ਸਪਰਿੰਗਫੀਲਡ ਓਹਾਇਓ ਮੈਮੋਰੀਅਲ ਡੇ ਪਰੇਡ ਵਿਚ ਅਮਰੀਕੀ ਅਤੇ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ

ਡੇਟਨ : ਸ਼ਹੀਦ ਅਮਰੀਕੀ ਫ਼ੌਜੀਆਂ ਨੂੰ ਯਾਦ ਕਰਨ ਲਈ ਅਮਰੀਕਾ ਦੇ ਹੋਰਨਾਂ ਸ਼ਹਿਰਾਂ ਵਾਂਗ ਓਹਾਇਹੋ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਵਿਖੇ ਵੀ ਮੈਮੋਰੀਅਲ ਡੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮੇਂ ਪਰੇਡ ਦਾ ਆਯੋਜਨ ਕੀਤਾ ਗਿਆ। ਵੱਖ ਵੱਖ ਵਿਭਾਗਾਂ, ਜਥੇਬੰਦੀਆਂ, ਵਿੱਦਿਅਕ ਤੇ ਧਾਰਮਿਕ ਅਦਾਰਿਆਂ ਦੀਆਂ ਝਲਕੀਆਂ, ਇਸ ਪਰੇਡ ਦੀ ਵਿਸ਼ੇਸ਼ ਖਿੱਚ ਸਨ। ਇਸ ਪਰੇਡ ਵਿਚ ਇੱਥੋਂ ਦੇ ਸ਼ਹੀਦਾਂ ਦੀਆਂ ਤਸਵੀਰਾਂ ਪੋਸਟਰਾਂ ‘ਤੇ ਲਾ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ।

ਅਮਰੀਕੀ ਝੰਡਿਆਂ, ਬੈਨਰਾਂ, ਪੋਸਟਰਾਂ ਨਾਲ ਸਜਾਏ ਗਏ ਸਿੱਖ ਫਲੋਟ ਵਿਚ ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਹ ਫਲੋਟ ਜਦੋਂ ਬਜਾਰਾਂ ਵਿੱਚੋਂ ਲੰਘੀ, ਤਾਂ ਸੜ੍ਹਕ ਕੰਢੇ ਖੜੇ ਲੋਕਾਂ ਨੇ ਨਿੱਘਾ ਸੁਆਗਤ ਕੀਤਾ। ਕਈ ਲੋਕਾਂ ਨੇ ਸਿੱਖਾਂ ਨੂੰ ”ਮਿਸਟਰ ਸਿੰਘ, ਹੈਪੀ ਮੈਮੋਰੀਅਲ ਡੇ,” ਕਹਿ ਕੇ ਵਧਾਈ ਵੀ ਦਿੱਤੀ।
ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ 1999 ਵਿਚ ਸ਼ਾਮਲ ਹੋਏ ਸਨ ਤੇ ਉਨ੍ਹਾਂ ਨੂੰ ਇਸ ਕਮਿਉਨਟੀ ਦਾ ਹਿੱਸਾ ਹੋਣ ਤੇ ਮਾਣ ਹੈ। ਅਮਰੀਕਾ ਵਿਚ ਸਤੰਬਰ 2001 ਦੇ ਹਮਲੇ ਤੋਂ ਬਾਦ ਸਿੱਖਾਂ ਨੂੰ ਬਹੁਤ ਸਾਰੇ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਲਈ ਇਹ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਇਹਨਾਂ ਪ੍ਰੋਗਰਾਮਾਂ ਵਿਚ ਭਾਗ ਲਈਏ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸਿੱਖਾਂ ਬਾਰੇ ਪਤਾ ਲੱਗ ਸਕੇ।
ਡੇਟਨ ਦੇ ਵਸਨੀਕ ਸਮੀਪ ਸਿੰਘ ਗੁਮਟਾਲਾ ਦਾ ਕਹਿਣਾ ਹੈ ਕਿ ਉਹ ਪਰਿਵਾਰ ਸਮੇਤ ਬਹੁਤ ਹੀ ਉਤਸ਼ਾਹ ਨਾਲ ਇਸ ਪਰੇਡ ਵਿਚ ਸ਼ਾਮਲ ਹੁੰਦੇ ਹਨ। ਉਨ੍ਹਾਂ ਦੇ ਬੱਚੇ ਬਹੁਤ ਹੀ ਮਾਣ ਨਾਲ ਸੜਕ ਤੇ ਅਮਰੀਕੀ ਝੰਡੇ ਅਤੇ ਬੈਨਰ ਫੜ ਕੇ ਤੁਰਦੇ ਹਨ। ਪਰੇਡ ਸਾਨੂੰ ਵਿਸ਼ਵ ਯੁੱਧਾਂ ਵਿਚ ਸ਼ਹੀਦ ਹੋਏ ਸਿੱਖ ਅਤੇ ਅਮਰੀਕੀ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਤੇ ਅਮਰੀਕੀ ਲੋਕਾਂ ਨੂੰ ਸਿੱਖਾਂ ਵੱਲੋਂ ਇਹਨਾਂ ਯੁੱਧਾਂ ਵਿਚ ਦਿੱਤੀਆਂ ਗਈਆਂ ਕੁਰਬਾਨੀਆਂ ਬਾਰੇ ਜਾਣਕਾਰੀ ਦੇਣ ਦਾ ਮੌਕਾ ਦਿੰਦੀ ਹੈ।

ਇਹ ਪਰੇਡ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਪਰੇਡਾਂ ਵਿਚੋਂ ਇੱਕ ਮੰਨੀ ਜਾਂਦੀ ਹੈ। ਇਸ ਵਿਚ ਤਕਰੀਬਨ 2500 ਲੋਕ, 300 ਗੱਡੀਆਂ ਤੇ 120 ਸਥਾਨਕ ਸੰਸਥਾਵਾਂ ਭਾਗ ਲੈਂਦੀਆਂ ਹਨ। ਸਪਰਿੰਗਫੀਲਡ ਦੇ ਬਜਾਰਾਂ, ਘਰਾਂ ਦੇ ਬਾਹਰ ਅਤੇ ਪਾਰਕਾਂ ਵਿਚ ਲਗਭਗ 30 ਤੋਂ 35 ਹਜ਼ਾਰ ਲੋਕ ਇਸ ਪਰੇਡ ਦਾ ਅਨੰਦ ਮਾਣਦੇ ਹਨ। ਲੋਕਾਂ ਨੂੰ ਸਿੱਖਾਂ ਦੀ ਨਿਵੇਕਲੀ ਪਛਾਣ ਤੋਂ ਜਾਣੂ ਕਰਵਾਉਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਪੈਂਫ਼ਲੈਟ ਵੀ ਵੰਡੇ ਗਏ। ਇਸ ਮੌਕੇ ਤੇ ਇੱਥੋਂ ਦੇ ਵਸਨੀਕ ਸਤਵੰਤ ਸਿੰਘ ਦਿਉਲ ਵੱਲੋਂ ਵੀ ਆਪਣੇ ਸਟੋਰ ਦੇ ਬਾਹਰ ਪਰੇਡ ਵਿਚ ਸ਼ਾਮਲ ਅਤੇ ਦੇਖਣ ਵਾਲਿਆਂ ਵਾਸਤੇ ਠੰਢੇ ਪਾਣੀ ਦੀ ਛਬੀਲ ਲਾਈ ਗਈ।

Comments

comments

Share This Post

RedditYahooBloggerMyspace