ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਮੁੜ ਕਤਲ -(1)

ਗੁਰਤੇਜ ਸਿੰਘ (ਲੇਖਕ)
[ਸਾਬਕਾ ਅਾਈਏਐਸ]

1984 ਵਿੱਚ ਗੁਰੂ ਦੇ ਦਰਬਾਰ ਉੱਤੇ ਫ਼ੌਜੀ ਹਮਲਾ ਕਰਨ ਵਾਲੇ ਕੁਕਰਮੀ ਹਰ ਸਾਲ ਇਹਨੀਂ ਦਿਨੀਂ ਏਸ ਕਾਰੇ ਨੂੰ ਅੰਜਾਮ ਦੇਣ ਦੇ ਕਾਰਨਾਂ ਸਬੰਧੀ ਆਪਣੇ ਵਿਚਾਰ ਨਸ਼ਰ ਕਰਦੇ ਹਨ। ਹਰ ਵਾਰ ਉਹ ਕੋਈ ਨਵਾਂ ਸ਼ੋਸ਼ਾ ਛੱਡਦੇ ਹਨ -ਕਈ ਵਾਰ ਦੂਜਿਆਂ ਪ੍ਰਤੀ ਸਿਰੇ ਦੇ ਉਜੱਡਪੁਣੇ ਵਾਲੀ ਕਮੀਨਗੀ ਪ੍ਰਗਟਾਉਂਦੇ, ਜਿਨਾਂ ਨੂੰ ਲਾਪਰਵਾਹੀ ‘ਚੋਂ ਉਪਜੀ ਨਫ਼ਰਤ ਦੇ ਨਾਂ ਨਹੀਂ ਮੜਿਆ ਜਾ ਸਕਦਾ। ਹਰ ਵਾਰ ਸਾਡੇ ਸ਼ਹੀਦਾਂ ਦੀ ਖਿੱਲੀ ਉਡਾਈ ਜਾਂਦੀ ਹੈ ਤੇ ਸਾਨੂੰ ਦੱਸਿਆ ਜਾਂਦਾ ਹੈ ਕਿ ਸਾਡੇ ਨਾਲ ਜੋ ਕੁਝ ਕੀਤਾ ਗਿਆ ਹੈ ਅਸੀਂ ਏਸੇ ਦੇ ਯੋਗ ਸਾਂ। ਤਾਂ ਵੀ ਅਸੀਂ ਹਰ ਵਾਰ ਤੱਥਾਂ, ਜਿਨਾਂ ਤੋਂ ਅਸੀਂ ਵਾਕਫ਼ ਹਾਂ, ਦੇ ਆਧਾਰ ‘ਤੇ ਆਪਣਾ ਨੁਕਤਾ-ਏ-ਨਿਗਾਹ ਪਰਗਟ ਕਰਨ ਤੋਂ ਝਕ ਜਾਂਦੇ ਹਾਂ। ਕੋਈ ਬਦਨੀਯਤ ਬਿਲਕੁਲ ਸਾਡੇ ਨੱਕ ਹੇਠ ਸਾਡਾ ਸਮਕਾਲੀ ਇਤਿਹਾਸ ਲਿਖ ਰਿਹਾ ਹੈ। ਕੀ ਅਸੀਂ ਪੂਰੀ ਇੱਕ ਸਦੀ ਲੰਘਾ ਕੇ ਹੀ ਏਸ ਸਬੰਧੀ ਗੰਭੀਰਤਾ ਨਾਲ ਸਤਰਕ ਹੋ ਕੇ ਸੋਚਾਂਗੇ?

ਇਹ ਸਮਝ ਤੋਂ ਬਾਹਰ ਹੈ ਕਿ ਅਜਿਹਾ ਕਿਉਂ ਹੋਣਾ ਚਾਹੀਦਾ ਹੈ! 1984 ਵਿੱਚ ਇੱਕ ਜੰਗ ਹੋਈ ਸੀ (ਭਾਵੇਂ ਕਿੰਨੀ ਵੀ ਅਸਾਵੀਂ ਸੀ)।
ਹਿੰਦੁਸਤਾਨੀ ਮੀਡੀਆ ਨੇ ਏਸ ਨੂੰ ਤੀਸਰੀ ਸਿੱਖ ਜੰਗ ਕਰਾਰ ਦਿੱਤਾ। ‘ਜੰਗੀ ਕੈਦੀਆਂ’ ਵਿੱਚ ਪੰਜ ਸਾਲ ਦੇ ਬੱਚਿਆਂ ਤੋਂ ਲੈ ਕੇ ਔਰਤਾਂ, ਬਜ਼ੁਰਗ, ਗ੍ਰੰਥੀ, ਸੇਵਾਦਾਰ ਅਤੇ ਸ਼ਰਧਾਲੂ ਤੱਕ ਸ਼ਾਮਲ ਸਨ। ਦਰਬਾਰ ਸਾਹਿਬ ਦੇ ਅਹਾਤੇ ‘ਚ ਉਹ ਸਭ ਕੁਝ ਕੀਤਾ ਗਿਆ ਜੋ ਕੋਈ ਹਮਲਾਵਰ ਫ਼ੌਜ ਹਾਰਨ ਵਾਲੀ ਧਿਰ ਨਾਲ ਕਰਦੀ ਹੈ। ਸਾਡੀਆਂ ਸਭ ਤੋਂ ਉੱਤਮ ਸ਼ਖ਼ਸੀਅਤਾਂ ਵਿੱਚੋਂ ਇੱਕ, ਭਗਤ ਪੂਰਨ ਸਿੰਘ, ਨੇ ਏਸ ਦੇ ਕਈ ਪੱਖਾਂ ਦਾ ਉਲੇਖ ਕੀਤਾ ਸੀ।

ਜੰਗ ਵਿਚਲੀ ਇੱਕ ਧਿਰ ਦੀ ਪਿੱਠ ‘ਤੇ ਆਧੁਨਿਕ ਰਾਜ ਦੀ ਸ਼ਕਤੀ ਸੀ। ਉਸ ਨੇ ਸਿੱਖਿਅਤ ਫ਼ੌਜ, ਹਵਾਈ ਫ਼ੌਜ, ਜਲ ਸੈਨਾ, ਤੋਪਖਾਨੇ, ਹੈਲੀਕੌਪਟਰਾਂ, ਹਵਾਈ ਜਹਾਜ਼ ਫੁੰਡਣ ਵਾਲੀਆਂ ਤੋਪਾਂ, ਬਖ਼ਤਰਬੰਦ ਗੱਡੀਆਂ, ਜੰਗੀ ਟੈਂਕਾਂ, ਬੇਹੋਸ਼ ਕਰਨ ਵਾਲੇ ਬੰਬਾਂ, ਜ਼ਹਿਰੀਲੀਆਂ ਗੈਸਾਂ ਅਤੇ ਜ਼ਖ਼ੀਰੇ ਵਿੱਚ ਹੋਰ ਜੋ ਕੁਝ ਵੀ ਬਾਕੀ ਸੀ, ਦੀ ਵਰਤੋਂ ਕੀਤੀ। ਮੁਕਾਬਲਤਨ, ਦੂਸਰੀ ਧਿਰ ਕੋਲ ਯਹੂਦੀ ਡੇਵਿਡ ਵਾਲਾ ਗੋਪੀਆ ਸੀ। ਜੇ ਤੁਸੀਂ ਲੜਾਈ ਵਿੱਚ ਨਾ ਸ਼ਾਮਲ, ਕਤਲ ਕੀਤੇ ਗਏ, ਨਿਰਦੋਸ਼ਾਂ ਦੀ ਗਿਣਤੀ ਨਾ ਕਰੋ ਤਾਂ ਅਸੀਂ ਪੰਤਾਲੀ ਦੇ ਕਰੀਬ ਬੇਹੱਦ ਨਿਸ਼ਠਾਵਾਨ ਉੱਤਮ ਮਰਦ ਅਤੇ ਔਰਤਾਂ ਤੋਂ ਮਹਿਰੂਮ ਹੋ ਗਏ। ਇਜ਼ਰਾਈਲ ਵਿਚਲਾ ਸਾਡਾ-ਕਤਲੇਆਮ ਅਤੇ ਚਮਕੌਰ ਦਾ ਇਤਿਹਾਸ ਦੁਹਰਾਇਆ ਗਿਆ। ਓਧਰ ਦੁਸ਼ਮਣ ਧਿਰ ਦੇ ਘੱਟੋ-ਘੱਟ ਸੱਤ ਸੌ ਫ਼ੌਜੀ (ਰਾਜੀਵ ਗਾਂਧੀ ਅਨੁਸਾਰ) ਮਾਰੇ ਗਏ ਅਤੇ ਹੋਰ ਵੀ ਅਣਗਿਣਤ ਅਤੇ ਅਨਿਸ਼ਚਿਤ ਜ਼ਖ਼ਮੀ ਹੋਏ। ਇਹ ਧਿਰ ਪਿਛਲੇ ਪੱਚੀ ਸਾਲਾਂ ਤੋਂ ਆਪਣੀ ‘ਜਿੱਤ’ ਦੀ ਕਾਂਵਾਂ-ਰੌਲੀ ਪਾ ਰਹੀ ਹੈ ਜਦੋਂ ਕਿ ਇਸ ਦੇ ਟਾਕਰੇ ‘ਚ ਅਸਲ ਜੇਤੂਆਂ ਨੇ ਆਪਣੇ ਜੰਗੀ ਵੇਰਵੇ ਲਿਖਣ ਦੀ ਸ਼ੁਰੂਆਤ ਤੱਕ ਨਹੀਂ ਕੀਤੀ।

