ਉਧੇੜਨਾ ਸੌਖਾ ਨਹੀਂ!

sas-ਸੁਰਿੰਦਰ ਅਤੈ ਸਿੰਘ

ਮੇਰੀਆਂ ਹਾਣਨਾਂ ਪੜ੍ਹਨੋਂ ਹਟਦੀਆਂ ਗਈਆਂ। ਪਿੰਡ ਵਿਚ ‘ਕੱਲੀਆਂ ਕੁੜੀਆਂ ਦਾ ਸਰਕਾਰੀ ਮਿਡਲ ਸਕੂਲ ਸੀ। ਕੁਝ ਕੁੜੀਆਂ ਨੇ ਅੱਠਵੀਂ ਪਾਸ ਕਾਰ ਲਈ ਤੇ ਮਾਪਿਆਂ ਨੇ ਘਰ ਬਿਠਾ ਲਿਆ। ਪਿੰਡ ‘ਚ ਖਾਲਸਾ ਹਾਈ ਸਕੂਲ ਕੋ-ਐਜੂਕੇਸ਼ਨ ਸੀ। ਬਹੁਤ ਸਾਰੀਆਂ ਕੁੜੀਆਂ ਨੇ ਦਸਵੀਂ ਪਾਸ ਕਰ ਲਈ ਪਰ ਅੱਗੇ ਪੜ੍ਹਾਉਣ ਲਈ ਮਾਪੇ ਰਾਜ਼ੀ ਨਹੀਂ ਸਨ। ਕਿਸੇ ਦੀ ਮਾਂ ਨੇ ਆਖਿਆ ਲੈ ਅਸਾਂ ਇਹਦੀ ਕਮਾਈ ਨਹੀਂ ਖਾਣੀ, ਨਿੱਕੇ-ਨਿੱਕੇ ਭੈਣ-ਭਰਾ ਨੇ ਮੈਂ ‘ਕੱਲੀ ਖਪਦੀ ਆਂ, ਮੇਰਾ ਹੱਥ ਵਟਾਵੇ। ਕਿਸੇ ਦੀ ਮਾਂ ਨੇ ਆਖਿਆ ਬਥੇਰਾ ਪੜ੍ਹ ਲਿਆ ਹੁਣ ਕੁਝ ਸੀਣਾ-ਪਰੋਣਾ ਸਿੱਖੇ ਤੇ ਹੱਥ ਪੀਲੇ ਕਰੀਏ, ਆਪਣੇ ਘਰ ਜਾਵੇ ਅਸੀਂ ਸੁਰਖਰੂ ਹੋਈਏ। ਕਿਸੇ ਦੀ ਮਾਂ ਢਿੱਲੀ-ਮੱਠੀ ਸੀ ਤੇ ਖੇਤੀ ਵਾਲੇ ਘਰ ‘ਚ ਪੜ੍ਹਾਇਆਂ ਸਰਦਾ ਨਹੀਂ ਸੀ। ਮੇਰੇ ਹਾਲਾਤ ਸਾਜ਼ਗਾਰ ਸਨ। ਮਾਪਿਆਂ ਨੂੰ ਪੜ੍ਹਾਉਣ ਦਾ ਚਾਅ ਸੀ। ਮੈਂ ਪੜ੍ਹਨ ਵਿਚ ਹੁਸ਼ਿਆਰ ਸੀ। ਬਾਕੀ ਭੈਣ-ਭਰਾ ਵੀ ਪੜ੍ਹੇ-ਲਿਖੇ ਸਨ। ਪਰਿਵਾਰ ਛੋਟਾ ਸੀ। ਪਿਤਾ ਸਰਕਾਰੀ ਮੁਲਾਜ਼ਮ, ਪੈਲੀ ਹਿੱਸੇ ਠੇਕੇ ‘ਤੇ ਸੀ। ਮੇਰੀ ਮਾਂ ਬਹੁਤ ਕਮਾਉਣੀ ਸੀ। ‘ਕੱਲੀ ਕੰਮ ਕਰਦੀ ਥੱਕਦੀ ਨਾ। ਕੰਮ ਦੀ ਉਹ ਕਿਸੇ ਹੋਰ ‘ਤੇ ਝਾਕ ਹੀ ਨਹੀਂ ਸੀ ਰੱਖਦੀ। ਮੇਰੇ ਪਿਤਾ ਦੀ ਸੋਚ ਨਰੋਈ ਸੀ। ਮੈਨੂੰ ਪੜ੍ਹਨ ਲਈ ਉਤਸ਼ਾਹਤ ਕਰਦੇ। ਕਹਿੰਦੇ ਇਹ ਚਾਦਰਾਂ-ਦਰੀਆਂ ਬਾਜ਼ਾਰੋਂ ਮਿਲ ਜਾਂਦੀਆਂ, ਬਣੀਆਂ-ਬਣਾਈਆਂ, ਅੱਖਾਂ ਗਾਲਣ ਦੀ ਕੋਈ ਲੋੜ ਨਹੀਂ, ਪੜ੍ਹੋ-ਲਿਖੋ। ਸੋ ਮੈਂ ਬਟਾਲੇ ਕਾਲਜ ਪੜ੍ਹਨੇ ਪੈ ਗਈ। ਕਾਲਜ ਭਾਵੇਂ ਮੇਰੀਆਂ ਬਥੇਰੀਆਂ ਨਵੀਆਂ ਸਹੇਲੀਆਂ ਬਣ ਗਈਆਂ ਸਨ। ਪਰ ਪਿੰਡ ਵਾਲੀਆਂ ਉਨ੍ਹਾਂ ਹਾਣਨਾਂ ਨਾਲ ਮੇਰਾ ਸਹੇਲਪੁਣਾ ਕਾਇਮ ਹੀ ਰਿਹਾ।

