ਆਓ, ਜ਼ਿੰਦਗੀ ਵਿੱਚ ਭਰੀਏ ਖ਼ੁਸ਼ਹਾਲੀ ਦੇ ਰੰਗ

shutterstock_176813414ਡਾ. ਜਗਦੀਸ਼ ਕੌਰ ਵਾਡੀਆ
ਸੁੱਖ ਤੇ ਦੁੱਖ, ਇੱਕੋ ਸਿੱਕੇ ਦੇ ਦੋ ਪਾਸੇ ਹਨ ਜਾਂ ਇਹ ਕਹਿ ਲਈਏ ਕਿ ਦੋਵੇਂ ਇੱਕ ਦੂਜੇ ਦੇ ਪੂਰਕ ਹਨ ਤਾਂ ਵੀ ਕੋਈ ਅਤਿਕਥਨੀ ਨਹੀਂ। ਜੇ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣ ਤਾਂ ਦੁੱਖ ਦਾ ਅਹਿਸਾਸ ਨਹੀਂ ਹੋ ਸਕਦਾ ਅਤੇ ਜੇ ਦੁੱਖ ਹੀ ਦੁੱਖ ਹੋਣ ਤਾਂ ਸੁੱਖ ਦਾ ਮਹੱਤਵ ਨਹੀਂ ਪਤਾ ਲੱਗ ਸਕਦਾ। ਇਸ ਲਈ ਜ਼ਿੰਦਗੀ ਦੇ ਸਫ਼ਰ ਵਿੱਚ ਮਨੁੱਖ ਨੂੰ ਦੋਵਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਇਹ ਜੀਵਨ ਚੱਕਰ ਹੈ ਜੋ ਚਲਦਾ ਰਹਿੰਦਾ ਹੈ- ਨਿਰੰਤਰ ਧੁੱਪ-ਛਾਂ ਵਾਂਗ। ਜੇ ਮਨੁੱਖ ਹਾਂ-ਪੱਖੀ ਸੋਚ ਰੱਖੇ ਅਤੇ ਜਿਵੇਂ ਅਸੀਂ ਹਰ ਰੁੱਤ ਨੂੰ ਮਾਣਦੇ ਤੇ ਸਵੀਕਾਰ ਕਰਦੇ ਹਾਂ, ਉਸ ਤਰ੍ਹਾਂ ਸੁੱਖ-ਦੁੱਖ ਨੂੰ ਮਾਣੇ ਤੇ ਸਵੀਕਾਰ ਕਰੇ ਤਾਂ ਜ਼ਿੰਦਗੀ ਕਦੇ ਬੋਝਲ ਨਹੀਂ ਹੋ ਸਕਦੀ।
ਜੇ ਅਸੀਂ ਜ਼ਿੰਦਗੀ ਵਿੱਚ ਖ਼ੁਸ਼ਹਾਲੀ ਦੇ ਰੰਗ ਭਰਨੇ ਚਾਹੁੰਦੇ ਹਾਂ ਤਾਂ ਕੁੱਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸਾਨੂੰ ਬਜ਼ੁਰਗਾਂ ਤੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਦਾ ਯਤਨ ਕਰਨਾ ਚਾਹੀਦਾ ਹੈ। ਅਜੋਕੇ ਦੌੜ-ਭੱਜ ਦੇ ਸਮੇਂ ਵਿੱਚ ਬਜ਼ੁਰਗ ਤੇ ਬੱਚੇ ਦੋਵੇਂ ਹੀ ਅਣਗੌਲੇ ਜਾ ਰਹੇ ਹਨ। ਪਤੀ-ਪਤਨੀ ਦੋਵੇਂ ਨੌਕਰੀ ਕਰਦੇ ਹੋਣ ਸਦਕਾ ਉਨ੍ਹਾਂ ਦਾ ਜੀਵਨ ਵਧੇਰੇ ਰੁਝੇਵਿਆਂ ਭਰਿਆ ਹੈ। ਸਮੇਂ ਦੀ ਥੁੜ੍ਹ ਹੈ ਪਰ ਇਹ ਵੀ ਯਾਦ ਰਹੇ ਕਿ ਜਦੋਂ ਉਹ ਥੱਕੇ-ਹਾਰੇ ਘਰ ਆ ਕੇ ਬੱਚਿਆਂ ਨੂੰ ਗੋਦ ‘ਚ ਲੈਂਦੇ ਹਨ ਤਾਂ ਸਾਰੀ ਥਕਾਵਟ ਲਹਿ ਜਾਂਦੀ ਹੈ ਤੇ ਬੱਚਿਆਂ ਨੂੰ ਵੀ ਦਿਨ ਭਰ ਪਿੱਛੋਂ ਮਾਪਿਆਂ ਨੂੰ ਮਿਲ ਕੇ ਖ਼ੁਸ਼ੀ ਮਿਲਦੀ ਹੈ। ਬੱਚਿਆਂ ਵਿੱਚ ਬੈਠ ਕੇ ਕਦੇ ਬੱਚੇ ਬਣ ਕੇ ਵੇਖੋ, ਜਾਪੇਗਾ ਜਿਵੇਂ ਆਪਣਾ ਬਚਪਨ ਪਰਤ ਆਇਆ ਹੋਵੇ। ਉਨ੍ਹਾਂ ਦੀ ਦਿਨ ਭਰ ਦੀ ਕਾਰਗੁਜ਼ਾਰੀ ਬਾਰੇ ਸੁਣੋ। ਕੋਈ ਖੇਡ ਖੇਡੋ ਭਾਵੇਂ ਥੋੜ੍ਹੇ ਸਮੇਂ ਲਈ ਹੀ, ਮਾਨਸਿਕ ਸਕੂਨ ਮਿਲੇਗਾ ਤੇ ਬੱਚਿਆਂ ਨਾਲ ਨੇੜਤਾ ਵੀ ਬਣੀ ਰਹੇਗੀ। ਦੂਜੇ ਪਾਸੇ ਸਵੇਰੇ ਕੰਮ ‘ਤੇ ਜਾਣ ਲੱਗਿਆ ਘਰ ਦੇ ਬਜ਼ੁਰਗਾਂ ਦੀਆਂ ਅਸੀਸਾਂ ਲੈ ਕੇ ਨਿਕਲੋ ਤਾਂ ਦਿਨ ਭਰ ਦੇ ਰੁਝੇਵੇਂ ਵਿੱਚ ਜੋਸ਼ ਤੇ ਉਤਸ਼ਾਹ ਮਹਿਸੂਸ ਹੋਵੇਗਾ। ਵਾਪਸ ਪਰਤ ਕੇ ਜੇ ਦੋ ਘੜੀ ਉਨ੍ਹਾਂ ਕੋਲ ਬੈਠ ਕੇ ਉਨ੍ਹਾਂ ਨਾਲ ਦੋ ਬੋਲ ਪਿਆਰ ਦੇ ਸਾਂਝੇ ਕਰਕੇ ਹਾਲ-ਚਾਲ ਪੁੱਛੋ ਤਾਂ ਮਨ ਤੇ ਤਨ ਦੋਵਾਂ ਨੂੰ ਰਾਹਤ ਮਿਲੇਗੀ। ਬਜ਼ੁਰਗਾਂ ਦੀ ਸੇਵਾ ਵਿੱਚ ਅਸੀਮ ਸੁੱਖ ਹੈ। ਜਿਹੜੇ ਪਰਿਵਾਰ ਦੇ ਬਜ਼ੁਰਗ ਖ਼ੁਸ਼ ਹੋਣਗੇ, ਉਹ ਘਰ ਜ਼ਰੂਰ ਖ਼ੁਸ਼ਹਾਲ ਹੋਵੇਗਾ। ਸੱਚੇ ਦਿਲੋਂ ਬਜ਼ੁਰਗਾਂ ਦਾ ਸਤਿਕਾਰ ਕਰੋ। ਉਨ੍ਹਾਂ ਨੂੰ ਆਪਣੇ ਨਾਲ ਬਿਠਾ ਕੇ ਖਾਣਾ ਖੁਆਓ। ਦੁੱਖ-ਸੁੱਖ ਸਾਂਝੇ ਕਰੋ। ਕਦੇ-ਕਦਾਈਂ ਬਾਹਰ ਘੁਮਾ ਲਿਆਓ। ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਲੋੜਾਂ ਦਾ ਧਿਆਨ ਰੱਖੋ ਤੇ ਵੇਖੋ, ਉਹ ਕਿਵੇਂ ਅਸੀਸਾਂ ਦਾ ਅੰਬਾਰ ਲਾ ਦਿੰਦੇ ਹਨ। ਕੱਲ੍ਹ ਨੂੰ ਸਾਡੇ ਆਪਣੇ ਬੱਚੇ ਵੀ ਇਹੀ ਸੰਸਕਾਰ ਲੈਣਗੇ। ਜੋ ਅੱਜ ਦਿਆਂਗੇ, ਓਹੀ ਕੱਲ੍ਹ ਨੂੰ ਸਾਡੀ ਝੋਲੀ ਪਵੇਗਾ ਕਿਉਂਕਿ ਅਸੀਂ ਵੀ ਸਦਾ ਜੁਆਨ ਨਹੀਂ ਰਹਿਣਾ। ਜ਼ਿੰਦਗੀ ਵਿੱਚ ਖ਼ੁਸ਼ੀਆਂ ਦੇ ਰੰਗ ਭਰਨ ਲਈ ਮਨੁੱਖੀ ਵਤੀਰਾ ਵੀ ਸਭਿਆ ਤੇ ਨਿਮਰਤਾ ਭਰਿਆ ਹੋਣਾ ਲਾਜ਼ਮੀ ਹੈ। ਨਿਮਰ ਸੁਭਾਅ ਵਾਲੇ ਮਨੁੱਖਾਂ ਦਾ ਦੋਸਤੀ ਦਾ ਦਾਇਰਾ ਵਿਸ਼ਾਲ ਹੁੰਦਾ ਹੈ। ਜੇ ਅਸੀਂ ਕਿਸੇ ਦੇ ਲੋੜ ਵੇਲੇ ਕੰਮ ਆਵਾਂਗੇ ਤਾਂ ਕੱਲ੍ਹ ਨੂੰ ਉਹ ਵੀ ਲੋੜ ਪੈਣ ‘ਤੇ ਸਾਡੀ ਮਦਦ ਜ਼ਰੂਰ ਕਰਨਗੇ। ਅਜੋਕੇ ਪਦਾਰਥਵਾਦੀ ਦੌਰ ਵਿੱਚ ਹਰ ਮਨੁੱਖ ਤਣਾਅਗ੍ਰਸਤ ਹੈ। ਇਸ ਤਣਾਅ ਤੋਂ ਮੁਕਤੀ ਲਈ ਜ਼ਰੂਰੀ ਹੈ ਕਿ ਜਦੋਂ ਤੇ ਜਿੰਨਾ ਵੀ ਸਮਾਂ ਮਿਲੇ ਕੁਦਰਤ ਸੰਗ ਮਾਣੀਏ। ਕੁਦਰਤ ਸਾਡੀ ਦੋਸਤ ਹੈ। ਉਸ ਦੇ ਸਭ ਰੰਗ ਸਾਡੇ ਜੀਵਨ ਵਿੱਚ ਵੀ ਰੰਗ ਭਰਦੇ ਹਨ। ਤਣਾਅਮੁਕਤ ਹੋਣ ਲਈ ਅੱਜ-ਕੱਲ੍ਹ ਯੋਗ ਕਲਾਸਾਂ ਵੀ ਲੱਗ ਰਹੀਆਂ ਹਨ।
