ਅਨਮਤੀਆਂ ਵਿਚ ਗੁਰਮਤਿ ਪ੍ਰਚਾਰ

photo(ਨਛੱਤਰ ਸਿੰਘ ਐਡਵੋਕੇਟ)
ਦਾਸ, ਕਾਨਪੁਰ ਤੋਂ (ਵਾਇਆ ਦਿੱਲੀ) ਲੁਧਿਆਣਾ ਆ ਰਿਹਾ ਸੀ, ਰਿਜ਼ਰਵੇਸ਼ਨ ਉਸ ਗੱਡੀ ਵਿਚ ਨਹੀਂ ਹੋ ਸਕੀ ਸੀ। ਟੀ.ਟੀ.ਈ. ਨੇ ਬੈਠਣ ਲਈ ਜਗਾ ਦੇ ਦਿੱਤੀ ਅਤੇ ਸਲੀਪਰ ਅਲੀਗੜ ਜਾ ਕੇ ਦੇਣ ਲਈ ਕਿਹਾ। ਰਾਤ ਦੇ ਕਰੀਬ 9-10 ਵਜੇ ਦਾ ਵਕਤ ਹੋਵੇਗਾ, ਰੇਲ ਡੱਬੇ ‘ਚ ਉੱਥੇ ਅਲੀਗੜ ਨਿਵਾਸੀ ਇਕ ਰਿਟਾਇਰਡ ਇੰਜੀਨੀਅਰ (ਸ੍ਰੀ ਸੁਰੰਜਨ ਦੱਤ ਤਰੇ, 8/11, ਮਿਤਰਾ ਨਗਰ, ਅਲੀਗੜ, ਯੂ. ਪੀ. ਮੋਬਾਇਲ ਨੰ: 099170-39533) ਜਿਸ ਦੀ ਧਰਮ ਵਿਚ ਡੂੰਘੀ ਦਿਲਚਸਪੀ ਸੀ ਅਤੇ ਜੋ ਹਿੰਦੂ- ਸਨਾਤਨ ਧਰਮ/ਮੱਤ ਨਾਲ ਸੰਬੰਧ ਰੱਖਦਾ ਹੈ), ਵੀ ਸਫਰ ਕਰ ਰਿਹਾ ਸੀ। ਆਪਣੇ ਵਿਚਾਰ ਅਨੁਸਾਰ ਧਰਮ ਦੀਆਂ ਗੱਲਾਂ, ਦਿੱਲੀ ਵਿਚ ਹੋਏ ਬਹੁ-ਚਰਚਿਤ ਦਾਮਨੀ (16 ਦਸੰਬਰ 2012 ਵਾਲਾ) ਬਲਾਤਕਾਰ ਕਾਂਡ ਅਤੇ ਕੁੰਭ ਮੇਲੇ ਆਦਿ ਬਾਰੇ ਗੱਲਾਂ ਕਰ ਰਿਹਾ ਸੀ। ਕੁਝ ਮੁਸਲਮਾਨ ਅਤੇ ਕੁਝ ਔਰਤਾਂ ਵੀ ਸਫਰ ਕਰ ਰਹੀਆਂ ਸਨ। ਗੱਲਾਂ ਕਰਦਿਆਂ ਕਰਦਿਆਂ ਉਨਾਂ ਇਹ ਵੀ ਕਿਹਾ ਕਿ ਜੈਨ, ਬੁੱਧ, ਸਿੱਖ-ਹਿੰਦੂ ਧਰਮ ਦੀਆਂ ਸ਼ਾਖਾਵਾਂ ਹਨ ਅਰਥਾਤ ਹਿੰਦੂ ਧਰਮ ‘ਚ, ਜੈਨ ਹਿੰਦੂ, ਬੁੱਧ ਹਿੰਦੂ ਅਤੇ ਸਿੱਖ ਹਿੰਦੂ ਆਦਿ ਹਨ। ਤਾਂ ਮੈਂ ਉਨਾਂ ਨੂੰ ਕਿਹਾ ਕਿ ਮੁਆਫ ਕਰਨਾ ਇਕ ਤਾਂ ਸਿੱਖ ਮੱਤ ਅਤੇ ਹਿੰਦੂ ਮੱਤ ਦੀਆਂ ਵਿਚਾਰਧਾਰਾਵਾਂ ਵਿਚ ਜ਼ਮੀਨ-ਅਸਮਾਨ ਦਾ ਅੰਤਰ ਹੈ, ਦੂਜਾ ਧਰਮ ਵੱਖਰੇ-ਵੱਖਰੇ ਨਹੀਂ ਹੁੰਦੇ, ਧਰਮ ਕੇਵਲ ਇਕ ਹੀ ਹੈ, ਇਕ ਸਰਬ ਸ਼ਕਤੀਮਾਨ (ਜਿਸ ਨੂੰ ਵੱਖਰੇ-ਵੱਖਰੇ ਮੱਤ/ ਫਿਰਕੇ ਪਰਮਾਤਮਾ, ਖੁਦਾ, ਅਲਾਹ, ਗੌਡ, ਰਾਮ, ਵਾਹਿਗੁਰੂ ਆਦਿ ਨਾਵਾਂ ਨਾਲ ਪੁਕਾਰਦੇ ਹਨ) ਦੇ ਹੁਕਮ ਅਨੁਸਾਰ ਚੱਲ ਕੇ, ਇਕ ਨਿਰਮਲ ਜੀਵਨ ਜਿਊਂਦੇ ਹੋਏ ਉਸ ਦੀ ਜੋਤ ਨਾਲ ਆਪਣੀ ਜੋਤ (ਆਤਮਾ) ਮਿਲਾਉਣ ਦਾ ਪਰਿਆਸ ਕਰਦੇ ਰਹਿਣਾ। ਧਰਮ ਨਾ ਹਿੰਦੂ ਹੁੰਦਾ ਹੈ, ਨਾ ਮੁਸਲਮਾਨ, ਨਾ ਸਿੱਖ, ਨਾ ਈਸਾਈ। ਇਹ ਤਾਂ ਵੱਖਰੇ-ਵੱਖਰੇ ਮੱਤ ਮਜ਼ਹਬ-ਫਿਰਕੇ ਹਨ, ਜਿਨਾਂ ਦੀ ਵੱਖਰੀ-ਵੱਖਰੀ ਵਿਚਾਰਧਾਰਾ ਹੈ। ਗੱਲਾਂ ਕਰਦਿਆਂ-ਕਰਦਿਆਂ ਦਾਸ ਨੇ ਉਨਾਂ ਨੂੰ ਗੁਰਬਾਣੀ ਵਿਚੋਂ ਕਈ ਹਵਾਲੇ ਵੀ ਦਿੱਤੇ, ਜਿਨਾਂ ਤੋਂ ਉਹ ਕਾਫੀ ਪ੍ਰਭਾਵਿਤ ਹੋਏ।
