ਲਿਖਤੁਮ ਪੰਜਾਬ ਪੜ੍ਹਤੁਮ ਸਿਆਸਤਦਾਨ

Farmer

ਸਰਕਾਰਾਂ ਵੱਲੋਂ ਪੰਜਾਬ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਤੇ ਹਕੀਕਤ ਇਹ ਹੈ ਕਿ ਕਿਸਾਨ ਕਰਜ਼ਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀਆਂ ਕਰ ਰਹੇ ਹਨ। ਨੌਜਵਾਨ ਪੜ-ਲਿਖ ਕੇ ਬੇਰੁਜ਼ਗਾਰ ਹਨ, ਜਨਤਕ ਸਹੂਲਤਾਂ ਦਾ ਮਾੜਾ ਹਾਲ ਹੈ। ਹਰ ਤਰਾਂ ਦੇ ਮਾਫੀਏ ਅਤੇ ਗੈਂਗਸਟਰਜ਼ ਦਾ ਬੋਲਬਾਲਾ ਹੋ ਰਿਹਾ ਤੇ ਪੰਜਾਬ ਦੇ ਮੱਥੇ ‘ਤੇ ਨਸ਼ੇੜੀ ਹੋਣ ਦਾ ਕਲੰਕ ਲੱਗ ਰਿਹਾ ਹੈ ਤੇ ਪੰਜਾਬ ਵਿਲਕ ਰਿਹਾ ਹੈ…

ਅਮਰਜੀਤ ਸਿੰਘ ਵੜੈਚ

ਮੇਰੀ ਸੱਭ ਤੋਂ ਵੱਡੀ ਸ਼ਕਤੀ ਮੇਰੇ ਪੰਜਾਬੀਆਂ ਦੀ ਖੇਤੀ ਕਰਨ ਦੀ ਸਮਰਥਾ, ਜੋ ਆਧੁਨਿਕ ਮਨੁੱਖੀ ਸਮਾਜ ਦੀ ਵਿਸ਼ਵ-ਵਿਆਪੀ ਬੁਨਿਆਦ ਹੈ। ਆਜ਼ਾਦੀ ਦੇ 70 ਸਾਲਾਂ ਮਗਰੋਂ ਅੱਜ ਜਦੋਂ ਭਾਰਤ ‘ਵਿਸ਼ਵ-ਸ਼ਕਤੀ’ ਬਣਨ ਦੇ ਸੁਪਨੇ ਲੈ ਰਿਹਾ ਹੈ ਤਾਂ ਮੁਲਕ ਨੂੰ ਖ਼ੁਰਾਕ ਦੇ ਸੰਕਟ ‘ਚੋਂ ਕੱਢਣ ਵਾਲਾ ਪੰਜਾਬ ਦਾ ਕਿਸਾਨ ਚਾਰ- ਪੰਜ ਲੱਖ ਦੇ ਕਰਜ਼ੇ ਕਾਰਨ ਫਾਹੇ ਚੜਨ ਲਈ ਮਜਬੂਰ ਹੈ ਤੇ 8,000 ਕਰੋੜ ਰੁਪਏ ਦੇ ਕਰਜ਼ੇ ਵਾਲਾ ਰਾਜ-ਸਭਾ ਦਾ ਸਾਬਕਾ ਮੈਂਬਰ, ਦੇਸ਼ ਦਾ ਵੱਡਾ ਵਪਾਰੀ ਵਿਜੇ ਮਾਲਿਆ ਸਰਕਾਰਾਂ ਨੂੰ ‘ਗੂਠਾ ਵਿਖਾਉਂਦਾ ਹੋਇਆ ਇੰਗਲੈਂਡ ਜਾ ਪਹੁੰਚਿਆ ਤੇ ਹੁਣ ਬਹਿਸ਼ਤੀ ਨਜ਼ਾਰੇ ਲੈ ਰਿਹਾ ਹੈ। ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਰਾਹੀਂ 13 ਹਜ਼ਾਰ ਕਰੋੜ ਤੋਂ ਵੱਧ ਦਾ ਚੂਨਾ ਲਾ ਕੇ ਵਿਦੇਸ਼ੀ ਸੈਰ ਕਰ ਰਿਹੈ। ਹੁਣ ਕਈ ਵਰੇ ਜਾਂਚ ਕਮੇਟੀਆਂ, ਕਮਿਸ਼ਨ, ਪੜਤਾਲ ਕਮੇਟੀਆਂ ਤੇ ਫਿਰ ਅਦਾਲਤੀ ਕਾਰਵਾਈ ਦੌਰਾਨ ਦੇਸ਼ ਵਾਸੀ ਅਗਲੀ ਪੀੜੀ ‘ਚ ਪ੍ਰਵੇਸ਼ ਕਰ ਜਾਣਗੇ।

ਰੋਜ਼ਾਨਾ ਤਿੰਨ ਘਰਾਂ ‘ਚ ਸੱਥਰ
ਪੰਜਾਬ ਸਰਕਾਰ ਦੇ ਇਕ ਸਰਵੇਖਣ ਅਨੁਸਾਰ ਸੰਨ 2000 ਤੋਂ 2015 ਤਕ 893 ਖੇਤੀ ਮਜ਼ਦੂਰਾਂ ਸਮੇਤ 16,774 ਕਿਸਾਨ ਖੇਤੀ ਕਰਜ਼ੇ ਤੋਂ ਤੰਗ ਆ ਕੇ ਮੌਤ ਦੇ ਮੂੰਹ ‘ਚ ਛਾਲ ਮਾਰ ਚੁੱਕੇ ਹਨ, ਭਾਵ 15 ਸਾਲਾਂ ‘ਚ ਰੋਜ਼ਾਨਾ ਘੱਟੋ-ਘੱਟ ਤਿੰਨ ਘਰਾਂ ‘ਚ ਸੱਥਰ ਵਿਛ ਜਾਂਦੇ ਸਨ। ਅੱਜ ਵੀ ਹਰ ਰੋਜ਼ ਤਿੰਨ-ਚਾਰ ਕਰਜ਼ੇ ਦੇ ਸਤਾਏ ਕਿਸਾਨਾਂ/ਖੇਤੀ ਮਜ਼ਦੂਰਾਂ ਵੱਲੋਂ ਖ਼ੁਦਕੁਸ਼ੀਆਂ ਕੀਤੇ ਜਾਣ ਦੀਆਂ ਕਾਲੀਆਂ ਖ਼ਬਰਾਂ ਪੜਨ ਨੂੰ ਮਿਲ ਰਹੀਆਂ ਹਨ। ਵੀਹ ਸਾਲ ਪੁਰਾਣੀਆਂ ਅਖ਼ਬਾਰਾਂ ਕੱਢ ਲਵੋ, ਸਾਲ ‘ਚ ਮਸਾਂ ਇਕ ਵੀ ਖ਼ਬਰ ਅਜਿਹੀ ਨਹੀਂ ਲੱਭੇਗੀ। ਇਸ ਅਣਹੋਣੀ ਨੂੰ ਸਮਝਣ ਲਈ ਮੈਂ ਤੁਹਾਨੂੰ ਥੋੜਾ ਪਿਛੇ ਲੈ ਕੇ ਜਾਣਾ ਚਾਹੁੰਦਾ ਹਾਂ। ਸੱਤਵੇ ਦਹਾਕੇ, ਭਾਵ 1960-70 ਵਿਚ ਉਦਯੋਗ, ਬੈਂਕ, ਡੀਲਰ, ਅਫਸਰਸ਼ਾਹੀ ਤੇ ਨੇਤਾਵਾਂ ਨੇ ਰਲ ਕੇ ਕਿਸਾਨਾਂ ਨੂੰ ਐਸੇ ਸਬਜ਼ਬਾਗ਼ ਦਿਖਾਏ ਕਿ ਕਿਸਾਨ ਨੂੰ ਲੱਗਣ ਲੱਗਾ ਕਿ ਇਹ ਸਾਰੇ ਤਾਂ ਰੱਬ ਦਾ ਰੂਪ ਹਨ। ਪੰਜਾਬ ਦੇ ਕਿਸਾਨ ਨੂੰ ਦੇਸ਼ ਲਈ ਅੰਨ ਪੈਦਾ ਕਰਨ ਦਾ ਐਸਾ ਵਾਸਤਾ ਪਾਇਆ ਗਿਆ ਕਿ ਇਸ ਦਾ ਇਹ ਨਤੀਜਾ ਨਿਕਲਿਆ ਕਿ ਮੇਰੇ ਕਿਸਾਨਾਂ ਤੇ ਮਜ਼ਦੂਰਾਂ ਨੇ ਨਾ ‘ਆ ਵੇਖਿਆ ਨਾ ਤਾ’ ਖ਼ੂਨ-ਪਸੀਨਾ ਇਕ ਕਰ ਕੇ ਦੇਸ਼ ਦੇ ਅੰਨ ਭੰਡਾਰ ਨੱਕੋ-ਨੱਕ ਭਰ ਦਿੱਤੇ, ਜਿਸ ਨੂੰ ਦੇਸ਼ ਨੇ ‘ਹਰੇ ਇਨਕਲਾਬ’ ਦਾ ਨਾਂ ਦਿਤਾ। ਹਰੇ ਇਨਕਲਾਬ ਨੇ ਦੁਨੀਆ ਨੂੰ ਮੂੰਹ ‘ਚ ਉਂਗਲੀਆਂ ਪਾਉਣ ਲਈ ਮਜਬੂਰ ਕਰ ਦਿਤਾ। ਹੁਣ ਜਦੋਂ ਖ਼ੁਰਾਕ ਉਤਪਾਦਨ ਸਾਂਭਿਆ ਨਹੀਂ ਜਾ ਰਿਹਾ ਤਾਂ ਉਹੀ ਸਰਕਾਰੀ ਅਫਸਰ ਮੇਰੇ ਪੰਜਾਬੀਆਂ ਨੂੰ ਡਰਾ ਰਹੇ ਹਨ ਕਿ ਹੁਣ ਕੋਈ ਹੋਰ ਫ਼ਸਲਾਂ ਬੀਜਣੀਆਂ ਸ਼ੁਰੂ ਕਰ ਦਿਓ। ਪਹਿਲਾਂ ਇਹੀ ਲੋਕ ਕਹਿੰਦੇ ਸਨ, ‘ਤੁਸੀਂ ਜਿੰਨਾ ਮਰਜ਼ੀ ਅਨਾਜ ਪੈਦਾ ਕਰੋ, ਸਰਕਾਰ ਇਕ- ਇਕ ਦਾਣਾ ਖ਼ਰੀਦੇਗੀ।’ ਹੁਣ ਕਿਹਾ ਜਾ ਰਿਹੈ ਕਿ ਆਪਣੀ ਫ਼ਸਲ ਵੇਚਣ ਲਈ ਮੰਡੀ ਵੀ ਆਪ ਲੱਭੋ। ਜਦੋ ਦੇਸ਼ ਨੂੰ ਲੋੜ ਸੀ, ਉਦੋਂ ਤੁਸੀਂ ਪੈਸਾ ਪਾਣੀ ਵਾਂਗ ਵਹਾਇਆ ਤੇ ਜਦੋਂ ਜ਼ਰੂਰਤ ਪੂਰੀ ਹੋ ਗਈ ਤਾਂ ਤੁਸੀਂ ਮੂੰਹ ਫੇਰਨ ਲੱਗੇ।