ਸਵੇਰੇ ਪਾਰਕਾਂ ਵਿੱਚ ਬਜ਼ੁਰਗ ਇਕੱਠੇ ਹੋ ਕੇ ਯੋਗ ਕਰਦੇ ਤਾੜੀਆਂ ਮਾਰਦੇ ਤੇ ਖੁੱਲ੍ਹ ਕੇ ਹੱਸਦੇ ਹਨ। ਇਹ ਖੁੱਲ੍ਹ ਕੇ ਹੱਸਣਾ ਜਿੱਥੇ ਤੰਦਰੁਸਤੀ ਪ੍ਰਦਾਨ ਕਰਦਾ ਹੈ, ਉੱਥੇ ਸਾਰਾ ਦਿਨ ਚੁਸਤੀ-ਫੁਰਤੀ ਵੀ ਬਣੀ ਰਹਿੰਦੀ ਹੈ। ਖੁੱਲ੍ਹ ਕੇ ਹੱਸਣਾ ਕਈ ਬਿਮਾਰੀਆਂ ਤੋਂ ਮੁਕਤੀ ਦਿਵਾਉਂਦਾ ਹੈ। ਇਸ ਲਈ ਖ਼ੁਸ਼ ਰਹੋ, ਹੱਸੋ ਤੇ ਫਿਰ ਵੇਖੋ ਤੁਹਾਡੇ ਦੋਸਤਾਂ ਦਾ ਦਾਇਰਾ ਵਿਸ਼ਾਲ ਹੋਵੇਗਾ ਅਤੇ ਜੀਵਨ ਵੀ ਖ਼ੁਸ਼ਹਾਲ ਹੋਵੇਗਾ।
ਸਮੇਂ ਦੀ ਉਚਿਤ ਵਰਤੋਂ ਕਰਨੀ, ਆਪਣੇ ਆਪ ਨੂੰ ਸਿਰਜਣਾਤਮਕ ਤੇ ਰਚਨਾਤਮਕ ਕਾਰਜਾਂ ਵੱਲ ਰੁਚਿਤ ਰੱਖਣ ਨਾਲ ਵੀ ਮਾਨਸਿਕ ਸੰਤੁਸ਼ਟੀ ਮਿਲਦੀ ਹੈ ਅਤੇ ਸਮੇਂ ਦਾ ਸਦਉਪਯੋਗ ਹੁੰਦਾ ਹੈ। ਕੋਮਲ ਕਲਾਵਾਂ ਆਰਟ ਤੇ ਕਰਾਫਟ ਆਦਿ ਤਾਂ ਵੈਸੇ ਹੀ ਮਨਾਂ ਵਿੱਚ ਉਮੰਗਾਂ ਤੇ ਤਰੰਗਾਂ ਪੈਦਾ ਕਰਦੀਆਂ ਹਨ। ਇਸ ਲਈ ਜਿੰਨਾ ਸਿਰਜਣਾਤਮਕ ਤੇ ਰਚਨਾਤਮਕ ਕਾਰਜਾਂ ਵਿੱਚ ਰੁੱਝੇ ਰਹਾਂਗੇ, ਓਨੀ ਹੀ ਜੀਵਨ ਵਿੱਚ ਨਵੀਂ ਰੂਹ ਫੂਕੀ ਜਾਵੇਗੀ। ਇਸ ਤੋਂ ਇਲਾਵਾ ਹਰ ਇੱਕ ਨਾਲ ਪਿਆਰ ਨਾਲ ਰਹੋ ਤੇ ਖ਼ੁਸ਼ੀਆਂ ਖੇੜੇ ਵੰਡੋ ਕਿਉਂਕਿ ਜਿਹੜੇ ਮਨੁੱਖ ਹੋਰਾਂ ਦੇ ਜੀਵਨ ਨੂੰ ਖ਼ੁਸ਼ੀ ਤੇ ਆਨੰਦ ਨਾਲ ਮਾਲਾ-ਮਾਲ ਕਰਦੇ ਹਨ, ਖ਼ੁਸ਼ਹਾਲੀ ਆਪਮੁਹਾਰੇ ਉਨ੍ਹਾਂ ਦੇ ਕਦਮ ਚੁੰਮਦੀ ਹੈ।

Comments

comments

Share This Post

RedditYahooBloggerMyspace