12ਵੀਂ ਜਮਾਤ ਦੀ ਇਤਿਹਾਸ ਦੀ ਵਿਵਾਦਿਤ ਕਿਤਾਬ ਬਾਰੇ ਤੱਥ-ਪੜਚੋਲ ਕਮੇਟੀ ਦੀ ਪੂਰੀ ਰਿਪੋਰਟ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿਚ ਕੀਤੀਆਂ ਗਈਆਂ ਤਬਦੀਲੀਆਂ ਨਾਲ ਖੜੇ ਹੋਏ ਵਿਵਾਦ ਸਬੰਧੀ ਗੁਰਗਿਆਨ ਇੰਸਟੀਚਿਊਟ ਦੇ ਪ੍ਰਧਾਨ ਡਾ. ਗੁਰਮੀਤ ਸਿੰਘ ਸਿੱਧੂ, ਮੁਖੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 12ਵੀਂ ਕਲਾਸ ਦੀ ਇਤਿਹਾਸ ਦੀ ਵਿਵਾਦਿਤ ਪੁਸਤਕ ਬਾਰੇ ਹੱਥ ਖੋਜ ਕਮੇਟੀ ਦਾ ਗਠਨ ਕਰਕੇ ਇੱਕ ਰਿਵਿਊ ਰਿਪੋਰਟ ਤਿਆਰ ਕਰਵਾਈ। ਜਿਕਰਯੋਗ ਹੈ ਕਿ ਕਿਤਾਬ ਵਿਚ ਕੀਤੀਆਂ ਗਈਆਂ ਤਬਦੀਲੀਆਂ ਵਿਚ ਖਾਸ ਤੌਰ ‘ਤੇ ਸਿੱਖ ਇਤਿਹਾਸ ਦਾ ਵੱਡਾ ਹਿੱਸਾ ਖਤਮ ਕਰ ਦਿੱਤਾ ਗਿਆ ਹੈ ਤੇ ਜਿਹੜਾ ਥੋੜਾ ਹਿੱਸਾ ਸ਼ਾਮਿਲ ਕੀਤਾ ਗਿਆ ਹੈ ਉਸ ਵਿਚ ਸਿੱਖੀ ਦਾ ਹਿੰਦੂਕਰਨ ਕਰਨ ਦੀ ਬੋਅ ਆ ਰਹੀ ਹੈ। ਇਸ ਵਿਵਾਦਿਤ ਕਿਤਾਬ ਸਬੰਧੀ ਜਾਰੀ ਕੀਤੀ ਗਈ ਰਿਪੋਰਟ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਸਾਂਝੀ ਕਰ ਰਹੇ ਹਾਂ:

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਇਤਿਹਾਸ ਦੀ ਪਾਠ-ਪੁਸਤਕ ਦੀ ਰਿਵਿਊ ਰਿਪੋਰਟ
1 ਸਿਧਾਂਤਕ ਪੱਖ
2 ਧਾਰਮਿਕ ਭਾਵਨਾਵਾਂ ਨੂੰ ਠੇਸ
3 ਇਤਿਹਾਸਕ ਤੱਥਾਂ ਨਾਲ ਛੇੜ-ਛਾੜ
4 ਅਰਥਾਂ ਦੇ ਅਨਰਥ
5 ਤਕਨੀਕੀ ਪੱਖ
6 ਬੋਰਡ ਅਧਿਕਾਰੀਆਂ ਨੂੰ ਚੁਨੌਤੀ ਵਜੋਂ ਕੁਝ ਸਵਾਲ
7 ਵੱਖ-ਵੱਖ ਵਿਦਵਾਨਾਂ ਦੀ ਰਾਇ
8 ਵਿਧੀ
9 ਸਾਰ ਅਤੇ ਸੁਝਾਅ

ਤਿਆਰ ਕਰਤਾ:
-ਡਾ. ਗੁਰਮੀਤ ਸਿੰਘ ਸਿੱਧੂ – ਪ੍ਰੋਫੈਸਰ ਅਤੇ ਮੁਖੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ
-ਡਾ. ਗੁਰਮੇਲ ਸਿੰਘ ਐਸੋਸੀਏਟ ਪ੍ਰੋਫੈਸਰ,, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ
-ਡਾ. ਗੁਰਵੀਰ ਸਿੰਘ ਖ਼ਾਲਸਾ ਕਾਲਜ ਪਟਿਆਲਾ

1 ਸਿਧਾਂਤਕ ਪੱਖ
ਇਸ ਪੱਖ ਤੋਂ ਵੇਖਿਆ ਜਾਵੇ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾਂਦੀ 12ਵੀਂ ਜਮਾਤ ਦੇ ਇਤਿਹਾਸ ਦੀ ਪ੍ਰੀਖਿਆ ਵਿਚ ਪੰਜਾਬ ਦੇ ਇਤਿਹਾਸ ਨੂੰ ਵਿਸ਼ੇਸ਼ ਤੌਰ ‘ਤੇ ਪੜ੍ਹਾਉਣ ਦੀ ਜ਼ਰੂਰਤ ਹੈ, ਕਿਉਂਕਿ ਪੰਜਾਬ ਦੇ ਵਸਨੀਕਾਂ ਨੂੰ ਬਾਕੀ ਰਾਜਾਂ ਵਾਂਗ ਆਪਣੇ ਇਤਿਹਾਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਬੇਸ਼ੱਕ ਭਾਰਤ ਅਤੇ ਯੂਰਪ ਜਾਂ ਸੰਸਾਰ ਦਾ ਇਤਿਹਾਸ ਵੀ ਪੜ੍ਹਾਇਆ ਜਾਵੇ, ਪਰੰਤੂ ਪੰਜਾਬ ਦੇ ਇਤਿਹਾਸ ਨੂੰ ਸੀਮਿਤ ਕਰਕੇ ਇਸ ਦਾ ਮਹੱਤਵ ਘੱਟ ਕਰਨਾ ਸਿਧਾਂਤਕ ਪੱਖ ਤੋਂ ਵਾਜਿਬ ਨਹੀਂ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਵਿਚ ਪੜ੍ਹਾਏ ਜਾਂਦੇ ਪੰਜਾਬ ਦੇ ਇਤਿਹਾਸ ਨੂੰ 11ਵੀਂ ਜਮਾਤ ਦੇ ਸਿਲੇਬਸ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਉਦੇਸ਼ ਪੰਜਾਬੀ ਲੋਕਾਂ ਨੂੰ ਇਸ ਰਾਜ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਦਾਨ ਕਰਵਾਉਣਾ ਹੈ। ਕਮੇਟੀ ਨੇ ਪੜਤਾਲ ਦੌਰਾਨ ਪਾਇਆ ਹੈ ਕਿ ਬੋਰਡ ਵੱਲੋਂ ਤਿਆਰ ਕੀਤੇ 11ਵੀਂ ਦੇ ਸਿਲੇਬਸ ਵਿਚ ਪੰਜਾਬ ਦੇ ਇਤਿਹਾਸ ਨੂੰ ਇੱਕ ਸੀਮਿਤ ਭਾਗ ਵਿਚ ਪਾਇਆ ਗਿਆ ਹੈ, ਜਦੋਂ ਕਿ ਦੂਜੇ ਭਾਗ ਵਿਚ ਵਿਸ਼ਵ ਦਾ ਇਤਿਹਾਸ ਪਾਇਆ ਗਿਆ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਿਆਰ ਕੀਤੇ ਨਵੇਂ ਸਿਲੇਬਸ ਦਾ ਡਿਜ਼ਾਇਨ ਵੇਖਣ ਵਿਚ ਇਤਿਹਾਸਕ ਨਹੀਂ, ਇਹ ਵਧੇਰੇ ਰਾਜਨੀਤੀਕ ਬਣਾਇਆ ਗਿਆ ਹੈ। ਦੋਵਾਂ ਜਮਾਤਾਂ (11ਵੀ ਅਤੇ 12ਵੀ) ਸਿਲੇਬਸ ਵਿਚ ‘ਰਾਸ਼ਟਰਵਾਦ’ ਅਤੇ ਭਾਰਤੀ ‘ਸੁਤੰਤਰਤਾ’ ਨਾਲ ਸੰਬੰਧਿਤ 5 ਪਾਠ ਰੱਖੇ ਗਏ ਹਨ। ਰਾਸ਼ਟਰਵਾਦ ਦਾ ਸੰਕਲਪ ਅਤੇ ਸਿਧਾਂਤ ਇਤਿਹਾਸ ਨਾਲੋਂ ਵਧੇਰੇ ਰਾਜਨੀਤੀ ਵਿਗਿਆਨ ਦਾ ਵਿਸ਼ਾ ਹੈ। ਕੁਲ 22 ਪਾਠਾਂ ਵਿਚੋਂ ਇੱਕ ਵਿਸ਼ੇ ਨਾਲ ਸੰਬੰਧਿਤ ਪੰਜ ਪਾਠ ਪਾਉਣ ਤੋਂ ਜਾਪਦਾ ਹੈ ਕਿ ਇਹ ਸਿਲੇਬਸ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਨਹੀਂ ਤਿਆਰ ਕੀਤਾ, ਬਲਕਿ ‘ਰਾਸ਼ਟਰਵਾਦ’ ਦੇ ਪਰਦੇ ਹੇਠ ਹਿੰਦੂਤਵ ਨੂੰ ਤਰਜੀਹ ਦੇ ਇਰਾਦੇ ਨਾਲ ਤਿਆਰ ਕੀਤਾ ਗਿਆ ਹੈ।