ਖੇਤੀ ਲਈ 36 ਵਿਭਾਗ, ਨਤੀਜੇ ਮਨਫ਼ੀ
ਮੁਲਕ ਵਿਚ ਕਿਸਾਨਾਂ ਦੀ ਮਦਦ ਲਈ ਕੇਂਦਰ ਤੇ ਰਾਜ ਸਰਕਾਰਾਂ ਦੇ ਲਗਪਗ 36 ਤੋਂ ਵੱਧ ਵਿਭਾਗ ਹਨ, ਇਨਾਂ ਵਿਚ ਖੇਤੀਬਾੜੀ ਤੇ ਕਿਸਾਨ ਭਲਾਈ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਕ੍ਰਿਸ਼ੀ ਵਿਗਿਆਨ ਕੇਂਦਰ, ਬਾਗ਼ਬਾਨੀ ਵਿਭਾਗ, ਪਸ਼ੂ ਪਾਲਣ ਵਿਭਾਗ, ਮੁਰਗੀ ਪਾਲਣ, ਮੱਛੀਪਾਲਣ, ਡੇਅਰੀ ਵਿਭਾਗ, ਡੇਅਰੀ ਵਿਕਾਸ ਵਿਭਾਗ, ਮਾਰਕਫੈੱਡ, ਮਿਲਕਫੈੱਡ, ਪਨਵੇਅਰ, ਪਨਸਪ, ਮੰਡੀ ਬੋਰਡ, ਬਿਜਲੀ ਬੋਰਡ, ਸਿੰਚਾਈ ਵਿਭਾਗ, ਨਹਿਰੀ ਵਿਭਾਗ, ਖੇਤੀਬਾੜੀ ਯੂਨੀਵਰਸਿਟੀ, ਪਸ਼ੂ ਪਾਲਣ ਯੂਨੀਵਰਸਿਟੀ, ਮੌਸਮ ਵਿਭਾਗ, ਨਾਬਾਰਡ, ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ, ਸਹਿਕਾਰਤਾ ਵਿਭਾਗ, ਮਾਲ ਵਿਭਾਗ, ਜੰਗਲਾਤ ਵਿਭਾਗ, ਭੂਮੀ ਸੁਧਾਰ ਵਿਭਾਗ, ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ, ਪੰਜਾਬ ਐਗਰੋ ਫੂਡ ਕਾਰਪੋਰੇਸ਼ਨ, ਗੰਨਾ ਕਮਿਸ਼ਨ, ਪੰਜਾਬ ਕਿਸਾਨ ਕਮਿਸ਼ਨ, ਕੇਂਦਰੀ ਕਿਸਾਨ ਕਮਿਸ਼ਨ, ਪਨਸੀਡ, ਕੌਮੀ ਐਗਰੀਫੂਡ ਬਾਇਓ-ਟੈਕਨਾਲੋਜੀ ਇੰਸਟੀਚਿਊਟ, ਇਫਕੋ, ਕਰਿਭਕੋ, ਆਈਸੀਏਆਰ, ਆਈਏਆਰਆਈ ਆਦਿ ਸ਼ਾਮਲ ਹਨ। ਇਨਾਂ ਵਿਭਾਗਾਂ ਦੇ ਕਰਮਚਾਰੀਆਂ, ਇਮਾਰਤਾਂ ਤੇ ਮਸ਼ੀਨਰੀ ਲਈ ਅਰਬਾਂ ਰੁਪਏ ਖ਼ਰਚ ਹੁੰਦੇ ਹਨ। ਜਿਨਾਂ ਕਿਸਾਨਾਂ ਦੀ ਭਲਾਈ ਲਈ ਕੇਂਦਰ ਤੇ ਰਾਜ ਸਰਕਾਰਾਂ ਨੇ ਆਜ਼ਾਦੀ ਮਗਰੋਂ ਅਰਬਾਂ ਰੁਪਏ ਪਾਣੀ ਵਾਂਗ ਵਹਾ ਦਿੱਤਾ, ਉਹ ਕਿਸਾਨ ਤਾਂ ਆਜ਼ਾਦੀ ਦੇ 70 ਸਾਲਾਂ ਮਗਰੋਂ ਵੀ ਰੋਜ਼ ਫਾਹੇ ਲੱਗਣ ਲਈ ਮਜਬੂਰ ਹੈ ਪਰ ਇਨਾਂ 36 ਤੋਂ ਵੱਧ ਵਿਭਾਗਾਂ ਦੇ ਇਕ ਵੀ ਕਰਮਚਾਰੀ, ਕਿਸੇ ਖੇਤੀ ਮੰਤਰੀ ਨੇ ਕਦੇ ਕਰਜ਼ੇ ਤੇ ਭੁੱਖਮਰੀ ਤੋਂ ਤੰਗ ਆ ਕੇ ਫਾਹਾ ਨਹੀਂ ਲਿਆ ਤੇ ਨਾ ਹੀ ਕਿਸੇ ਨੇ ਸਲਫਾਸ ਖਾਧੀ ਬਲਕਿ ਇਨਾਂ ਵਿਭਾਗਾਂ ‘ਚ ਉੱਚ ਅਹੁਦਿਆਂ ‘ਤੇ ਬਿਰਾਜਮਾਨ ‘ਅਫਸਰ ਸਾਹਿਬਾਨ’ ਕਿਸਾਨਾਂ ਲਈ ਸਰਕਾਰੀ ਗਰਾਂਟਾਂ ‘ਚੋਂ ਰਕਮਾਂ ਹਜ਼ਮ ਕਰਨ ਤੇ ਦਵਾਈਆਂ/ਮਸ਼ੀਨਰੀ ਵਾਲੀਆਂ ਕੰਪਨੀਆਂ ਨਾਲ ਮਿਲੀਭੁਗਤ ਦੇ ਦੋਸ਼ਾਂ ਕਾਰਨ ਹਵਾਲਾਤਾਂ ਦੀ ਸੈਰ ਕਰ ਚੁੱਕੇ ਹਨ ਤੇ ਹੁਣ ਅਦਾਲਤਾਂ ਦੀ ਹਾਜ਼ਰੀ ਭਰਦੇ ਵੇਖੇ ਜਾ ਸਕਦੇ ਹਨ। ਖੇਤੀ-ਮੰਤਰੀਆਂ ਤਕ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਚੁੱਕੇ ਹਨ। ਇਹ ਗੱਲ ਵੱਖਰੀ ਹੈ ਕਿ ਲੀਡਰ ਆਪਣੇ ਹਿੱਸੇ ਦੀ ਸੁਆਹ ਅਧਿਕਾਰੀਆਂ ਦੇ ਸਿਰ ਪਾ ਕੇ ਆਪ ‘ਬਗਲੇ’ ਬਣ ਕੇ ਉਡਾਰੀਆਂ ਮਾਰ ਜਾਂਦੇ ਹਨ।

