ਦੁਨੀਆਂ ਨਹੀਂ ਜਿੱਤਣਾ ਚਾਹੁੰਦੀ ਕਰੀਨਾ

ਸੰਜੀਵ ਕੁਮਾਰ ਝਾਅ   
ਆਉਣ ਵਾਲੀ ਫ਼ਿਲਮ ‘ਵੀਰੇ ਦੀ ਵੈਡਿੰਗ’ ਇਸ ਸਾਲ ਦੀ ਸਭ ਤੋਂ ਚਰਚਿਤ ਫ਼ਿਲਮ ਹੈ। ਇਹ ਸਿਰਫ਼ ਇਸ ਦੀ ਅਸਾਧਾਰਨ ਕਹਾਣੀ ਕਰਕੇ ਹੀ ਨਹੀਂ ਬਲਕਿ ਕਰੀਨਾ ਕਪੂਰ ਦੇ ਮਾਂ ਬਣਨ ਤੋਂ ਬਾਅਦ ਬੌਲੀਵੁੱਡ ਵਿੱਚ ਵਾਪਸੀ ਕਾਰਨ ਵੀ ਚਰਚਾ ਵਿੱਚ ਹੈ। ਕਰੀਨਾ ਆਪਣੀ ਇਸ ਵਾਪਸੀ ਦੀ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਪੇਸ਼ ਹਨ ਕਰੀਨਾ ਕਪੂਰ ਖ਼ਾਨ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼:
-‘ਵੀਰੇ ਦੀ ਵੈਡਿੰਗ’ ਦੀ ਸ਼ੂਟਿੰਗ ਨੂੰ ਲੈ ਕੇ ਤੁਹਾਡਾ ਅਨੁਭਵ ਕਿਵੇਂ ਦਾ ਰਿਹਾ?
-ਬਹੁਤ ਦਿਲਚਸਪ ਰਿਹਾ ਕਿਉਂਕਿ ਜਦੋਂ ਮੈਨੂੰ ਆਪਣੇ ਗਰਭਵਤੀ ਹੋਣ ਬਾਰੇ ਪਤਾ ਲੱਗਿਆ ਤਾਂ ਮੈਂ ਇਹ ਫ਼ਿਲਮ ਛੱਡਣ ਦਾ ਮਨ ਬਣਾ ਲਿਆ। ਇੱਥੋਂ ਤਕ ਕਿ ਮੈਂ ਨਿਰਮਾਤਾ ਰੀਆ ਕਪੂਰ ਨੂੰ ਵੀ ਫੋਨ ਕਰਕੇ ਦੱਸ ਦਿੱਤਾ ਕਿ ਮੈਂ ਹੁਣ ਇਹ ਫ਼ਿਲਮ ਨਹੀਂ ਕਰ ਸਕਦੀ, ਇਸ ਲਈ ਕਿਸੇ ਹੋਰ ਅਭਿਨੇਤਰੀ ਨੂੰ ਲਿਆ ਜਾਵੇ, ਪਰ ਰੀਆ ਨੇ ਕਿਹਾ ਕਿ ਉਹ ਮੇਰਾ ਇੰਤਜ਼ਾਰ ਕਰੇਗੀ। ਰੀਆ ਤੋਂ ਬਾਅਦ ਮੇਰੇ ਪਤੀ ਸੈਫ ਅਲੀ ਖ਼ਾਨ ਨੇ ਵੀ ਮੇਰਾ ਪੂਰਾ ਸਾਥ ਦਿੱਤਾ। ਉਨ੍ਹਾਂ ਨੇ ਮੈਨੂੰ ਜਿੰਮ ਜਾਣ ਅਤੇ ਸ਼ੂਟਿੰਗ ’ਤੇ ਬੇਟੇ ਤੈਮੂਰ ਨੂੰ ਨਾਲ ਲੈ ਕੇ ਜਾਣ ਲਈ ਕਿਹਾ ਤਾਂ ਕਿ ਮੈਂ ਕੰਮਕਾਜੀ ਮਾਵਾਂ ਦੀ ਇੱਕ ਉਦਾਹਰਨ ਸੈੱਟ ਕਰ ਸਕਾਂ। ਹੁਣ ਇਹ ਫ਼ਿਲਮ 1 ਜੂਨ ਨੂੰ ਰਿਲੀਜ਼ ਹੋ ਰਹੀ ਹੈ।
-‘ਵੀਰੇ ਦੀ ਵੈਡਿੰਗ’ ਤੋਂ ਬਾਅਦ ਤੁਹਾਡਾ ਅਗਲਾ ਪ੍ਰਾਜੈਕਟ ਕੀ ਹੈ?
