮਹਿਸੂਸ ਹੋ ਰਿਹਾ ਹੈ। ਇਸੇ ਲਈ ਗੋਦ ਵਿਚ ਪਏ ਬਾਲ ਅੱਗੇ ਵੀ ਉੱਚੀ ਬੋਲਣਾ, ਲੜਨਾ, ਚੀਕਣਾ ਜਾਂ ਗਾਲ੍ਹਾਂ ਕੱਢਣੀਆਂ ਉਸ ਉੱਤੇ ਸਦੀਵੀ ਅਸਰ ਦਿਖਾ ਸਕਦੀਆਂ ਹਨ।

ਸੰਨ 2010 ਵਿਚ ‘ਨਿਊਰੋਨ ਜਰਨਲ’ ਵਿਚ ਦਿਮਾਗ਼ ਬਾਰੇ ਸੂਖਮ ਖੋਜਾਂ ਨੂੰ ਸ਼ਾਮਲ ਕਰਦਿਆਂ ਇਸ ਤੱਥ ਉੱਤੇ ਜ਼ੋਰ ਪਾਇਆ ਗਿਆ ਕਿ ਪੰਜ ਮਹੀਨੇ ਦੀ ਬੱਚੀ ਨੂੰ ਮਾਂ ਦੀ ਗੋਦ ਵਿਚ ਪਿਆਂ ਹੀ ਸਮਝ ਆ ਜਾਂਦੀ ਹੈ ਕਿ ਉਸ ਦੀ ਮਾਂ ਉਦਾਸ ਹੈ। ਉਹ ਉਸ ਦੇ ਹਾਵਾਂ ਭਾਵਾਂ, ਉਸ ਦੇ ਬੋਲਣ ਵਿਚਲੀ ਤਬਦੀਲੀ, ਤੇਜ਼ ਸਾਹ, ਅੱਖਾਂ ਵਿਚਲੇ ਹੰਝੂ ਤੇ ਦਿਲ ਦੀ ਧੜਕਣ ਰਾਹੀਂ ਸਭ ਕੁੱਝ ਸਮਝ ਲੈਂਦੀ ਹੈ। ਉਸ ਦੇ ਦਿਮਾਗ਼ ਵਿਚਲੀਆਂ ਤਰੰਗਾਂ ਦੇ ਰਿਕਾਰਡ ਨੇ ਸਮਝਾ ਦਿੱਤਾ ਹੈ ਕਿ ਬੱਚੀ ਦਾ ਮਨ ਵੀ ਨਿਰਾਸਾ ਨਾਲ ਭਰ ਜਾਂਦਾ ਹੈ ਤੇ ਉਸ ਦੇ ਦਿਮਾਗ਼ ਦੀਆਂ ਕਿਰਿਆਵਾਂ ਵੀ ਸੁਸਤ ਪੈ ਜਾਂਦੀਆਂ ਹਨ। ਉਹ ਮੁਸਕੁਰਾਉਣਾ ਛੱਡ ਦਿੰਦੀ ਹੈ ਤੇ ਮਾਂ ਨਾਲ ਪੂਰੀ ਹਮਦਰਦੀ ਜਤਾਉਣ ਦਾ ਜਤਨ ਕਰਦੀ ਹੈ।

ਇਕ ਤੋਂ ਦੋ ਦਿਨ ਦੇ 26 ਬੱਚਿਆਂ ਦੇ ਸੁੱਤੇ ਹੋਇਆਂ ਦੌਰਾਨ ਸਿਰ ਦੁਆਲੇ 124 ਇਲੈਕਟਰੋਡ ਲਾ ਕੇ ਉਨ੍ਹਾਂ ਦੇ ਦਿਮਾਗ਼ ਦੀਆਂ ਤਰੰਗਾਂ ਰਿਕਾਰਡ ਕੀਤੀਆਂ ਗਈਆਂ। ਉਸ ਸਮੇਂ ਮਾਂ ਜਾਂ ਪਿਓ ਵੱਲੋਂ ਪਿਆਰ ਨਾਲ ਹਲਕਾ ਜਿਹਾ ਥਪਥਪਾਉਣਾ ਜਾਂ ਚੁੰਮਣ ਦੀ ਆਵਾਜ਼ ਕੱਢਣ ਨਾਲ ਉਨ੍ਹਾਂ ਦਾ ਪੂਰਾ ਦਿਮਾਗ਼ ਰਵਾਂ ਹੋ ਕੇ ਤੇਜ਼ੀ ਨਾਲ ਜੋੜ ਬਣਾਉਣ ਲੱਗ ਪੈਂਦਾ ਹੈ; ਭਾਵ ਘੂਕ ਸੁੱਤੇ ਹੋਇਆਂ ਵੀ ਪਿਆਰ ਦੇ ਸੁਨੇਹੇ ਨਵਜੰਮੇ ਬੱਚੇ ਲਈਂ ਤੇਜ਼ ਦਿਮਾਗ਼ ਬਣਨ ਦਾ ਆਧਾਰ ਬਣਦੇ ਹਨ।