ਤਨਖ਼ਾਹਾਂ ‘ਚ ਬਲੈਕਮੇਲਿੰਗ
ਮੇਰੇ ਲਾਡ-ਪਿਆਰ ਤੋਂ ਆਕੀ ਹੋ ਚੁੱਕੇ ਮੇਰੇ ਲੀਡਰੋ! ਤੁਹਾਡੇ ਵੱਲੋਂ ਕਰਵਾਏ ਗਏ ਮੇਰੇ ਵਿਕਾਸ ਦੇ ਇਸ਼ਤਿਹਾਰ ਤਾਂ ਗਲੀ-ਗਲੀ ਲੱਗੇ ਹੋਏ ਨੇ ਪਰ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਨੇ, ਆਂਗਨਵਾੜੀ ਕਰਮਚਾਰੀ, ਸੁਵਿਧਾ ਕੇਂਦਰਾਂ ਦੇ ਕਾਮੇਂ, ਠੇਕੇ ਤੇ ਰੱਖੇ ਅਧਿਆਪਕ ਤੇ ਦੂਸਰੇ ਵਿਭਾਗਾਂ ਦੇ ਕਰਮਚਾਰੀ ਤਨਖ਼ਾਹਾਂ ਲਈ ਸੜਕਾਂ ‘ਤੇ ਧਰਨੇ ਲਾਉਣ ਲਈ ਮਜਬੂਰ ਹਨ। ਬਿਜਲੀ ਦਰਾਂ ਦੇ ਵਾਧੇ ਨੇ ਆਮ ਲੋਕਾਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ। ਨਵੀਂ ਭਰਤੀ ਵਾਲੇ ਕਰਮਚਾਰੀਆਂ ਪਾਸੋਂ ਤੁਸੀਂ ਬਿਨਾਂ ਮਹਿੰਗਾਈ ਭੱਤੇ ਤੇ ਹੋਰ ਲਾਭ ਦਿੱਤਿਆਂ ਸਿਰਫ਼ ਬੇਸਿਕ ਤਨਖ਼ਾਹ ‘ਤੇ ਬਾਕੀ ਕਰਮਚਾਰੀਆਂ ਦੇ ਬਰਾਬਰ ਕੰਮ ਲੈ ਰਹੇ ਹੋ। ਇਹ ਇਨਾਂ ਨੂੰ ਬਲੈਕਮੇਲ ਕਰਨ ਦਾ ਸਰਕਾਰਾਂ ਦਾ ਨਵਾਂ ਢੰਗ ਹੈ।

ਵਿਰਾਸਤ ਦਾ ਘਾਣ
ਪੰਜਾਬੀ ਸੱਭਿਆਚਾਰ ਦੇ ਨਾਂ ‘ਤੇ ਫਿਲਮਾਂ ਅਤੇ ਗੀਤਾਂ ‘ਚ ਮੇਰੀ ਜਿਹੜੀ ਭੰਡੀ ਕੀਤੀ ਜਾ ਰਹੀ ਹੈ ਉਸ ‘ਤੇ ਸਰਕਾਰਾਂ, ਸਮਾਜ ਤੇ ਬਾਕੀ ਸੰਸਥਾਵਾਂ ਚੁੱਪ ਹਨ। ਲੱਚਰ ਗੀਤ ਮੇਰੀ ਨਵੀਂ ਪੀੜੀ ਨੂੰ ਜਦੋਂ ਇਹ ਸੰਦੇਸ਼ ਦਿੰਦੇ ਹਨ ਕਿ ਪੰਜਾਬਣਾਂ ਨਾਭੇ ਦੀਆਂ ਬੋਤਲਾਂ ਹਨ, ਪਹਿਲੇ ਤੋੜ ਦੀ ਦਾਰੂ ਹਨ, ਸੜਕਾਂ ‘ਤੇ ਤੁਰੀ ਜਾਂਦੀ ਮੁਟਿਆਰ ਅੱਗ ਹੈ, ਜੱਟ ਫਾਇਰ ਕਰਦੇ ਹਨ, ਪੰਜਾਬੀ ਬੱਕਰੇ ਬਲਾਉਂਦੇ ਨੇ…ਤਾਂ ਇਹ ਸੁਣ ਕੇ ਮੈਨੂੰ ਬੜੀ ਸ਼ਰਮ ਆਉਂਦੀ ਹੈ। ਉਸ ਵੇਲੇ ਮੈਂ ਸ਼ਰਮ ਨਾਲ ਪਾਣੀ-ਪਾਣੀ ਹੋ ਜਾਂਦਾ ਹਾਂ ਜਦੋਂ ਬੱਗੀਆਂ ਦਾੜੀਆਂ ਵਾਲੇ ਬਾਬੇ ਵੀ ‘ਲੱਕ ਟਵੰਟੀ ਏਟ’ ਵਾਲੇ ਗੀਤ ‘ਤੇ ਨੱਚਣ ਲੱਗ ਜਾਂਦੇ ਨੇ ਤੇ ਸਾਹਮਣੇ ਉਨਾਂ ਦੀਆਂ ਨੂੰਹਾਂ, ਧੀਆਂ ਤੇ ਪੋਤੀਆਂ ਵੀ ਬੈਠੀਆਂ ਹੁੰਦੀਆਂ ਹਨ। ਪਿਛਲੇ ਸਮੇਂ ਜਿੰਨੀਆਂ ਵੀ ਪੰਜਾਬੀ ਫਿਲਮਾਂ ਆਈਆਂ, ਉਨਾਂ ‘ਚ ਘਟੀਆ ਚੁਟਕਲਿਆਂ ਤੋਂ ਵੱਧ ਕੁਝ ਨਹੀਂ ਸੀ। ਇਹ ਫਿਲਮਾਂ ਮੁੰਡੇ -ਕੁੜੀ ਦੇ ਇਸ਼ਕ ਦੁਆਲੇ ਘੁੰਮ ਕੇ ਖ਼ਤਮ ਹੋ ਜਾਂਦੀਆਂ ਹਨ। ਇਨਾਂ ਨੂੰ ਵੇਖ ਕੇ ਇੰਜ ਜਾਪਣ ਲਗਦਾ ਹੈ ਜਿਵੇਂ ਪੰਜਾਬੀ ਮੁੰਡੇ-ਕੁੜੀਆਂ ਨੂੰ ਇਸ਼ਕ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ। ਪੰਜਾਬ ਦੇ ਹਿਤੈਸ਼ੀਆਂ ਨੂੰ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਊਧਮ ਸਿੰਘ, ਮਦਨ ਲਾਲ ਢੀਂਗਰਾ ਯਾਦ ਨਹੀਂ ਆਉਂਦੇ। ਜੱਲਿਆਂ ਵਾਲਾ ਬਾਗ਼, ਕਾਮਾਗਾਟਾ ਮਾਰੂ, ਗ਼ਦਰ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਕਾਲੇ ਪਾਣੀਆਂ ਦੀਆਂ ਜੇਲਾਂ, ਵਿਸ਼ਵ ਜੰਗਾਂ ਵਿਚ ਪੰਜਾਬੀ, ਜਨਰਲ ਜਗਜੀਤ ਸਿੰਘ, ਏਅਰ ਚੀਫ ਮਾਰਸ਼ਲ ਅਰਜੁਨ ਸਿੰਘ ਅਤੇ ਡਾ. ਐੱਮਐੱਸ ਰੰਧਾਵਾ ਵਰਗੇ ਬਹਾਦਰ, ਸਿਰਕੱਢ ਤੇ ਦੂਰ-ਦ੍ਰਿਸ਼ਟੀ ਵਾਲੇ ਪੰਜਾਬੀ ਕਿਸੇ ਫਿਲਮ ਨਿਰਮਾਤਾ ਨੂੰ ਯਾਦ ਨਹੀਂ ਆਉਂਦੇ। ਕਿਸੇ ਸਰਕਾਰ ਨੇ ਇਨਾਂ ਬਾਬਤ ਫਿਲਮਾਂ ਬਣਵਾਉਣ ਬਾਰੇ ਨਹੀਂ ਸੋਚਿਆ!

ਆਪਣੇ ਬੱਚਿਆਂ ਨਾਲ ਦੋ ਗੱਲਾਂ
ਮੇਰੇ ਪਿਆਰੇ ਪੰਜਾਬੀਓ! ਮੈਂ ਤੁਹਾਡੇ ਨਾਲ ਵੀ ਦੋ-ਟੁੱਕ ਗੱਲਾਂ ਕਰਨੀਆਂ ਹਨ। ਜਿਨਾਂ ਲੋਕਾਂ ਨੂੰ ਚੁਣ ਕੇ ਤੁਸੀਂ ਵਿਧਾਨ-ਸਭਾਂ ਜਾਂ ਲੋਕ-ਸਭਾ ਭੇਜਦੇ ਓ, ਕਦੇ ਉਨਾਂ ਨੂੰ ਤੁਸੀ ਪੁਛਿਆ ਹੈ ਕਿ ਉਨਾਂ ਨੇ ਪੰਜ ਸਾਲਾਂ ‘ਚ ਕਿਹੜੇ ਕੰਮ ਕਰਵਾਏ? ਜਦੋਂ ਤੁਹਾਡੇ ਪਿੰਡ ਦੀ ਫਿਰਨੀ ‘ਤੇ ਸ਼ਰਾਬ ਦਾ ਠੇਕਾ ਖੁੱਲਿਆ ਸੀ ਤਾਂ ਤੁਹਾਡੇ ‘ਚੋਂ ਕਿੰਨਿਆਂ ਨੇ ਵਿਰੋਧ ਕੀਤਾ ਸੀ? ਪਿੰਡਾਂ ਦੇ ਸਕੂਲਾਂ, ਹਸਪਤਾਲਾਂ, ਸੜਕਾਂ, ਪਾਣੀ ਦੀਆਂ ਸਹੂਲਤਾਂ ਤੋਂ ਸਰਕਾਰਾਂ ਪਾਸਾ ਵੱਟਦੀਆਂ ਜਾ ਰਹੀਆਂ ਹਨ ਕੀ ਤੁਸੀਂ ਵੋਟਾਂ ਵੇਲੇ ਕਿਸੇ ਲੀਡਰ ਦੇ ਗਲ਼ ‘ਚ ਪੱਲਾ ਪਾ ਕਿ ਪੁਛਿਆ ਹੈ ਕਿ ਸਰਕਾਰਾਂ ਤੁਹਾਡੇ ਨਾਲ ਵਿਤਕਰਾ ਕਿਉਂ ਕਰ ਰਹੀਆਂ ਹਨ?

ਤੁਸੀਂ ਪਿੰਡਾਂ ‘ਚ ਚਾਰ-ਚਾਰ ਧਾਰਮਿਕ ਸਥਾਨ ਤਾਂ ਬਣਾ ਲਏ ਹਨ ਪਰ ਜਿੱਥੋਂ ਤੁਹਾਡੇ ਬੱਚਿਆਂ ਨੇ ਵਿੱਦਿਆ ਦਾ ਚਾਨਣ ਲੈ ਕੇ ਜ਼ਿੰਦਗੀ ‘ਚ ਅਗਾਂਹ ਵਧਣਾ ਹੈ, ਉਨਾਂ ਵਿੱਦਿਅਕ ਮੰਦਰਾਂ ਵੱਲ ਧਿਆਨ ਹੀ ਨਹੀਂ ਦਿੱਤਾ। ਫੋਕੀ ਵਾਹ-ਵਾਹ ਲਈ ਵਿਆਹਾਂ ‘ਤੇ ਲੋੜੋਂ ਵੱਧ ਖ਼ਰਚ ਕਰਨ ਲਈ ਤੁਸੀਂ ਕਰਜ਼ੇ ਚੁੱਕ ਕੇ ਆਪਣੇ ਪੈਰੀਂ ਆਪ ਕੁਹਾੜੀ ਮਾਰ ਰਹੇ ਹੋ।

ਡੇਰਾ ਮਾਫ਼ੀਆ
ਪੰਜਾਬ ‘ਚ ਧਾਰਮਿਕ ਡੇਰਿਆਂ ਦੇ ਮਾਫੀਏ ਸਿਰਫ਼ ਸਿਆਸੀ ਸ਼ਹਿ ‘ਤੇ ਪਨਪ ਰਹੇ ਹਨ। ਇਨਾਂ ਮੱਠਾਂ ਨੇ ਪੰਜਾਬ ਦੀ ਨੌਜਵਾਨ ਸ਼ਕਤੀ ‘ਚੋਂ ਮਿਹਨਤ, ਚਿੰਤਨ, ਸੰਵਾਦ, ਸੰਵੇਦਨਸ਼ੀਲਤਾ ਤੇ ਸਬਰ ਦੀ ਸਮਰਥਾ ਨੂੰ ਵੱਡੀ ਸੰਨ ਲਾਈ ਹੈ। ਇਨਾਂ ਡੇਰਿਆਂ ਦੇ ਮਸੰਦਾਂ ਨੇ ਅੰਧ-ਵਿਸ਼ਵਾਸ ਤੇ ਵਿਹਲੜਪੁਣੇ ਨੂੰ ਤੁਹਾਡੇ ਹੱਡੀਂ ਰਚਾ ਦਿੱਤਾ ਹੈ। ਸਿਆਸੀ ਲੀਡਰਾਂ ਦੇ ਫੋਕੇ ਭਾਸ਼ਣ ਸੁਣਨ ਤੇ ਉਨਾਂ ਦੀ ਮੁਫ਼ਤ ਦੀ ਦਾਰੂ ਪਾਣ ਲਈ ਤੁਸੀਂ ਕੰਮ ਛੱਡ ਕੇ ਬੱਸਾਂ ‘ਚ ਜਾ ਬੈਠਦੇ ਓ ਪਰ ਸਾਂਝੇ ਕੰਮਾਂ ‘ਚ ਇਕੱਠੇ ਹੋਣ ਸਮੇਂ ਤੁਹਾਨੂੰ ‘ਜ਼ਰੂਰੀ ਕੰਮ’ ਯਾਦ ਆ ਜਾਂਦੇ ਹਨ। ਧਾਰਮਿਕ ਡੇਰਿਆਂ ਲਈ ਤੁਸੀਂ ਝੱਟ ਉਗਰਾਹੀ ਦੇ ਦਿੰਦੇ ਹੋ ਪਰ ਸਕੂਲ ਨੂੰ ਨਾਮਾਤਰ ਫੰਡ ਦੇਣ ਸਮੇਂ ਤੁਸੀਂ ਕਈ ਬਹਾਨੇ ਲੱਭ ਲੈਂਦੇ ਹੋ। ਪਿੰਡਾਂ ਦੇ ਛੱਪੜ ਕਦੇ ਮੇਰੇ ਸੀਨੇ ਨੂੰ ਠਾਰਦੇ ਸਨ ਪਰ ਤੁਸੀਂ ਵੋਟਾਂ ਦੀ ਰਾਜਨੀਤੀ ਤੇ ਲਾਲਚ ਹਿੱਤ ਇਸ ਵਡਮੁੱਲੇ ਖਜ਼ਾਨੇ ਨੂੰ ਤਹਿਸ-ਨਹਿਸ ਕਰ ਦਿੱਤਾ। ਤੁਸੀਂ ਮੇਰੇ 60 ਹਜ਼ਾਰ ਏਕੜ ਤੋਂ ਜ਼ਿਆਦਾ ਛੱਪੜ ਪੂਰ ਦਿੱਤੇ। ਸਿਆਸੀ ਲੀਡਰਾਂ ਨੇ ਅੰਗਰੇਜ਼ਾਂ ਵਾਂਗ ‘ਪਾੜੋ ਤੇ ਰਾਜ ਕਰੋ’ ਵਾਲੀ ਨੀਤੀ ਵਰਤ ਕੇ ਤੁਹਾਨੂੰ ਜ਼ਾਤਾਂ, ਧਰਮਾਂ, ਬੋਲੀਆਂ ਤੇ ਇਲਾਕਿਆਂ ‘ਚ ਵੰਡ ਕੇ ਆਪਣੀਆਂ ਕੁਰਸੀਆਂ ਪੱਕੀਆਂ ਕਰ ਲਈਆਂ ਤੇ ਤੁਹਾਨੂੰ ਪਾਣੀਆਂ, ਨਦੀਆਂ, ਪੰਜਾਬੀ ਇਲਾਕਿਆਂ ਵਰਗੇ ਮੁੱਦਿਆਂ ‘ਚ ਉਲਝਾਈ ਰੱਖਿਆ ਤੇ ਤੁਸੀਂ ਸਭ ਕੁਝ ਜਾਣਦੇ ਹੋਏ ਵੀ ਅੱਖਾਂ ਬੰਦ ਕਰੀ ਰੱਖਦੇ ਹੋ। ਇਹ ਲੀਡਰ ਰਈ ਕਰ ਕੇ ਸਿਆਸੀ ਅਖਾੜਿਆਂ ‘ਚ ਘੁਲਦੇ ਰਹੇ ਤੇ ਤੁਸੀਂ ਇਨਾਂ ਦੀਆਂ ਜਿੱਤਾਂ ‘ਤੇ ਕੱਛਾਂ ਵਜਾਉਂਦੇ ਰਹੇ। ਹੁਣ ਤਕ ਮੇਰੀ ਛਾਤੀ ‘ਤੇ ਸਿਰਫ਼ ਪੰਜ-ਛੇ ਪਰਿਵਾਰ ਹੀ ਰਾਜ ਕਰਦੇ ਆ ਰਹੇ ਹਨ।