ਸਵਾ ਦੋ ਸਦੀਆਂ ਪਹਿਲਾਂ ਵੀ ਏਸੇ ਦਰਬਾਰ ਵਿਖੇ ਅਜਿਹਾ ਹੀ ਮੁਕਾਬਲਾ ਹੋਇਆ ਸੀ। ਉਦੋਂ ਅਸੀਂ ਮਹਿਜ਼ ਬਾਈ ਸੂਰਮੇ ਸਾਂ। ਦੂਸਰੇ ਪਾਸੇ ਵੱਡੀ ਫ਼ੌਜ ਵਾਲਾ, ਪਾਣੀਪਤ ਦਾ ਜੇਤੂ, ਏਸ਼ੀਆ ਦਾ ਸਭ ਤੋਂ ਖ਼ੌਫ਼ਨਾਕ ਜਰਨੈਲ ਅਹਿਮਦ ਸ਼ਾਹ ਅਬਦਾਲੀ ਸੀ। ਪਰ ਅਸੀਂ ਅਖੀਰਲੇ ਆਦਮੀ ਅਤੇ ਅਖੀਰਲੀ ਚੱਲਣਯੋਗ ਕਿਰਪਾਨ ਤੱਕ ਗੁਰੂ-ਦਰਬਾਰ ਦੀ ਸੁਰੱਖਿਆ ਕੀਤੀ। ਮੈਦਾਨੇ ਜੰਗ ਵਿੱਚ ਸਾਡਾ ਜਰਨੈਲ ਗੁਰਬਖ਼ਸ਼ ਸਿੰਘ ਨਿਹੰਗ ਸੀ। ਧੱਕੇਸ਼ਾਹੀ ਨਾਲ ਕਬਜ਼ਾ ਕਰਨ ਵਾਲੇ ਅਬਦਾਲੀ ਨੇ ਪੰਜਾਬ ਉੱਤੇ ਕਾਨੂੰਨੀ ਹੱਕ ਜਿਤਾਇਆ ਕਿਉਂਕਿ ਇਹ ਦਿੱਲੀ ਦੇ ਮੁਗ਼ਲ ਬਾਦਸ਼ਾਹ ਅਹਿਮਦ ਸ਼ਾਹ ਨੇ ਉਸ ਦੇ ਸਪੁਰਦ ਕੀਤਾ ਸੀ। ਪਰ ਇਹ ਗੁਰੂ ਦਾ ਦਰਬਾਰ ਸੀ ਅਤੇ ਕਿਉਂਕਿ ਅਸੀਂ ਦਿੱਲੀ ਦੇ ਝੂਠੇ ਦਾਅਵੇਦਾਰ ਜਾਂ ਉਸ ਤੋਂ ਲਾਹਾ ਲੈਣ ਵਾਲੇ ਕਿਸੇ ਨੂੰ ਨਹੀਂ ਸਾਂ ਸਿਆਣਦੇ, ਇਹ ਸਾਡਾ ਪੰਜਾਬ ਸੀ ਜਿਸ ਦੀ ਅਸੀਂ ਸੁਰੱਖਿਆ ਕੀਤੀ। ਸਵਾ ਦੋ ਸਦੀਆਂ ਪਹਿਲਾਂ ਏਸ਼ੀਆ ਦੀ ਸਭ ਤੋਂ ਸ਼ਕਤੀਸ਼ਾਲੀ ਸਲਤਨਤ ਸਾਨੂੰ ਹਰਾਉਣ ਵਿੱਚ ਅਸਫ਼ਲ ਰਹੀ – ਸਾਡੇ ‘ਚੋਂ ਕੇਵਲ ਮੁੱਠੀ ਭਰ ਨੂੰ ਮਾਰ ਸਕੀ। ਅਸੀਂ ਸ਼ਾਨ ਨਾਲ ਸੁਰਖ਼ਰੂ ਹੋਏ। ਇਸ ਵਾਰ ਅਸੀਂ ਬਿਹਤਰ ਨਿਭੇ। ਇਸ ਵਾਰ ਖ਼ੁਦਮੁਖ਼ਤਾਰ ਪੰਥ ਦਾ ਨੁਮਾਇੰਦਾ ਸੰਤ ਜਰਨੈਲ ਸਿੰਘ ਜੂਝਿਆ ਤੇ ਏਸ ਤੋਂ ਇਲਾਵਾ ਸਾਡਾ ਜਰਨੈਲ ਸੁਬੇਗ ਸਿੰਘ ਵੀ।

ਮੌਤ ਤਾਂ ਸਰਬਸ਼ਕਤੀਮਾਨ ਦੇ ਹੱਥ ਹੈ ਤੇ ਜਦੋਂ ਆਉਣੀ ਹੈ ਆ ਹੀ ਜਾਣੀ ਹੈ। ਮੌਤ ਦਾ ਸਮਾਂ ਅਤੇ ਸਬੱਬ ਨਿਸ਼ਚਿਤ ਕਰਨਾ ਫ਼ਾਨੀਆਂ ਦੇ ਹੱਥ ਨਹੀਂ ਹੈ। ਫ਼ਤਹਿ ਤਾਂ ਇੱਕ ਅਨੁਭਵ ਹੈ, ਇਹ ਸਦੀਵੀ ਅਜਿੱਤ ਮਾਨਸਿਕਤਾ ਦਾ ਸ਼ਿਗਾਰ ਹੈ। ਦੋਹਾਂ ਘਟਨਾਵਾਂ ਰਾਹੀਂ ਹਮਲਾਵਰ ਸਾਡੇ ਅੰਦਰ ਮੌਤ ਦਾ ਖ਼ੌਫ਼ ਪੈਦਾ ਕਰਨਾ ਚਾਹੁੰਦੇ ਸਨ। ਅਸੀਂ ਉਨਾਂ ਦੀ ਸ਼ਕਤੀ ਨੂੰ ਸਿਫ਼ਰ ਬਰਾਬਰ ਜਾਣਿਆ। ਸਾਡੇ ਸੂਰੇ ਦੋਹਾਂ ਹਮਲਿਆਂ ਸਮੇਂ ਗੁਰੂ-ਦਰਬਾਰ ਦੀ ਰਾਖੀ ਕਰਦੇ ਸ਼ਹੀਦ ਹੋਏ ਅਤੇ ਦੁਸ਼ਮਣ ਫ਼ੌਜਾਂ ਦੇ ਵੱਡੀ ਗਿਣਤੀ ਵਿੱਚ ਆਹੂ ਲਾਹੇ। ਦੋਹਾਂ ਮਾਮਲਿਆਂ ‘ਚ, ਬੁਖਲਾਏ ਹੋਏ ਦੁਸ਼ਮਣ ਨੇ ਪਵਿੱਤਰ ਅਸਥਾਨ ਢਾਹੇ। 1984 ‘ਚ ਇੰਦਰਾ ਗਾਂਧੀ ਅਬਦਾਲੀ ਤੋਂ ਇੱਕ ਕਦਮ ਅਗਾਂਹ ਲੰਘ ਗਈ। ਉਸ ਨੇ ਸਿੱਖ ਰੈਫ਼ਰੈਂਸ ਲਾਇਬਰੇਰੀ ਵੀ ਸਾੜ ਕੇ ਸੁਆਹ ਕਰ ਦਿੱਤੀ। ਉਹ ਹੋਰ ਵੀ ਕਈ ਪੱਖਾਂ ਤੋਂ ਅਬਦਾਲੀ ਨੂੰ ਪਿੱਛੇ ਛੱਡ ਗਈ।

ਅਬਦਾਲੀ ਕੋਲ ਵਾਜਬ ਜਾਪਦਾ ਬਹਾਨਾ ਸੀ ਕਿਉਂਕਿ ਮੁਲਕ ਕਾਨੂੰਨੀ ਤੌਰ ‘ਤੇ ਉਸ ਦਾ ਸੀ। ਪਰ ਕਿਸੇ ਲੋਕਤੰਤਰੀ ਗਣਰਾਜ ਵਿੱਚ ਉਸ ਦੀ ਧਰਤੀ ਦੇ ਹਰ ਕਣ ਉੱਤੇ ਓਥੋਂ ਦੇ ਹਰ ਸ਼ਹਿਰੀ ਦਾ ਅਧਿਕਾਰ ਹੈ। ਸੰਤ ਜਰਨੈਲ ਸਿੰਘ ਅਤੇ ਉਸ ਦੇ ਸਾਥੀ ਹੱਕਬਜਾਨਬ ਗੁਰੂ ਦੇ ਦਰਬਾਰ ਵਿੱਚ ਸਨ। ਹਮਲਾਵਰਾਂ ਨੂੰ ਓਥੇ ਦਾਖਲ ਹੋਣ ਦਾ ਕੋਈ ਅਧਿਕਾਰ ਨਹੀਂ ਸੀ। ਜਿਵੇਂ ਇੱਕ ਵਿਅਕਤੀ, ਜਿਹੜਾ ਕਿ ਮਗਰੋਂ ਹਿੰਦੁਸਤਾਨ ਦਾ ਕਾਨੂੰਨ ਮੰਤਰੀ ਬਣਿਆ, ਵੱਲੋਂ ਸਵੀਕਾਰ ਕੀਤਾ ਗਿਆ ਸੀ, ਸੰਤ ਕੋਲ ਸਵੈ-ਰੱਖਿਆ ਦਾ ਅਧਿਕਾਰ ਸੀ। ਫ਼ੌਜ ਓਥੇ ਉਸ ਨੂੰ ਮਾਰਨ ਲਈ ਗਈ ਸੀ। ਦੁਨਿਆਵੀ ਅਤੇ ਅਧਿਆਤਮਕ, ਦੋਹਾਂ, ਪੱਧਰਾਂ ‘ਤੇ ਉਸ ਵੱਲੋਂ ਹਮਲੇ ਦਾ ਟਾਕਰਾ ਕਰਨਾ ਬਿਲਕੁਲ ਵਾਜਬ ਸੀ।

ਦੂਸਰੀ ਧਿਰ ਓਥੋਂ ਕੋਈ ਵਿਆਪਕ ਤਬਾਹੀ ਦੇ ਹਥਿਆਰ (Weapons of Mass Destruction – WMD) ਬਰਾਮਦ ਨਾ ਕਰ ਸਕੀ, ਖ਼ਾਲਿਸਤਾਨ ਦੀ ਮੰਗ ਕਰਦਾ ਕੋਈ ਰਾਜਸੀ ਮਤਾ ਨਾ ਲੱਭ ਸਕੀ ਅਤੇ ਮੁਲਕ-ਵੰਡ ਦੀ ਹਮਾਇਤ ਕਰਦੀ ਕੋਈ ਰਾਜਨੀਤਕ ਪਾਰਟੀ ਨਾ ਢੂੰਡ ਸਕੀ। ਓਦੋਂ ਤੋਂ ਇਸ ਦੇ ਨੁਮਾਇੰਦੇ ਸ਼ਰਮਿੰਦਗੀ ਭਰਪੂਰ ਢੀਠਤਾ ਨਾਲ ਇਤਿਹਾਸ ਦੀ ਜਵਾਬਦੇਹੀ ਤੋਂ ਮੂੰਹ ਲਕਾਉਂਦੇ ਫਿਰ ਰਹੇ ਹਨ ਅਤੇ ਆਪਣੇ ਵੱਲੋਂ ਅਕਾਰਨ ਕੀਤੀ ਤਬਾਹੀ ‘ਤੇ ਦੁੱਖ ਪਰਗਟ ਕਰਦੇ ਆ ਰਹੇ ਹਨ। ਪਰ ਉਨਾਂ ਵੱਲੋਂ ਆਪਣੇ ਚਿਹਰਿਆਂ ‘ਤੇ ਨਕਾਬ ਪਾ ਕੇ ਨੱਚਣ ਦੀ ਅੜੀ ਨੇ ਉਨਾਂ ਦੁਆਰਾ ਪ੍ਰਗਟਾਏ ਦੁੱਖ ਦੇ ਹਾਵ-ਭਾਵਾਂ ਦਾ ਪਾਜ ਉਘਾੜ ਦਿੱਤਾ ਹੈ। ਉਹ ਆਪਣੇ ਨਕਾਬ ਲਾਹੁਣ ਅਤੇ ਖੁੱਲ ਕੇ ਏਸ ਨੀਚ ਕਾਰੇ ਦੀ ਦਰਿੰਦਗੀ ਦਾ ਇਕਬਾਲ ਕਰਨ। ਉਹ ਪੂਰੀ ਤਰਾਂ ਅਤੇ ਸਪਸ਼ਟ ਰੂਪ ਵਿੱਚ ਤਫ਼ਸੀਲ ਦੇਣ ਕਿ ਉਹ ਕਾਸ ਦੀ ਮੁਆਫ਼ੀ ਮੰਗ ਰਹੇ ਹਨ। ਉਹ ਸਾਨੂੰ ਏਸ ਦੇ ਦੋਸ਼ੀਆਂ ਦੇ ਨਾਂ ਲਾਜ਼ਮੀ ਦੱਸਣ। ਅਸੀਂ ਉਨਾਂ ਵੱਲੋਂ ਕੀਤੇ ਕੁਕਰਮਾਂ ਨਾਲ ਕਾਲੇ ਹੋਏ ਉਨਾਂ ਦੇ ਚਿਹਰੇ ਵੇਖਣਾ ਚਾਹੁੰਦੇ ਹਾਂ। ਉਹ ਅਵੱਸ਼ ਆਪਣੇ ਪਾਪਾਂ ਦਾ ਵਾਜਬ ਢੰਗ ਨਾਲ ਪਸ਼ਚਾਤਾਪ ਕਰਨ, ਖੁੱਲਦਿਲੀ ਨਾਲ ਏਸ ਦਾ ਇਵਜ਼ਾਨਾ ਦੇਣ ਅਤੇ ਆਪਣੇ ਪਛਤਾਵੇ ਨੂੰ ਭਵਿੱਖ ਵਿੱਚ ਅਜਿਹੀ ਮੂਰਖਤਾ ਨੂੰ ਕਦੇ ਨਾ ਦੁਹਰਾਉਣ ਦੇ ਰਸਮੀ ਜਨਤਕ ਐਲਾਨ ਦਾ ਤਾਜ ਪਹਿਨਾਉਣ।

ਅਜੇ ਤਾਈਂ ਉਨਾਂ ਦੀ ਮੁਆਫ਼ੀ ਅਤੇ ਪਸ਼ਚਾਤਾਪ ਦੀ ਭਾਵਨਾ ਨੂੰ ਤਸ਼ੱਦਦ ਦੇ ਸਿਲਸਿਲੇ ਦੀ ਮਾਰ ਵੀ ਪੈ ਰਹੀ ਹੈ ਜਿਸ ਦੇ ਠੱਲਣ ਦੇ ਕੋਈ ਸੰਕੇਤ ਨਜ਼ਰੀਂ ਨਹੀਂ ਪੈਂਦੇ। ਪੁਲੀਸ ਸਦਾ ਵਾਂਗ ਹੀ ਜ਼ਾਲਮ ਹੈ। ਨਿਰਦੋਸ਼ ਲੋਕਾਂ ਦਾ ਪੁਲੀਸ ਦੀ ਗੋਲ਼ੀ ਨਾਲ ਮਾਰੇ ਜਾਣਾ ਜਾਰੀ ਹੈ। ਪੁਲੀਸ ਹਿਰਾਸਤ ਵਿੱਚ ਮੌਤਾਂ ਘਿਣਾਉਣੇ ਨਿੱਤ-ਕਰਮ ਵਜੋਂ ਜਾਰੀ ਹਨ ਅਤੇ ਕਾਨੂੰਨੀ ਕੁੰਡੇ ਤੋਂ ਬਾਹਰੇ ਕਾਨੂੰਨ ਦੇ ਰਖਵਾਲੇ ਸਜ਼ਾ ਤੋਂ ਬਚ ਨਿਕਲਦੇ ਹਨ ਜਿਵੇਂ ਕਿ ਕਈ ਦਹਾਕਿਆਂ ਦਾ ਅਮਲ ਦੱਸਦਾ ਹੈ। ਲੋਕਾਂ ਦੇ ਕਸ਼ਟਾਂ ਅਤੇ ਜ਼ਲਾਲਤ ਦਾ ਅੰਤ ਨਜ਼ਰ ਨਹੀਂ ਆਉਂਦਾ।

ਸਿੱਖਾਂ ਵੱਲੋਂ ਵੀ ਸਪਸ਼ਟ ਰੂਪ ‘ਚ ਦੱਸਣਾ ਲੋੜੀਂਦਾ ਹੈ ਕਿ ਉਨਾਂ ਨੂੰ ਕਿਵੇਂ ਦੀ ਮੁਆਫ਼ੀ ਪ੍ਰਵਾਨ ਹੈ ਅਤੇ ਕਿਸ ਤਰਾਂ ਦੇ ਭਵਿੱਖੀ ਰੱਖਿਆ-ਇੰਤਜ਼ਾਮ ਨੂੰ ਕਾਰਗਰ ਜਾਣਦੇ ਹਨ। ਜੇ ਇਹ ਮੇਰੀ ਸੁਣਦੇ ਹੁੰਦੇ ਤਾਂ ਮੈਂ ਸਿੱਖਾਂ ਨੂੰ ਸਲਾਹ ਦੇਂਦਾ ਕਿ ਗੁਰੂ ਅਰਜਨ ਦੇ ਸ਼ਹੀਦੀ ਦਿਹਾੜੇ ‘ਤੇ ਇੱਕ ਸੰਜੀਦਾ ਇਕੱਠ ਵਿੱਚ ਇਕੱਤਰ ਹੋ ਕੇ ਬੁਲੰਦ ਆਵਾਜ਼ ‘ਚ, ਬੇਝਿਜਕ, ਉਚਿੱਤ ਅਤੇ ਸਪਸ਼ਟ ਪ੍ਰਗਟਾਵਾ ਕਰਨ ਕਿ ਇਹਨਾਂ ਏਸ ਵਾਕਿਆ ਤੋਂ ਕੀ ਸਿੱਖਿਆ ਹੈ ਅਤੇ ਇਹ ਗਾਹੇ-ਬਗਾਹੇ ਸੁਣੇ ਜਾਂਦੇ ਪਛਤਾਵੇ ਦੇ ਅੱਧੇ ਮਨ ਨਾਲ ਪ੍ਰਗਟਾਏ ਭਾਵਾਂ – ਕਦੇ ਸ਼ਬਦਾਂ ਰਾਹੀਂ, ਕਦੇ ਇਸ਼ਾਰਿਆਂ ਵਿੱਚ – ਨੂੰ ਕਿਵੇਂ ਸਮਝਦੇ ਹਨ। ਇਹਨਾਂ ਨੂੰ ਅਵੱਸ਼ ਖੁੱਲ ਕੇ ਦੱਸਣਾ ਚਾਹੀਦਾ ਹੈ ਕਿ ਜਿਸ ਨਿਜ਼ਾਮ ਵਿੱਚ ਇਹਨਾਂ ਦੀ ਕੋਈ ਸੁਣਵਾਈ ਨਹੀਂ ਉਸ ਦੇ ਅਧੀਨ, ਇਹਨਾਂ ਦੀ ਰਾਇ ਵਿੱਚ, ਭਵਿੱਖ ਇਹਨਾਂ ਲਈ ਕੀ ਸਾਂਭੀ ਬੈਠਾ ਹੈ। ਇਹ ਅਗਲੀਆਂ ਪੀੜੀਆਂ ਦੇ ਏਸ ਸਵਾਲ ਦਾ ਜਵਾਬ ਦੇਣ ਸਬੰਧੀ ਕਰਜ਼ਾਈ ਹਨ ਕਿ ਕੀ ਉਨਾਂ ਦਾ ਧਰਮ ਅਤੇ ਨਸਲ ਅਜਿਹੇ ਮੁਲਕ ਵਿੱਚ ਸੁਰੱਖਿਅਤ ਹਨ ਜਿਸ ਵਿੱਚ ਕੋਈ ਕਾਨੂੰਨ, ਕੋਈ ਅਦਾਲਤ, ਕੋਈ ਕਾਨੂੰਨ ਘਾੜਨੀ ਸਭਾ, ਕੋਈ ਮੀਡੀਆ, ਕੋਈ ਮਨੁੱਖੀ ਅਧਿਕਾਰ ਜਥੇਬੰਦੀ ਲੋੜ ਪੈਣ ‘ਤੇ ਉਨਾਂ ਦਾ ਬਚਾਅ ਨਹੀਂ ਕਰ ਸਕਦੇ। ਏਨਾ ਕਾਫ਼ੀ ਨਹੀਂ ਹੈ ਕਿ ਜਦੋਂ ਪਰਖ ਦੇ ਹਾਲਾਤ ਨਾ ਹੋਣ, ਜਦੋਂ ਸਭ ਅੱਛਾ ਹੋਵੇ ਓਦੋਂ ਇਹ ਸਭ ਸੰਸਥਾਵਾਂ ਅਤੇ ਜਥੇਬੰਦੀਆਂ ਅਨੇਕਾਂ, ਇੱਕ ਦੂਜੇ ਤੋਂ ਗੂੜੇ, ਮਨਮੋਹਕ ਰੰਗਾਂ ਵਿੱਚ ਆਪਾ ਪ੍ਰਗਟਾਉਣ।