ਹੁਣ ਦੂਜੇ ਪਾਸੇ ਝਾਤ ਮਾਰੀਏ। ਅਜਿਹੀ ਜਾਣਕਾਰੀ ਤੋਂ ਬਾਅਦ ਹੁਣ ਉਨ੍ਹਾਂ ਬੱਚੀਆਂ ਦੇ ਦਿਮਾਗ਼ ਦੇ ਵਿਕਾਸ ਬਾਰੇ ਸੋਚੀਏ ਜਿਨ੍ਹਾਂ ਨੂੰ ਜੰਮਦੇ ਸਾਰ ਬੇਲੋੜੀ, ਪੱਥਰ ਆਦਿ ਸੰਬੋਧਨ ਕਰਨ ਦੇ ਨਾਲ ਘਰ ਵਿਚ ਅਫ਼ਸੋਸ ਦਾ ਮਾਹੌਲ ਵੀ ਪੈਦਾ ਕਰ ਦਿੱਤਾ ਗਿਆ ਹੋਵੇ। ਸਭ ਪਾਸਿਓਂ ਤਿਰਸਕਾਰ ਸਹਿੰਦਿਆਂ ਉਸ ਦੇ ਦਿਮਾਗ਼ ਦਾ ਵਿਕਾਸ ਤਾਂ ਰੁਕਣਾ ਹੀ ਹੈ ਪਰ ਇਸ ਸਭ ਦੇ ਬਾਵਜੂਦ ਉਸ ਦੇ ਦਿਮਾਗ਼ ਵਿਚਲੀਆਂ ਮੋਹ ਦੀਆਂ ਤੰਦਾਂ ਟੁੱਟਦੀਆਂ ਨਹੀਂ। ਕਿਸੇ ਵੱਲੋਂ ਹਲਕੀ ਮੁਸਕਾਨ ਵੀ ਉਸ ਦੇ ਦਿਮਾਗ਼ ਵਿਚ ਸੁਨੇਹਿਆਂ ਦੀ ਵਾਛੜ ਕਰ ਦਿੰਦੀ ਹੈ।

ਦੱਸਣਾ ਜ਼ਰੂਰੀ ਹੈ ਕਿ ਮਾਂ ਦੇ ਢਿੱਡ ਅੰਦਰ ਭਰੂਣ ਕਿੰਨਾ ਕੁ ਸਮਝਦਾਰ ਹੁੰਦਾ ਹੈ। ਇਹ ਵੀ ਖੋਜ ਨੇ ਸਾਬਤ ਕੀਤਾ ਹੈ ਕਿ ਜਦੋਂ ਗਰਭ ਡੇਗਣ ਦੀ ਗੱਲਬਾਤ ਚੱਲੇ ਅਤੇ ਭਰੂਣ ਨੂੰ ਮਾਰਨ ਦੀ ਤਿਆਰੀ ਕੱਸ ਲਈ ਜਾਏ ਤਾਂ ਇਸ ਤੋਂ ਪਹਿਲਾਂ ਭਰੂਣ ਤੇਜ਼ੀ ਨਾਲ ਉਬਾਸੀ ਲੈਂਦੇ ਦੇਖਿਆ ਗਿਆ; ਮਤਲਬ ਹੈ, ਉਸ ਵੱਲੋਂ ਤੇਜ਼ੀ ਨਾਲ ਸੁਨੇਹਾ ਘੱਲਣਾ: ਸਮਝੋ! ਰੁਕੋ!… ਇਸ ਉਬਾਸੀ ਰਾਹੀਂ ਉਸ ਦੀ ਚੀਕ ਨੂੰ ਅਸੀਂ ਕਦੋਂ ਸੁਣਨ ਦੀ ਕੋਸ਼ਿਸ਼ ਕਰਾਂਗੇ?

ਸੰਪਰਕ: 0175-2216783

Comments

comments

Share This Post

RedditYahooBloggerMyspace