-ਅੱਗੇ ਕੀ ਕਰਨਾ ਹੈ, ਮੈਂ ਇਸ ਬਾਰੇ ਕੁਝ ਨਹੀਂ ਸੋਚਿਆ। ਤੈਮੂਰ ਅਜੇ ਸਵਾ ਸਾਲ ਦਾ ਹੈ ਅਤੇ ਮੈਂ ਉਸ ਨੂੰ ਆਪਣਾ ਪੂਰਾ ਸਮਾਂ ਦੇ ਰਹੀ ਹਾਂ ਅਤੇ ਨਾਲ ਨਾਲ ਫ਼ਿਲਮ ਦਾ ਪ੍ਰਚਾਰ ਵੀ ਕਰ ਰਹੀ ਹਾਂ। ਮੈਂ ਇਸ ਤੋਂ ਬਾਅਦ ਹੀ ਸੋਚਾਂਗੀ ਕਿ ਅੱਗੇ ਕੀ ਕਰਨਾ ਹੈ, ਪਰ ਮੈਂ ਵਾਅਦਾ ਕਰਦੀ ਹਾਂ ਕਿ ਸਾਲ ਵਿੱਚ ਇੱਕ ਜਾਂ ਦੋ ਫ਼ਿਲਮਾਂ ਕਰਦੀ ਰਹਾਂਗੀ।
-ਇੱਕ ਸਮਾਂ ਸੀ ਕਿ ਤੁਹਾਨੂੰ ਸ਼ੂਟਿੰਗ ਤੋਂ ਪਲ ਭਰ ਦੀ ਵੀ ਫੁਰਸਤ ਨਹੀਂ ਮਿਲਦੀ ਸੀ, ਹੁਣ ਫੁਰਸਤ ਹੀ ਫੁਰਸਤ ਹੈ। ਇਸ ’ਤੇ ਤੁਸੀਂ ਕੀ ਕਹੋਗੇ ?
– ਇਹੀ ਕਿ ਹੁਣ ਮੈਂ ਆਪਣੇ ਜੀਵਨ ਨੂੰ ਵਿਵਸਥਿਤ ਤਰੀਕੇ ਨਾਲ ਚਲਾਉਣ ਦਾ ਫ਼ੈਸਲਾ ਪੱਕਾ ਕਰ ਲਿਆ ਹੈ। ਪਹਿਲਾਂ ਮੇਰੇ ਲਈ ਕੇਵਲ ਕੰਮ ਹੀ ਮਹੱਤਵਪੂਰਨ ਸੀ, ਪਰ ਅੱਜ ਮੈਂ ਪਤਨੀ, ਮਾਂ ਅਤੇ ਬਹੂ ਪਹਿਲਾਂ ਹਾਂ, ਅਭਿਨੇਤਰੀ ਬਾਅਦ ਵਿੱਚ। ਇਹੀ ਵਜ੍ਹਾ ਹੈ ਕਿ ਹੁਣ ਮੇਰੀਆਂ ਤਰਜੀਹਾਂ ਬਦਲ ਗਈਆਂ ਹਨ। ਹੁਣ ਮੈਂ ਚੁਣਕੇ ਫ਼ਿਲਮਾਂ ਸਾਈਨ ਕਰਦੀ ਹਾਂ। ਘੱਟ, ਪਰ ਚੰਗੀਆਂ ਫ਼ਿਲਮਾਂ ਕਰਦੀ ਹਾਂ ਅਤੇ ਆਪਣੇ ਅਤੇ ਆਪਣੇ ਪਰਿਵਾਰ ਨੂੰ ਪੂਰਾ ਵਕਤ ਦਿੰਦੀ ਹਾਂ। ਮੈਨੂੰ ਅੱਜਕੱਲ੍ਹ ਕਿਤਾਬਾਂ ਪੜ੍ਹਨੀਆਂ ਬਹੁਤ ਚੰਗੀਆਂ ਲੱਗਣ ਲੱਗੀਆਂ ਹਨ।
-ਤੁਹਾਡਾ ਬੇਟਾ ਤੈਮੂਰ ਸੋਸ਼ਲ ਮੀਡੀਆ ’ਤੇ ਬਹੁਤ ਚਰਚਿਤ ਰਹਿੰਦਾ ਹੈ। ਤੁਹਾਨੂੰ ਕਿਵੇਂ ਲੱਗਦਾ ਹੈ ?