ਇਸ ਪੁਸਤਕ ਵਿਚ ਸੈਕੂਲਰ ਰਾਸ਼ਟਰਵਾਦ ਨੂੰ ਹਿੰਦੂਵਾਦੀ ਰਾਸ਼ਟਰਵਾਦ ਵਿਚ ਬਦਲਣ ਲਈ ਵਿਚਾਰਧਾਰਕ ਕੋਸ਼ਿਸ਼ ਕੀਤੀ ਗਈ ਹੈ। ”ਰਾਸ਼ਟਰਵਾਦੀ ਇਤਿਹਾਸਕਾਰਾਂ ਦਾ ਮਤ ਹੈ…” (ਪੰਨਾ 75), ”ਇਹ ਮੰਨਿਆ ਜਾਂਦਾ ਹੈ’…’ (ਪੰਨਾ 75) ”ਕੁਝ ਇਤਿਹਾਸਕਾਰਾਂ ਦਾ ਮਤ ਹੈ…”(ਪੰਨਾ 76) ”ਇਹ ਕਿਹਾ ਜਾਂਦਾ ਹੈ…”(ਪੰਨਾ 77) ”ਕੁਝ ਇਤਿਹਾਸਕਾਰ ਅੱਜ ਵੀ ਕਹਿੰਦੇ ਹਨ…” (101) ਇੱਕੋ ਪੰਨਾ ਨੰ. 23 ਉੱਤੇ ਇਹ ਗੈਰ-ਇਤਿਹਾਸਕ ਸੰਬੋਧਨੀ ਸ਼ਬਦ ਤਿੰਨ ਵਾਰ ਦੁਹਰਾਏ ਗਏ ਹਨ ਜਿਵੇਂ ਵਿਦਵਾਨਾਂ ਨੇ, ਵਿਦਵਾਨਾਂ ਦਾ ਮੰਨਣਾ ਹੈ, ਕਈ ਵਿਦਵਾਨਾਂ ਅਨੁਸਾਰ, ਕਿਸੇ ਵੀ ਵਿਦਵਾਨ ਦਾ ਨਾਮ ਲਿਖੇ ਬਗੈਰ ਲਿਖ ਦੇਣਾ ਅਕਾਦਮਿਕ ਬੇਈਮਾਨੀ ਹੁੰਦੀ ਹੈ ਜੋ ਇਸ ਪੁਸਤਕ ਵਿਚ ਥਾਂ-ਥਾਂ ਕੀਤੀ ਗਈ ਹੈ।

ਇੱਕ ਪਾਠ-ਪੁਸਤਕ ਵਿਚ ਸਹੀ ਤੱਥ, ਤੱਥ ਵਿਸ਼ਲੇਸ਼ਣ, ਉਚਿੱਤ ਵੇਰਵਾ, ਘਟਨਾਕ੍ਰਮ ਅਤੇ ਘਟਨਾਵਾਂ ਦੇ ਪ੍ਰਭਾਵ ਆਦਿ ਦਿੱਤੇ ਜਾਂਦੇ ਹਨ, ਜੋ ਇਸ ਪੁਸਤਕ ਵਿਚ ਨਹੀਂ ਹਨ। ਕਿਸੇ ਵੀ ਪੱਖ ਤੋਂ ਇਹ ਇਤਿਹਾਸ ਦੀ ਪੁਸਤਕ ਨਹੀਂ ਕਹੀ ਜਾ ਸਕਦੀ।ਇਤਿਹਾਸ ਵਿਚ ਘਟਨਾਵਾਂ ਦੀ ਤਰਤੀਬ ਕਾਲ-ਕ੍ਰਮ ਮੁਤਾਬਕ ਦਿੱਤੀ ਜਾਂਦੀ ਹੈ। ਇਸ (ਇਤਿਹਾਸ) ਪੁਸਤਕ ਵਿਚ ਇਤਿਹਾਸਕ ਵਿਧੀ ਦੀ ਵਰਤੋਂ ਨਹੀਂ ਕੀਤੀ ਗਈ। ਕਿਤਾਬ ਵਿਚ ਲੇਖਕ ਦਾ ਜ਼ਿਕਰ ਕਰਨ ਨਾਲੋਂ ਕੁੱਝ ਵਿਦਵਾਨ ਕਹਿੰਦੇ ਹਨ, ਆਦਿ ਭਾਸ਼ਾ ਵਰਤੀ ਗਈ ਹੈ।

ਬੁਨਿਆਦੀ ਰੂਪ ਵਿੱਚ ਇਹ ਪੁਸਤਕ ਅਨੁਵਾਦ ਹੈ, ਸਮੌਲਿਕਤਾ ਦੀ ਇਸ ਵਿੱਚ ਵਿਸ਼ੇਸ਼ ਥਾਂ ਨਹੀਂ (ਵੇਖੋ ਪੰਨਾ VII) ‘ਆਭਾਰ’ ਵਿਚ ਕਮੇਟੀ ਖ਼ੁਦ ਪ੍ਰਵਾਨ ਕਰਦੀ ਹੈ।

ਅਨੁਵਾਦ ਕੀਤੀ ਪੁਸਤਕ ਨੂੰ ਕਿਸੇ ਵੀ ਪੱਖ ਤੋਂ ਪਾਠ-ਪੁਸਤਕ ਵਜੋਂ ਮਾਨਤਾ ਨਹੀਂ ਦਿੱਤੀ ਜਾ ਸਕਦੀ।

2 ਧਾਰਮਿਕ ਭਾਵਨਾਵਾਂ ਨੂੰ ਠੇਸ
2.1. ਰਾਸ਼ਟਰੀ ਪੱਧਰ ਦੇ ਸਮਾਨ ਪੱਧਰ ਤੇ ਲਿਆਉਣ ਭੂਮਿਕਾ ਭਗਤੀ ਦੇ ਨਵੇਂ ਰੂਪ ਪਾਠ-6 (ਪੰਨਾ-89) ਹਰੀ ਨਾਮ ਕੀਰਤਨ ਦੀ ਤਸਵੀਰ (ਪੰਨਾ-92) ਖਿੱਚਣ ਲਈ ਕਿਹਾ ਗਿਆ ਹੈ। ਕੀਰਤਨ ਦੀ ਤਸਵੀਰ ਨਹੀਂ ਹੁੰਦੀ, ਕੀਰਤਨ ਕਰਦੇ ਲੋਕਾਂ ਦੀ ਹੁੰਦੀ ਹੈ। ਗੁਰਬਾਣੀ ਕੀਰਤਨ ਗੁਰਦੁਆਰੇ ਹੁੰਦਾ ਹੈ। ਪਾਠ-ਪੁਸਤਕ ਵਿਦਿਆਰਥੀਆਂ ਨੂੰ ਮੰਦਰ ਜਾਣ ਲਈ ਕਹਿੰਦੀ ਹੈ।