ਫਿਰ ਉਨਾਂ ਕਿਹਾ ਕਿ ਭਗਵਤ ਗੀਤਾ ਅਤੇ ਗੁਰੂ ਗ੍ਰੰਥ ਸਾਹਿਬ ਇਕੋ ਹੀ ਵਿਚਾਰਧਾਰਾ ਵਾਲੇ ਹਨ ਤਾਂ ਦਾਸ ਨੇ ਫਿਰ ਮੁਆਫ਼ੀ ਮੰਗਦੇ ਹੋਏ ਕਿਹਾ ਨਹੀਂ; ਇਕ ਤਾਂ ਇਨਾਂ ਦੋਹਾਂ ਦੀਆਂ ਵਿਚਾਰਧਾਰਾਵਾਂ ‘ਚ ਬਹੁਤ ਫਰਕ ਹੈ, ਦੂਜਾ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਉਸਦੇ ਲਿਖਣ/ਰਚਨਹਾਰਿਆਂ ਵਲੋਂ ਆਪਣੇ ਹੱਥੀਂ ਲਿਖੀ ਹੈ। ਸ੍ਰੀ ਦੱਤ ਤਰੇ ਜੀ ਨੇ ਭਗਤ ਕਬੀਰ ਸਾਹਿਬ ਦਾ ਨਾਮ ਲੈ ਕੇ ਕੋਈ ਸਲੋਕ/ਦੋਹਰਾ ਉਚਾਰਣ ਕੀਤਾ, ਜਿਸ ‘ਤੇ ਦਾਸ ਨੇ ਫਿਰ ਮੁਆਫੀ ਮੰਗਦੇ ਹੋਏ ਕਿਹਾ ਕਿ ਇਹ ਕਬੀਰ ਸਾਹਿਬ ਦਾ ਸਲੋਕ ਨਹੀਂ ਹੈ। ਉਨਾਂ ਦੀ ਬਾਣੀ ਤੇ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਹਨ। ਅਕਸਰ ਲੋਕ ਐਧਰੋਂ-ਉਧਰੋਂ ਤੁਕਾਂ ਲੈ ਕੇ ਇਨਾਂ ਮਹਾਨ ਵਿਅਕਤੀਆਂ ਦੇ ਨਾਮ ਨਾਲ ਜੋੜ ਦਿੰਦੇ ਹਨ, ਜੋ ਠੀਕ ਨਹੀਂ।
ਉਨਾਂ ਸਾਧੂ-ਸੰਤਾਂ ਗੰਗਾ ਦਰਿਆ ਦੇ ਨਿਰਮਲ ਜਲ ਅਤੇ ਤੀਰਥਾਂ ਉੱਪਰ ਇਸ਼ਨਾਨ ਕਰਕੇ ਪਾਪਾਂ ਦੇ ਲਾਹੁਣ ਦੀ ਗੱਲ ਕੀਤੀ ਤਾਂ ਦਾਸ ਨੇ ਫਿਰ ਮੁਆਫੀ ਮੰਗਦਿਆਂ ਅਰਜ਼ ਕੀਤੀ ਕਿ ਸਾਡਾ ਕਿਸੇ ਧਰਮ-ਫਿਰਕੇ/ਮੱਤ ਦੇ ਨਾਲ ਕੋਈ ਵਿਰੋਧ ਨਹੀਂ ਹੈ ਅਤੇ ਨਾ ਹੀ ਕਿਸੇ ਦਾ ਦਿਲ ਦੁਖਾਉਣ ਦਾ ਕੋਈ ਇਰਾਦਾ ਹੈ। ਸਭ ਨੂੰ ਆਪਣਾ-ਆਪਣਾ ਧਰਮ-ਮੱਤ/ਫਿਰਕਾ ਮੁਬਾਰਕ ਹੈ, ਪਰ ਆਪਾਂ ਵਿਚਾਰ-ਵਟਾਂਦਰਾ ਕਰ ਰਹੇ ਹਾਂ ਤੇ ਮੈਂ ਆਪਣੇ ਵਿਚਾਰ ਪਰਗਟ ਕਰ ਰਿਹਾ ਹਾਂ। ਅਸੀਂ ਉਹਨਾਂ ਲੋਕਾਂ, ਜਿਨਾਂ ਨੇ ਘਰ ਬਾਰ ਤਿਆਗ ਕੇ ਗ੍ਰਹਿਸਤੀ ਜ਼ਿੰਮੇਵਾਰੀਆਂ ਤੋਂ ਭੱਜ ਕੇ, ਸਾਧੂਆਂ ਸੰਤਾਂ ਵਾਲਾ ਭੇਖ ਧਾਰਨ ਕਰ ਲਿਆ ਹੈ, ਨੂੰ ਐਵੇਂ ਸਾਧੂ-ਸੰਤ ਕਹੀ ਜਾਂਦੇ ਹਾਂ ਜੋ ਠੀਕ ਨਹੀਂ ਹੈ।
