ਬਾਈਕ ਟਰੈਕ ’ਤੇ ਛੱਡ ਕੇ ਭੱਜਿਆ ਚਾਲਕ

ਪਠਾਨਕੋਟ : ਮਾਨਵ ਰਹਿਤ ਰੇਲਵੇ ਫਾਟਕ ਉਪਰ ਉਸ ਸਮੇਂ ਅਜੀਬੋ ਗਰੀਬ ਘਟਨਾ ਵਾਪਰ ਗਈ ਜਦੋਂ ਇੱਕ ਵਿਅਕਤੀ ਜੋ ਆਪਣੇ ਮੋਟਰਸਾਈਕਲ ਨਾਲ ਪੈਦਲ ਹੀ ਉੱਥੋਂ ਲੰਘ ਰਿਹਾ ਸੀ ਅਚਾਨਕ ਰੇਲਗੱਡੀ ਆਉਂਦੀ ਵੇਖ ਆਪਣੀ ਜਾਨ ਬਚਾਉਣ ਲਈ ਮੋਟਰਸਾਈਕਲ ਟਰੈਕ ਵਿਚਕਾਰ ਹੀ ਛੱਡ ਕੇ ਭੱਜ ਗਿਆ। ਉਹ ਤਾਂ ਬਚ ਗਿਆ ਪਰ ਮੋਟਰਸਾਈਕਲ ਰੇਲਗੱਡੀ ਦੇ ਇੰਜਣ ਵਿੱਚ ਫਸ ਗਿਆ, ਜਿਸ ਨਾਲ ਜੰਮੂ ਤੋਂ ਆ ਰਹੀ ਮਾਲਵਾ ਐਕਸਪ੍ਰੈਸ ਉੱਥੇ ਅੱਧਾ ਘੰਟਾ ਰੁਕੀ ਰਹੀ। ਰੇਲ ਮੁਲਾਜ਼ਮਾਂ ਨੇ ਮੌਕੇ ’ਤੇ ਪੁੱਜ ਕੇ ਮੋਟਰਸਾਈਕਲ ਨੂੰ ਰੇਲ ਇੰਜਣ ਹੇਠੋਂ ਕੱਢਿਆ ਤਾਂ ਜਾ ਕੇ ਰੇਲਗੱਡੀ ਅੱਗੇ ਜਾ ਸਕੀ। ਇਸ ਘਟਨਾ ਨਾਲ ਗੱਡੀ ਦੇ ਮੁਸਾਫਰਾਂ ਨੂੰ ਅੱਧਾ ਘੰਟੇ ਤੋਂ ਜਿਆਦਾ ਸਮੇਂ ਤੱਕ ਪ੍ਰੇਸ਼ਾਨ ਹੋਣਾ ਪਿਆ। ਮੌਕੇ ’ਤੇ ਜੀ.ਆਰ.ਪੀ. ਦੇ ਕਮਾਂਡੈਂਟ ਮੀਨਾ, ਸੀ.ਪੀ.ਡਬਲਿਊ.ਆਈ. ਪ੍ਰਦੀਪ ਕੁਮਾਰ ਅਤੇ ਹੋਰ ਅਧਿਕਾਰੀ ਪੁੱਜੇ ਅਤੇ ਉਨ੍ਹਾਂ ਟਰੈਕ ਕਲੀਅਰ ਕਰਵਾ ਕੇ ਗੱਡੀ ਅੱਗੇ ਰਵਾਨਾ ਕੀਤੀ। ਇਹ ਘਟਨਾ ਸੁਜਾਨਪੁਰ ਦੇ ਸ਼ੇਖਾ ਮੁਹੱਲਾ ਦੇ ਮਾਨਵ ਰਹਿਤ ਰੇਲਵੇ ਕਰਾਸਿੰਗ ਉਪਰ ਵਾਪਰੀ। ਇਸ ਮੌਕੇ ਟੋਨੀ, ਸ਼ੁਭਮ, ਕਾਲੂ, ਨੀਰਜ਼, ਗੁਲਸ਼ਨ, ਦੇਵਰਾਜ ਤੇ ਸੰਸਾਰ ਨੇ ਦੱਸਿਆ ਕਿ ਇਸ ਰੇਲਵੇ ਕਰਾਸਿੰਗ ਤੇ ਰੋਜ਼ਾਨਾ ਲਗਭਗ ਦੋ ਦਰਜਨ ਪਿੰਡਾਂ ਦੇ ਲੋਕ ਸੁਜਾਨਪੁਰ ਆਉਣ-ਜਾਣ ਲਈ ਲੰਘਦੇ ਹਨ। ਪਰ ਇਥੇ ਰੇਲਵੇ ਫਾਟਕ ਨਾ ਹੋਣ ਕਾਰਨ ਕਈ ਵਾਰ ਹਾਦਸੇ ਹੋ ਚੁੱਕੇ ਹਨ। ਲੋਕ ਪਿਛਲੇ ਕਾਫ਼ੀ ਸਾਲਾਂ ਤੋਂ ਇੱਥੇ ਫਾਟਕ ਲਗਾਉਣ ਦੀ ਮੰਗ ਕਰ ਰਹੇ ਹਨ ਪਰ ਅਜੇ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ। ਅੱਜ ਵੀ ਜਦੋਂ ਰੇਲ ਦੇ ਇੰਜਣ ਥੱਲੇ ਮੋਟਰਸਾਈਕਲ ਆਇਆ ਤਾਂ ਇੰਜਣ ਉਸ ਨੂੰ ਘਸੀਟਦਿਆਂ ਨਾਲ ਲੈ ਗਿਆ। ਇਸ ਨਾਲ ਮੋਟਰਸਾਈਕਲ ਦਾ ਤੇਲ ਟੈਂਕ ਫਟ ਗਿਆ ਜਿਸ ਨਾਲ ਕਾਫ਼ੀ ਚਿੰਗਾਰੀਆਂ ਉੱਠੀਆਂ ਪਰ ਵੱਡਾ ਹਾਦਸਾ ਹੋਣੋਂ ਬਚ ਗਿਆ।

Comments

comments

Share This Post

RedditYahooBloggerMyspace