2.2 ਪੁਸਤਕ ਵਿਚ ਲਿਖਿਆ ਹੈ ਕਿ ਭਗਤ ਧੰਨਾ, ਭਗਤ ਰਵਿਦਾਸ, ਭਗਤ ਪੀਪਾ ਅਤੇ ਭਗਤ ਕਬੀਰ ਨੇ ਰਾਮ ਨੂੰ ਭੌਤਿਕ ਰੂਪ ਵਿਚ ਸਵੀਕਾਰ ਨਹੀਂ ਕੀਤਾ (ਪੰਨਾ 93) ਇਹ ਨਿਰਗੁਣ ਭਗਤ ਸਨ। ਜਦੋਂ ਕਿ ਗਤੀਵਿਧੀਆਂ ਵਿਚ ਇਨ੍ਹਾਂ ਦੀਆਂ ਤਸਵੀਰਾਂ ਲਗਾਉਣ ਲਈ ਕਿਹਾ ਗਿਆ ਹੈ। ਇਹ ਸਿਧਾਂਤਕ ਪੱਖ ਤੋਂ ਸਹੀ ਨਹੀਂ ਹੈ ”ਵੱਖ-ਵੱਖ ਸਰੋਤਾਂ ਤੋਂ ਭਗਤਾਂ ਸੰਤ ਕਬੀਰ, ਸੰਤ ਰਵਿਦਾਸ, ਸੰਤ ਏਕ ਨਾਮ, ਸੰਘ ਨਾਮ ਦੇਵ ਆਦਿ ਸੰਤਾਂ ਦੀਆਂ ਤਸਵੀਰਾਂ ਇੱਕੱਠੀਆਂ ਕਰੋ ਅਤੇ ਆਪਣੀ ਇਤਿਹਾਸ ਦੀ ਕਾਰਜ-ਪੁਸਤਕ ਵਿਚ ਲਗਾਉ।” (ਪੰਨਾ 88)

2.3 ਰਾਮ ਭਗਤੀ: ਦਬੇ ਹੋਏ ਲੋਕਾਂ ਦੀ ਆਵਾਜ਼ ਕਿਹਾ ਗਿਆ ਹੈ। (ਪੰਨਾ 94) ਜੋ ਭਗਤੀ ਦੇ ਮਹੱਤਵ ਨੂੰ ਸੀਮਤ ਕਰਦਾ ਹੈ।

2.4 ਘੁੰਮਾਣ ਵਿਖੇ ਸੰਤ ਨਾਮਦੇਵ ਜੀ ਦੇ ਗੁਰਦੁਆਰਾ ਸਾਹਿਬ ਨੂੰ ਮੰਦਰ ਲਿਖਿਆ ਗਿਆ ਹੈ। ”ਘੁੰਮਣ (ਗੁਰਦਾਸਪੁਰ ਜ਼ਿਲ੍ਹੇ) ਉਹ ਸਥਾਨ ਹੈ ਜਿੱਥੇ ਇੱਕ ਮੰਦਰ ਸੰਤ ਨਾਮਦੇਵ ਜੀ ਨੂੰ ਸਮਰਪਿਤ ਹੈ: (ਪੰਨਾ-95)

2.5 ਸਿੱਖ ਪਛਾਣ: ਸਿੱਖੀ ਸਮਾਜਿਕ-ਧਾਰਮਕ ਲਹਿਰ ਜਿਸਨੇ ਭਗਤੀ ਦੇ ਕਰਮ ਕਾਂਡਾਂ ਵਾਲੇ ਪੱਖ ਦਾ ਵਿਰੋਧ ਕੀਤਾ। ਗੁਰੂ ਨਾਨਕ, ਗੁਰੂ ਅੰਗਦ, ਦੁਨੀਆ/ਪੰਜਾਬੀਆਂ ਨੂੰ ਜਾਤੀ ਭੇਦ ਭਾਵ ਤੋਂ ਉੱਪਰ ਉੱਠ ਕੇ ਇੱਕ ਮਜ਼ਬੂਤ ਸਮੂਹਿਕ ਪਛਾਣ ਦਿੱਤੀ। (ਪੰਨਾ 90) ਕਿਹੜੀ ਪਛਾਣ ਜ਼ਿਕਰ ਨਹੀਂ। ਜਾਣ-ਬੁੱਝ ਕੇ ਸਿੱਖ ਧਰਮ ਅਤੇ ਖ਼ਾਲਸੇ ਦਾ ਜ਼ਿਕਰ ਨਹੀਂ ਕੀਤਾ। ਭਗਤੀ ਤੇ ਸ਼ਕਤੀ, ਸੰਤ-ਸਿਪਾਹੀ ਦੇ ਸੰਕਲਪ ਸਿੱਖੀ ਨੂੰ ਨਵੀਂ ਅਤੇ ਵਿਲੱਖਣ ਪਛਾਣ ਦਿੰਦੇ ਹਨ ਇਨ੍ਹਾਂ ਦਾ ਜ਼ਿਕਰ ਇਸ ਕਰਕੇ ਨਹੀਂ ਕੀਤਾ ਕਿਉਂਕਿ ਇਹ ਹਿੰਦੂ ਭਗਤੀ ਨਾਲੋਂ ਅਗਾਂਹਵਧੂ ਸਿਧਾਂਤ ਹਨ। ਦਸ ਗੁਰੂ ਸਾਹਿਬਾਨ ਦਾ ਜ਼ਿਕਰ ਨਹੀਂ ਨਾਂ ਹੀ ਖ਼ਾਲਸਾ ਸਾਜਨਾ ਤੇ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਕੀਤਾ ਹੈ।

ਪੁਜਾਰੀ ਭਿਖਸ਼ੂ ਦਾਨੀ ਪਾਠ ਵਿਚ ਦੁਨੀਆ ਦੇ ਸਭ ਤੋਂ ਵੱਡੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਜਾਣ ਬੁਝ ਕੇ ਨਹੀਂ ਕੀਤਾ ਗਿਆ।

2.6 ਸ਼ਹੀਦ ਊਧਮ ਸਿੰਘ ਨੂੰ ਨਾਸਤਿਕ ਸਿੱਧ ਕੀਤਾ ਹੈ ਜਦੋਂ ਉਹ ਸਭ ਧਰਮਾਂ ਦਾ ਸਤਿਕਾਰ ਕਰਦੇ ਸਨ। ਇਸ ਕਰਕੇ ਉਨ੍ਹਾਂ ਨੇ ਆਪਣਾ ਨਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਸੀ। ਇਹ ਪੁਸਤਕ ਦੱਸਦੀ ਹੈ ਕਿ ਸ਼ਹੀਦ ਊਧਮ ਸਿੰਘ ਨੇ ਧਾਰਮਿਕ ਪਛਾਣ ਨੂੰ ਖ਼ਤਮ ਕਰਨ ਲਈ- ਹੀਰ ਦੀ ਸਹੁੰ ਚੁੱਕੀ। (ਪੰਨਾ 101)