ਸਾਧੂ ਜਾਂ ਸੰਤ ਤਾਂ ਬਹੁਤ ਮਹਾਨ ਪਦਵੀ ਰੁਤਬੇ ‘ਤੇ ਪਹੁੰਚਿਆ ਹੋਇਆ ਪ੍ਰਾਣੀ ਹੁੰਦਾ ਹੈ. ਉਸ ਲਈ ਖ਼ੁਸ਼ੀ-ਗ਼ਮੀ, ਦੁੱਖ-ਸੁਖ ਕੋਈ ਅਰਥ ਨਹੀਂ ਰੱਖਦੇ, ਉਹ ਤਾਂ ਸਾਰੀ ਕਾਇਨਾਤ ‘ਚੋਂ ਪਰਮਾਤਮਾ ਦੇ ਹੀ ਦਰਸ਼ਨ ਕਰਦਾ ਹੈ, ਕਿਸੇ ਦੇਸ਼, ਸੂਬੇ ਦੀਆਂ ਬੰਦਸ਼ਾਂ ਵਿਚ ਨਹੀਂ ਹੁੰਦਾ ਸਗੋਂ ਸਾਰਾ ਸੰਸਾਰ ਹੀ ਉਸ ਦਾ ਪਰਿਵਾਰ ਹੁੰਦਾ ਹੈ। ਉਹ ਤਾਂ ਫਜ਼ੂਲ ਦੇ ਕਰਮਕਾਂਡਾਂ ਤੋਂ ਨਿਰਲੇਪ, ਉਸ ਮਾਲਕ-ਪ੍ਰਭੂ ਦੇ ਨਾਮ-ਹੁਕਮ ‘ਚ ਲੀਨ ਰਹਿੰਦਾ ਹੈ ਅਤੇ ਸਭ ਨੂੰ ਸਮਦ੍ਰਿਸ਼ਟ ਭਾਵ ਇਕੋ ਜਿਹਾ ਸਮਝਦਾ ਹੈ। ਕਿਸੇ ਨਾਲ ਵੈਰ-ਵਿਰੋਧ ਨਹੀਂ ਕਰਦਾ, ਹਉਮੈ ਹੰਕਾਰ ਆਦਿ ਵਿਕਾਰਾਂ ਤੋਂ ਰਹਿਤ ਹੁੰਦਾ ਹੈ। ਪਰ ਇਨਾਂ ਅਖੌਤੀ ਸਾਧਾਂ- ਸੰਤਾਂ ‘ਚ ਤਾਂ ਕੋਈ ਅਜਿਹਾ ਗੁਣ ਨਜ਼ਰ ਨਹੀਂ ਆਉਂਦਾ ਸਗੋਂ ਇਹ ਨਾਂਗੇ ਸਾਧੂ ਧੀਆਂ-ਭੈਣਾਂ ਦੇ ਸਾਹਮਣੇ ਨੰਗੇਜ ਦਾ ਪ੍ਰਗਟਾਵਾ ਕਰਦੇ ਹਨ। ਕੁਝ ਸਾਲ ਪਹਿਲਾਂ ਇਸੇ ਕੁੰਭ ਦੇ ਮੇਲੇ ‘ਤੇ, ”ਪਹਿਲਾਂ ਅਸੀਂ ਇਸ਼ਨਾਨ ਕਰਨਾ ਹੈ” ਦੇ ਝਗੜੇ ਕਰਕੇ ਇਨਾਂ ਸਾਧੂਆਂ ਨੇ 42-44 ਸਾਧੂ ਮਾਰ ਦਿੱਤੇ ਸਨ। ਕੀ ਇਹ ਸਾਧੂ-ਸੰਤ ਦੀ ਅਵਸਥਾ ਹੈ? ਸਾਧੂ-ਸੰਤ ਤਾਂ ਆਪਾ ਨਿਛਾਵਰ ਕਰਨ ਵਾਲਾ ਹੁੰਦਾ ਹੈ। ”ਦਇਆ ਧਰਮ ਕਾ ਮੂਲ ਹੈ”, ਦਇਆ ਤੋਂ ਬਿਨਾਂ ਤਾਂ ਧਰਮ ਹੋ ਹੀ ਨਹੀਂ ਸਕਦਾ।
ਦਾਸ ਨੇ ਉਨਾਂ ਨੂੰ ਇਹ ਪ੍ਰਸੰਗ ਵੀ ਸੁਣਾਇਆ ਕਿ ਗੁਰੂ ਨਾਨਕ ਸਾਹਿਬ ਨੂੰ ਬਚਪਨ ਵਿਚ ਜਦੋਂ ਉਨਾਂ ਦੇ ਪਿਤਾ ਨੇ 20 ਰੁਪਏ, ਜੋ ਅੱਜ ਦੇ ਹਜ਼ਾਰਾਂ ਲੱਖਾਂ ਦੇ ਬਰਾਬਰ ਸਨ, ਵਪਾਰ ਕਰਨ ਲਈ ਦਿੱਤੇ ਸਨ ਤਾਂ ਉਨਾਂ ਨੂੰ ਅਜਿਹੇ ਸਾਧੂ-ਸੰਤਾਂ ਦਾ ਟੋਲਾ ਮਿਲ ਗਿਆ। ਉਹ ਇਕੱਠੇ ਹੋ ਕੇ ਲੋਕਾਂ ਪਾਸੋਂ ਭੋਜਨ ਮੰਗਦੇ ਸਨ। ਉਨਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਆਪਣੇ ਭੁੱਖੇ ਹੋਣ ਦਾ ਵਾਸਤਾ ਪਾ ਕੇ ਕੁਝ ਖਾਣ ਲਈ ਮੰਗ ਕੀਤੀ ਤਾਂ ਗੁਰੂ ਨਾਨਕ ਸਾਹਿਬ ਨੇ ਉਨਾਂ ਨੂੰ ਕੁਝ ਖਾਣ ਪੀਣ ਲਈ ਰਸਦ ਲੈ ਦਿੱਤੀ। ਉਹਨਾਂ ਨੇ ਕਿਹਾ ਕਿ ਅਸੀਂ ਪਕਾ ਨਹੀਂ ਸਕਦੇ, ਸਾਨੂੰ ਤਾਂ ਪੱਕਿਆ ਪਕਾਇਆ ਭੋਜਨ ਹੀ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕਿਹਾ ਮੇਰੇ ਪਾਸ ਬਹੁਤ ਕੁਝ ਹੈ, ਤੁਸੀਂ ਆਪਣੇ ਹੋਰ ਸਾਥੀਆਂ ਨੂੰ ਵੀ ਬੁਲਾ ਲਵੋ, ਗੁਰੂ ਨਾਨਕ ਸਾਹਿਬ ਨੇ ਉਨਾਂ ਨੂੰ ਸਮਝਾਇਆ ਕਿ ਜਦੋਂ ਤੋਂ ਮਨੁੱਖ ਨੇ ਆਪਣਾ ਸਰੀਰ ਢਕਣਾ ਸ਼ੁਰੂ ਕੀਤਾ, ਉਦੋਂ ਹੀ ਉਸ ਨੇ ਮਨੁੱਖਤਾ ਵੱਲ ਕਦਮ ਪੁੱਟਿਆ। ਨਹੀਂ ਤਾਂ ਪਹਿਲਾਂ ਮਨੁੱਖ ਅਤੇ ਪਸ਼ੂਆਂ ਵਿਚ ਕੋਈ ਫਰਕ ਨਹੀਂ ਸੀ। ਗੁਰੂ ਨਾਨਕ ਸਾਹਿਬ, ਜਿਨਾਂ ਦੇ ਮੁਢਲੇ ਉਪਦੇਸ਼, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ ਹਨ, ਉਨਾਂ ਨੇ ਉਨਾਂ ਸਾਧੂਆਂ ਨੂੰ ਉਪਦੇਸ਼ ਦਿੱਤਾ ਕਿ ਜੰਗਲ ਦੇ ਜੀਵ ਜੰਤੂ ਵੀ ਆਪਣੇ ਪੇਟ ਦੀ ਪੂਰਤੀ ਲਈ ਆਪ ਉੱਦਮ ਕਰਦੇ ਹਨ, ਉਹ ਕਿਸੇ ਅੱਗੇ ਹੱਥ ਨਹੀਂ ਅੱਡਦੇ, ਪਰ ਤੁਸੀਂ ਤਾਂ ਮਨੁੱਖ ਹੁੰਦਿਆਂ ਹੋਇਆਂ ਉਹਨਾਂ ਤੋਂ ਵੀ ਗਏ-ਗੁਜ਼ਰੇ ਹੋ, ਜੋ ਆਪਣੇ ਪੇਟ ਦੀ ਪੂਰਤੀ ਲਈ ਦੂਜਿਆਂ ਅੱਗੇ ਹੱਥ ਫੈਲਾਉਂਦੇ ਹੋ, ਇਹ ਸ਼ਰਮ ਦੀ ਗੱਲ ਹੈ। ਉਨਾਂ ਸਾਧੂਆਂ ਨੇ ਗੁਰੂ ਨਾਨਕ ਸਾਹਿਬ ਨਾਲ ਇਹ ਵਾਅਦਾ ਕੀਤਾ ਕਿ ਅੱਗੇ ਤੋਂ ਉਹ ਨੰਗੇ ਨਹੀਂ ਰਹਿਣਗੇ, ਨੰਗੇਜ ਢੱਕ ਕੇ ਰੱਖਣਗੇ ਅਤੇ ਆਪਣੇ ਆਹਾਰ ਦਾ ਆਪ ਪ੍ਰਬੰਧ ਕਰਿਆ ਕਰਨਗੇ ਅਤੇ ਉਹ ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂ ਬਣ ਗਏ। ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕਾਫੀ ਰਸਦ (ਰਾਸ਼ਨ) ਅਤੇ ਕੱਪੜੇ ਲੈ ਕੇ ਦਿੱਤੇ। ਅੱਜ ਤੱਕ ਕੋਈ ਵੀ ਨਾਨਕ ਨਾਮ ਲੇਵਾ ਤੁਹਾਨੂੰ ਕੋਈ ਮੰਗਤਾ ਨਹੀਂ ਮਿਲੇਗਾ। ਪਰ ਇਹਨਾਂ ਸਾਧੂ-ਸੰਤਾਂ ਨੇ ਕਿਰਤ ਅਤੇ ਘਰੇਲੂ ਜ਼ਿੰਮੇਵਾਰੀਆਂ ਤੋਂ ਭੱਜ ਕੇ ਇਹ (ਸਾਧੂ ਸੰਤਾਂ ਦਾ) ਭੇਸ ਬਣਾਇਆ ਹੈ, ਕੀ ਇਹ ਇਸ ਧਰਤੀ/ਸਮਾਜ ‘ਤੇ ਭਾਰ ਨਹੀਂ ਹਨ? ਸਾਰੇ ਅਵਤਾਰੀ ਪੁਰਸ਼ ਅਤੇ ਭਗਤ, ਸ਼ਾਦੀ-ਸ਼ੁਦਾ ਅਤੇ ਗ੍ਰਹਿਸਤੀ ਜੀਵਨ ਵਾਲੇ ਹੋਏ ਹਨ ਪਰ ਇਨਾਂ ਸਮਾਜ ਅਤੇ ਘਰੋਂ ਭੱਜਿਆਂ ਨੂੰ, ਜੋ ਨਸ਼ਿਆਂ ਵਿਚ ਗ਼ਲਤਾਨ ਰਹਿੰਦੇ ਹਨ, ਅਸੀਂ ਸਾਧੂ-ਸੰਤ ਕਹੀ ਜਾਂਦੇ ਹਾਂ।
ਤੀਰਥਾਂ ‘ਤੇ ਇਸ਼ਨਾਨ ਕਰਨ ਨਾਲ ਪਾਪ ਉਤਰਨ ਬਾਰੇ ਦਾਸ ਨੇ ਜਪੁ ਜੀ ਸਾਹਿਬ (ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ) ਦੀ ਪਹਿਲੀ ਪਉੜੀ ਦੀ ਪਹਿਲੀ ਪੰਕਤੀ ਅਤੇ ਵੀਹਵੀਂ ਪਉੜੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਾਪ ਤਾਂ ਮਨ ਕਰਦਾ ਹੈ ਪਰ ਸਰੀਰ ਦੇ ਧੋਣ/ ਨਹਾਉਣ ਨਾਲ ਮਨ ਦੇ ਪਾਪ ਤਾਂ ਨਹੀਂ ਉਤਰਨੇ। ਗੁਰਬਾਣੀ ਅਨੁਸਾਰ :