ਸਿੱਖਾਂ ਨੂੰ ਇਹ ਵੀ ਲਾਜ਼ਮੀ ਦੱਸਣਾ ਚਾਹੀਦਾ ਹੈ ਕਿ ਕੀ ਇਹਨਾਂ ਦੀ 1947 ਮਗਰੋਂ ਹਿੰਦੁਸਤਾਨ ਵਿੱਚ ਸਰਕਾਰੀ ਕਾਰਵਾਈ ਦੁਆਰਾ ਮਾਰੇ ਗਏ ਆਪਣੇ ਹਜ਼ਾਰਾਂ ਲੋਕਾਂ ਦੀ ਯਾਦ ਨਾਲ ਹੀ ਤਸੱਲੀ ਹੈ? ਜਾਂ ਕੀ ਉਨਾਂ ਦੀ ਹੋਣੀ ਇਹਨਾਂ ਦੇ ਦਿਲਾਂ ਵਿੱਚ ਰੜਕਦੀ ਹੈ ਅਤੇ ਉਨਾਂ ਦੀਆਂ ਚਿਖਾਵਾਂ ਇਹਨਾਂ ਦੇ ਮਨ-ਮਸਤਕ ਵਿੱਚ ਹਮੇਸ਼ਾ ਬਲਦੀਆਂ ਹਨ? ਕੀ ਇਹਨਾਂ ਨੂੰ ਇਹ ਪੁਨਰ-ਯਕੀਨਦਹਾਨੀ ਕਰਾਈ ਗਈ ਹੈ ਕਿ ਭਵਿੱਖ ਵਿੱਚ ਕਿਸੇ ਨੂੰ ਵੀ ਅਜਿਹੀ ਮੌਤ ਨਹੀਂ ਮਰਨਾ ਪਵੇਗਾ?

ਏਸ ਸਭ ਕੁਝ ਨੂੰ ਸਪਸ਼ਟ ਰੂਪ ‘ਚ ਕਹਿਣ ਲਈ ਇਹਨਾਂ ਨੂੰ ਆਪਣੀ ਧਾਰਨਾ ਬਣਾਉਣ ਦੀ ਲੋੜ ਹੈ ਕਿ ਇਹਨਾਂ ਨਾਲ ਸਬੰਧਤ ਮਾਮਲਿਆਂ ਨੇ ਹਮੇਸ਼ਾ ਦੁੱਖਦਾਈ ਮੋੜ ਕਿਉਂ ਲੈ ਲਿਆ। ਇਹ ਅਵੱਸ਼ ਨਿੱਗਰ ਤੋਂ ਨਿੱਗਰ ਤੱਥਾਂ ਉੱਤੇ ਅਧਾਰਤ ਹੋਣੀ ਚਾਹੀਦੀ ਹੈ ਜੋ ਸਾਨੂੰ ਪਤਾ ਹਨ ਕਿਉਂਕਿ ਅਸੀਂ ਬਾਜ਼ਮੀਰ ਨੇਕਨੀਯਤ ਲੋਕਾਂ ਨੂੰ ਜਾਣਕਾਰੀ ਦੇਣ ਦਾ ਪਾਕ ਫ਼ਰਜ਼ ਨਿਭਾਉਣਾ ਹੈ। ਗੁਰੂ ਨਾਨਕ ਵੱਲੋਂ ਸਾਨੂੰ ਦਿੱਤਾ ਗਿਆ ਉਪਦੇਸ਼ ”ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ” ਸਾਡਾ ਆਦਰਸ਼ ਹੈ। ਹੁਣ ਤੱਕ ਏਸ ਵਿਸ਼ੇ ‘ਤੇ ਉੱਚੀ ਬੋਲਣਾ, ਜੇ ‘ਦਹਿਸ਼ਤਗਰਦ’ ਹੋਣ ਦਾ ਨਹੀਂ ਤਾਂ ‘ਦਹਿਸ਼ਤਗਰਦਾਂ’ ਦੇ ਹਮਦਰਦ ਹੋਣ ਦਾ ਠੱਪਾ ਲੱਗਣ ਦੇ ਡਰੋਂ, ਔਖਾ ਸੀ। ਇਹ ਖ਼ਤਰਾ ਹੁਣ ਬਹੁਤ ਘਟ ਗਿਆ ਹੈ ਕਿਉਂਕਿ ਸਿੱਖਾਂ ਨਾਲ ਕੀਤੇ ਗਏ ਦੁਰਵਿਹਾਰ ਦਾ ਅਹਿਸਾਸ ਹਰ ਸੂਝਵਾਨ ਵਿਅਕਤੀ ਦੇ ਮਨ ਵਿੱਚ ਸਿੰਮ ਗਿਆ ਹੈ। ਸਿੱਖ ਲੇਖਕਾਂ, ਇਤਿਹਾਸਕਾਰਾਂ, ਨੀਤੀਵਾਨਾਂ, ਸਿਧਾਂਤਕਾਰਾਂ, ਸਮਾਜ ਅਤੇ ਰਾਜਨੀਤੀ ਵਿਗਿਆਨੀਆਂ ਅਤੇ ਆਗੂਆਂ ਨੂੰ ਲਾਜ਼ਮੀ ਹਿੰਮਤ ਜੁਟਾਉਣੀ ਚਾਹੀਦੀ ਹੈ ਅਤੇ ਆਪਣੇ ਗੁਣਕਾਰੀ ਵਿਚਾਰਾਂ ਨੂੰ ਸ਼ਾਨ ਨਾਲ ਉਸੇ ਅੰਦਾਜ਼ ਵਿੱਚ ਪ੍ਰਗਟਾਉਣਾ ਚਾਹੀਦਾ ਹੈ ਜਿਵੇਂ 1947 ਤੋਂ ਹੁਣ ਤੱਕ ਬਹੁਤ ਕੁਝ ਗਵਾਉਣ ਵਾਲਿਆਂ ਵੱਲੋਂ ਪ੍ਰਗਟਾਉਣਾ ਬਣਦਾ ਹੈ। ਅਸੀਂ ਬਾਬਾ ਬੰਦਾ ਸਿੰਘ ਤੋਂ ਬਾਅਦ ਆਪਣਾ ਪੱਖ ਉਭਾਰਨ ਲਈ ਪੱਚੀ ਸਾਲ ਉਡੀਕ ਕੀਤੀ ਸੀ। ਪੱਚੀ ਸਾਲ ਹੀ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੀ ਸ਼ਹਾਦਤ ਤੋਂ ਬਾਅਦ ਖੁੱਸ ਚੁੱਕੇ ਹਨ। ਏਸ ਕਾਰਵਾਈ ਵਿੱਚ ਨਿਮਾਣੇ ਯੋਗਦਾਨ ਵਜੋਂ ਅਤੇ ਕੇਵਲ ਉਡੀਕੀ ਜਾ ਰਹੀ ਬਹਿਸ ਲਈ ਇੱਕ ਮੁੱਢਲੀ ਰੂਪ-ਰੇਖਾ ਦਰਸਾਉਂਦਾ ਪੇਪਰ ਮੁਹੱਈਆ ਕਰਨ ਹਿਤ ਹੇਠਲਾ ਲੇਖ ਲਿਖਿਆ ਜਾ ਰਿਹਾ ਹੈ। ਇਹ ਤੱਥਾਂ ਨਾਲ ਸੰਪੂਰਨ ਹੈ ਜਿਵੇਂ ਕਿ ਮੈਨੂੰ ਇਹਨਾਂ ਦੀ ਜਾਣਕਾਰੀ ਹੈ। ਉਮੀਦ ਹੈ ਕਿ ਜੂਨ 2011 ਦੌਰਾਨ ਪੂਰੇ ਸੰਸਾਰ ਵਿੱਚ ਹੋਣ ਵਾਲੇ ਇਕੱਠਾਂ ਵਿੱਚ ਹੋਰ ਵੀ ਬਿਹਤਰ ਜਾਣਕਾਰੀ ਅਤੇ ਸੋਝੀ ਭਰੇ ਵਿਚਾਰ ਪ੍ਰਗਟ ਹੋਣਗੇ। ਇਹ ਸਾਡੀ ਸਵੈ-ਪੜਚੋਲ ਅਤੇ ਸਵੈ-ਪ੍ਰਗਟਾਵੇ ਦਾ ਵਰਾ ਹੋ ਨਿੱਬੜਨਾ ਚਾਹੀਦਾ ਹੈ। ਸਿੱਖ ਪ੍ਰਗਟਾਵਾ ਚਿਰੋਕਣਾ ਪਛੜ ਚੁੱਕਾ ਹੈ – ਲੇਖਕ॥

ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਕਤਲ ਕੌਂਗਰਸ (ਇੰਦਰਾ) ਨੇ ਚੰਗੀ ਤਰਾਂ, ਉਨਾਂ ਦੇ ਕਤਲ ਤੋਂ ਬਹੁਤ ਪਹਿਲਾਂ ਵਿਉਂਤ ਲਿਆ ਸੀ। ਦਸੰਬਰ 1982 ਵਿੱਚ ਲਿਖੇ ਅਤੇ ਅਪ੍ਰੈਲ 1983 ਵਿੱਚ ਛਪੇ ਇੱਕ ਲੇਖ ਵਿੱਚ ਇਹਨਾਂ ਸਤਰਾਂ ਦੇ ਲੇਖਕ ਨੇ ਪੇਸ਼ੀਨਗੋਈ ਕੀਤੀ ਸੀ ਕਿ ਸੰਤ ਨੂੰ ਕਤਲ ਕੀਤਾ ਜਾਵੇਗਾ। ਉਸ ਦੇ ਕਤਲ ਅਤੇ ਬਾਅਦ ਦੇ ਦਮਨ-ਚੱਕਰ ਰਾਹੀਂ ਪੂਰੇ ਹਿੰਦੁਸਤਾਨ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਏਸ ਅਸ਼ਾਂਤ ਕੌਮ, ਜਿਹੜੀ ਕਿ ਇਸ ਗੱਲ ‘ਤੇ ਦ੍ਰਿੜ ਹੈ ਕਿ 1950 ਦੇ ਸੰਵਿਧਾਨ ਤਹਿਤ ਉਸ ਨੂੰ ਕੁਝ ਅਧਿਕਾਰ ਹਾਸਲ ਹਨ ਜਿਨਾਂ ਦਾ ਕੁਚਲਿਆ ਜਾਣਾ ਉਹ ਕਦਾਚਿਤ ਬਰਦਾਸ਼ਤ ਨਹੀਂ ਕਰੇਗੀ, ਨੂੰ ਸਬਕ ਸਿਖਾਉਣ ਦਾ ਏਹੋ ਕਾਰਗਰ ਹਥਿਆਰ ਹੈ। ਹਰ ਪਾਰਟੀ ਅਤੇ ਵਿਅਕਤੀ ਏਸ ਮਨਸੂਬੇ ਨਾਲ ਰਜ਼ਾਮੰਦ ਹੋਇਆ। ਇੰਦਰਾ ਗਾਂਧੀ ਤਕਰੀਬਨ ਹਰ ਵਿਅਕਤੀ, ਜਿਸ ਦੀ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਕੋਈ ਅਹਿਮੀਅਤ ਸੀ, ਨੂੰ ਆਪਣੇ ਜਾਲ ਵਿੱਚ ਫ਼ਸਾਉਣ ‘ਚ ਕਾਮਯਾਬ ਰਹੀ। ਇਹ ਇੱਕ ਬਾਕਮਾਲ ਚੱਕਰਵਿਊ ਸੀ – ਜਿਸ ਵਿੱਚ ਦੇਸ਼ ਦੇ ਸਿਰਮੌਰ ਲੋਕ ਆਪਣਾ ਰੋਲ ਅਦਾ ਕਰ ਰਹੇ ਸਨ। ਫਿਰ ਵੀ ਸਾਰੇ ਨਹੀਂ – ਕੇਵਲ ਚੰਦਰ ਸ਼ੇਖਰ, ਸੁਬਰਾਮਨੀਅਮ ਸਵਾਮੀ ਅਤੇ ਅਚਾਰੀਆ ਰਜਨੀਸ਼ ਹੀ ਸਨ ਜਿਹੜੇ ਦਲੇਰੀਪੂਰਵਕ ਅਸਹਿਮਤ ਹੋਏ। ਬਿਨਾ ਸ਼ੱਕ, ਇਹ ਤੇਜ਼ੀ ਨਾਲ ਵੱਧ ਰਹੀਆਂ ਘਟਨਾਵਾਂ ਦੇ ਜਗਨਨਾਥ ਦੇ ਰੱਥ ਨੂੰ ਨਾ ਠੱਲ ਸਕੇ ਅਤੇ ਅਨੇਕਾਂ ਦੁਖਾਂਤ ਟਾਲਣ ਵਿੱਚ ਅਸਫ਼ਲ ਰਹੇ।

ਜੂਨ 1984 ਦੀ ਘਟਨਾ ਤੋਂ ਲੈ ਕੇ ਅੱਜ ਤਾਈਂ ਸੰਤ ਨੂੰ ਅਨੇਕਾਂ ਵਾਰ ਕਤਲ ਕੀਤਾ ਗਿਆ ਹੈ ਤਾਂ ਕਿ ਹੁਕਮਰਾਨਾਂ ਦੇ ਕਾਲ਼ੇ ਮਨਸੂਬਿਆਂ ‘ਤੇ ਪਰਦਾ ਪਾਇਆ ਜਾ ਸਕੇ। ਏਸ ਦਾ ਕੋਈ ਫ਼ਾਇਦਾ ਨਹੀਂ ਹੋਇਆ। ਸੱਚ ਅਜਿਹੀ ਕਮਾਲ ਰੌਸ਼ਨ ਅਵਸਥਾ ਵਿੱਚ ਉਦੈ ਚੱਲਿਆ ਆ ਰਿਹਾ ਹੈ ਕਿ ਹਰ ਘੜੀ, ਗਾਹੇ-ਬਗਾਹੇ ਏਸ ਦਾ ਨਿਰੰਤਰ ਖੰਡਨ ਕਰਨਾ ਅਤੇ ਏਸ ਨੂੰ ਚਿਰ-ਸਥਾਈ ਤੌਰ ‘ਤੇ ਧੁੰਦਲਾਉਣਾ ਇੱਕ ਜ਼ਰੂਰੀ ਲੋੜ ਬਣ ਗਈ ਹੈ। ਸਰਕਾਰੀ ਪ੍ਰੌਪੇਗੰਡਾ ਮਸ਼ੀਨਰੀ ਦੁਆਰਾ ਮਨ ਨੂੰ ਚਕਰਾ ਦੇਣ ਵਾਲੇ ਵੰਨ-ਸੁਵੰਨੇ ਸ਼ੋਸ਼ੇ ਅਤੇ ਅਫ਼ਵਾਹਾਂ ਛੱਡੇ ਗਏ ਹਨ। ਅਜਿਹਾ ਸਰਾਸਰ ਇਹ ਯਕੀਨੀ ਬਣਾਉਣ ਲਈ ਕੀਤਾ ਜਾ ਰਿਹਾ ਹੈ ਕਿ ਸੱਚ ਬੇਪਛਾਣ ਹੋ ਕੇ ਰਹਿ ਜਾਏ।