3. ਇਤਿਹਾਸਕ ਤੱਥਾਂ ਨਾਲ ਛੇੜ-ਛਾੜ
ਇਤਿਹਾਸ ਦੀ ਪਾਠ ਪੁਸਤਕ ਵਿਚ ਤੱਥਾਂ ਦੀ ਸਹੀ ਪੇਸ਼ਕਾਰੀ ਜ਼ਰੂਰੀ ਹੁੰਦੀ ਹੈ। ਇਸ ਪੱਖ ਤੋਂ ਜਾਣ-ਬੁਝ ਕੇ ਇਤਿਹਾਸ ਨਾਲ ਛੇੜ-ਛਾੜ ਕੀਤੀ ਗਈ ਹੈ।

3.1 ਸਿਧਾਰਥ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਅਤੇ ਉਨ੍ਹਾਂ ਨੂੰ ਬੁੱਧ ਕਿਹਾ ਜਾਣ ਲੱਗਾ। (ਪੰਨਾ 41) ਜਦੋਂ ਕਿ ਮਹਾਤਮਾ ਬੁੱਧ ਨਾਲ ਸੰਬੰਧਿਤ ਸਾਹਿਤ ਵਿਚ ਪ੍ਰਮਾਤਮਾ ਦੀ ਪ੍ਰਾਪਤੀ ਦਾ ਜ਼ਿਕਰ ਨਹੀਂ ਮਿਲਦਾ

3.2 ਬੁੱਧ ਦੇ ਚਾਰ ਆਰੀਆ ਸੱਚ ਦੱਸਣ ਤੋਂ ਉਪਰੰਤ ਅਸ਼ਟਾਂਗ ਮਾਰਗ ਬਾਰੇ ਦੱਸਿਆ ਜਾਂਦਾ ਹੈ ਜਦੋਂ ਕਿ ਇਸ ਪੁਸਤਕ ਵਿਚ ਕੇਵਲ ਅਸ਼ਟਾਂਗ ਮਾਰਗ ਦੀ ਹੀ ਗੱਲ ਕੀਤੀ ਗਈ ਹੈ। (ਪੰਨਾ 42)

3.3 ਅਸ਼ੋਕ ‘ਬੁੱਧ ਧਰਮ ਦਾ ਅਨੁਯਾਈ ਸੀ’ ਇਹ ਸਪਸ਼ਟ ਨਹੀਂ ਕੀਤਾ ਗਿਆ, ਬਲਕਿ ਉਸ ਨੂੰ ਬ੍ਰਾਹਮਣਾਂ/ਬੁੱਧ ਭਿਖਸ਼ੂਆਂ ਅਤੇ ਹੋਰ ਸਾਧੂਆਂ ਦੇ ਲਈ ਉਦਾਰ ਵਰਤਾਰਾ ਰੱਖਣ ਵਾਲਾ ਘੋਸ਼ਿਤ ਕੀਤਾ ਗਿਆ ਹੈ। (ਪੰਨਾ 24)

3.4 ਪੁਰਾਣਿਕ ਹਿੰਦੂ ਧਰਮ ਸ਼ੂਦਰਾਂ ਅਤੇ ਇਸਤਰੀਆਂ ਨੂੰ ਰਸਮਾਂ ਤੇ ਦੇਵਤਿਆਂ ਦੀ ਪੂਜਾ ਵਿਚ ਸ਼ਾਮਿਲ ਹੋਣ ਦੀ ਆਗਿਆ ਦਿੰਦਾ ਕਿਹਾ ਗਿਆ ਹੈ, ਜੋ ਵਾਸਤਵਿਕਤਾ ਤੋਂ ਉਲਟ ਹੋ ਗਿਆ ਹੈ। (ਪੰਨਾ 48)

3.5 ‘ਪੁਰਾਣਾਂ’ ਨੂੰ ਇਤਿਹਾਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। (ਪੰਨਾ 49) ਪੁਰਾਣ ਸਾਹਿਤ ਨੂੰ ਹੁਣ ਤੱਕ ਯੂਨੀਵਰਸਿਟੀ ਪੱਧਰ ਦੇ ਵਿਦਵਾਨ ਇਤਿਹਾਸ ਵਜੋਂ ਸਾਬਤ ਨਹੀਂ ਕਰ ਸਕੇ ਪਰੰਤੂ ਇਸ ਪੁਸਤਕ ਵਿਚ ਪੰਨਾ ਨੰ. 51 ‘ਤੇ 52 ਦੀਆਂ ਗਤੀਵਿਧੀਆਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਹ ਕਾਰਜ ਦਿੱਤਾ ਗਿਆ ਹੈ। ”ਕਿਸੇ ਵੀ ਪੁਰਾਣ ਵਿੱਚ ਕੋਈ ਵੀ ਇੱਕ ਪੁਰਾਣਿਕ ਕਥਾ ਨੂੰ ਲੱਭੋ। ਇਸ ਕਥਾ ਵਿਚੋਂ ਕੋਈ ਇੱਕ ਇਤਿਹਾਸਕ ਤੱਥ ਲੱਭ ਕੇ ਆਪਣੀ ਜਾਣਕਾਰੀ ਅਨੁਸਾਰ ਇੱਕ ਨੋਟ ਲਿਖੋ। ਇਸ ਨੋਟ ਨੂੰ ਆਪਣੀ ਵਿਸ਼ਾ ਅਧਿਆਪਕ ਦੀ ਨਿਗਰਾਨੀ ‘ਚ ਆਪਣੀ ਸ਼੍ਰੇਣੀ ਵਿਚ ਪੇਸ਼ ਕਰੋ।” ਇਸ ਤੋਂ ਲੇਖਕਾਂ ਦੀ ਬਦਨੀਤ ਦਾ ਪਤਾ ਚੱਲਦਾ ਹੈ।

3.6 ਭਗਤੀ ਅੰਦੋਲਨ ‘ਰਾਮ ਭਗਤੀ’ ਤਕ ਵਧੇਰੇ ਸੀਮਤ ਕੀਤਾ ਗਿਆ ਹੈ ਅਤੇ ਇਸ (ਰਾਮ-ਭਗਤੀ) ਨੂੰ ‘ਦੱਬੇ ਹੋਏ ਲੋਕਾਂ ਦੀ ਆਵਾਜ਼’ ਕਿਹਾ ਹੈ। (ਪੰਨਾ 82), ਵਾਸਤਵਿਕਤਾ ਇਸ ਦੇ ਇਕਦਮ ਉਲਟ ਹੈ।

3.7 ‘ਰਾਮ ਭਗਤੀ’ ਨੂੰ ਭਾਰਤ ਦੀ ਸਰਬਸ੍ਰੇਸ਼ਟ ਲਹਿਰ/ਸਥਿਤੀ ਦਰਸਾਉਣ ਦਾ ਯਤਨ ਕੀਤਾ ਹੈ। (ਪੰਨਾ 86)
ਜਦਕਿ ਇਸ ਤਰ੍ਹਾਂ ਦੀ ਇਹ ‘ਪਰੰਪਰਾ’ ਤਾਂ ਜ਼ਰੂਰ ਰਹੀ ਹੈ, ‘ਲਹਿਰ’ ਤਾਂ ਬਿਲਕੁਲ ਨਹੀਂ ਸੀ।

3.8 ਸਿੱਖ ‘ਇਤਿਹਾਸ’ ਲਿਖਣ ਦੀ ਥਾਂ ਕਈ ਥਾਂ ‘ਪਰੰਪਰਾ’ ਕਿਹਾ ਹੈ ਅਤੇ ਗੁਰਦੁਆਰੇ ਦੀ ਥਾਂ ‘ਮੰਦਰ’ ਪਦ ਵਰਤੇ ਗਏ ਹਨ। (ਪੰਨਾ 88) ਇਸ ਵਿਚ ਵੀ ਸਿੱਖ ਲਹਿਰ ਨੂੰ ਰਾਮ ਭਗਤੀ ਦਾ ਹਿੱਸਾ ਦੱਸਿਆ ਹੈ ਜੋ ਇਤਿਹਾਸਕ ਪੱਖ ਤੋਂ ਸਹੀ ਨਹੀਂ ਹੈ। ਸਿੱਖ ਧਰਮ ਆਪਣੇ ਆਪ ਵਿਚ ਮੌਲਿਕ ਅਤੇ ਵਿਲੱਖਣ ਹੈ।