ਕਬੀਰ ਗੰਗਾ ਤੀਰ ਜੁ ਘਰੁ ਕਰਹਿ
ਪੀਵਹਿ ਨਿਰਮਲ ਨੀਰੁ॥
ਬਿਨੁ ਹਰਿ ਭਗਤਿ ਨ ਮੁਕਤਿ ਹੋਇ
ਇਉ ਕਹਿ ਰਮੇ ਕਬੀਰ॥ (੧੩੬੭)
ਗੁਰੂ ਨਾਨਕ ਸਾਹਿਬ ਦੀ ਬਾਣੀ ਅਨੁਸਾਰ :
ਤੀਰਥਿ ਨਾਵਣ ਜਾਉ
ਤੀਰਥੁ ਨਾਮੁ ਹੈ॥
ਤੀਰਥੁ ਸਬਦ ਬੀਚਾਰੁ
ਅੰਤਰਿ ਗਿਆਨੁ ਹੈ॥ (੬੮੭)
ਉਨਾਂ ਬਲਾਤਕਾਰ ਦੀ ਗੱਲ ਕਰਦਿਆਂ ਗੁਰਬਾਣੀ ਬਾਰੇ ਪੁੱਛਿਆ ਤਾਂ ਦਾਸ ਨੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਨੇ ਆਸਾ ਕੀ ਵਾਰ ਦੀ 18ਵੀਂ ਪਉੜੀ ਦੇ ਦੂਜੇ ਸਲੋਕ ਵਿਚ ਫੁਰਮਾਇਆ ਹੈ ਕਿ :
ਅਖੀ ਸੂਤਕੁ ਵੇਖਣਾ
ਪਰ ਤ੍ਰਿਅ ਪਰ ਧਨ ਰੂਪੁ॥ (੪੭੨)
ਪੰਜਵੀਂ ਪਾਤਸ਼ਾਹੀ ਨੇ ‘ਸੁਖਮਨੀ’ ਦੀ ਨੌਵੀਂ ਅਸ਼ਟਪਦੀ ਦੇ ਪਹਿਲੇ ਪਦੇ ਵਿਚ ਫੁਰਮਾਇਆ ਹੈ :
ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ॥ (੨੭੪)
ਅਤੇ-
ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ॥
ਸ੍ਰਵਣ ਸੋਏ ਸੁਣਿ ਨਿੰਦ ਵੀਚਾਰ॥ (੧੮੨)
ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ :
ਦੇਖ ਪਰਾਈਆਂ ਚੰਗੀਆਂ
ਮਾਵਾਂ ਭੈਣਾਂ ਧੀਆਂ ਜਾਣੈ॥
ਆਦਿਕ ਹਵਾਲੇ ਦਿੱਤੇ ਤਾਂ ਉੱਥੇ ਕੁਝ ਔਰਤਾਂ, ਜੋ ਬੜੇ ਧਿਆਨ ਨਾਲ ਇਹ ਵਾਰਤਾਲਾਪ ਸੁਣ ਰਹੀਆਂ ਸਨ ਨੇ ਵੀ ਹੱਥ ਜੋੜ ਕੇ ਸਿਰ ਝੁਕਾਏ ਅਤੇ ਗੁਰਬਾਣੀ ਨੂੰ ਸਿਜਦਾ ਕੀਤਾ। ਗੁਰਬਾਣੀ ਵਿਚਲੇ ਉਪਦੇਸ਼ ਸੁਣ ਕੇ ਦੱਤ ਤਰੇ ਜੀ ਨੇ ਕਿਹਾ ਕਿ ਗੁਰੂ ਨਾਨਕ ਤਾਂ ਫਿਰ ਭਗਵਾਨ ਦਾ ਅਵਤਾਰ ਹੀ ਹੋਏ। ਤਾਂ ਦਾਸ ਨੇ ਫਿਰ ਮੁਆਫੀ ਮੰਗਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਤਾਂ ਆਪਣੇ ਆਪ ਨੂੰ ਨੀਚ ਲਿਖਦੇ ਹੋਏ, ਜਪੁ ਜੀ ਸਾਹਿਬ ਦੀ 18ਵੀਂ ਪਉੜੀ ਦੀਆਂ ਅਖੀਰਲੀਆਂ ਤੁਕਾਂ ਵਿਚ ਫੁਰਮਾਨ ਕਰਦੇ ਹਨ :
ਨਾਨਕੁ ਨੀਚੁ ਕਹੈ ਵੀਚਾਰੁ॥
ਅਤੇ ਸਿਰੀਰਾਗ ਵਿਚ ਫੁਰਮਾਨ ਕਰਦੇ ਹਨ :
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ
ਤਿਥੈ ਨਦਰਿ ਤੇਰੀ ਬਖਸੀਸ॥ (੧੫)
