ਪੈਸੇ ਨਾ ਦੇਣ ‘ਤੇ ਭੈਣ ਤੇ ਮਾਂ ਦਾ ਕਤਲ

ਜਲਾਲਾਬਾਦ:  ਬੀਤੇ ਦਿਨ ਦੁਪਹਿਰ 12 ਵਜੇ ਦੇ ਕਰੀਬ ਪਿੰਡ ਬੂਰ ਵਾਲਾ ਵਿਖੇ ਇਕ ਵਿਅਕਤੀ ਵੱਲੋਂ ਕਹੀ ਮਾਰ ਕੇ ਆਪਣੀ ਮਾਂ ਤੇ ਭੈਣ ਦਾ ਕਤਲ ਕਰ ਦਿੱਤਾ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੂਰ ਵਾਲਾ ਦਾ ਨਿਵਾਸੀ ਮਨਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਦਾ ਉਸ ਦੀ ਭੈਣ ਸੀਮਾ ਰਾਣੀ ਕਿਸੇ ਦੇ ਘਰ ਕੰਮ ਕਰ ਕੇ ਮਿਲੇ ਪੈਸਿਆਂ ਨਾਲ ਬਹੁਤ ਹੀ ਮੁਸ਼ਕਲ ਨਾਲ ਪਾਲਣ-ਪੋਸ਼ਣ ਕਰਦੀ ਸੀ। ਮਨਜੀਤ ਸਿੰਘ ਆਪਣੀ ਭੈਣ ਸੀਮਾ ਰਾਣੀ ਕੋਲੋਂ ਅਕਸਰ ਹੀ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਜੇਕਰ ਸੀਮਾ ਰਾਣੀ ਪੈਸੇ ਨਹੀਂ ਦਿੰਦੀ ਸੀ ਤਾਂ ਉਹ ਉਸ ਨਾਲ ਝਗੜਾ ਕਰਦਾ ਸੀ।

ਪਤਾ ਲੱਗਾ ਹੈ ਕਿ ਬੀਤੇ ਦਿਨ ਵੀ ਉਸ ਨੇ ਆਪਣੀ ਭੈਣ ਕੋਲੋਂ ਪੈਸੇ ਮੰਗੇ ਤਾਂ ਉਸ ਨੇ ਦੇਣ ਤੋਂ ਸਾਫ ਮਨਾ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਦੁਪਹਿਰ 12 ਵਜੇ ਦੇ ਕਰੀਬ ਪਹਿਲਾਂ ਘਰ ‘ਚ ਮੌਜੂਦ ਆਪਣੀ ਭੈਣ ‘ਤੇ ਕਹੀ ਨਾਲ ਵਾਰ ਕਰਦੇ ਹੋਏ ਉਸ ਦਾ ਕਤਲ ਕਰ ਦਿੱਤਾ ਅਤੇ ਬਾਅਦ ‘ਚ ਘਰ ਦੇ ਕਮਰੇ ਅੰਦਰ ਮੌਜੂਦ ਆਪਣੀ ਮਾਂ ‘ਤੇ ਵੀ ਕਹੀ ਨਾਲ ਵਾਰ ਕਰਦੇ ਹੋਏ ਕਤਲ ਕਰ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਆਪਣੇ ਘਰ ਦੇ ਦਰਵਾਜ਼ੇ ਬੰਦ ਕਰਕੇ ਘਰੋਂ ਦੌੜ ਗਿਆ। ਰਾਤ ਨੂੰ ਕਰੀਬ 9 ਵਜੇ ਉਸ ਦਾ ਵੱਡਾ ਭਰਾ ਹਰਜੀਤ ਸਿੰਘ ਜੋ ਕਿ ਜਲਾਲਾਬਾਦ ਸ਼ਹਿਰ ਵਿਖੇ ਕਿਸੇ ਦੁਕਾਨ ‘ਤੇ ਕੰਮ ਕਰਦਾ ਹੈ, ਘਰ ਆਇਆ ਤਾਂ ਉਸ ਨੇ ਦੇਖਿਆ ਕਿ ਅੰਦਰ ਉਸ ਦੀ ਮਾਂ ਤੇ ਭੈਣ ਦੋਵੇਂ ਖੂਨ ਨਾਲ ਲੱਥਪੱਥ ਪਈਆਂ ਹਨ ਅਤੇ ਉਨ੍ਹਾਂ ਦੇ ਸਰੀਰ ਦੇ ਕਈ ਅੰਗ ਕੱਟੇ ਪਏ ਸਨ। ਹਰਜੀਤ ਸਿੰਘ ਨੇ ਇਸ ਘਟਨਾ ਦੀ ਸੂਚਨਾ ਪਿੰਡ ਦੇ ਪਤਵੰਤਿਆਂ ਨੂੰ ਅਤੇ ਪੁਲਸ ਪ੍ਰਸ਼ਾਸਨ ਨੂੰ ਦਿੱਤੀ।

ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਐੱਸ. ਪੀ. ਡੀ. ਫਾਜ਼ਿਲਕਾ ਮੁਖਤਿਆਰ ਸਿੰਘ, ਡੀ. ਐੱਸ. ਪੀ. ਜਲਾਲਾਬਾਦ ਅਮਰਜੀਤ ਸਿੰਘ, ਐੱਸ.ਐੱਚ.ਓ ਥਾਣਾ ਅਮੀਰ ਖਾਸ ਇਕਬਾਲ ਖਾਨ, ਐੱਸ.ਐੱਚ.ਓ. ਥਾਣਾ ਸਿਟੀ ਜਲਾਲਾਬਾਦ ਲਵਮੀਤ ਕੌਰ, ਥਾਣਾ ਸਦਰ ਐੱਸ.ਐੱਚ.ਓ ਸਦਰ ਭੋਲਾ ਸਿੰਘ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀਆਂ ਨਾਲ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਘਟਨਾ ਸਬੰਧੀ ਜਾਣਕਾਰੀ ਹਾਸਲ ਕਰਦਿਆਂ ਮਾਮਲਾ ਦਰਜ ਕਰਨ ਤੋਂ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਦੂਸਰੇ ਪਾਸੇ ਪੁਲਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਟਮ ਲਈ ਫਾਜ਼ਿਲਕਾ ਵਿਖੇ ਭੇਜ ਦਿੱਤਾ ਹੈ।

Comments

comments

Share This Post

RedditYahooBloggerMyspace