3.9 ਪੰਜਾਬ ਵਿਚ ਪੰਜਾਬ ਦੇ ਵਿਦਿਆਰਥੀਆਂ ਨੂੰ ਪੜ੍ਹਾਏ ਜਾਣ ਵਾਲੇ ਇਸ ਇਤਿਹਾਸ ਵਿਚ ‘ਸਿੱਖ ਗੁਰੂ ਸਾਹਿਬਾਨ’ ਬਾਰੇ ਮਾਤਰ ਡੇਢ ਪੰਨਾ ਰਾਖਵਾਂ ਰੱਖਿਆ ਗਿਆ ਹੈ। (ਪੰਨੇ 89-90)

3.10 ਸ਼ਹੀਦ ਊਧਮ ਸਿੰਘ ਨੂੰ ਵਾਰਸ ਸ਼ਾਹ ਦੀ ‘ਹੀਰ’ ਦੀ ਸਹੁੰ ਖਾਂਦਿਆਂ ‘ਪੰਜਾਬੀ ਪਹਿਚਾਣ’ ਨਾਲ ਜੋੜਿਆ ਹੈ। (ਹਵਾਲਾ ਕੋਈ ਨਹੀਂ ਦਿੱਤਾ) (ਪੰਨਾ 44)

3.11 ਆਧੁਨਿਕ ਕਾਲ (VII) 1857 ਤੋਂ ਮੰਨਿਆ ਹੈ ਤੇ ਇਹ ਲਗਭਗ 90% ਹਿੰਦੂ ਨਾਇਕਾਂ (ਮੰਗਲ ਪਾਂਡੇ; ਝਾਂਸੀ ਦੀ ਰਾਣੀ) ਦੇ ਖਾਤੇ ਪਾਇਆ ਗਿਆ ਹੈ। (ਪੰਨੇ 98-109) ਮੁਸਲਿਮ ਅਤੇ ਸਿੱਖ ਨਾਇਕਾਂ ਦਾ ਜ਼ਿਕਰ ਜਾਣ ਬੁੱਝ ਨਹੀਂ ਕੀਤਾ ਗਿਆ।

3.12 ‘ਰਾਸ਼ਟਰਵਾਦ’ ਨਾਮ ਅਧਿਆਇ ਵਿਚ (ਪੰਨਾ 110) ਭਾਰਤ ਵਿਚਲੀ ਨਵਚੇਤਨਾ ਦਾ ਸਿਹਰਾ 90% ਹਿੰਦੂ ਨਾਇਕਾਂ (ਪੰਨਾ 115-17) ਦੇ ਖਾਤੇ ਪਾਇਆ ਗਿਆ ਹੈ। (ਪੰਨਾ 121)

3.13 ‘ਸੁਤੰਤਰਤਾ ਵੱਲ’ (ਪੰਨਾ 127), ਲਹਿਰ ਵੀ ਗਾਂਧੀ ਨਹਿਰੂ ਦੀ ਦੇਣ ਦੁਆਲੇ ਵਧੇਰੇ ਘੁੰਮਦੀ ਹੈ।

3.14 ਸ਼ਹੀਦ ਭਗਤ ਸਿੰਘ ਬਾਰੇ ਅਤਿ ਸੰਖੇਪ ਵਿਚ ਵੇਰਵਾ ਹੈ। (ਮਾਤਰ ਇੱਕ ਪੰਨਾ, 132-33) ਅਤੇ ਅੰਗਰੇਜ਼ ‘ਟੋਪੀ ਵਾਲਾ ਭਗਤ ਸਿੰਘ’ ਪੇਸ਼ ਕੀਤਾ ਹੈ (ਪੰਨਾ 132)

3.15 ਛੋਟਾ ਘੱਲੂਘਾਰਾ (ਪੰਨਾ 147)

3.16 ਲਾਹੌਰ ਦਾ ਗਵਰਨਰ ਲਖਪਤ ਰਾਇ ਦਰਸਾਇਆ ਹੈ ਜਦੋਂ ਕਿ ਉਹ ‘ਦੀਵਾਨ’ ਸੀ

3.17 ਨਵਾਬ ਕਪੂਰ ਸਿੰਘ ‘ਤੇ ਇੱਕ ਪੈਰਾ ਹੈ ਸਿਰਫ਼ 151

3.18 ਬਾਬਾ ਬੰਦਾ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਸੰਖੇਪ ਵੇਰਵਾ ਹੈ (ਪੰਨੇ 142-169)

3.19 ‘ਬ੍ਰਿਟਿਸ਼ ਰਾਜ ਅਧੀਨ ਪੰਜਾਬ’ (ਪਾਠ 11), (ਪੰਨਾ 165) ਵਿਚ 1857 ਦੀ ‘ਰਾਸ਼ਟਰੀ ਲਹਿਰ’ ਦੇ ਲਗਭਗ ਸਾਰੇ ਹੀਰੋ ਅਤੇ ਸਮਾਜਿਕ ਧਾਰਮਿਕ ਸੁਧਾਰ ਅੰਦੋਲਨ ਦੇ ਸਾਰੇ ਨਾਇਕ ‘ਹਿੰਦੂ’ ਪੇਸ਼ ਕੀਤੇ ਹਨ। (ਪੰਨਾ 170)

3.20 ਸ. ਕਰਤਾਰ ਸਿੰਘ ਸਰਾਭੇ ਨੂੰ ਲੁਧਿਆਣੇ ਦਾ ਦਰਸਾਇਆ ਹੈ। (ਪੰਨਾ 184) ਅਤੇ ਸ਼ਹੀਦ ਭਗਤ ਸਿੰਘ ਦੀ ਸਾਰੀ ਜੱਦੋ-ਜਹਿਦ ਲਾਲਾ ਲਖਪਤ ਰਾਏ ਦੀ ਮੌਤ ਦਾ ਬਦਲਾ ਲੈਣ ਤੱਕ ਘਟਾ ਦਿੱਤੀ ਗਈ ਹੈ। (ਪੰਨਾ 125)

4. ਅਰਥਾਂ ਦੇ ਅਨਰਥ:
4.1 ਮੰਨੂੰ ਸਾਡੀ ਦਾਤਰੀ, ਅਸੀਂ ਮੰਨੂੰ ਦੇ ਸੋਏ। (ਪੰਨਾ 146) ‘ਸੋਏ’ ਦੇ ਅਰਥ ਬੀਜ ਕੀਤੇ ਹਨ। ਜੋ ਕਿ ਤੱਥਾਂ ਦੇ ਮੁਤਾਬਿਕ ਬਿਲਕੁਲ ਗ਼ਲਤ ਹੈ। ਪੰਜਾਬ ਦੇ ਲੋਕ ਅਤੇ ਬੱਚੇ ਇਹ ਜਾਣਦੇ ਹਨ ਕਿ ਸੋਏ ਬੀਜ ਨਹੀਂ ਹੁੰਦੇ, ਬੀਜ ਕੱਟਣ ਨਾਲ ਦੋਬਾਰਾ ਨਹੀਂ ਉੱਗਦੇ।

4.2 ਹਰੀ ਸਿੰਘ ਨਲੂਏ ਬਾਰੇ ਕੇਵਲ ਇੱਕ ਪੈਰ੍ਹਾ ਜਿਸ ਵਿਚ ਉਸਦੇ ਨਾਮ ਲਿਖੇ ਹਨ। ‘ਨਲਵਾ’ ਜਾਂ ‘ਨਲੂਆ’ ਲਿਖਿਆ ਗਿਆ ਹੈ।-(ਪੰਨਾ159)