ਬੱਚਿਆਂ ਦਾ ਬੌਧਿਕ ਅਪਹਰਣ
ਮੁੱਢਲੀ ਸਿੱਖਿਆ ਨਾਲ ਹੁਣ ਤਕ ਤੁਸੀਂ ਤਜਰਬੇ ਹੀ ਕੀਤੇ ਹਨ। ਪ੍ਰਾਇਮਰੀ ਵਿੱਦਿਆ ‘ਤੇ ਸਭ ਤੋਂ ਵੱਧ ਜ਼ੋਰ ਦੇਣ ਦੀ ਲੋੜ ਹੁੰਦੀ ਹੈ। ਇਸੇ ਨੇ ਬੱਚੇ ਦੇ ਭਵਿੱਖ ਦੀ ਨੀਂਹ ਬਣਨਾ ਹੁੰਦਾ ਹੈ ਪਰ ਇਨਾਂ ਸਕੂਲਾਂ ‘ਚੋਂ ਪੜ ਕੇ ਨਿਕਲੇ ਬੱਚੇ ਦਸਵੀਂ ਤਕ ਪਹੁੰਚ ਕੇ ਸਹੀ ਪੰਜਾਬੀ ਵੀ ਨਹੀਂ ਲਿਖ ਸਕਦੇ। ਹੁਣ ਤੁਸੀ ਮੇਰੇ ਨਿੱਕੇ-ਨਿੱਕੇ ਬਾਲਾਂ ਦੇ ਹੱਥਾਂ ‘ਚ ਅੰਗਰੇਜ਼ੀ ਦੇ ਕਾਇਦੇ ਫੜਾ ਦਿਤੇ ਹਨ। ਮੇਰੇ ਬਾਲ ਅੰਗਰੇਜ਼ੀ ਪੜ ਲੈਣਗੇ ਪਰ ਪਹਿਲਾਂ ਸਕੂਲਾਂ ‘ਚ ਪੜਦੇ ਅਧਿਆਪਕਾਂ ਨੂੰ ਵਾਧੂ ਕੰਮਾਂ ਵੱਲੋਂ ਹਟਾ ਕੇ ਉਨਾਂ ਪੜਾਉਣ ਲਈ ਸਮਾਂ ਤਾਂ ਦਿਉ। ਤੁਸੀਂ ਤਾਂ ਉਨਾਂ ਨੂੰ ਆਪਣੇ ਕੰਮੀਂ ਲਾਈ ਰੱਖਦੇ ਹੋ, ਕਦੇ ਮਰਦਮ-ਸ਼ੁਮਾਰੀ, ਕਦੇ ਵੋਟਾਂ ਬਣਵਾ ਲਈਆਂ, ਕਦੇ ਵੋਟਾਂ ਦੀ ਸੁਧਾਈ ਤੇ ਕਦੇ ਹੋਰ ਸਰਕਾਰੀ ਸਰਵੇਖਣਾਂ ‘ਚ ਲਾ ਲਿਆ।

ਮਾਫੀਏ ਤੇ ਗੈਂਗਾਂ ਦਾ ਬੋਲਬਾਲਾ
ਕਿਸਾਨ ਨੂੰੰ ਚੂੰਡਣ ਵਾਲੀਆਂ ‘ਗਿਰਝਾਂ’ ਤਾਂ ਇਥੇ ਬਹੁਤ ਸਨ ਪਰ ਜਿਹੜੇ ਹੌਸਲੇ ਵਾਲੇ ਪੰਜਾਬੀਆਂ ਨੇ ਜੌਰਜੀਆ ਵਰਗੇ ਮੁਲਕਾਂ ‘ਚ ਜਾ ਕੇ ਨਵੇਂ ਸੁਪਨੇ ਬੀਜਣ ਲਈ ਜ਼ਮੀਨਾਂ ਖ਼ਰੀਦੀਆਂ ਸਨ, ਉਨਾਂ ਦੀਆਂ ਆਸਾਂ ‘ਤੇ ਵੀ ਅੱਜ ਪੰਜਾਬ ਦੇ ਪ੍ਰਾਪਰਟੀ ਮਾਫੀਏ ਨੇ ਪਾਣੀ ਫੇਰ ਦਿਤਾ।ਹੈ। ਦਲਾਲਾਂ ਨਾਲ ਮਿਲ ਕੇ ਇਸ ਮਾਫੀਏ ਨੇ ਕਈ ਘਰਾਂ ‘ਚ ਮੁਸੀਬਤਾਂ ਦਾ ਪੋਚਾ ਫੇਰ ਦਿਤਾ ਹੈ। ਜੇਲਾਂ ਵਿਚ ਬੈਠੇ ਗੈਂਗਸਟਰ ਜਨਮ ਦਿਨਾਂ ਦੇ ਕੇਕ ਕੱਟ ਰਹੇ ਨੇ ਅਤੇ ਫੇਸਬੁੱਕ ‘ਤੇ ਜਸ਼ਨਾਂ ਦੀਆਂ ਤਸਵੀਰਾਂ ਪੋਸਟ ਕਰ ਰਹੇ ਨੇ ਅਤੇ ਕਈ ਨੌਜਵਾਨ ਗੈਂਗਸਟਰਾਂ ਦਾ ਹਿੱਸਾ ਬਣਨ ਲਈ ਫੇਸਬੁੱਕ ਤੇ ਪੋਸਟ ਪਾ ਕੇ ਪੁੱਛਦੇ ਨੇ ਕਿ ਫਲਾਣੇ ਗੈਂਗਸਟਰ ਦਾ ਫੋਨ ਨੰਬਰ ਕਿਵੇਂ ਮਿਲੇਗਾ?

ਚੀਜ਼ਾਂ ਮਹਿੰਗੀਆਂ, ਕਿਰਤ ਸਸਤੀ
ਮੇਰੇ ਪੁੱਤਰਾਂ ‘ਤੇ ਤੁਸੀਂ ਦੋਸ਼ ਲਾਉਂਦੇ ਓ ਕਿ ਇਨਾਂ ਨੇ ਮਿਹਨਤ ਕਰਨੀ ਛੱਡ ਦਿਤੀ ਹੈ। ਇਨਾਂ ਨੇ ਮਿਹਨਤ ਕਰਨੀ ਨਹੀਂ ਛੱਡੀ। ਸਰਕਾਰਾਂ ਅਤੇ ਵਪਾਰੀਆਂ ਨੇ ਇਨਾਂ ਦੀ ਮਿਹਨਤ ਦਾ ਮੁੱਲ ਪਾਉਣਾ ਛੱਡ ਦਿੱਤਾ ਹੈ। ਮਹਿੰਗਾਈ ਦਾ ਵਾਵਰੋਲਾ ਕਿਸਾਨਾਂ ਦਾ ਸੱਭ ਕੁਝ ਵਲ਼ ਕੇ ਲੈ ਗਿਆ ਹੈ। 1975 ਵਿਚ ਡੀਜ਼ਲ ਸਿਰਫ਼ 75 ਪੈਸੇ ਲਿਟਰ ਅਤੇ ਕਣਕ 01 ਰੁਪਏ 05 ਪੈਸੇ ਕਿੱਲੋ ਸੀ ਪਰ ਅੱਜ ਡੀਜ਼ਲ ਕਰੀਬ 66 ਰੁਪਏ ਲਿਟਰ ਹੈ ਅਤੇ ਕਣਕ 17 ਰੁਪਏ 35 ਪੈਸੇ ਕਿੱਲੋ ਹੈ, ਭਾਵ ਡੀਜ਼ਲ ਦੇ ਭਾਅ ‘ਚ 87 ਗੁਣਾ ਵਾਧਾ ਤੇ ਕਣਕ ਦੇ ਭਾਅ ‘ਚ ਨਿਗੂਣਾ 11 ਗੁਣਾ ਦਾ ਵਾਧਾ ਹੋਇਆ ਹੈ। 1975 ਵਿਚ ਇਕ ਕਿੱਲੋ ਕਣਕ ਵੇਚ ਕੇ ਇਕ ਲਿਟਰ ਡੀਜ਼ਲ ਵੀ ਆ ਜਾਂਦਾ ਸੀ ਅਤੇ 30 ਪੈਸੇ ਵੀ ਬਚ ਜਾਂਦੇ ਸਨ ਪਰ ਅੱਜ ਕਰੀਬ ਚਾਰ ਕਿੱਲੋ ਕਣਕ ਵੇਚ ਕੇ ਇਕ ਲਿਟਰ ਡੀਜ਼ਲ ਆਉਂਦਾ ਹੈ।

