ਅਸਭਿਅਕ ਸੰਦੇਸ਼ਾਂ ਵਾਲੀਆਂ ਨੰਬਰ ਪਲੇਟਾਂ ਵਾਪਸ ਲੈਣ ਦੀ ਤਿਆਰੀ

ਵੈਨਕੂਵਰ : ਕੈਨੇਡਾ ਵਿੱਚ ਵਾਹਨ ਮਾਲਕਾਂ ਵੱਲੋਂ ਲਈਆਂ ਪਸੰਦੀਦਾ ਅੱਖਰਾਂ/ਹਿੰਦਸਿਆਂ ਵਾਲੀਆਂ ਅਜਿਹੀਆਂ ਨੰਬਰ ਪਲੇਟਾਂ, ਜੋ ਗੈਰ-ਸਮਾਜਿਕ ਅਤੇ ਅਸਭਿਅਕ ਸੰਦੇਸ਼ ਦਿੰਦੀਆਂ ਹਨ, ਨੂੰ ਟਰਾਂਸਪੋਰਟ ਵਿਭਾਗ ਵਾਪਸ ਲੈਣ ਲਈ ਗੰਭੀਰ ਹੋਇਆ ਹੈ। ਕੈਨੇਡਾ ਦੇ ਇੱਕ ਮੀਡੀਆ ਅਦਾਰੇ ਵੱਲੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਚੁੱਕੇ ਜਾਣ ਤੋਂ ਬਾਅਦ ਟਰਾਂਸਪੋਰਟ ਵਿਭਾਗ ਹਰਕਤ ਵਿੱਚ ਆਇਆ ਹੈ। ਨੰਬਰ ਪਲੇਟਾਂ ਜਾਰੀ ਕਰਨ ਵਾਲੇ ਸਰਕਾਰੀ ਨਿਗਮ (ਆਈ.ਸੀ.ਬੀ.ਸੀ.) ਵੱਲੋਂ ਗੈਰਸਮਾਜੀ ਸੰਦੇਸ਼ ਵਾਲੀਆਂ ਪਲੇਟਾਂ ਵਾਲੇ ਕਾਰ ਮਾਲਕਾਂ ਨੂੰ ਪਲੇਟਾਂ ਵਾਪਸ ਕਰਕੇ ਹੋਰ ਲੈਣ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਕੈਨੇਡਾ ਅਤੇ ਅਮਰੀਕਾ ਵਿੱਚ ਵਾਹਨ ਮਾਲਕ ਨਿਸ਼ਚਿਤ ਸਾਲਾਨਾ ਫੀਸ ਦੇ ਕੇ ਪਸੰਦੀਦਾ ਅੱਖਰਾਂ ਵਾਲੀਆਂ ਨੰਬਰ ਪਲੇਟਾਂ ਲੈ ਸਕਦੇ ਹਨ।

ਸਬੰਧਤ ਸਰਕਾਰੀ ਨਿਗਮ ਦੀ ਤਰਜਮਾਨ ਜੋਇਨਾ ਲਸਿੰਗਨ ਨੇ ਕਿਹਾ ਕਿ ਪਸੰਦੀਦਾ ਪਲੇਟਾਂ ਦੇ ਅਰਥ ਖੇਤਰੀ ਭਾਸ਼ਾ ਵਿੱਚ ਹੋਣ ਕਾਰਨ ਇਹ ਬੇਧਿਆਨੀ ਵਿੱਚ ਮਨਜ਼ੂਰ ਹੋ ਗਈਆਂ। ਉਸ ਨੇ ਕਿਹਾ ਕਿ ਅਜਿਹੇ ਸਾਰੇ ਲੋਕਾਂ ਨੂੰ ਨੰਬਰ ਪਲੇਟਾਂ ਵਾਪਸ ਕਰਨ ਲਈ ਲਿਖਿਆ ਜਾ ਰਿਹਾ ਹੈ ਤੇ ਅੱਗੇ ਤੋਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇਗਾ। ਉਸਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਪਿਛਲੇ ਸਾਲ 5200 ਲੋਕਾਂ ਨੇ ਪਸੰਦੀਦਾ ਪਲੇਟਾਂ ਮੰਗੀਆਂ ਸਨ, ਜਿਨ੍ਹਾਂ ’ਚੋਂ 810 ਜਣਿਆਂ  ਨੂੰ ਜਵਾਬ ਦੇ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਵਧੇਰੇ ਸਖ਼ਤੀ ਕੀਤੀ ਜਾਵੇਗੀ। ਵੈਨਕੂਵਰ ਪੁਲੀਸ ਦੇ ਕੁਲਵਿੰਦਰ (ਕੈਲ)  ਦੁਸਾਂਝ ਨੇ ਕਿਹਾ  ਕਿ ਇਹ ਲੋਕ ਅਸਿਭਅਕ ਸੰਦੇਸ਼ਾਂ ਰਾਹੀ ਪੰਜਾਬੀ ਭਾਈਚਾਰੇ ਨੂੰ ਸ਼ਰਮਸਾਰ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਬਾਰੇ ਨਿਗਮ ਨੂੰ ਗਲਤ ਕਹਿਣ ਦੀ ਥਾਂ ਅਜਿਹਾ ਕਰਨ ਵਾਲਿਆਂ ਨੂੰ ਅਕਲ ਦੇਣੀ ਚਾਹੀਦੀ ਹੈ। ਬਰਨਬੀ ਦੀ ਔਰਤ ਰਾਜ ਸੈਣੀ ਨੇ ਕਿਹਾ ਕਿ ਉਹ ਸ਼ਰਮਸਾਰ ਹੁੰਦੀ ਹੈ ਜਦੋਂ ਉਸਦੇ ਬੱਚੇ ਅਜਿਹਾ ਨੰਬਰ ਵੇਖਕੇ ਉਸਦਾ ਮਤਲਬ ਪੁੱਛਦੇ ਹਨ।

Comments

comments

Share This Post

RedditYahooBloggerMyspace