ਏਸ ਸਾਲ ਦਾ ਸ਼ੋਸ਼ਾ ਬੜਾ ਚਾਤਰਤਾਪੂਰਣ ਹੈ ਅਤੇ ਅਧਿਕਾਰਤ ਤੌਰ ‘ਤੇ ਪਹਿਲੀ ਵਾਰ ਬਿਆਨ ਕੀਤਾ ਜਾ ਰਿਹਾ ਹੈ। ਮੀਡੀਆ ਅਤੇ ਜਨਤਾ ਵੱਲੋਂ ਬਿਨਾਂ ਪੜਚੋਲ ਗਲ਼ ਲਾਉਣ ਲਈ, ਜਿਵੇਂ ਕਿ ਇਹ ਹੁਣ ਤਾਈਂ ਏਸ ਵਿਸ਼ੇ ਸਬੰਧੀ ਸਰਕਾਰੀ ਭੰਡੀ-ਪ੍ਰਚਾਰ ਨੂੰ ਸਵੀਕਾਰ ਕਰਦੇ ਆਏ ਹਨ, ਕੌਂਗਰਸ ਦੇ ਇਤਿਹਾਸ ਦੀ ਪੰਜਵੀਂ ਜਿਲਦ ਲਿਆਂਦੀ ਜਾ ਰਹੀ ਹੈ। ਪਰ ਅਜਿਹੇ ਉਚਿੱਤ ਕਾਰਨ ਅਤੇ ਤੱਥ ਮੌਜੂਦ ਹਨ ਜਿਹੜੇ ਏਸ ਪ੍ਰਸਤਾਵਤ ਥਿਊਰੀ ਨੂੰ ਝੁਠਲਾਉਂਦੇ ਹਨ ਅਤੇ ਇਹਨਾਂ ਨੂੰ ਜਨਤਾ ਦੇ ਧਿਆਨ ਵਿੱਚ ਲਿਆਉਣਾ ਜ਼ਰੂਰੀ ਹੈ ਤਾਂ ਕਿ ਲੋਕ ਫ਼ੈਲਾਈ ਜਾਣ ਵਾਲੀ ਪ੍ਰਸਤਾਵਤ ਅਫ਼ਵਾਹ ਦਾ ਸ਼ਕਿਾਰ ਹੋਏ ਬਿਨਾਂ ਆਪਣੀ ਰਾਇ ਬਣਾ ਸਕਣ। ਛਪਣ ਮੀਡੀਆ (ਇੰਡੀਅਨ ਐਕਸਪ੍ਰੈਸ, ਮਈ 8, 2011) ਨੇ ਕੌਂਗਰਸ ਪਾਰਟੀ ਦੇ ਇਤਿਹਾਸ ਦੀ ਪੰਜਵੀਂ ਜਿਲਦ ਸਬੰਧੀ ਬਿਉਰਾ ਛਾਪਿਆ ਹੈ ਜਿਸ ਨੂੰ ਕਿ ਜਲਦ ਹੀ ਰਿਲੀਜ਼ ਕੀਤਾ ਜਾ ਰਿਹਾ ਹੈ – ਬਿਲਕੁਲ ਸਮੇਂ ਸਿਰ ਤਾਂ ਕਿ ਜੂਨ ਵਰੇਗੰਢ ਸਮਾਗਮਾਂ ਵਿੱਚ 1984 ਦੇ ਦਰਬਾਰ ਸਾਹਿਬ ‘ਤੇ ਹਮਲੇ ਸਬੰਧੀ ਹੋਣ ਵਾਲੀ ਵਿਚਾਰ-ਚਰਚਾ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਏਸ ਦੀ ਇੱਕ ਅਗਾਊਂ ਜਿਲਦ ਇੰਡੀਅਨ ਐਕਸਪ੍ਰੈਸ ਨੂੰ ਮੁਹੱਈਆ ਕੀਤੀ ਗਈ ਹੈ। ਪੱਤਰਕਾਰ ਇਉਂ ਸਮਝਦਾ ਪ੍ਰਤੀਤ ਹੁੰਦਾ ਹੈ ਕਿ ਇਹ ਚੌਂਕਾਉਣ ਵਾਲਾ ਰਹੱਸ-ਉਦਘਾਟਨ ਕਰਦੀ ਹੈ। ਸੀਮਾ ਚਿਸਤੀ ਲਿਖਦੀ ਹੈ ਕਿ ‘ਇੱਕ ਪਾਰਟੀ ਜਿਸ ਵਿੱਚ ਕੋਈ ਵੀ ਲੀਡਰਸ਼ਿਪ ‘ਤੇ ਜਨਤਕ ਰੂਪ ‘ਚ ਕਿੰਤੂ ਨਹੀਂ ਕਰਦਾ, ਸਿੱਖ ਖ਼ਾੜਕੂਵਾਦ ਦੇ ”ਭਸਮਾਸੁਰ” ਨੂੰ ਇੰਦਰਾ ਗਾਂਧੀ ਨਾਲ ਜੋੜਨਾ ਇੱਕ ਚੌਂਕਾ ਦੇਣ ਵਾਲਾ ਇਕਬਾਲ ਹੈ।’ ਜੇ ਇਹ ਸੱਚ-ਮੁੱਚ ਅਜਿਹਾ ਹੀ ਹੈ ਤਾਂ ਇਹ ਵਾਕਿਆ ਹੀ ਇੰਡੀਅਨ ਨੈਸ਼ਨਲ ਕੌਂਗਰਸ ਵੱਲੋਂ ਭਲੀ-ਭਾਂਤ ਸਥਾਪਤ ਅਤੇ ਸਾਵਧਾਨੀਪੂਰਵਕ ਅਖ਼ਤਿਆਰ ਕੀਤੀ ਪੱਕੀ-ਪੀਢੀ ਪ੍ਰੰਪਰਾ ਦੇ ਰਸਤੇ ਤੋਂ ਭਟਕਣ ਦੀ ਹੈਰਾਨੀਜਨਕ ਘਟਨਾ ਹੋਵੇਗੀ। ਇਹ ਪ੍ਰੰਪਰਾ ਉਦੋਂ ਵੀ ਕਾਇਮ ਰਹੀ ਜਦੋਂ ਮੋਹਨ ਦਾਸ ਕਰਮ ਚੰਦ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਵੱਲਭ ਭਾਈ ਪਟੇਲ ਨੂੰ ਇਹ ਸਪਸ਼ਟ ਕਰਨ ਲਈ ਨਾ ਸੱਦਿਆ ਗਿਆ ਕਿ ਉਨਾਂ ਦੇਸ਼-ਵੰਡ ਕਿਉਂ ਕਰਵਾਈ। ਏਸ ਦਾ ਦੋਸ਼ ਜਿਨਾਹ ‘ਤੇ ਮੜ ਦਿੱਤਾ ਗਿਆ ਜਿਹੜਾ ਕਿ ਦੇਸ਼-ਵੰਡ ਦਾ ਸਭ ਤੋਂ ਘੱਟ ਹਿਮਾਇਤੀ ਸੀ। ਉਹ ਪੜਤਾਲ ਤੋਂ ਉਦੋਂ ਮੁੜ ਬਚ ਗਏ ਜਦੋਂ ਉਹ 1947 ਵਿੱਚ ਆਬਾਦੀ ਦੇ ਵਟਾਂਦਰੇ ਲਈ ਸਹਿਮਤ ਨਾ ਹੋਏ ਅਤੇ ਇੱਕ ਕਰੋੜ ਤੋਂ ਵੱਧ ਲੋਕਾਂ ਦੇ ਉਜਾੜੇ ਅਤੇ ਦਸ ਲੱਖ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦੇ ਵਹਿਸ਼ੀਆਨਾ ਕਤਲਾਂ ਲਈ ਜ਼ਿੰਮੇਵਾਰ ਬਣੇ। ਘਾੜਤ ਨਾਲੋਂ ਸੱਚ ਵਧੇਰੇ ਹੈਰਾਨੀਜਨਕ ਹੁੰਦਾ ਹੈ। ਗਾਂਧੀ ਅਤੇ ਨਹਿਰੂ, ਜਿਨਾਂ ਨੇ ਸਿੱਖਾਂ ਅਤੇ ਦਲਿਤਾਂ ਨੂੰ ਗ਼ੁਲਾਮੀ ਵਾਲੀ ਸਥਿਤੀ ਦੇ ਸਪੁਰਦ ਕਰ ਕੇ ਇਹਨਾਂ ਉੱਤੇ ਬੇਹੱਦ ਤਸ਼ੱਦਦ ਢਾਹਿਆ ਅਤੇ ਇਸ ਦੇ ਨਾਲ ਹੀ ਹਿੰਦੁਸਤਾਨ ਨੂੰ ਕਸ਼ਮੀਰ ਦਾ ਸਦਾ ਰਿਸਦਾ ਰਹਿਣ ਵਾਲਾ ਨਾਸੂਰ ਤੋਹਫ਼ੇ ਵਜੋਂ ਦਿੱਤਾ, ਨੂੰ ਉਨਾਂ ਦੇ ਗੁਨਾਹਾਂ ਦੀ ਜਵਾਬਤਲਬੀ ਲਈ ਕਦੇ ਇਤਿਹਾਸ ਦੇ ਕਟਹਿਰੇ ਵਿੱਚ ਖੜੇ ਨਹੀਂ ਕੀਤਾ ਜਾਂਦਾ ਸਗੋਂ ”ਸ਼ਾਂਤੀ ਦੇ ਦੂਤਾਂ” ਵਜੋਂ ਪੂਜਿਆ ਜਾਂਦਾ ਹੈ। ਉਨਾਂ ਦੀਆਂ ਸੂਰਤਾਂ ਗਣਰਾਜ ਦੀ ਮੁਦਰਾ ‘ਤੇ ਵੇਖੀਆਂ ਜਾ ਸਕਦੀਆਂ ਹਨ। ਇੱਕ ਸੋਝੀ ਅਨੁਸਾਰ ਇੰਦਰਾ ਗਾਂਧੀ ਹਿੰਦੁਸਤਾਨੀ ਸਿਆਸਤ ਦੀ ਭਸਮਾਸੁਰ ਸੀ ਅਤੇ ਉਸ ਦੇ ਉਭਾਰ ਤੋਂ ਤੁਰੰਤ ਮਗਰੋਂ ਹੀ ਲਾਲ ਬਹਾਦਰ ਸ਼ਾਸਤਰੀ ਦੀ ਰੂਸ ਵਿੱਚ ਨਿਹਾਇਤ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਦਰਬਾਰ ਸਾਹਿਬ ‘ਤੇ ਹਮਲੇ ਦੇ ਮੌਕੇ ਚਰਚਾ ਸੀ ਕਿ ਹਿੰਦੁਸਤਾਨ ਵਿੱਚ ਰੂਸੀ ਟੋਲੀਆਂ ਮੌਜੂਦ ਸਨ ਤੇ ਪਿੱਛੇ ਰਹਿ ਕੇ ਮਦਦ ਅਤੇ ਮਸ਼ਵਰਾ ਪ੍ਰਦਾਨ ਕਰ ਰਹੀਆਂ ਸਨ।

ਆਪਣੇ ਅਧਿਕਾਰਤ ਇਤਿਹਾਸ ਦੇ ਇਸ ਹਿੱਸੇ ਵਿੱਚ, ਕੌਂਗਰਸ ਪਾਰਟੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਉਭਾਰ ਲਈ ਜ਼ਾਹਰਾ ਤੌਰ ‘ਤੇ ਇੰਦਰਾ ਗਾਂਧੀ ਅਤੇ ਸੰਜੇ ਗਾਂਧੀ ਸਿਰ ਦੋਸ਼ ਮੜ ਰਹੀ ਹੈ। ਸਧਾਰਨ ਪਾਠਕ ਨੂੰ ਇਹ ਬੜਾ ਅਜੀਬ ਲੱਗੇਗਾ ਕਿ ‘ਸਖ਼ਤ ਆਲੋਚਨਾ’ ਸਾਂਭੀ ਬੈਠੀ ਏਸ ਪੁਸਤਕ ਨੂੰ ਪਰਿਵਾਰ ਦੇ ਉੱਘੇ ਵਫ਼ਾਦਾਰ, ਮੌਜੂਦਾ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਅਤੇ ਉਦਯੋਗ ਮੰਤਰੀ ਅਨੰਦ ਸ਼ਰਮਾ ਨੇ ਸੰਪਾਦਤ ਕੀਤਾ ਹੈ। ਭਵਿੱਖ ਦੇ ਬਹਿਸ-ਮੁਬਾਹਸੇ ਨੂੰ ਸਦਾ ਵਾਸਤੇ ਇਹਨਾਂ ਘੱਟ ਤੋਂ ਘੱਟ ਹਾਨੀਕਾਰਕ ਲੀਹਾਂ ਉੱਤੇ ਤੋਰਨ ਲਈ ਅਜਿਹਾ ਸੋਚ-ਵਿਚਾਰ ਕੇ ਕੀਤਾ ਗਿਆ ਹੈ। ਲੋਕ-ਮਾਨਸਿਕਤਾ ਨੂੰ ਕਾਬੂ ਕਰਨ ਅਤੇ ਧੁੰਦਲਾਉਣ ਦੀਆਂ ਅਜਿਹੀਆਂ ਕੁਚਾਲਾਂ ਤੋਂ ਇਤਿਹਾਸ ਨਾਵਾਕਫ਼ ਨਹੀਂ ਹੈ। ਪੁਸਤਕ ਅਜੇ ਜਾਰੀ ਨਹੀਂ ਹੋਈ। ਏਸ ਦੀਆਂ ਅਗਾਊਂ ਕਾਪੀਆਂ ਕੁਝ ਪੱਤਰਕਾਰਾਂ, ਜਿਨਾਂ ਬਾਰੇ ਜ਼ਿਆਦਾ ਸੰਭਾਵਨਾ ਹੈ ਕਿ ਉਹ ਏਸ ਵਿਸ਼ੇ ਸਬੰਧੀ ਸਰਕਾਰੀ ਲੀਹ ਉੱਤੇ ਚੱਲਣਗੇ ਜਾਂ ਜਿਨਾਂ ਨੂੰ ਅਜਿਹਾ ਕਰਨ ਲਈ ਚੋਖੇ ਸਿੱਧੜ ਸਮਝਿਆ ਜਾਂਦਾ ਹੈ, ਨੂੰ ਮੁਹੱਈਆ ਕੀਤੀਆਂ ਗਈਆਂ ਹਨ। ਅਜਿਹੇ ਪੂਰਵ-ਵਿਚਾਰ ਦਾ ਗੁਰੂ-ਦਰਬਾਰ ‘ਤੇ ਹਥਿਆਰਬੰਦ ਫ਼ੌਜਾਂ ਦੇ ਹਮਲੇ ਦੀ ਜੂਨ ਵਿਚਲੀ ਵਰੇਗੰਢ ਤੋਂ ਐਨ ਪਹਿਲਾਂ ਸਾਹਮਣੇ ਆਉਣਾ ਹਮਲੇ ਸਬੰਧੀ ਬਹਿਸ-ਮੁਬਾਹਸੇ, ਜਿਨਾਂ ਦਾ ਹੋਣਾ ਅਟੱਲ ਹੈ, ਨੂੰ ਪ੍ਰਭਾਵਿਤ ਕਰਨ ਲਈ ਗਿਣ-ਮਿਥ ਕੇ ਪੁੱਟਿਆ ਗਿਆ ਕਦਮ ਹੈ।