ਕਿਸਾਨ ਨੁੱਚੜਿਆ ਵਪਾਰੀ ਆਫ਼ਰੇ
ਫ਼ਸਲ ਕਿਸਾਨ ਬੀਜੇ ਪਰ ਉਸ ਦਾ ਖ਼ਰਚਾ ਅਤੇ ਕੀਮਤ ਸਰਕਾਰੀ ਅਫਸਰ ਤੈਅ ਕਰਨ, ਟਾਟਾ, ਬਿਰਲਾ, ਹੀਰੋ, ਮਾਰੂਤੀ, ਰਿਲਾਇੰਸ ਆਦਿ ਕੰਪਨੀਆਂ ਆਪਣੀਆਂ ਚੀਜ਼ਾਂ ਦੀਆਂ ਕੀਮਤਾਂ ਆਪ ਨਿਸ਼ਚਿਤ ਕਰਨ ਅਤੇ ਕਿਸਾਨ ਦੀ ਫ਼ਸਲ ਦੀ ਕੀਮਤ ਉਹ ਲੋਕ ਤੈਅ ਕਰਨ ਜਿਨਾਂ ਨੇ ਕਦੇ ਜੇਠ-ਹਾੜ ‘ਚ ਕਾਂ ਦੀ ਅੱਖ-ਕੱਢਵੀਂ ਧੁੱਪ ਚ ਆਪਣੀ ਚੀਚੀ ਵੀ ਏਅਰ ਕੰਡੀਸ਼ਨਰ ‘ਚੋਂ ਬਾਹਰ ਨਹੀਂ ਕੱਢੀ ਹੁੰਦੀ। ਕਿਸਾਨਾਂ ਦੀਆਂ ਫ਼ਸਲਾਂ ਦੀਆਂ ਕੀਮਤਾਂ ਉੱਪਰ ਸਰਕਾਰਾਂ ਦਾ ਕੰਟਰੋਲ ਅਤੇ ਵੱਡੇ ਉਦਯੋਗਪਤੀ ਜਿੰਨੀ ਮਰਜ਼ੀ ਲੁੱਟ ਮਚਾਉਣ, ਉਨਾਂ ਨੂੰ ਨੱਥ ਪਾਉਣ ਵਾਲਾ ਕੋਈ ਨਹੀਂ ਹੈ। ਇਸ ਤੋਂ ਵੱਡੇ ਅਨਿਆਂ ਤੇ ਸਰਕਾਰੀ ਗੁੰਡਾਗਰਦੀ ਦੀ ਮਿਸਾਲ ਹੋਰ ਕੀ ਹੋ ਸਕਦੀ ਹੈ?।ਕਿਸਾਨ ਮੰਡੀਆਂ ਵਿਚ ਰਾਤਾਂ ਝਾਗ ਕੇ ਫ਼ਸਲ ਵੇਚਦਾ ਹੈ। ਮੰਡੀ ‘ਚ ਪਈ ਫ਼ਸਲ ‘ਤੇ ਰੱਬ ਜਦੋਂ ਮਰਜ਼ੀ ਵਰ ਜਾਵੇ, ਸਰਕਾਰਾਂ ਦਾ ਕੋਈ ਪ੍ਰਬੰਧ ਨਹੀਂ ਪਰ ਜਿਵੇਂ ਹੀ ਵਪਾਰੀ ਜਾਂ ਸਰਕਾਰ ਆਪ ਖ਼ਰੀਦ ਕਰਦੇ ਹਨ ਤਾਂ ਨਾਲ ਦੀ ਨਾਲ ਸਾਰਾ ਅਨਾਜ ਸਿੱਧਾ ਸਟੋਰਾਂ ਵਿਚ ਪਹੁੰਚ ਜਾਂਦਾ ਹੈ। ਮੰਡੀ ਵਿਚ ਕਿਸਾਨ ਦੀ ਸਬਜ਼ੀ ਨਾ ਵਿਕੇ ਤਾਂ ਉਹ ਮਜ਼ਬੂਰੀ ਵੱਸ ਇਸ ਨੂੰ ਕੌਡੀਆਂ ਦੇ ਭਾਅ ਸੁੱਟ ਕੇ ਆਉਣ ਲਈ ਮਜਬੂਰ ਹੋ ਜਾਂਦਾ ਹੈ ਜਾਂ ਫਿਰ ਸੜਕ ਉੱਪਰ ਢੇਰੀ ਕਰ ਆਉਂਦਾ ਹੈ ਪਰ ਵਪਾਰੀ ਆਪਣਾ ਮਾਲ ਸਿੱਧਾ ਕੋਲਡ ਸਟੋਰਾਂ ਵਿਚ ਪਹੁੰਚਾ ਦਿੰਦਾ ਹੈ ਪਰ ਸਰਕਾਰਾਂ ਨੂੰ ਕਿਸਾਨਾਂ ਲਈ ਖ਼ੁਰਾਕ ਸੁਰੱਖਿਆ ਵਾਸਤੇ ਸਟੋਰ/ ਕੋਲਡ ਸਟੋਰ ਬਣਾ ਕੇ ਦੇਣ ਲੱਗਿਆਂ ਪਿੱਸੂ ਕਿਉਂ ਪੈ ਜਾਂਦੇ ਹਨ?