ਉਸ ਸਮੇਂ ਉਥੇ ਮੌਜੂਦ ਇਕ 20-25 ਸਾਲ ਦੇ ਮੁਸਲਮਾਨ ਲੜਕੇ ਨੇ ਵੀ ਕਿਹਾ ਕਿ ਮੁਹੰਮਦ ਸਾਹਿਬ ਨੇ ਵੀ ਆਪਣੇ ਆਪ ਨੂੰ ਪੈਗ਼ੰਬਰ-ਨਬੀ ਨਹੀਂ ਕਿਹਾ, ਇਹ ਤਾਂ ਅਸੀ ਲੋਕ ਹੀ ਕਹਿੰਦੇ ਹਾਂ।
ਦਾਸ ਨੇ ਇਹ ਵੀ ਕਿਹਾ ਕਿ ਸਰੀਰ, ਰੱਬ/ ਗੁਰੂ ਨਹੀਂ ਹੁੰਦਾ ਸਗੋਂ ਰੱਬ ਵੀ ਗਿਆਨ-ਜੋਤ ਨਿਰਅਕਾਰ ਅਤੇ ਅਜੂਨੀ ਹੈ। ਗੁਰੂ ਵੀ ਗਿਆਨ-ਜੋਤ ਹੀ ਹੁੰਦਾ ਹੈ, ਸਰੀਰ ਨਹੀਂ। ਕਬੀਰ ਸਾਹਿਬ ਨੇ ਵੀ ਕਿਹਾ ਹੈ :
ਕਹੁ ਕਬੀਰ ਮੈ ਸੋ ਗੁਰੁ ਪਾਇਆ
ਜਾ ਕਾ ਨਾਉ ਬਿਬੇਕੁੋ॥ (੭੯੩)
ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਜੋਤ ਦੂਜੇ ਸਰੀਰ ‘ਚ ਟਿਕਾਈ ਤਾਂ ਉਨਾਂ ਨੇ ਦੂਜੀ ਪਾਤਸ਼ਾਹੀ (ਗੁਰੂ ਅੰਗਦ ਦੇਵ ਜੀ) ਗਿਆਨ-ਜੋਤ ਨੂੰ ਖੁਦ ਮੱਥਾ ਟੇਕਿਆ, ਫਿਰ ਜਦੋਂ ਦੂਜੇ ਸਰੀਰ ਨੇ ਗਿਆਨ ਜੋਤ ਨੂੰ ਤੀਜੇ ਸਰੀਰ ਵਿਚ ਟਿਕਾਇਆ ਤਾਂ ਦੂਜੇ ਸਰੀਰ ਗੁਰੂ ਅੰਗਦ ਦੇਵ ਜੀ ਨੇ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਵਿਚਲੀ ਗਿਆਨ-ਜੋਤ ਨੂੰ ਮੱਥਾ ਟੇਕਿਆ। ਇਸ ਤਰਾਂ ਇਹ ਸਿਲਸਿਲਾ ਚਲਦਾ ਰਿਹਾ ਅਤੇ ਅਖੀਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਨੂੰ ਮੱਥਾ ਟੇਕਿਆ ਅਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਸ਼ਬਦ ਗਿਆਨ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣਾ ਹੈ। ਗੁਰੂ ਗ੍ਰੰਥ ਸਾਹਿਬ ਵਿਚ 6 ਗੁਰੂ ਸਾਹਿਬਾਨ, 15 ਭਗਤਾਂ, ਜਿਨਾਂ ਵਿਚ ਮੁਸਲਿਮ ਫਿਰਕੇ ਦੇ ਬਾਬਾ ਸ਼ੇਖ ਫਰੀਦ ਜੀ ਤੋਂ ਇਲਾਵਾ ਪੰਜ ਬ੍ਰਾਹਮਣਾਂ ਜੈ ਦੇਵ, ਰਾਮਾਨੰਦ, ਪਰਮਾਨੰਦ, ਤ੍ਰਿਲੋਚਨ ਅਤੇ ਸੂਰ ਦਾਸ ਜੀ ਦੀ ਬਾਣੀ ਤੋਂ ਬਿਨਾਂ, ਕਥਿਤ ਨੀਵੀਆਂ ਜਾਤੀਆਂ ਦੇ ਭਗਤ ਰਵਿਦਾਸ, ਨਾਮਦੇਵ, ਸਧਨਾ, ਸੈਣ ਜੀ ਆਦਿ ਭਗਤਾਂ ਅਤੇ 11 ਭੱਟਾਂ ਅਤੇ ਤਿੰਨ ਸਿੱਖਾਂ ਦੀ ਬਾਣੀ ਵੀ ਦਰਜ ਹੈ। ਇਹ ਸਮੁੱਚੀ ਬਾਣੀ ਦਾ ਉਪਦੇਸ਼ ਮਨੁੱਖ ਨੂੰ ਪਰਮਾਤਮਾ ਦੇ ਹੁਕਮ ਅਨੁਸਾਰ ਚਲਦਿਆਂ, ਉਸ ਦਾ ਨਾਮ (ਹੁਕਮ) ਜਪਦਿਆਂ, ਭਾਵ ਉਸ ਦੇ ਨਿਰਮਲ ਭਉ ਵਿਚ ਰਹਿੰਦਿਆਂ, ਚੰਗੀ ਨੇਕ-ਪਾਕ ਜ਼ਿੰਦਗੀ ਜਿਊਂਦਿਆਂ, ਪਰਮਾਤਮਾ (ਪਰਮ-ਆਤਮਾ) ਦੀ ਜੋਤ ਨਾਲ ਆਪਣੀ ਜੋਤ (ਆਤਮਾ) ਦਾ ਮਿਲਾਪ ਕਰਵਾਉਣਾ ਹੈ। ਇਸ ਗੁਰਬਾਣੀ ਵਿਚ ਉਨਾਂ ਗੁਣਾਂ ਉਪਦੇਸ਼ਾਂ ਦੀ ਹੀ ਗੱਲ ਕੀਤੀ ਗਈ ਹੈ ਜਿਨਾਂ ‘ਤੇ ਚੱਲ ਕੇ ਪਰਮਾਤਮਾ ਨਾਲ ਇਕ-ਮਿਕ ਹੋਇਆ ਜਾ ਸਕਦਾ ਹੈ। ਉਨਾਂ ਔਗੁਣਾਂ ਤੋਂ ਬਚਣ ਦੀ ਤਾਕੀਦ ਕੀਤੀ ਗਈ ਹੈ ਜਿਨਾਂ ਕਰਕੇ ਸਾਡੀ ਆਤਮਾ ਦੀ ਪਰਮਾਤਮਾ ਤੋਂ ਦੂਰੀ ਬਣਦੀ ਹੈ, ਵਿਛੋੜਾ ਪੈਂਦਾ ਹੈ ਅਤੇ ਜੀਵ (ਆਤਮਾ) ਜਮਾਂ (ਜਮਦੂਤਾਂ) ਦੇ, ਭਾਵ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਇੰਨਾ ਹੀ ਨਹੀਂ, ਹਿੰਦੂ ਮੰਦਰਾਂ ਵਿਚ ਖ਼ੁਦਾ- ਅੱਲਾਹ ਦੀ ਗੱਲ ਨਹੀਂ ਕੀਤੀ ਜਾ ਸਕਦੀ। ਇਸੇ ਤਰਾਂ ਨਾ ਹੀ ਮਸਜਿਦ ਵਿਚ ਰਾਮ-ਨਾਮ ਦੀ ਗੱਲ ਕੀਤੀ ਜਾ ਸਕਦੀ ਹੈ। ਪਰ ਗੁਰਬਾਣੀ ਵਿਚ ਖੁਦਾ, ਅੱਲਾਹ ਦੀ ਵੀ ਗੱਲ ਹੈ ਅਤੇ ਕਣ-ਕਣ ਵਿਚ ਰਮੇ ਹੋਏ ਰਾਮ ਤੋਂ ਬਿਨਾਂ ਪ੍ਰਭੂ ਦੇ ਅਨੇਕਾਂ ਨਾਮ, ਬੀਠਲ, ਗੋਪਾਲ, ਗੋਬਿੰਦ, ਜਗਦੀਸ਼ ਆਦਿ ਦਾ ਭਰਪੂਰ ਜ਼ਿਕਰ ਹੈ। ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਰਾਗ ਬਸੰਤੁ ਮਹਲਾ ਪਹਿਲਾ ਵਿਚ ਫੁਰਮਾਉਂਦੇ ਹਨ : ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ॥ (੧੧੬੮)
ਸਭ ਤੋਂ ਵੱਧ ਦਿਲਚਸਪ ਅਤੇ ਵਿਲੱਖਣ ਗੱਲ ਇਹ ਹੈ ਕਿ ਦਰਬਾਰ ਸਾਹਿਬ-ਹਰਿਮੰਦਰ ਸਾਹਿਬ ਦੀ ਨੀਂਹ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਜੀ ਪਾਸੋਂ ਹੀ ਰਖਵਾਈ ਸੀ। ਇਨਾਂ ਸਾਰੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਉਨਾਂ ਯਾਤਰੂਆਂ ਨੇ ਕਿਹਾ ਕਿ ਫਿਰ ਤੁਸੀਂ ਸਿੱਖ ਇਸ ਗੁਰਬਾਣੀ ਦਾ ਪ੍ਰਚਾਰ ਦੂਜੇ ਲੋਕਾਂ (ਗੈਰ- ਸਿੱਖਾਂ) ਵਿਚ ਕਿਉਂ ਨਹੀਂ ਕਰਦੇ? ਤਾਂ ਉੱਥੇ ਦਾਸ ਲਾਚਾਰ, ਅਤੇ ਮਜਬੂਰ ਹੋ ਗਿਆ। ਅਸੀਂ ਤਾਂ ਹੀ ਗੈਰ-ਸਿੱਖਾਂ ਵਿਚ ਇਸਦਾ ਪ੍ਰਚਾਰ ਕਰ ਸਕਦੇ ਹਾਂ ਜੇ ਸਾਨੂੰ ਖੁਦ ਨੂੰ ਇਸ ਮਹਾਨ ਖਜ਼ਾਨੇ ਬਾਰੇ ਪਤਾ ਹੋਵੇ, ਉਤਸ਼ਾਹ ਤੇ ਹਿੰਮਤ ਹੋਵੇ। ਗੁਰਬਾਣੀ ਵਿਚਲੇ ਇਹ ਅਨਮੋਲ ਵਚਨ ਸੁਣ ਕੇ ਸ੍ਰੀ ਦੱਤਾ ਤਰੇ ਜੀ ਇੰਨੇ ਪ੍ਰਭਾਵਿਤ ਹੋਏ ਅਤੇ ਕਹਿਣ ਲੱਗੇ ”ਕਿ ਮੈਨੂੰ ਤਾਂ ਹਿੰਦੀ ਵਿਚ ਆਪਣਾ ਗੁਰੂ ਗ੍ਰੰਥ ਸਾਹਿਬ ਜ਼ਰੂਰ ਹਾਸਲ ਕਰਵਾਉ ਤਾਂ ਕਿ ਮੈਂ ਵੀ ਉਸ ਤੋਂ ਲਾਭ ਪ੍ਰਾਪਤ ਕਰ ਸਕਾਂ।” ਦਾਸ ਨੇ ਉਨਾਂ ਨਾਲ ਵਾਅਦਾ ਕੀਤਾ ਕਿ ਮੈਂ ਇਕ ਮਹੀਨੇ ਵਿਚ ਸਿੱਖ ਮਿਸ਼ਨਰੀ ਕਾਲਜ ਤੋਂ ਛਪਿਆ ਕੋਈ ਸਾਹਿਤ (Literature) ਆਪ ਜੀ ਨੂੰ ਭੇਜ ਦੇਵਾਂਗਾ ਪਰ ਇਕ ਪਿਆਰੇ ਸਿੱਖ ਗਿਆਨੀ ਗੁਰਮੇਲ ਸਿੰਘ ਜੀ (ਜਗਰਾਉਂ) ਵਾਲਿਆਂ ਤੋਂ ਪਤਾ ਲੱਗਾ ਕਿ ਗੁਰਬਾਣੀ ਦੀ ਸਟੀਕ “www.srigurugranthdarpan.com ਤੋਂ ਇਹ ਦੇਵ-ਨਾਗਰੀ ਸਕ੍ਰਿਪਟ ਵਿਚ ਪ੍ਰਿੰਸੀਪਲ ਸਾਹਿਬ ਸਿੰਘ ਜੀ ਵਲੋਂ ਕੀਤੀ ਵਿਆਖਿਆ ਸਹਿਤ ਪ੍ਰਾਪਤ ਕੀਤੀ ਜਾ ਸਕਦੀ ਹੈ, ਤਾਂ ਦਾਸ ਨੇ ਉਨਾਂ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਸ੍ਰੀ ਦੱਤ ਤਰੇ ਜੀ ਨੂੰ ਦੇ ਦਿੱਤੀ, ਜਿਸ ਤੋਂ ਉਹ ਬਹੁਤ ਪ੍ਰਸੰਨ ਹੋਏ।
ਅਸਲ ਵਿਚ ਇਹੋ ਹੀ ਹੋ ਰਿਹਾ ਹੈ ਕਿ ਅਸੀਂ ਇਸ ਅਨਮੋਲ ਆਤਮਿਕ ਖਜ਼ਾਨੇ ਨੂੰ ਸਿਰਫ਼ ਰੁਮਾਲੇ ਭੇਟ ਕਰਕੇ, ਮੱਥਾ ਟੇਕ ਕੇ ਮੰਨਤਾਂ/ ਪਦਾਰਥ ਮੰਗਣ ਲਈ ਹੀ ਵਰਤਦੇ ਹਾਂ। ਜਦੋਂ ਕਿ ਗੁਰਬਾਣੀ ਦਾ ਫੁਰਮਾਨ ਗਉੜੀ ਗੁਆਰੇਰੀ ਮਹਲਾ ਪੰਜਵਾਂ ਵਿਚ ਹੈ :
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥ (੧੮੬) ਅਸੀਂ ਤਾਂ ਗੁਰਦੁਆਰਿਆਂ ਵਿਚੋਂ ਸੋਝੀ ਪ੍ਰਾਪਤ ਕਰਨ ਦੀ ਥਾਂ ਇੱਥੇ ਆਪਣੇ ਹਉਮੈ- ਹੰਕਾਰ ਦਾ ਹੀ ਪ੍ਰਗਟਾਵਾ ਕਰਦੇ ਹਾਂ ਅਤੇ ਇਕ
ਦੂਜੇ ਨੂੰ ਨੀਵਾਂ ਦਿਖਾਉਣ ਤੇ ਉਸ ਦੀ ਪੱਗ ਲਾਹੁਣ ਦਾ ਹੀ ਯਤਨ ਕਰਦੇ ਹਾਂ। ਸਾਨੂੰ ਗੁਰਬਾਣੀ ਨਾਲੋਂ ਕੱਚੀ ਬਾਣੀ ਅਤੇ ਬਿਪਰਨ ਕੀ (ਬ੍ਰਾਹਮਣ ਦੀ) ਰੀਤ ਜ਼ਿਆਦਾ ਚੰਗੀ ਲਗਦੀ ਹੈ। ਆਪਣਾ ਕੀਮਤੀ ਕੁਰਬਾਨੀਆਂ ਵਾਲਾ ਵਿਰਸਾ ਭੁਲਾ ਕੇ, ਅਸੀਂ ਵਿਕਾਊ ਮਾਲ ਬਣ ਕੇ, ਚਾਪਲੂਸੀਆਂ ਵਾਲਾ ਕਲਚਰ ਹੀ ਅਪਣਾ ਲਿਆ ਹੈ। ਪਿਛਲੇ 30 ਸਾਲਾਂ ਤੋਂ ਸਾਡੀ ਕੌਮ ਦੀ ਦੁਰਗਤੀ ਹੋ ਰਹੀ ਹੈ ਪਰ ਅਸੀਂ ਸੁੱਤੇ ਹੋਏ ਹਾਂ। ਗੁਰ ਫੁਰਮਾਨ : ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥” (੧੧੮੫)
ਉੱਪਰ ਕਦੋਂ ਅਮਲ ਕਰਾਂਗੇ?

Comments

comments

Share This Post

RedditYahooBloggerMyspace