-ਸੱਚ ਕਹਾਂ ਤਾਂ ਇਹ ਮੈਨੂੰ ਚੰਗਾ ਨਹੀਂ ਲੱਗਦਾ। ਮੈਨੂੰ ਇਹ ਗੱਲ ਪਸੰਦ ਨਹੀਂ ਕਿ ਤੈਮੂਰ ਦੀ ਹਰ ਫੋਟੋ ਸੋਸ਼ਲ ਮੀਡੀਆ ਉੱਤੇ ਆ ਜਾਂਦੀ ਹੈ ਕਿ ਉਹ ਕੀ ਪਾਉਂਦਾ ਹੈ। ਅਜੇ ਉਹ ਸਿਰਫ਼ ਸਵਾ ਸਾਲ ਦਾ ਹੈ, ਪਰ ਮੈਨੂੰ ਨਹੀਂ ਪਤਾ ਕਿ ਇਸਨੂੰ ਕਿਵੇਂ ਰੋਕਿਆ ਜਾਵੇ। ਮੈਨੂੰ ਲੱਗਦਾ ਹੈ ਕਿ ਮੀਡੀਆ ਨੂੰ ਜ਼ਿਆਦਾ ਤਵੱਜੋ ਦੇਣ ਦੀ ਤੈਮੂਰ ਨੂੰ ਆਦਤ ਹੋ ਗਈ ਹੈ। ਮੈਂ ਹੁਣ ਉਸ ਦੀਆਂ ਫੋਟੋਆਂ ਦੀ ਤੁਲਨਾ ਕਰਦੀ ਹਾਂ ਅਤੇ ਵੇਖਕੇ ਲੱਗਦਾ ਹੈ ਕਿ ਉਹ ਵੀ ਹੁਣ ਪੋਜ ਦੇਣ ਲੱਗਾ ਹੈ।
-ਸ਼ੁਰੂਆਤ ਵਿੱਚ ਲੋਕਾਂ ਨੇ ਤੈਮੂਰ ਨਾਮ ਉੱਤੇ ਇਤਰਾਜ਼ ਪ੍ਰਗਟਾਇਆ ਸੀ, ਪਰ ਅੱਜ ਉਹੀ ਤੈਮੂਰ ਸਟਾਰ ਬਣ ਗਿਆ ਹੈ?
-ਸੱਚ ਦੱਸਾਂ ਤਾਂ ਤੈਮੂਰ ਨਾਮ ਸੈਫ ਨੇ ਨਹੀਂ, ਮੇਰੀ ਜ਼ਿੱਦ ਉੱਤੇ ਰੱਖਿਆ ਗਿਆ ਹੈ। ਦਰਅਸਲ, ਜਦੋਂ ਮੈਂ ਤੈਮੂਰ ਦੇ ਜਨਮ ਤੋਂ ਪਹਿਲਾਂ ਹਸਪਤਾਲ ਜਾ ਰਹੀ ਸੀ ਤਾਂ ਸੈਫ ਨੇ ਮੇਰੇ ਨਾਲ ਇੱਕ ਵਾਰ ਫਿਰ ਨਾਮ ਉੱਤੇ ਗੱਲ ਕੀਤੀ ਅਤੇ ਕਿਹਾ ਕਿ ਸਾਨੂੰ ਫੈਜ਼ ਨਾਮ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਨਾਮ ਬਹੁਤ ਰੁਮਾਂਟਿਕ ਅਤੇ ਕਾਵਿਕ ਹੈ, ਪਰ ਮੈਂ ਉਨ੍ਹਾਂ ਦੀ ਗੱਲ ਨਹੀਂ ਮੰਨੀ ਕਿਉਂਕਿ ਮੈਂ ਆਪਣੇ ਬੱਚੇ ਨੂੰ ਯੋਧਾ ਬਣਾਉਣਾ ਚਾਹੁੰਦੀ ਸੀ। ਇਸ ਲਈ ਅਸੀਂ ਆਪਣੇ ਬੇਟੇ ਦਾ ਨਾਮ ਤੈਮੂਰ ਰੱਖਿਆ ਜਿਸਦਾ ਮਤਲਬ ਹੁੰਦਾ ਹੈ ‘ਲੋਹਾ’। ਇਸ ਲਈ ਸਾਨੂੰ ਦੋਨਾਂ ਨੂੰ ਆਪਣੇ ਬੇਟੇ ਦੇ ਨਾਮ ਉੱਤੇ ਮਾਣ ਹੈ।
-ਮੌਜੂਦਾ ਸਮੇਂ ਵਿੱਚ ਬੌਲੀਵੁੱਡ ਦੀ ਕਿਹੜੀ ਅਭਿਨੇਤਰੀ ਤੁਹਾਨੂੰ ਜ਼ਿਆਦਾ ਪਸੰਦ ਹੈ ?