4.3 ਲੁਧਿਆਣੇ ਵਿਚ ਕਰਤਾਰ ਸਿੰਘ ਸਰਾਭੇ ਦੀ ‘ਮੂਰਤੀ’ ਨਹੀਂ, ਸਗੋਂ ਸਰਾਭੇ ਪਿੰਡ ਵਿਚ ਉਨ੍ਹਾਂ ਦਾ ‘ਬੁੱਤ’ ਹੈ। ਇਨ੍ਹਾਂ ਨੂੰ ਇਹ ਤਾਂ ਪਤਾ ਹੈ ਕਿ ਮੂਰਤੀ ਮੰਦਰ ਵਿਚ ਲਗਦੀ ਹੈ ਤੇ ਸ਼ਹੀਦਾਂ ਦੇ ਬੁੱਤ ਹੁੰਦੇ ਹਨ। ਜਾਣ ਬੁਝ ਕੇ ਸ਼ਹੀਦਾਂ ਦਾ ਹਿੰਦੂਕਰਨ ਕਰ ਰਹੇ ਹਨ।

5. ਤਕਨੀਕੀ ਪੱਖ
5.1 ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਯਮਾਂ ਤਹਿਤ 11ਵੀਂ ਅਤੇ 12ਵੀਂ ਜਮਾਤ ਦਾ ਕੋਰਸ ਇਕੱਠਾ ਹੈ। ਪਿਛਲੇ ਸਾਲ 11ਵੀਂ ਜਮਾਤ ਪਾਸ ਕਰ ਚੁੱਕੇ ਇਸ ਸੈਸ਼ਨ (2018-19) ਵਿਚ 12ਵੀਂ ਦੇ ਵਿਦਿਆਰਥੀਆਂ ਦਾ ਸਿਲੇਬਸ ਬਦਲਣਾ ਤਕਨੀਕੀ ਪੱਖ ਤੋਂ ਉਚਿੱਤ ਨਹੀਂ ਹੈ।

5.2 12ਵੀਂ ਜਮਾਤ ਵਿਚ ਪਹਿਲਾਂ (ਪੁਰਾਣੇ ਸਿਲੇਬਸ) ਮੁਤਾਬਕ ਪੰਜਾਬ ਦਾ ਇਤਿਹਾਸ ਪੜਾਇਆ ਜਾਂਦਾ ਸੀ। ਹੁਣ ਪੰਜਾਬ ਦਾ ਇਤਿਹਾਸ 11ਵੀਂ ਜਮਾਤ ਵਿਚ ਲੈ ਕੇ ਜਾਣ ਦਾ ਅਰਥ ਪੰਜਾਬ ਦੇ ਇਤਿਹਾਸ ਦੀ ਅਹਿਮੀਅਤ ਘੱਟ ਕਰਨਾ ਹੈ ਕਿਉਂਕਿ 12ਵੀਂ ਜਮਾਤ ਲਈ ਬੋਰਡ ਵੱਲੋਂ ਇਮਤਿਹਾਨ ਲਿਆ ਜਾਂਦਾ ਹੈ। 11ਵੀਂ ਜਮਾਤ ਦਾ ਇਮਤਿਹਾਨ ਸਕੂਲਾਂ ਵਿਚ ਅੰਦਰੂਨੀ ਸਕੂਲ ਪੱਧਰੀ ਪ੍ਰੀਖਿਆ ਨਾਲ ਹੁੰਦਾ ਹੈ। ਸੁਭਾਵਿਕ ਹੀ ਵਿਦਿਆਰਥੀ ਬੋਰਡ ਦੀਆਂ ਪ੍ਰੀਖਿਆਵਾਂ ਵਧੇਰੇ ਮਿਹਨਤ ਨਾਲ ਦਿੰਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਿਲੇਬਸ ਵਿਚ ਤਬਦੀਲੀ ਕਰਨ ਨਾਲ ਪੰਜਾਬ ਦੇ ਇਤਿਹਾਸ ਵਿਚ ਵਿਦਿਆਰਥੀਆਂ ਦੀ ਰੁਚੀ ਘੱਟ ਜਾਣ ਦੀ ਸੰਭਾਵਨਾ ਹੈ।

5.3 11ਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ ਦੇ ਦੋ ਭਾਗ ਬਣਾਏ ਗਏ ਹਨ। ਪਹਿਲੇ ਭਾਗ ਵਿਚ ਪੰਜਾਬ ਦਾ ਇਤਿਹਾਸ ਜਦੋਂਕਿ ਦੂਸਰੇ ਭਾਗ ਵਿਚ ਵਿਸ਼ਵ ਦਾ ਇਤਿਹਾਸ ਰੱਖਿਆ ਗਿਆ ਹੈ। ਇਸ ਤੋਂ ਸਪਸ਼ਟ ਹੈ ਕਿ ਪੰਜਾਬ ਦੇ ਇਤਿਹਾਸ ਦੀ ਅਹਿਮੀਅਤ ਕੱਟ ਕੇ ਅੱਧੀ ਕਰ ਦਿੱਤੀ ਗਈ ਹੈ।

5.4 ਗੁਰਦੁਆਰੇ ਨੂੰ ਮੰਦਰ, ਭਜਨ ਨੂੰ ਕੀਰਤਨ, ਬੁੱਤ ਨੂੰ ਮੂਰਤੀ ਆਦਿ ਸ਼ਬਦ ਗ਼ਲਤੀਆਂ ਨਹੀਂ ਸਾਜ਼ਿਸ਼ ਅਧੀਨ ਅਜਿਹੇ ਸ਼ਬਦ ਵਰਤੇ ਗਏ ਹਨ।

5.5 1857 ਦੇ ਵਿਦਰੋਹ ਵਿਚ ਪੰਜਾਬ ਦੇ ਲੋਕਾਂ ਦੀ ਭੂਮਿਕਾ-ਪਾਠ ਵਿਚ ਨਹੀਂ ਸਿਰਫ਼ Project ਦਿੱਤਾ ਗਿਆ ਹੈ।

 