ਗੁੰਝਲਦਾਰ ਬਣੇ ਮਸਲੇ
ਹੁਣ ਤਕ ਕੇਂਦਰ ਅਤੇ ਪੰਜਾਬ ਵਿਚ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ, ਸਾਰੀਆਂ ਨੇ ਹੀ ਮੇਰੇ ਪੰਜਾਬੀਆਂ ਨੂੰ ਵੋਟਾਂ ਤੋਂ ਸਿਵਾਏ ਕੁਝ ਨਹੀਂ ਸਮਝਿਆ। ਮੇਰੇ ਲੀਡਰਾਂ ਨੇ ਆਪਣੀਆਂ ਕੁਰਸੀਆਂ ਲਈ ਕਦੇ ਪੰਜਾਬੀਆਂ ਨੂੰ ਧਰਨਿਆਂ ਦੇ ਰਾਹ ਤੋਰ ਕੇ ਬਾਅਦ ‘ਚ ਜੇਲੀਂ ਤਾੜ ਦਿਤਾ, ਕਦੇ ਚੰਡੀਗੜ, ਪੰਜਾਬੀ ਭਾਸ਼ਾ, ਕਦੇ ਪੰਜਾਬੀ ਇਲਾਕਿਆਂ ਦਾ ਵਾਸਤਾ ਪਾ ਕੇ ਉਨਾਂ ਦੀ ਸ਼ਕਤੀ ਨੂੰ ਖੇਰੂੰ-ਖੇਰੂੰ ਕਰ ਦਿੱਤਾ, ਕਦੇ ਕੁਰਸੀ ਖੁੱਸਦੀ ਵੇਖ ਕੇ ਪਾਣੀਆਂ ਦਾ ਮੁੱਦਾ ਚੁੱਕ ਕੇ ਭੋਲੇ-ਭਾਲੇ ਪੰਜਾਬੀਆਂ ਨੂੰ ਜੇਲੀਂ ਡਕਵਾ ਦਿੱਤਾ ਤੇ ਹੋਰ ਵੀ ਅਜਿਹਾ ਬਹੁਤ ਕੁਝ ਤੁਸੀਂ ਕਰ ਚੁੱਕੇ ਹੋ। ਹੁਣ ਤਕ ਵੱਡੀ ਗਿਣਤੀ ਵਿਚ ਮੇਰੇ ਗੱਭਰੂ ਇਨਾਂ ਲੀਡਰਾਂ ਦੀਆਂ ਚਾਲਾਂ ‘ਚ ਫਸ ਕੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਹਜ਼ਾਰਾਂ ਹੀ ਆਪਣੇ ਘਰ-ਘਾਟ ਗੁਆ ਚੁੱਕੇ ਹਨ ਪਰ ਹੁਣ ਤਕ ਜਿੰਨੀਆਂ ਵੀ ਲਹਿਰਾਂ ਚੱਲੀਆਂ ਹਨ ਉਨਾਂ ਵਿਚ ਇਕ ਵੀ ਲੀਡਰ ਸ਼ਹੀਦ ਨਹੀਂ ਹੋਇਆ ਬਲਕਿ ਇਨਾਂ ਲਹਿਰਾਂ ਸਦਕਾ ਇਹ ਲੀਡਰ ਚੇਅਰਮੈਨ, ਮੰਤਰੀ, ਮੁੱਖ-ਮੰਤਰੀ ਤੇ ਕੇਂਦਰੀ ਮੰਤਰੀਆਂ ਦੇ ਅਹੁਦਿਆਂ ਤਕ ਜ਼ਰੂਰ ਪਹੁੰਚਦੇ ਰਹੇ ਹਨ। ਹੁਣ ਤਕ ਸੱਤਾ ‘ਚ ਆਈਆਂ ਕੇਂਦਰ ਸਰਕਾਰਾਂ ਵਿਚ ਪੰਜਾਬ ਦੀਆਂ ਦੋਵੇਂ ਮੁੱਖ ਸਿਆਸੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਅਤੇ ਭਾਜਪਾ ਭਾਈਵਾਲ ਰਹਿ ਚੁੱਕੇ ਹਨ।ੇ ਮੇਰਾ ਅੰਮ੍ਰਿਤ ਵਰਗਾ ਅੰਨ-ਪਾਣੀ ਖਾ ਕੇ ਪਲਣ ਵਾਲੇ ਮੇਰੀ ਧਰਤੀ ‘ਤੇ ਪੈਦਾ ਹੋਏ ਲੀਡਰ ਮੰਤਰੀ ਵੀ ਰਹੇ ਹਨ ਪਰ ਪੰਜਾਬ ਦੇ ਮਸਲੇ ਦਹਾਕਿਆਂ ਤੋਂ ਪਹਿਲਾਂ ਵਾਂਗ ਲਟਕਦੇ ਹੀ ਨਹੀਂ ਆ ਰਹੇ ਸਗੋਂ ਪਹਿਲਾਂ ਨਾਲੋਂ ਵੀ ਗੁੰਝਲਦਾਰ ਹੋ ਗਏ ਹਨ। ਕੀ ਮੇਰੇ ਲੀਡਰਾਂ ਕੋਲ ਇਸ ਦਾ ਜਵਾਬ ਹੈ ਕਿ ਜਦੋਂ ਤੁਹਾਡੀ ਆਪਣੀ ਪਾਰਟੀ ਦੀ ਸਰਕਾਰ ਕੇਂਦਰ ਵਿਚ ਹੁੰਦੀ ਹੈ ਤਾਂ ਤੁਸੀਂ ਇਹ ਮਸਲੇ ਕਿਉਂ ਨਹੀ ਚੁੱਕਦੇ। ਜਿਵੇਂ ਹੀ ਤੁਸੀਂ ਸੱਤਾ ਤੋਂ ਬਾਹਰ ਹੋ ਜਾਂਦੇ ਹੋ ਤਾਂ ਤੁਹਾਡੇ ਅੰਦਰ ਮੇਰੇ ਲਈ ਹੇਰਵਾ ਜਾਗ ਪੈਂਦਾ ਹੈ।
ਚਾਰੇ ਪਾਸੇ ਵਿਨਾਸ਼ ਲੀਲਾ ਸਾਰੀਆਂ ਪਾਰਟੀਆਂ ਚੋਣਾਂ ਸਮੇਂ ਦਾਅਵੇ ਕਰਦੀਆਂ ਹਨ ਕਿ ਪੰਜਾਬ ਨੇ ਸਿਰਫ਼ ਉਸ ਪਾਰਟੀ ਦੇ ਸਮੇਂ ਹੀ ਵਿਕਾਸ ਕੀਤਾ ਹੈ। ਤੁਹਾਡੀ ਇਸ ਤਰੱਕੀ ਨੇ ਅੰਨਦਾਤਾ ਕਹਾਉਣ ਵਾਲੇ ਮੇਰੇ ਪੁੱਤਰਾਂ ਨੂੰ ਸਲਫਾਸ ਖਾਣ ਤੇ ਫਾਹੇ ਲੈਣ ਲਈ ਮਜਬੂਰ ਕਰ ਦਿੱਤਾ ਹੈ। ਬੇਰੁਗ਼ਗਾਰੀ ਦੇ ਮਾਰੇ ਗੱਭਰੂ ਅਤੇ ਮੁਟਿਆਰਾਂ ਮਿੱਟੀ ਦੇ ਤੇਲ ਦੀਆਂ ਬੋਤਲਾਂ ਲੈ ਕੇ ਉੱਚੀਆਂ ਟੈਂਕੀਆਂ ‘ਤੇ ਚੜ ਰਹੇ ਹਨ। ਤੁਹਾਡੀਆਂ ਮਾੜੀਆਂ ਨੀਤੀਆਂ ਨੇ ਮੇਰੇ ਬੀਬੇ ਰਾਣਿਆਂ ਨੂੰ ਮਾਲਟਾ ਵਰਗੇ ਟਾਪੂਆਂ ‘ਚ ਦਮ ਤੋੜਣ ਲਈ ਤੋਰ ਦਿੱਤਾ ਹੈ। ਗ਼ਰੀਬ ਪੰਜਾਬੀਆਂ ਨੂੰ ਵਿਦੇਸ਼ੀ ਏਜੰਟਾਂ ਦੇ ਹੱਥੋ ਲੁੱਟਣ ਲਾ ਦਿੱਤਾ ਹੈ। ਪ੍ਰਾਈਵੇਟ ਵਿੱਦਿਅਕ ਅਦਾਰਿਆਂ ਨੂੰ ਮੇਰੇ ਨੌਜਵਾਨ ਪਾੜਿਆਂ ਨੂੰ ਕੱਚ-ਘਰੜੀਆਂ ਡਿਗਰੀਆਂ ਦੇਣ ਲਾ ਕੇ ਉਨਾਂ ਦਾ ਬੌਧਿਕ ਅਪਹਰਣ ਕਰਵਾਉਣਾ ਸ਼ੁਰੂ ਕਰਵਾ ਦਿੱਤਾ ਹੈ। ਡਿਗਰੀਆਂ ਦੇ ਥੱਬੇ ਚੁੱਕੀ ਫਿਰਦੇ ਮੇਰੇ ਇਨਾਂ ਪੜਾਕੂਆਂ ਵਿੱਚੋਂ 90 ਫ਼ੀਸਦੀ ਨੂੰ ਸ਼ੰਭੂ ਬੈਰੀਅਰ ਤੋਂ ਪਾਰ ਤਾਂ ਕੀ ਆਪਣੀ ਧਰਤੀ ਉੱਪਰ ਵੀ ਕੋਈ ਅੱਠ-ਦੱਸ ਹਜ਼ਾਰ ਤੋਂ ਵੱਧ ਤਨਖ਼ਾਹ ‘ਤੇ ਨੌਕਰੀ ਦੇਣ ਲਈ ਤਿਆਰ ਨਹੀਂ। ਪਾਖੰਡੀ ਬਾਬਿਆਂ ਦੇ ਅੱਡਿਆਂ ਨੂੰ ਵੀ ਤੁਸੀਂ ਹੀ ਚਮਕਾਇਆ ਹੈ। ਇਨਾਂ ਡੇਰਿਆਂ ‘ਚ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿਚ ਤੁਸੀਂ ਇਸ ਲਈ ਈਜ਼ਾਫ਼ਾ ਕੀਤਾ ਤਾਂ ਕਿ ਤੁਸੀਂ ਚੋਣਾਂ ਵੇਲੇ ਇਨਾਂ ਨੂੰ ਵੋਟ ਦੇ ਤੌਰ ‘ਤੇ ਵਰਤ ਸਕੋ। ਸਰਕਾਰੀ ਸਿੱਖਿਆ ਤੇ ਸਿਹਤ ਤੰਤਰ ਨੂੰ ਤੁਸੀਂ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਸ਼ਹਿਰਾਂ ਅਤੇ ਪਿੰਡਾਂ ‘ਚ ਸ਼ਰਾਬ ਦੇ ਠੇਕੇ ਸਕੂਲਾਂ ਤੇ ਕਾਲਜਾਂ ਦੀਆਂ ਜੂਹਾਂ ਵਿਚ ਖੋਲ ਦਿੱਤੇ ਹਨ। ਸਿਆਸਤਦਾਨੋ! ਤੁਸੀਂ ਮੇਰੇ ਮਿਹਨਤੀ ਪੁੱਤਰਾਂ ਨੂੰ ਕਮਾਊ ਆਖਣ ਦੀ ਥਾਂ ਇਨਾਂ ਠੇਕਿਆਂ ਨੂੰ ਕਮਾਊ ਆਖਣਾ ਸ਼ੁਰੂ ਕਰ ਦਿੱਤਾ ਹੈ ਤੇ ਮੇਰੇ ਬੱਚਿਆਂ ਨੂੰ ਨਸ਼ੇ ਦੀ ਦਲਦਲ ‘ਚ ਸੁੱਟ ਕੇ ਮੇਰੀ ਹਿੱਕ ਤੋਂ ਨਸ਼ਿਆਂ ਦੇ ਖ਼ਾਤਮੇ ਦਾ ਨਾਅਰਾ ਦਿੰਦੇ ਹੋ ਤਾਂ ਮੈਨੂੰ ਲਗਦਾ ਹੈ ਕਿ ਤੁਸੀਂ ਆਪਣੀ ਜ਼ਮੀਰ ਆਪਣੀਆਂ ਪੁਸ਼ਤਾਂ ਸਵਾਰਨ ਲਈ ਵੇਚ ਦਿੱਤੀ ਹੋਵੇ। ਸਿੰਚਾਈ ਲਈ ਬਣੀਆਂ ਨਹਿਰਾਂ ਪਾਣੀ ਵਿਚ ‘ਸੋਕਾ’ ਵਗਣ ਲਾ ਦਿੱਤਾ ਹੈ ਤੇ ਦੂਜੇ ਬੰਨੇ ਸਬਮਰਸੀਬਲ ਮੋਟਰਾਂ ਤੇ ਪਾਈਪਾਂ ਬਣਾਉਣ ਵਾਲੀਆਂ ਕੰਪਨੀਆਂ ਦੇ ਵਾਰੇ ਨਿਆਰੇ ਕਰ ਦਿੱਤੇ ਹਨ। ਸਰਕਾਰੀ ਬੱਸਾਂ ‘ਚ ਡੀਜ਼ਲ ਪੂਰਾ ਨਹੀਂ ਹੁੰਦਾ ਅਤੇ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਇਕ-ਇਕ ਰੂਟ ਪਰਮਿਟ ‘ਤੇ ਚਾਰ- ਚਾਰ ਬੱਸਾਂ ਦੱਬੀ ਫਿਰਨ ਦੀ ਖੁੱਲ ਦਿੱਤੀ ਹੋਈ ਹੈ।