ਇਹ ਥਿਊਰੀ ਕਦਾਚਿਤ ਨਵੀਂ ਨਹੀਂ ਹੈ। ਪਹਿਲਾਂ-ਪਹਿਲ ਇਹ ਦੋਸ਼ ਕੌਂਗਰਸ (ਆਈ) ਦੀ ਮਿਲੀਭੁਗਤ ਨਾਲ ਹੋਰਨਾਂ ਵੱਲੋਂ ਇਲਜ਼ਾਮ ਦੇ ਰੂਪ ‘ਚ ਮੜਿਆ ਜਾਂਦਾ ਸੀ। ਹੁਣ ਇਹ ਥਿਊਰੀ ਆਲੋਚਨਾਤਮਕ ਸਵੈ-ਪੜਚੋਲ ਦੇ ਰੂਪ ਵਿੱਚ ਪੇਸ਼ ਕੀਤੀ ਗਈ ਹੈ ਅਤੇ ਏਸ ਨੂੰ ਉਦੋਂ ਤੋਂ ਹਜ਼ਾਰਾਂ ਨਿਰਦੋਸ਼ ਔਰਤਾਂ, ਬੱਚਿਆਂ, ਗੁਰਦੁਆਰਾ ਕਰਮਚਾਰੀਆਂ ਦੇ ਕੀਤੇ ਗਏ ਕਤਲਾਂ ਦੇ ਸਪਸ਼ਟੀਕਰਨ ਵਜੋਂ ਪ੍ਰਚਾਰਿਆ ਜਾਵੇਗਾ। ਇਹ ਗੁਰੂ-ਦਰਬਾਰ ਉੱਤੇ ਫ਼ੌਜੀ ਹਮਲੇ, ਅਕਾਲ ਤਖ਼ਤ ਦੀ ਤਬਾਹੀ ਅਤੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਸਾੜਨ ਨੂੰ ਵਾਜਬ ਠਹਿਰਾਉਣ ਲਈ ਵੀ ਕੰਮ ਆਵੇਗੀ। ਇਹ ਵਿਚਾਰਹੀਣ ਲੇਖਕਾਂ ਅਤੇ ਮੂੜ ਪੱਤਰਕਾਰਾਂ ਨੂੰ ਜਚਾਈ ਜਾ ਰਹੀ ਹੈ। ਦੂਸਰੇ ਅਧਿਆਇ ”ਇੰਦਰਾ ਗਾਂਧੀ: ਇੱਕ ਰੀਵਿਊ” ਦਾ ਲੇਖਕ, ਇੰਦਰ ਮਲਹੋਤਰਾ, ਏਸ ਫ਼ਰਜ਼ੀ ਧਾਰਨਾ ਪ੍ਰਤੀ ਆਕਰਸ਼ਿਤ ਰਹੇ ਪੁਰਾਣੇ ਪੱਤਰਕਾਰਾਂ ਵਿੱਚੋਂ ਇੱਕ ਹੈ। ਕਿ ਸੰਤ ਜਰਨੈਲ ਸਿੰਘ ਨੂੰ ਜ਼ੈਲ ਸਿੰਘ ਅਤੇ ਸੰਜੇ ਗਾਂਧੀ ਨੇ ਉਭਾਰਿਆ ਸੀ, ਇੱਕ ਘਸਿਆ-ਪਿਟਿਆ ਟੋਪ ਹੈ ਜਿਸ ਉੱਤੋਂ ਨਵੇਂ ਮੌਕੇ ਲਈ ਮਿੱਟੀ-ਘੱਟਾ ਝਾੜਿਆ ਜਾ ਰਿਹਾ ਹੈ।

ਸੰਤ ਜਰਨੈਲ ਸਿੰਘ ਦਾ ‘ਅਕਾਲੀ ਲੀਡਰਸ਼ਿਪ ਦੇ ਵਿਰੋਧੀ ਵਜੋਂ ਸਥਾਪਤ ਕਰਨ ਦੀ ਦ੍ਰਿਸ਼ਟੀ ਨਾਲ’ ਚੁਣੇ ਗਏ ਇੱਕ ‘ਮੁਕਾਬਲਤਨ ਅਗਿਆਤ, ਅੱਲੜ ਅਤੇ ਮੂਲਵਾਦੀ ਸਧਾਰਨ ਪ੍ਰਚਾਰਕ’ ਵਜੋਂ ਚਿਤਰਨ ਬੇਥਵੀਆਂ, ਗ਼ਲਤ-ਬਿਆਨੀਆਂ, ਤਰਕਹੀਣ ਦਾਅਵਿਆਂ ਅਤੇ ਯਕੀਨਨ ਝੂਠਾਂ ਦੀ ਰਲੀ-ਮਿਲੀ ਪੰਡ ਹੈ। ਅਜਿਹੇ ਮੁਲਾਂਕਣ ਕੇਵਲ ਇਹੀ ਸਿੱਧ ਕਰਦੇ ਹਨ ਕਿ ਇੰਦਰ ਮਲਹੋਤਰਾ ਕੌਂਗਰਸ ਵੱਲੋਂ ਚਤੁਰਾਈ ਨਾਲ ਵਿਛਾਏ ਜਾਲ ਵਿੱਚ ਸਵੈ-ਇੱਛਾ ਨਾਲ ਫਸਿਆ ਹੈ। ਸੰਤ ਇੱਕ ਪ੍ਰਭਾਵਸ਼ਾਲੀ ਇਕੱਠ ਵਿੱਚ, ਜਿੱਥੇ ਕਿ ਉਸ ਸਮੇਂ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਸ਼ਾਮਲ ਸੀ, ਆਪਣੇ ਪੂਰਵ-ਅਧਿਕਾਰੀ ਦਾ ਬਾਕਾਇਦਾ ਜਾਨਸ਼ੀਨ ਬਣਿਆ। ਦੋ ਸਿਆਸਤਦਾਨਾਂ ਵੱਲੋਂ ‘ਚੁਣੇ ਗਏ’ ਦਾ ਤਾਂ ਏਨਾ ਜਵਾਬ ਹੀ ਕਾਫ਼ੀ ਹੈ। ਕਿ ਸੰਤ ਨੂੰ ਅਕਾਲੀਆਂ ਨੂੰ ਪਸ਼ੇਮਾਨ ਕਰਨ ਲਈ ਉਭਾਰਿਆ ਗਿਆ ਤਾਂ ਕਿ ਉਨਾਂ ਨੂੰ ਸਹਿਜੇ ਹੀ ਤਬਾਹੀ ਦੇ ਸਪੁਰਦ ਕੀਤਾ ਜਾ ਸਕੇ, ਵੀ ਮਘੋਰਿਆਂ ਵਾਲਾ ਗਪੌੜ ਹੈ। ਅਕਾਲੀ ਦਲ਼ ਓਦੋਂ ਇੱਕ ਉਤਰਾਵਾਂ-ਚੜਾਵਾਂ ਵਾਲੀ ਬਹੁਤ ਵਧੀਆ ਸਥਾਪਤ ਰਾਜਸੀ ਜਥੇਬੰਦੀ ਸੀ। ਓਦੋਂ ਤੱਕ ਇਹ ਪੰਜਾਬ ਵਿੱਚ ਤਿੰਨ ਵਾਰ ਸਰਕਾਰ ਬਣਾ ਚੁੱਕਾ ਸੀ। ਇਹ ਕਦੇ ਵਿਚਾਰਿਆ ਹੀ ਨਹੀਂ ਗਿਆ ਕਿ ਸੰਤ ਸਿਆਸਤ ਵਿੱਚ ਆਉਣ ਦੀ ਭੋਰਾ ਵੀ ਰੁਚੀ ਤੋਂ ਬਿਨਾਂ ਪ੍ਰਸਿੱਧ ਧਾਰਮਿਕ ਸੰਸਥਾਵਾਂ ਵਿੱਚੋਂ ਇੱਕ ਦਾ ਨਵਾਂ ਮੁਖੀ ਸੀ। ਉਸ ਕੋਲ ਕੋਈ ਸਿਆਸੀ ਪਾਰਟੀ ਨਹੀਂ ਸੀ ਜੋ ਉਸ ਦੀ ਪਿੱਠ ਪੂਰੇ ਤੇ ਨਾ ਹੀ ਉਸ ਨੇ ਆਪਣੇ ਸੰਖੇਪ ਉੱਜਲ ਜਨਤਕ ਜੀਵਨ ਦੌਰਾਨ ਕੋਈ ਪਾਰਟੀ ਖੜੀ ਕੀਤੀ। ਸੰਤ ਕੋਈ ‘ਸਧਾਰਨ ਪ੍ਰਚਾਰਕ’ ਵੀ ਨਹੀਂ ਸੀ। ਉਸ ਨੂੰ ਜੀਵਨ ਦਾ ਬਹੁਤਾ ਹਿੱਸਾ ਟਕਸਾਲ ਵਿੱਚ ਟ੍ਰੇਨਿੰਗ ਦਿੱਤੀ ਗਈ ਸੀ ਅਤੇ ਓਦੋਂ ਉਸ ਦੀ ਉਮਰ ਤੀਹ ਸਾਲ ਸੀ। ਉਸ ਨੇ ਆਪਣੇ ਖ਼ੇਤਰ ਵਿੱਚ ਏਨੇਂ ਸਾਲ ਸਿੱਖਿਆ ਪ੍ਰਾਪਤ ਕੀਤੀ ਸੀ ਜਿੰਨੇ ਕਿ ਜ਼ੈਲ ਸਿੰਘ, ਸੰਜੇ ਗਾਂਧੀ ਅਤੇ ਇੰਦਰਾ ਗਾਂਧੀ ਤਿੰਨਾਂ ਵੱਲੋਂ ਵਿੱਦਿਅਕ ਅਦਾਰਿਆਂ ਵਿੱਚ ਬਿਤਾਏ ਸਾਲਾਂ ਦਾ ਜੋੜ ਕੀਤਿਆਂ ਵੀ ਨਹੀਂ ਬਣਦੇ।