6. ਬੋਰਡ ਅਧਿਕਾਰੀਆਂ ਨੂੰ ਚੁਨੌਤੀ ਵਜੋਂ ਕੁਝ ਸਵਾਲ: ਜੋ ਇਸ ਪੁਸਤਕ ਵਿਚੋਂ ਲੱਭੇ ਨਹੀਂ ਜਾ ਸਕਦੇ
1 ‘ਹਿੰਦੂ’ ਸ਼ਬਦ ਇਤਿਹਾਸ ਵਿਚ ਕਦੋਂ ਆਇਆ?
2 ਦਸਰਥ ਦੇ ਪੁੱਤਰ ਰਾਮ ਦਾ ਜਨਮ ਕਦੋਂ ਹੋਇਆ?
3 ਭਗਤ ਕਬੀਰ ਜੀ ਦਾ ਜਨਮ ਕਦੋਂ ਹੋਇਆ?
4 ਸੰਤ ਰਵੀਦਾਸ ਦਾ ਜਨਮ ਕਦੋਂ ਹੋਇਆ?
5 ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ‘ਤੇ ਕਿਥੇ ਹੋਇਆ?
6 ਖੇਤਰੀ ਸਭਿਆਚਾਰ ਪਛਾਣ ਕਿਹੜੀ ਹੈ ਜੋ ਗੁਰੂਆਂ ਨੇ ਦਿੱਤੀ?
7 ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਕਦੋਂ ਦਿੱਤੀ ਗਈ?
8 ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਕਿਸ ਪਿੰਡ ਵਿਚ ਹੋਇਆ?
9 ਹੜੱਪਾ ਸਭਿਅਤਾ ਦੇ ਇਲਾਕੇ ਨੂੰ ਕੀ ਕਹਿੰਦੇ ਹਨ ?
10 ਸੰਤ- ਸਿਪਾਹੀ ਕੌਣ ਸਨ?
11 ਜਮਰੌਦ ਦੀ ਜੰਗ ਦੇ ਨਾਇਕ ਦਾ ਨਾਮ ਦੱਸੋ ?
12 ਖ਼ਾਲਸੇ ਦੀ ਸਿਰਜਨਾ ਕਿਸ ਨੇ ਕੀਤੀ?
13 ਦੁਨੀਆ ਦੇ ਸਭ ਤੋਂ ਵੱਡੇ ਦਾਨੀ ਦਾ ਨਾਮ ਦੱਸੋ?
ਅਗਰ ਪੁਸਤਕ ਤਿਆਰ ਕਰਨ ਵਾਲੇ ਇਨ੍ਹਾਂ ਪ੍ਰਸ਼ਨਾਂ ਦਾ ਉਤਰ ਪਾਠ-ਪੁਸਤਕ ਪੜ੍ਹ ਕੇ ਨਹੀਂ ਦੇ ਸਕਦੇ ਤਾਂ ਵਿਦਿਆਰਥੀ ਕਿਥੋਂ ਦੇਣਗੇ। ਬੁਨਿਆਦੀ ਪ੍ਰਸ਼ਨਾਂ ਦੇ ਉਤਰ ਹੀ ਸਪਸ਼ਟ ਨਹੀਂ ਤਾਂ ਇਹ ਪੁਸਤਕ ਵਿਦਿਆਰਥੀਆਂ ਦਾ ਪੱਧਰ ਕਿਵੇਂ ਉੱਚਾ ਚੁਕੇਗੀ।

7. ਬਾਰ੍ਹਵੀਂ ਦੀ  ਸਿਲੇਬਸ ਬਦਲਣ ਸੰਬੰਧੀ ਵੱਖ-ਵੱਖ ਵਿਦਵਾਨਾਂ,ਅਧਿਆਪਕਾਂ ਤੇ ਵਿਦਿਆਰਥੀਆਂ ਦੀ ਰਾਇ ਦਾ ਸੰਖੇਪ ਵਿਚ ਵਿਵਰਣ

7.1. ਡਾ. ਕਿਹਰ ਸਿੰਘ ਪ੍ਰੋਫੈਸਰ ਰਾਜਨੀਤੀ ਵਿਗਿਆਨ ਅਤੇ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ
: ਮੁਲਕ ਵਿਚ ਵੱਖ-ਵੱਖ ਰਾਜਾਂ ਦੇ ਸਿੱਖਿਆ ਬੋਰਡ ਬਣਾਉਣ ਦਾ ਉਦੇਸ਼ ਹੈ ਕਿ ਹਰ ਰਾਜ ਆਪਣੇ ਸਭਿਆਚਾਰ, ਭਾਸ਼ਾ, ਇਤਿਹਾਸ ਅਤੇ ਰਵਾਇਤਾਂ ਮੁਤਾਬਕ ਸਿੱਖਿਆ ਪ੍ਰਦਾਨ ਕਰਵਾਏ। ਇਸ ਲਿਹਾਜ਼ ਨਾਲ ਪੰਜਾਬ ਬੋਰਡ ਵਿਚ ਪੰਜਾਬ ਦੇ ਇਤਿਹਾਸ ਨੂੰ ਵਿਸ਼ੇਸ਼ ਸਥਾਨ ਦੇਣਾ ਵਾਜਬ ਹੈ।

7.2. ਡਾ. ਦਲਬੀਰ ਸਿੰਘ ਢਿੱਲੋਂ, ਪ੍ਰੋਫੈਸਰ ਇਤਿਹਾਸ, ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ :-
ਜਿਸ ਤਰ੍ਹਾਂ ਮੁਲਕ ਦੇ ਵੱਖ-ਵੱਖ ਰਾਜ ਆਪਣੇ ਇਤਿਹਾਸ ਨੂੰ ਪਹਿਲ ਦਿੰਦੇ ਹਨ ਉਸੇ ਲਿਹਾਜ਼ ਨਾਲ ਪੰਜਾਬ ਵਿਚ ਪੰਜਾਬ ਦਾ ਇਤਿਹਾਸ ਪੜ੍ਹਾਉਣਾ ਜਾਇਜ਼ ਹੈ। ਪੁਰਾਣੇ ਸਿਲੇਬਸ ਦਾ ਨਮੂਨਾ ਵਧੇਰੇ ਸਹੀ ਹੈ? ਪੰਜਾਬ ਦਾ ਇਤਿਹਾਸ 12ਵੀਂ ਜਮਾਤ ਵਿਚ ਪੜ੍ਹਾਉਣਾ ਚਾਹੀਦਾ ਹੈ?

7.3. ਬਲਵੰਤ ਸਿੰਘ ਢਿੱਲੋਂ, ਪ੍ਰੋਫੈਸਰ, ਗੁਰੂ ਨਾਨਕ ਸਟੱਡੀਜ਼, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ:-
ਸਿੱਖ ਪਛਾਣ ਦੀ ਮੌਲਿਕਤਾ ਨੂੰ ਚੁਨੌਤੀ ਦੇਣ ਵਾਲੇ ਇਤਿਹਾਸਕਾਰਾਂ ਨੂੰ ਸਿੱਖ ਨਕਾਰ ਚੁੱਕੇ ਹਨ। ਇਨ੍ਹਾਂ ਦੀ ਲਿਖਤਾਂ ਭਾਵੇਂ ਕਿਸੇ ਵੀ ਪ੍ਰਕਾਸ਼ਿਤ ਨੇ ਛਾਪੀਆਂ ਹੋਣ ਅਜਿਹੇ ਇਤਿਹਾਸਕਾਰਾਂ ਦੀਆਂ ਧਾਰਨਾਵਾਂ ‘ਤੇ ਸਿਲੇਬਸ ਨਹੀਂ ਬਣਨੇ ਚਾਹੀਦੇ। ਸਿਲੇਬਸ ਤਿਆਰ ਕਰਨੇ ‘ਤੇ ਬਦਲਣੇ ਇੱਕ ਅਤਿ ਗੰਭੀਰ ਕਾਰਜ ਹੈ। ਇਸ ਲਈ ਮਾਹਿਰਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ।

7.4. ਡਾ. ਕੰਵਰਜੀਤ ਸਿੰਘ ਪ੍ਰਿੰਸੀਪਲ ਗੁਰਮਤਿ ਕਾਲਜ ਪਟਿਆਲਾ:
ਇਹ ਪੁਸਤਕ ਸਿੱਖ ਪਛਾਣ ‘ਤੇ ਇਤਿਹਾਸਕ ਪੱਧਰ ਰਾਹੀਂ ਕੀਤਾ ਗਿਆ ਹਮਲਾ ਹੈ।

7.5. ਡਾ. ਅਮਰਦੀਪ ਸਿੰਘ, ਦਿੱਲੀ ਯੂਨੀਵਰਸਿਟੀ, ਦਿੱਲੀ
ਇਹ ਕੋਈ ਮਿਆਰੀ ਪੁਸਤਕ ਨਹੀਂ ਇਸ ਵਿਚ ਬੋਝਲ ਜਾਣਕਾਰੀ ਭਰੀ ਗਈ ਹੈ।

7.6. ਸਕੂਲਾਂ ਵਿਚ ਇਤਿਹਾਸ ਵਿਸ਼ਾ ਪੜਾਉਂਦੇ ਲੈਕਚਰਾਰਾਂ ਦੀ ਰਾਇ ਹੈ ਕਿ ਇਹ ਪੁਸਤਕ ਰੋਚਿਕ ਬਿਲਕੁਲ ਨਹੀਂ, ਘਟਨਾਵਾਂ ਬਾਰੇ ਅਧੂਰੀ ਤੇ ਬੇਤੁਕੀ ਜਾਣਕਾਰੀ ਦਿੱਤੀ ਗਈ ਹੈ।

