ਸਿੱਖ ਪ੍ਰਚਾਰਕ ਤੇ ਐੱਸਜੀਪੀਸੀ ਦੀ ਭੂਮਿਕਾ

ਭਾਈ ਅਸ਼ੋਕ ਸਿੰਘ ਬਾਗੜੀਆ

ਗਿਆਨੀ ਅਮਰੀਕ ਸਿੰਘ, ਚੰਡੀਗੜ੍ਹ ਵਾਲਿਆਂ ਨਾਲ ਯੂ.ਕੇ. ਵਿੱਚ ਵਾਪਰੀ ਘਟਨਾ ਮੰਦਭਾਗੀ ਹੈ। ਇਹ ਕੋਈ ਪਹਿਲੀ ਘਟਨਾ ਨਹੀਂ ਜਿੱਥੇ ਕਿਸੇ ਪ੍ਰਚਾਰਕ ਦੀ ਤੌਹੀਨ ਹੋਈ ਹੋਵੇ ਤੇ ਪੱਗ ਉਛਾਲੀ ਗਈ ਹੋਵੇ। ਅਜਿਹੀਆਂ ਘਟਨਾਵਾਂ ਬਾਰੇ ਸ੍ਰੀ ਅਕਾਲ ਤਖ਼ਤ ਤੋਂ ਗੋਲਮੋਲ ਜਿਹਾ ਬਿਆਨ ਦੁਵਿਧਾ ਖੜ੍ਹੀ ਕਰਦਾ ਹੈ ਕਿਉਂਕਿ ਸ੍ਰੀ ਅਕਾਲ ਤਖ਼ਤ ਦੇ ਬਿਆਨ ਨੂੰ ਕੋਈ ਨਿੱਜੀ ਰਾਇ ਨਹੀਂ ਕਿਹਾ ਜਾ ਸਕਦਾ। ਇਸ ਘਟਨਾ ਦੇ ਸੰਦਰਭ ਵਿੱਚ ਜਥੇਦਾਰ ਦਾ ਇਹ ਕਹਿਣਾ ਕਿ ਪ੍ਰਚਾਰਕ ਅਜਿਹੀ ਗੱਲ ਨਾ ਕਰਨ ਜਿਸ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਠੀਕ ਨਹੀਂ ਜਾਪਦਾ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਪ੍ਰਚਾਰਕ ਸੰਗਤ ਨੂੰ ਦੇਖ ਕੇ ਪ੍ਰਚਾਰ ਕਰਨ?

ਗਿਆਨੀ ਅਮਰੀਕ ਸਿੰਘ ਦੀ ਕਥਾ ਕਈ ਵਾਰ ਸੁਣਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੀ ਕਥਾ ਵਿੱਚ ਕੋਈ ਅਜਿਹੀ ਗੱਲ ਪ੍ਰਤੀਤ ਨਹੀਂ ਹੋਈ ਜੋ ਗੁਰਮਤਿ ਦੇ ਖ਼ਿਲਾਫ਼ ਹੋਵੇ। ਐੱਸ.ਜੀ.ਪੀ.ਸੀ. ਵੱਲੋਂ ਪੰਥ ਪ੍ਰਵਾਨਿਤ ਮਰਿਆਦਾ ਅਧੀਨ ਪ੍ਰਚਾਰ ਨਾ ਹੋਣ ਕਾਰਨ ਵੱਖ ਵੱਖ ਮੱਤਾਂ ਤੇ ਸੰਪਰਦਾਵਾਂ ਦਾ ਪ੍ਰਚਾਰ ਸੰਗਤਾਂ ਸਾਹਮਣੇ ਆਉਣਾ, ਸੁਭਾਵਿਕ ਹੀ ਹੈ। ਇਨ੍ਹਾਂ ਵਿੱਚ ਬਹੁਤ ਸਾਰੇ ਵਿਚਾਰ ਪੰਥ ਪ੍ਰਵਾਨਿਤ ਮਰਿਆਦਾ ਦੇ ਅਨੁਕੂਲ ਨਹੀਂ ਹੁੰਦੇ, ਸਗੋਂ ਉਸ ਦੇ ਉਲਟ ਹੁੰਦੇ ਹਨ। ਪੰਥ ਪ੍ਰਵਾਨਿਤ ਮਰਿਆਦਾ ਦਾ ਪ੍ਰਚਾਰ ਅਤੇ ਪ੍ਰਸਾਰ ਸਹੀ ਮਾਅਨੇ ਵਿੱਚ ਤਾਂ ਹੀ ਹੋ ਸਕਦਾ ਹੈ, ਜੇਕਰ ਐੱਸ.ਜੀ.ਪੀ.ਸੀ. ਆਪਣੇ ਪ੍ਰਚਾਰਕਾਂ ਨੂੰ ਇਸ ਦੀ ਸਹੀ ਸਿੱਖਿਆ ਦੇਣ ਦਾ ਨੇਮ ਨਿਭਾਏ। ਡੇਰੇਦਾਰਾਂ ਵੱਲੋਂ ਤਿਆਰ ਕੀਤੇ ਜਾ ਰਹੇ ਪ੍ਰਚਾਰਕ ਆਪਣੇ ਨਿੱਜੀ ਪ੍ਰਚਾਰ ਉੱਤੇ ਜ਼ਿਆਦਾ ਜ਼ੋਰ ਦਿੰਦੇ ਹਨ ਅਤੇ ਗੁਰਮਤਿ ਦੇ ਕਈ ਤੱਤ ਤੋੜ ਮਰੋੜ ਕੇ ਆਪਣੀਆਂ ਸਹੂਲਤਾਂ ਅਨੁਸਾਰ ਪੇਸ਼ ਕਰਦੇ ਹਨ।
ਮੰਜੀ ਸਾਹਿਬ ਦੀਵਾਨ ਤੋਂ ਕਥਾ ਸੁਣਦਿਆਂ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕੋਈ ਡੇਰੇਦਾਰ ਕਥਾ ਲਈ ਬੈਠਦੇ ਹਨ ਤਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ‘ਤੇ ਬੈਠੇ ਐੱਸ.ਜੀ.ਪੀ.ਸੀ. ਵੱਲੋਂ ਨਿਯੁਕਤ ਗ੍ਰੰਥੀ ਸਿੰਘ ਨੂੰ ਉਠਾ ਕੇ ਉਨ੍ਹਾਂ ਵੱਲੋਂ ਆਪਣੇ ਨਾਲ ਲਿਆਂਦੇ ਗ੍ਰੰਥੀ ਨੂੰ ਬਿਠਾਇਆ ਜਾਂਦਾ ਹੈ। ਡੇਰੇਦਾਰ ਕਥਾ ਕਰਦੇ ਸਮੇਂ ਅਕਸਰ ਆਪਣੇ ਬਾਬਿਆਂ ਦੀਆਂ ਇੰਨੀਆਂ ਕਹਾਣੀਆਂ ਸੁਣਾਉਂਦੇ ਹਨ ਕਿ ਗੁਰਬਾਣੀ ਦੀ ਸਹੀ ਵਿਆਖਿਆ ਅਤੇ ਸੰਦੇਸ਼ ਵਿੱਚ ਹੀ ਗੁਆਚ ਜਾਂਦਾ ਹੈ ਅਤੇ ਕਹਾਣੀ ਗੁਰਮਤਿ ਉੱਤੇ ਹਾਵੀ ਹੋ ਜਾਂਦੀ ਹੈ।