-ਸਾਰੀਆਂ ਅਭਿਨੇਤਰੀਆਂ, ਚਾਹੇ ਉਹ ਆਲੀਆ ਭੱਟ ਹੋਵੇ, ਦੀਪਿਕਾ ਪਾਦੁਕੋਣ ਹੋਵੇ ਜਾਂ ਕੈਟਰੀਨਾ ਕੈਫ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਸਾਰੀਆਂ ਨੇ  ਆਪਣੇ ਕਰੀਅਰ ਵਿੱਚ ਮਹਾਨ ਉਪਲੱਬਧੀਆਂ ਹਾਸਲ ਕੀਤੀਆਂ ਹਨ। ਹਾਲਾਂਕਿ ਅਸੀਂ 12-15 ਸਾਲਾਂ ਤੋਂ ਇਕੱਠੇ ਕੰਮ ਕਰ ਰਹੀਆਂ ਹਾਂ, ਇਸ ਲਈ ਇਨ੍ਹਾਂ ਵਿੱਚੋਂ ਕਿਸੇ ਇੱਕ ਦਾ ਨਾਮ ਲੈਣਾ ਜਾਇਜ਼ ਨਹੀਂ ਹੋਵੇਗਾ। ਮੇਰੇ ਲਈ ਹਰ ਕੋਈ ਬਿਹਤਰ ਹੈ।
-ਤੁਹਾਡੀ ਹਾਣੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਹੌਲੀਵੁੱਡ ਵਿੱਚ ਵੀ ਬਿਹਤਰ ਮੁਕਾਮ ਪਾ ਚੁੱਕੀ ਹੈ। ਕੀ ਤੁਹਾਡੀ ਇੱਛਾ ਨਹੀਂ ਹੁੰਦੀ ?
-ਨਹੀਂ, ਮੇਰੇ ਲਈ ਪ੍ਰਿਅੰਕਾ ਚੋਪੜਾ ਦੀ ਤਰ੍ਹਾਂ ਹੌਲੀਵੁੱਡ ਵਿੱਚ ਕਰੀਅਰ ਬਣਾਉਣਾ ਸੰਭਵ ਨਹੀਂ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਮੇਰੀ ਜ਼ਿੰਦਗੀ ਦੀਆਂ ਤਰਜੀਹਾਂ ਪ੍ਰਿਅੰਕਾ ਚੋਪੜਾ ਤੋਂ ਵੱਖ ਹਨ। ਉਂਜ ਵੀ ਮੈਂ ਦੁਨੀਆਂ ਉੱਤੇ ਫ਼ਤਹਿ ਨਹੀਂ ਪਾਉਣਾ ਚਾਹੁੰਦੀ। ਮੈਨੂੰ ਲੱਗਦਾ ਹੈ ਕਿ ਪ੍ਰਿਅੰਕਾ ਨੇ ਜੋ ਕੁਝ ਵੀ ਕੀਤਾ, ਉਹ ਅਨੋਖਾ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਅਜਿਹਾ ਕੁਝ ਕਰ ਸਕਦੀ ਹਾਂ। ਮੈਂ ਇੱਕ ਕੰਮਕਾਜੀ ਸ਼ਾਦੀਸ਼ੁਦਾ ਔਰਤ ਹੀ ਬਣੀ ਰਹਿਣਾ ਚਾਹੁੰਦੀ ਹਾਂ। ਮੇਰੀਆਂ ਜ਼ਿੰਮੇਵਾਰੀਆਂ ਉਸ ਤੋਂ ਕਈ ਮਾਅਨਿਆਂ ਵਿੱਚ ਵੱਖ ਅਤੇ ਜ਼ਿਆਦਾ ਹਨ, ਕਿਉਂਕਿ ਮੇਰਾ ਪਤੀ ਹੈ, ਬੱਚਾ ਹੈ ਅਤੇ ਮੈਂ ਆਪਣੇ ਪਰਿਵਾਰ ਨੂੰ ਸੰਤੁਲਿਤ ਕਰਕੇ ਅੱਗੇ ਵਧਾਉਣਾ ਚਾਹੁੰਦੀ ਹਾਂ। ਇਸ ਲਈ ਮੈਂ ਸਭ ਕੁਝ ਛੱਡਕੇ ਲਾਸ ਏਂਜਲਸ ਨਹੀਂ ਜਾ ਸਕਦੀ। ਉਂਜ, ਇਹ ਅਭਿਨੇਤਰੀਆਂ ਜਿਸ ਤਰ੍ਹਾਂ ਦਾ ਕੰਮ ਕਰ ਰਹੀਆਂ ਹਨ, ਉਸ ਤਰ੍ਹਾਂ ਦਾ ਕੰਮ ਕਰਨ ਲਈ ਤੁਹਾਡੇ ਕੋਲ ਬਹੁਤ ਜ਼ਿਆਦਾ ਹਾਸਲ ਕਰਨ ਦੀ ਡੂੰਘੀ ਚਾਹ ਅਤੇ ਉਨ੍ਹਾਂ ਨੂੰ ਓਨੀ ਹੀ ਖ਼ੂਬਸੂਰਤੀ ਤੋਂ ਅੰਜਾਮ ਦੇਣ ਲਈ ਸਮਰਪਣ ਹੋਣਾ ਚਾਹੀਦਾ ਹੈ। ਸ਼ਾਇਦ ਮੈਂ ਆਲਸੀ ਵੀ ਹਾਂ। ਮੈਂ ਦੁਨੀਆਂ ਨੂੰ ਜਿੱਤਣਾ ਨਹੀਂ ਚਾਹੁੰਦੀ, ਪਰ ਮੈਨੂੰ ਆਪਣੇ ਬਲਬੂਤੇ ਨਾਲ ਮਿਲੀ ਛੋਟੀ ਜਿਹੀ ਜਗ੍ਹਾ ਤੋਂ ਵੀ ਕੋਈ ਗੁਰੇਜ਼ ਨਹੀਂ ਹੈ।
-ਤੁਹਾਡੀ ਫਿੱਟਨੈੱਸ ਦਾ ਕੀ ਮੰਤਰ ਹੈ ?
-ਮੇਰਾ ਮੰਨਣਾ ਹੈ ਕਿ ਫਿੱਟ ਰਹਿਣ ਲਈ ਜੀਵਨ ਪ੍ਰਤੀ ਸਿਹਤਮੰਦ ਦ੍ਰਿਸ਼ਟੀਕੋਣ ਰੱਖਣਾ ਬਹੁਤ ਮਹੱਤਵਪੂਰਨ ਹੈ। ਸਾਕਾਰਾਤਮਕ ਸੋਚ, ਸੰਤੁਲਿਤ ਖਾਣਾ ਅਤੇ ਠੀਕ ਕਸਰਤ ਨਾਲ ਮੈਨੂੰ ਫਿੱਟ ਰਹਿਣ ਵਿੱਚ ਮਦਦ ਮਿਲਦੀ ਹੈ ਅਤੇ ਇਹੀ ਮੇਰਾ ਫਿੱਟਨੈੱਸ ਮੰਤਰ ਵੀ ਹੈ। ਮੇਰੇ ਹਿਸਾਬ ਨਾਲ ਫਿੱਟਨੈੱਸ ਦਾ ਮਤਲਬ ਕਠੋਰ ਮਾਪਦੰਡਾਂ ਦਾ ਪਾਲਣ ਕਰਨਾ ਨਹੀਂ ਹੈ। ਸਗੋਂ ਸੰਤੁਲਨ ਫਿੱਟਨੈੱਸ ਦੀ ਕੂੰਜੀ ਹੈ ਅਤੇ ਸਾਧਾਰਨ ਭਾਰਤੀ ਖਾਣਾ ਲੰਬੇ ਸਮੇਂ ਤਕ ਤੁਹਾਨੂੰ ਫਿੱਟ ਰੱਖਣ ਦਾ ਇੱਕ ਰਸਤਾ ਹੈ।
-ਤੁਸੀਂ ਆਮਤੌਰ ਉੱਤੇ ਕਿਸ ਤਰ੍ਹਾਂ ਦੇ ਫਿੱਟਨੈੱਸ ਰੁਟੀਨ ਦਾ ਪਾਲਣ ਕਰਦੇ ਹੋ?