7.7. ਇਤਿਹਾਸ ਪੜ੍ਹ ਰਹੇ ਵਿਦਿਆਰਥੀ ਦੱਸਦੇ ਹਨ ਕਿ ਨਵੇਂ ਪਾਠਾਂ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ।

8.ਵਿਧੀ
ਇਸ ਪੁਸਤਕ ਦੀ ਰੀਵਿਊ ਰਿਪੋਰਟ ਤਿਆਰ ਕਰਨ ਲਈ ਹੇਠ ਲਿਖੀ ਵਿਧੀ ਅਪਣਾਈ ਗਈ:-

8.1. ਇਸ ਪੁਸਤਕ ਦਾ ਪਾਠ ਵਿਸ਼ਲੇਸ਼ਣ ਕੀਤਾ ਗਿਆ

8.2. ਇਤਿਹਾਸਕਾਰਾਂ ਅਤੇ ਸਿੱਖ ਅਧਿਐਨ ਵਿਸ਼ੇ ਦੇ ਵਿਦਵਾਨਾਂ ਨਾਲ ਇੰਟਰਵਿਊ ਕੀਤੀ ਗਈ ਵਿਸ਼ੇਸ਼ ਕਰਕੇ ਪ੍ਰੋ. ਬਲਵੰਤ ਢਿੱਲੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ।

8.3. ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨਾਂ ਡਾ. ਕਿਹਰ ਸਿੰਘ ਸਾਬਕਾ (ਪ੍ਰੋ. ਰਾਜਨੀਤੀ ਵਿਗਿਆਨ) ਅਤੇ ਡਾ.ਦਲਬੀਰ ਸਿੰਘ ਢਿੱਲੋਂ (ਇਤਿਹਾਸ)।

8.4. ਸਕੂਲਾਂ ਵਿਚ ਇਤਿਹਾਸ ਵਿਸ਼ੇ ਨੂੰ ਪੜ੍ਹਾਉਣ ਵਾਲੇ ਲੈਕਚਰਾਰਾਂ ਨਾਲ ਮੁਲਾਕਾਤਾਂ ਕਰਕੇ।

8.5. ਇਤਿਹਾਸ ਵਿਸ਼ਾ ਪੜ੍ਹ ਰਹੇ ਵਿਦਿਆਰਥੀਆਂ ਨਾਲ ਮੁਲਾਕਾਤ

8.6. ਸੋਸ਼ਲ ਮੀਡੀਆ ਖ਼ਾਸ ਕਰਕੇ ਫੇਸ ਬੁੱਕ ਅਤੇ ਵਟਸਐਪ ਰਾਹੀਂ ਪ੍ਰਸ਼ਨ ਪੁੱਛ ਕੇ।
12ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਬਾਰੇ ਵਿਸਤਰਿਤ ਰਿਪੋਰਟ

ਰਿਪੋਰਟ ਦਾ ਸਾਰ ਅਤੇ ਸੁਝਾਅ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਲਈ ਤਿਆਰ ਕੀਤੀ ਕਿਤਾਬ ਨੂੰ ਪੰਜਾਬ ਦੇ ਲੋਕ/ਵਿਦਿਆਰਥੀ ਪ੍ਰਵਾਨ ਨਹੀਂ ਕਰਨਗੇ ਕਿਉਂਕਿ:-

* ਸੈਕੂਲਰ ਰਾਸ਼ਟਰਵਾਦ ਦੀ ਥਾਂ ‘ਤੇ ਹਿੰਦੂ ਰਾਸ਼ਟਰਵਾਦ ਉਭਾਰਿਆ ਗਿਆ ਹੈ।
* ਸਿੱਖੀ ਨੂੰ ਹਿੰਦੂਵਾਦ ਨਾਲ ਜੋੜ ਕੇ ਹਿੰਦੂਵਾਦ ਦਾ ਅੰਗ ਸਾਬਤ ਕੀਤਾ ਗਿਆ ਹੈ।
* ਮਹਾਤਮਾ ਬੁੱਧ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਗ਼ਲਤ ਰੰਗਤ ਦਿੱਤੀ ਗਈ ਹੈ।
* ਨਿਰਗੁਣ ਭਗਤੀ ਨਾਲੋਂ ਸਰਗੁਣ ਭਗਤੀ ਉਚਿਆਈ ਗਈ ਹੈ। ਭਗਤੀ ਤੇ ਸ਼ਕਤੀ, ਮੀਰੀ ਤੇ ਪੀਰੀ ਦੀ ਕੋਈ ਗੱਲ ਨਹੀਂ ਕੀਤੀ ਗਈ।
* ਮਿਥਿਹਾਸ ਨੂੰ ਇਤਿਹਾਸ ਬਣਾਉਣ ਲਈ ਬਿਨਾਂ ਹਵਾਲੇ ਤੋਂ ਇੱਧਰੋਂ ਉਧਰੋਂ ਜਾਣਕਾਰੀ ਇਕੱਠੀ ਕੀਤੀ ਗਈ ਹੈ।
* ਯੋਧਿਆਂ, ਸ਼ਹੀਦਾਂ ਦਾ ਇਤਿਹਾਸ ਕੱਟ ਕੇ ਪੁਜਾਰੀਆਂ, ਭਿਖਸ਼ੂਆਂ ਆਦਿ ਨੂੰ ਮਹੱਤਵ ਦਿੱਤਾ ਗਿਆ ਹੈ।
* ਸਭ ਤੋਂ ਵੱਡੇ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਉਨ੍ਹਾਂ ਵੱਲੋਂ ਸਾਜੇ ਖ਼ਾਲਸੇ ਨੂੰ ਗੁਰੂ ਜੋਤਿ ਦਾ ਅੰਗ ਸਾਬਤ ਕਰਨ ਨਾਲੋਂ ਖ਼ਾਲਸੇ ਦੀ Transformation ਦਾ ਵਿਚਾਰ ਪੇਸ਼ ਕਰਨ ਲਈ ਜ਼ਮੀਨ ਤਿਆਰ ਕੀਤੀ ਗਈ ਹੈ।

ਸੁਝਾਅ:-
* ਪੰਜਾਬ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ 12ਵੀਂ ਜਮਾਤ ਦੇ ਇਤਿਹਾਸ ਦੀ ਕਿਤਾਬ ਰੱਦ ਕੀਤੀ ਜਾਵੇ। ਇਸ ਦੀ ਛਪਾਈ ਬੰਦ ਕਰਕੇ ਛਪ ਚੁੱਕੀਆਂ ਕਾਪੀਆਂ ਨਸ਼ਟ ਕੀਤੀਆਂ ਜਾਣ।
* ਨਵਾਂ ਸਿਲੇਬਸ ਤਿਆਰ ਕਰਨ ਲਈ ਮਾਹਿਰਾਂ ਦੀ ਟੀਮ ਬਣਾਈ ਜਾਵੇ ਜਿਸ ਵਿਚ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚੋਂ ਘੱਟੋ-ਘੱਟ ਪ੍ਰੋਫੈਸਰ ਰੈਕ ਦੇ ਪੰਜ ਮਾਹਿਰ ਸ਼ਾਮਿਲ ਕੀਤੇ ਜਾਣ।
* ਨਵਾਂ ਸਿਲੇਬਸ ਅਤੇ ਨਵੀਆਂ ਕਿਤਾਬਾਂ ਤਿਆਰ ਹੋਣ ਤੱਕ ਪਹਿਲਾਂ ਪੁਰਾਣਾ ਸਿਲੇਬਸ ਹੀ ਪੜ੍ਹਾ ਲਿਆ ਜਾਵੇ।

Comments

comments

Share This Post

RedditYahooBloggerMyspace