ਕੁਝ ਸਮੇਂ ਤੋਂ ਦੇਖਣ ਵਿੱਚ ਆਇਆ ਹੈ ਕਿ ਕੁਝ ਸਾਧਾਂ-ਸੰਤਾਂ ਦੇ ਡੇਰਿਆਂ ਦੇ ਥਾਪੇ ਜਥੇਦਾਰ ਹੀ ਐੱਸ.ਜੀ.ਪੀ.ਸੀ. ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਰੀਬ ਹੋ ਰਹੇ ਹਨ। ਜਿੱਥੇ ਉਹ ਇਸ ਨੇੜਤਾ ਦਾ ਨਿੱਜੀ ਲਾਭ ਉਠਾ ਰਹੇ ਹਨ, ਉੱਥੇ ਪੰਥ ਦੇ ਸਿਧਾਂਤਾਂ ਨੂੰ ਵੀ ਖੋਰਾ ਲਗਾ ਰਹੇ ਹਨ। ਜੇਕਰ ਇਸ ਰੁਝਾਨ ਨੂੰ ਤੁਰੰਤ ਨਾ ਰੋਕਿਆ ਗਿਆ ਤਾਂ ਬਹੁਤ ਨੁਕਸਾਨ ਹੋਣਾ ਸੁਭਾਵਿਕ ਹੀ ਹੈ ਜਿਸ ਦੀ ਨਿਰੋਲ ਜ਼ਿੰਮੇਵਾਰੀ ਸ਼੍ਰੀ ਅਕਾਲ ਤਖ਼ਤ ਅਤੇ ਐੱਸ.ਜੀ.ਪੀ.ਸੀ. ਦੀ ਹੋਵੇਗੀ।

ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਦਿੱਤਾ ਗਿਆ ਕੋਈ ਵੀ ਬਿਆਨ ਸੰਸਾਰ ਵੱਲੋਂ ਆਮ ਕਰਕੇ ਅਤੇ ਸਿੱਖ ਸਮਾਜ ਵੱਲੋਂ ਖ਼ਾਸ ਕਰਕੇ ਸਿੱਖ ਸਟੈਂਡ ਅਤੇ ਸਿਧਾਂਤ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਇਸ ਲਈ ਕੋਈ ਵੀ ਮੰਦਭਾਗੀ ਘਟਨਾ ਜੋ ਵਾਪਰਦੀ ਹੈ, ਉਸ ਉੱਤੇ ਬਿਆਨ ਦਾਗਣ ਤੋਂ ਪਹਿਲਾਂ ਘਟਨਾ ਦੇ ਪਿਛੋਕੜ ਨੂੰ ਚੰਗੀ ਤਰ੍ਹਾਂ ਘੋਖ ਲਿਆ ਜਾਵੇ ਅਤੇ ਗੁਰਮਤਿ ਦੀ ਕਸੌਟੀ ‘ਤੇ ਪਰਖ ਕੇ ਬਿਆਨ ਦਿੱਤਾ ਜਾਵੇ। ਦੂਜਾ, ਸ਼੍ਰੀ ਅਕਾਲ ਤਖ਼ਤ ਤੋਂ ਸਿੱਧੇ ਤੌਰ ‘ਤੇ ਕੋਈ ਵੀ ਰਾਜਨੀਤਕ ਬਿਆਨਬਾਜ਼ੀ ਨਾ ਹੋਵੇ, ਖ਼ਾਸ ਕਰਕੇ ਉਨ੍ਹਾਂ ਮਸਲਿਆਂ ਉੱਤੇ ਜਿਹੜੇ ਨਿਰੋਲ ਸਿੱਖ ਨਾ ਹੋਣ। ਇਹ ਕੰਮ ਸ਼੍ਰੋਮਣੀ ਅਕਾਲੀ ਦਲ ਦਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਐੱਸ.ਜੀ.ਪੀ.ਸੀ. ਨੂੰ ਜਵਾਬਦੇਹ ਹੈ। ਤੀਜਾ, ਸ੍ਰੀ ਅਕਾਲ ਤਖ਼ਤ ਤੋਂ ਡੇਰੇਦਾਰਾਂ ਦੇ ਪ੍ਰਭਾਵ ਨੂੰ ਦੂਰ ਰੱਖਿਆ ਜਾਵੇ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਸ੍ਰੀ ਅਕਾਲ ਤਖ਼ਤ ‘ਤੇ ਡੇਰੇਦਾਰਾਂ ਦੇ ਪ੍ਰਭਾਵ ਨੂੰ ਦੂਰ ਰੱਖਿਆ ਜਾਵੇ, ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਸ੍ਰੀ ਅਕਾਲ ਤਖ਼ਤ ‘ਤੇ ਡੇਰੇਦਾਰ ਹਾਵੀ ਹੋਏ,ਕੌਮ ਦਾ ਨੁਕਸਾਨ ਹੀ ਹੋਇਆ ਹੈ।

Comments

comments

Share This Post

RedditYahooBloggerMyspace