ਉਸ ਨੂੰ ਮੂਲਵਾਦੀ ਵਜੋਂ ਸੰਬੋਧਨ ਕਰਨਾ ਅਤੇ ਏਸ ਸ਼ਬਦਾਵਲੀ ਨੂੰ ਸਾਮੀ, ਮੁੱਖ ਰੂਪ ‘ਚ ਇਸਾਈ, ਭਾਵ-ਅਰਥਾਂ ਵਿੱਚ ਵਰਤਣਾ ਵੀ ਗੁੰਮਰਾਹਕੁੰਨ ਹੈ। ਏਸ ਸ਼ਬਦ ਦਾ, ਸਿੱਖੀ ਦੇ ਪ੍ਰਸੰਗ ਵਿੱਚ, ਅਜਿਹਾ ਕੋਈ ਭਾਵਾਰਥ ਨਹੀਂ ਬਣਦਾ ਜਿਹੋ ਜਿਹਾ ਕਿ ਇਹ ਆਪਣੇ ਮੂਲ-ਸ੍ਰੋਤ-ਧਰਮ ਵਿੱਚੋਂ ਪਰਗਟ ਕਰਦਾ ਹੈ। ਸਿੱਖੀ ਦਾ ਅਜਿਹਾ ਕੋਈ ਪੈਂਤੜਾ ਨਹੀਂ ਜੋ ਮਨੁੱਖੀ ਅਧਿਕਾਰਾਂ, ਵਿਗਿਆਨਕ ਤਹਿਕੀਕਾਤ, ਉਦਾਰਵਾਦ, ਅਨੇਕਤਾਵਾਦੀ ਸਿਧਾਂਤ ਜਾਂ ਵਿਅਕਤੀਵਾਦ ਨਾਲ ਭਿੜਦਾ ਹੋਵੇ। ਨਾ ਹੀ ਸਿੱਖੀ ਦਾ ਤਰਕਵਾਦੀ ਸੋਚ ਜਾਂ ਤਰੱਕੀ ਕਰਨ ਦੀ ਮਨੁੱਖੀ ਪ੍ਰਵਿਰਤੀ, ਨਵੀਨਤਾ ਅਤੇ ਤਰੱਕੀ ਦੀਆਂ ਲੋੜਾਂ ਅਨੁਕੂਲ ਢਲਣ ਨਾਲ ਕੋਈ ਟਕਰਾਉ ਹੈ। ਸਿੱਖੀ ਵਿੱਚ ਮੂਲਵਾਦ ਦਾ ਭਾਵਾਰਥ ਹੈ ਵਿਸ਼ਵ-ਵਿਆਪੀ ਕਦਰਾਂ-ਕੀਮਤਾਂ ਪ੍ਰਤੀ ਮੁਕੰਮਲ ਵਚਨਬੱਧਤਾ। ਅਜਿਹਾ ‘ਮੂਲਵਾਦ’ ਤਾਂ ਕਿਸੇ ਹੋਰ ਮਨੁੱਖ ਨਾਲ ਵੀ ਝਗੜੇ ਨੂੰ ਉਤਸ਼ਾਹਤ ਨਹੀਂ ਕਰਦਾ, ਕਿਸੇ ਸਮਾਜ ਜਾਂ ਕੌਮ ਨਾਲ ਤਾਂ ਕਿਤੇ ਰਿਹਾ। ”ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ” ਸਿੱਖੀ ਦਾ ਬੁਨਿਆਦੀ ਧਰਮ-ਸਿਧਾਂਤਕ ਪੈਂਤੜਾ ਹੈ।

ਉਨਾਂ ਸਮਿਆਂ ਦਾ ਸਭ ਤੋਂ ਪ੍ਰਬਲ ਵਰਤਾਰਾ ਸੀ ਕਿ ਸਿੱਖ ਮਸਲਿਆਂ ਨੂੰ ਮੁਖਾਤਬ ਹੋਣ ਤੋਂ ਮੁਨਕਰ ਹੋ ਜਾਣ ਕਾਰਨ ਅਕਾਲੀ ਦਲ ਸਬੰਧੀ ਲੋਕਾਂ ਦੇ ਭਰਮ ਟੁੱਟਣ ਵਿੱਚ ਵਾਧਾ ਹੋ ਰਿਹਾ ਸੀ ਅਤੇ ਪਾਰਟੀ ਦੀ ਅੰਦਰੂਨੀ ਸ਼ਕਤੀ ਨੂੰ ਖੋਰਾ ਲੱਗ ਰਿਹਾ ਸੀ। ਸਿਰਦਾਰ ਕਪੂਰ ਸਿੰਘ ਵਰਗੇ ਨੀਤੀਵੇਤਾ ਬੇਹੱਦ ਸਮਾਂ ਅਤੇ ਜ਼ੋਰ ਸਿੱਖ ਸਿਆਸਤ ਨੂੰ ਨਵੀਂ ਸੇਧ ਦੇਣ ਲਈ ਖ਼ਰਚ ਕਰ ਰਹੇ ਸਨ। ਨੌਜਵਾਨ ਅਕਾਲੀਆਂ ਤੋਂ ਉਚਾਟ ਹੋ ਗਏ ਸਨ ਅਤੇ ਆਪਣੇ-ਆਪ ਨੂੰ ਮੁੜ ਜਥੇਬੰਦ ਕਰ ਰਹੇ ਸਨ। ਬਦਲਵੀਂ ਲੀਡਰਸ਼ਿਪ ਉਭਾਰਨ ਦੀਆਂ ਕੋਸ਼ਿਸ਼ਾਂ ਸੁਣਨ ਵਿੱਚ ਆ ਰਹੀਆਂ ਸਨ ਤੇ ਵਧ ਰਹੀਆਂ ਸਨ। ਤਦੋਂ ਇਹ ਜਾਪਣ ਲੱਗਾ ਕਿ ਸੰਤ ਜਰਨੈਲ ਸਿੰਘ ਭਵਿੱਖ ਦਾ ਮਹੱਤਵਪੂਰਨ ਆਗੂ ਹੋਵੇਗਾ। ਅਜਿਹੇ ਹਾਲਾਤ ਦਰਮਿਆਨ ਅਕਾਲੀਆਂ ਅਤੇ ਕੌਂਗਰਸ ਨੇ ਸਿੱਖਾਂ ਵਿੱਚ ਸੁਭਾਵਕ ਉੱਭਰ ਰਹੀ ਨਵੀਂ ਲੀਡਰਸ਼ਿਪ ਨੂੰ ਤਬਾਹ ਕਰਨ ਲਈ ਸਾਜ਼ਿਸ਼ ਕੀਤੀ। ਇੰਦਰਾ ਗਾਂਧੀ ਦੇ ਸਕੱਤਰੇਤ ਨਾਲ ਅਕਾਲੀਆਂ ਦੀ ਖ਼ਤੋ-ਖ਼ਤਾਬਤ ਵਿੱਚੋਂ ਕੁਝ ਏਸ ਹਕੀਕਤ ਦਾ ਜ਼ੋਰਦਾਰ ਸਬੂਤ ਹਨ ਕਿ ਇਹਨਾਂ ਨੇ ਇਕਬਾਲ ਦੀ ਸ਼ੈਲੀ ‘ਚ ‘ਸਿੱਖ ਗ਼ੁਲਿਸਤਾਨ ਨੂੰ ਨੇਸਤੋ ਨਾਬੂਦ ਕਰਨ ਲਈ ਤੂਫ਼ਾਨ ਅਤੇ ਬਿਜਲੀ’ ਨੂੰ ਆਪ ਸੱਦਾ ਦਿੱਤਾ। ਕੌਂਗਰਸ (ਆਈ) ਦੀ ਕਾਰਸਤਾਨੀ ਦੇ ਸਿੱਟੇ ਵਜੋਂ ਅਕਾਲੀ ਕਿਉਂ ਤਬਾਹ ਨਾ ਹੋਏ, ਦਾ ਏਹੋ ਕਾਰਨ ਹੈ।   (ਚਲਦਾ)

Comments

comments

Share This Post

RedditYahooBloggerMyspace