-ਮੈਂ ਆਪਣੀ ਫਿੱਟਨੈੱਸ ਨੂੰ ਲੈ ਕੇ ਕਾਫ਼ੀ ਜਾਗਰੂਕ ਰਹਿੰਦੀ ਹਾਂ। ਮੈਂ ਰੋਜ਼ਾਨਾ ਦੋ ਘੰਟੇ ਦਾ ਸਮਾਂ ਆਪਣੀ ਕਸਰਤ ਲਈ ਰੱਖਦੀ ਹਾਂ। ਯੋਗ ਅਤੇ ਕਾਰਡੀਓ ਮੇਰੀ ਰੋਜ਼ਾਨਾ ਕੀਤੀ ਜਾਣ ਵਾਲੀ ਕਸਰਤ ਦਾ ਹਿੱਸਾ ਹੈ। ਮੈਂ ਇੱਕ ਦਿਨ ਵਿੱਚ 500 ਕਪਾਲਭਾਤੀ ਕਰਦੀ ਹਾਂ।
-ਤੁਹਾਨੂੰ ਕਿਹੜੀ ਕਸਰਤ ਕਰਨੀ ਸਭ ਤੋਂ ਚੰਗੀ ਲੱਗਦੀ ਹੈ ?
-ਯੋਗ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਅਤੇ ਮੈਂ ਨਿੱਤ ਯੋਗ ਕਰਦੀ ਹਾਂ। ਯੋਗ ਹੀ ਮੇਰਾ ਸਭ ਤੋਂ ਪਸੰਦੀਦਾ ਫਿੱਟਨੈੱਸ ਪ੍ਰੋਗਰਾਮ ਵੀ ਹੈ। ਮੈਂ 50 ਵਾਰ ਸੂਰਜ ਨਮਸਕਾਰ ਕਰਦੀ ਹਾਂ।
-ਤੁਸੀਂ ਆਪਣੇ ਪ੍ਰਸ਼ੰਸਕਾਂ ਲਈ ਕੀ ਫਿੱਟਨੈੱਸ ਗੁਰ ਦੇਣਾ ਚਾਹੋਗੇ?
-ਬਸ ਇਹੀ ਕਿ ਆਪਣੇ ਰੋਜ਼ਾਨਾ ਰੁਟੀਨ ਵਿੱਚ ਜ਼ਿਆਦਾ ਮਾਤਰਾ ਵਿੱਚ ਪਾਣੀ ਨੂੰ ਸ਼ਾਮਲ ਕਰੋ। ਨਿਯਮਤ ਭੋਜਨ ਦਾ ਸੇਵਨ ਰੋਜ਼ਾਨਾ ਕੀਤੀਆਂ ਜਾਣ ਵਾਲੀਆਂ ਸਰੀਰਿਕ ਗਤੀਵਿਧੀਆਂ ਦੇ ਆਧਾਰ ਉੱਤੇ ਹੋਣਾ ਚਾਹੀਦਾ ਹੈ। ਇੱਕ ਸੰਤੁਲਿਤ ਭੋਜਨ ਯੋਜਨਾ ਅਪਣਾਓ। ਭਾਰ ਘੱਟ ਕਰਨ ਵਾਲੀ ਕਸਰਤ ਅਤੇ ਸਰੀਰ ਨੂੰ ਲਚਕੀਲਾ ਬਣਾਉਣ ਅਤੇ ਮਜ਼ਬੂਤ ਕਰਨ ਦਾ ਇੱਕ ਮਹਾਨ ਰੂਪ ਹੈ ਯੋਗ, ਇਸ ਲਈ ਆਪਣੇ ਰੋਜ਼ਾਨਾ ਫਿੱਟਨੈੱਸ ਪ੍ਰੋਗਾਮ ਵਿੱਚ ਯੋਗ ਨੂੰ ਸ਼ਾਮਲ ਕਰੋ।.

Comments

comments

Share This Post

RedditYahooBloggerMyspace