ਮੈਨੂੰ ਕਲੰਕਾਂ ਤੋਂ ਮੁਕਤੀ ਦਿੳ
ਮੇਰੇ ਰਹਿਬਰੋ! ਅਕ੍ਰਿਤਘਣਤਾ ਛੱਡ ਕੇ ਮੈਨੂੰ ਨਸ਼ੇ ਤੇ ਖ਼ੁਦਕਸ਼ੀਆਂ ਦੇ ਕਲੰਕ ਤੋਂ ਮੁਕਤ ਕਰੋ। ਮੇਰੇ ਬਚੜਿਆਂ ਦੀ ਸ਼ਾਨ ਨੂੰ ਬਹਾਲ ਕਰੋ। ਮੇਰੀਆਂ ਧੀਆਂ ਨੂੰ ਟੈਂਕੀਆਂ ਤੋਂ ਉਤਾਰ ਲਿਆਓ। ਕੂੜ ਦੀ ਥਾਂ ਤੇਰਾਂ-ਤੇਰਾਂ ਤੋਲਣਾ ਸ਼ੁਰੂ ਕਰੋ। ਬਾਬੇ ਨਾਨਕ ਦੇ ਪੰਜੇ ‘ਚੋਂ ਭਾਈ ਲਾਲੋ ਦਾ ਸੰਦੇਸ਼ ਪੜੋ ਤੇ ਕਿਰਤ ਨੂੰ ਮਾਣਤਾ ਦਿਓ। ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜਿਕ ਬਰਾਬਰੀ ਦੇ ਪਾਠ ਨੂੰ ਸਮਾਜ ‘ਚ ਲਾਗੂ ਕਰੋ। ਕੁਟੰਬ-ਮੋਹ ‘ਚੋਂ ਨਿਕਲੋ ਤੇ ਮੇਰੇ ਬੱਚਿਆਂ ਦੇ ਭਵਿੱਖ ਨੂੰ ਸੋਨ-ਸੁਨਿਹਰਾ ਕਰਨ ਲਈ ‘ਧਰਮਾਂ, ਜ਼ਾਤਾਂ, ਗੋਤਾਂ, ਇਲਾਕਿਆਂ ਦੀਆਂ ਵਲਗਣਾਂ ਢਾਹ ਦੇਵੋ।
ਜੇ ਤੁਸੀਂ ਅਜੇ ਵੀ ਬਾਜ਼ ਨਾ ਆਏ ਤੇ ਪੀੜੀ ਥੱਲੇ ਸੋਟੇ ਨਾ ਫੇਰੇ ਤਾਂ ਇਸ ਦਾ ਖਮਿਆਜ਼ਾ ਆਉਣ ਵਾਲੀਆਂ ਨਸਲਾਂ ਨੂੰ ਭੁਗਤਣਾ ਪਏਗਾ ਜਿਸ ਦਾ ‘ਆਰੰਭ’ ਪੰਜਾਬ ਦੀ ਜਵਾਨੀ ਦਾ ਆਪਣੀ ਮਿੱਟੀ ਨਾਲੋਂ ਭੰਗ ਹੋ ਰਹੇ ਮੋਹ, ਪਰਵਾਸ, ਗੈਂਗਸਟਰ ਵਾਰਦਾਤਾਂ, ਨਸ਼ਿਆਂ, ਖ਼ੁਦਕੁਸ਼ੀਆਂ, ਧਰਨਿਆਂ, ਪ੍ਰਦਰਸ਼ਨਾਂ, ਟੈਂਕੀਆਂ ‘ਤੇ ਚੜਨ, ਸਰਕਾਰਾਂ ਦੇ ਸਿੜੀ-ਸਿਆਪੇ ਕਰਨ ਦੇ ਰੂਪ ‘ਚ ਹੋ ਚੁੱਕਾ ਹੈ। ਆਪਣੇ ਬੱਚਿਆਂ ਦੇ ਸਿਰਾਂ ‘ਤੇ ਹੱਥ ਰੱਖ ਕੇ ਸਹੁੰਆਂ ਖਾਣ ਵਾਲੇ ਕਿੰਨੇ ਕੁ ਲੀਡਰ ਹਨ ਜੋ ਇਹ ਸਹੁੰ ਚੁੱਕ ਸਕਣ ਕਿ ਉਨਾਂ ਨੇ ਆਪਣੀ ਕੁਨਬਾ-ਪ੍ਰਸਤੀ ਲਈ ਮੇਰੇ ਨਾਲ ਕਦੇ ਵਸਾਹਘਾਤ ਨਹੀਂ ਕੀਤਾ?
ਮੈਂ ਆਪਣਾ ਹਲਫ਼ੀਆ ਬਿਆਨ ਲਿਖ ਦਿੱਤਾ ਹੈ ਤਾਂ ਕਿ ਮੇਰੀਆਂ ਆਉਣ ਵਾਲੀਆਂ ਪੀੜੀਆਂ ਲਈ ਸਨਦ ਰਹੇ। ਉਪਰੋਕਤ ਬਿਆਨ ਮੈਂ ਪੂਰਨ ਹੋਸ਼ੋ-ਹਵਾਸ ਵਿਚ, ਸੱਚੇ ਦਿਲੋਂ ਪਰ ਵਲੂੰਧਰੇ ਹੋਏ ਹਿਰਦੇ ਨਾਲ ਦੇ ਰਿਹਾ ਹਾਂ।

Comments

comments

Share This Post

RedditYahooBloggerMyspace