ਕੈਨੇਡਾ ‘ਚ ਦਸਤਾਰਧਾਰੀ ਸਿੱਖ ਨੌਜਵਾਨ ਨੇ ਰੌਸ਼ਨ ਕੀਤਾ ਮਾਪਿਆਂ ਦਾ ਨਾਂ, ਪੜ੍ਹਾਈ ‘ਚ ਗੱਡੇ ਝੰਡੇ

ਨਿਊਯਾਰਕ/ਮਿਸੀਸਾਗਾ  : ਕੈਨੇਡਾ ਦੇ ਸ਼ਹਿਰ ਮਿਸੀਸਾਗਾ ‘ਚ ਸਥਿਤ ਸ਼ੈਰੀਡਨ ਕਾਲਜ ਵਿਚ ਭੁਲੱਥ ਦੇ ਤਰਨਦੀਪ ਸਿੰਘ ਨੂੰ ਬਿਜ਼ਨੈੱਸ ਅਕਾਊਂਟਸ ਦੀ ਪੜ੍ਹਾਈ ਮੁਕੰਮਲ ਕਰਨ ‘ਤੇ ਡਿਗਰੀ ਮਿਲੀ। ਤਰਨਦੀਪ ਸਿੰਘ ਨੇ 97 ਫੀਸਦੀ ਨੰਬਰ ਲੈ ਕੇ ਆਪਣੇ ਮਾਪਿਆਂ ਅਤੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ। ਇਸ ਸੰਬੰਧੀ ਉਸ ਦੇ ਪਿਤਾ ਦਲਜੀਤ ਸਿੰਘ ਨੇ ਫੋਨ ‘ਤੇ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਅਸੀਂ ਟੀ.ਵੀ ‘ਤੇ ਸਾਰਾ ਪ੍ਰੋਗਰਾਮ ਲਾਈਵ ਦੇਖ ਰਹੇ ਸੀ। ਸਾਨੂੰ ਬਹੁਤ ਬੇਸਬਰੀ ਨਾਲ ਆਪਣੇ ਪੁੱਤਰ ਦੀ ਮੰਚ ‘ਤੇ ਆਉਣ ਦੀ ਉਡੀਕ ਸੀ ਅਤੇ ਉਸ ਦਾ ਨਾਂ ਸੁਣਨ ਲਈ ਬਹੁਤ ਹੀ ਉਤਸੁਕ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਮੰਚ ਸੰਚਾਲਕਾ ਇਕ ਗੋਰੀ ਪ੍ਰੋਫੈਸਰ ਨੇ ਵਾਰੋ-ਵਾਰੀ ਬੱਚਿਆਂ ਦੇ ਨਾਂ ਬੋਲ ਰਹੀ ਸੀ ਅਤੇ ਬੱਚੇ ਡਿਗਰੀ ਲੈਂਦੇ ਜਾ ਰਹੇ ਸਨ। ਸਾਡੀ ਖੁਸ਼ੀ ਦੀ ਉਸ ਸਮੇਂ ਕੋਈ ਹੱਦ ਨਾ ਰਹੀ, ਜਦੋਂ ਉਸ ਨੇ ਨਾਂ ਬੋਲਿਆ—’ਤਰਨਦੀਪ ਸਿੰਘ’ ਨੇ ਸਭ ਤੋਂ ਵਧ ਨੰਬਰ ਲੈ ਕੇ ਵਿਦੇਸ਼ੀ ਧਰਤੀ ‘ਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ। ਪਿਤਾ ਦਲਜੀਤ ਨੇ ਕਿਹਾ ਕਿ ਇਹ ਪਰਮਾਤਮਾ ਦੀ ਬਖਸ਼ਿਸ ਹੈ, ਜਦੋਂ ਕੈਨੇਡਾ ‘ਚ ਸਾਡੇ ਪੁੱਤਰ ਨੇ 97 ਫੀਸਦੀ ਨੰਬਰ ਲੈ ਕੇ ਡਿਗਰੀ ‘ਵਿਦ ਔਨਰ’ ਪ੍ਰਾਪਤ ਕੀਤੀ। ਸਾਰੇ ਪਰਿਵਾਰ ਨੂੰ ਉਸ ‘ਤੇ ਬਹੁਤ ਮਾਣ ਹੈ। ਪਰਮਾਤਮਾ ਤਰਨਦੀਪ ਸਿੰਘ ਨੂੰ ਹੋਰ ਤਰੱਕੀਆਂ ਬਖਸ਼ੇ ਅਤੇ ਗੁਰਬਾਣੀ ਨਾਲ ਜੋੜੇ। ਅਸੀਂ ਉਮੀਦ ਕਰਦੇ ਹਾਂ ਕਿ ਉਸ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਅਤੇ ਸੁਹਾਵਣਾ ਹੋਵੇ।

Comments

comments

Share This Post

RedditYahooBloggerMyspace