ਸਖੀਆਂ ਨੇ ਚਾਦਰਾਂ-ਸਰ੍ਹਾਣੇ ਕੱਢਣੇ ਸ਼ੁਰੂ ਕਰ ਦਿੱਤੇ। ਕਿਸੇ ਦਰੀਆਂ ਬੁਣਨੀਆਂ ਹੁੰਦੀਆਂ, ਕਿਸੇ ਦੇ ਨਾਲੇ ਬਣਦੇ, ਪੱਖੀਆਂ, ਗੱਦੀਆਂ, ਲੈਸਾਂ, ਸਵੈਟਰ, ਕੋਟੀਆਂ, ਪੱਖਿਆਂ, ਮਸ਼ੀਨਾਂ ਤੇ ਪੇਟੀਆਂ ਦੇ ਕਵਰ। ਇਨ੍ਹਾਂ ਚੀਜ਼ਾਂ ਲਈ ਸ਼ਹਿਰ ਜਾਣਾ ਪੈਂਦਾ। ਉਹ ਮੇਰੇ ਨਾਲ ਦੁਪਹਿਰ ਬਾਅਦ ਦਾ ਵੇਲਾ ਮਿੱਥ ਲੈਂਦੀਆਂ। ਦਰੀਆਂ ਦਾ ਸੂਤ ਰੰਗਣ ਲਈ ਜੱਜ ਦੀ ਹੱਟੀ, ਉੱਨ, ਗੋਟੇ, ਧਾਗੇ, ਗੁੱਛੀਆਂ ਲੈਣ ਵਾਸਤੇ ਰਾਮੇ ਦੀ ਹੱਟੀ, ਚਾਦਰਾਂ-ਸਰ੍ਹਾਣਿਆਂ ਤੇ ਠੱਪੇ ਲੁਆਉਣ ਲਈ ਹਰੀਏ ਦੀ ਹੱਟੀ, ਮੋਤੀ, ਸਿੱਪੀਆਂ, ਐਰੋਪਲੇਨ ਦੀਆਂ ਰੀਲਾਂ ਤੇ ਡੋਰੀ ਲੈਣ ਲਈ ਨਾਮਧਾਰੀਆਂ ਦੀ ਦੁਕਾਨ ‘ਤੇ ਮੈਂ ਲੈ ਜਾਂਦੀ (ਜਾਂ ਉਹ ਮੈਨੂੰ ਲੈ ਜਾਂਦੀਆਂ)। ਫਿਰ ਹੌਲੀ-ਹੌਲੀ ਉਨ੍ਹਾਂ ਆਪ ਸ਼ਹਿਰ ਆਉਣ ਦੀ ਬਜਾਏ ਮੈਨੂੰ ਹੀ ਸਾਰੇ ਕੰਮ ਸੌਂਪ ਦਿੱਤੇ। ਕਿਸੇ ਦੀ ਥੋੜ੍ਹੀ ਜਿਹੀ ਉੱਨ ਥੁੜ੍ਹ ਜਾਂਦੀ। ਕਿਸੇ ਦਾ ਧਾਗਾ ਮੁੱਕ ਜਾਂਦਾ। ਫਿਰ ਓਹੋ (ਇੰਨ-ਬਿੰਨ) ਸ਼ੇਡ ਨਾ ਲੱਭਦਾ। ਮੈਂ ਹੱਥ ‘ਚ ਧਾਗਾ ਫੜ ਕੇ ਹੱਟੀ-ਹੱਟੀ ਰਲਾਉਂਦੀ ਫਿਰਦੀ। ਕਦੇ ਕੋਈ ਚੀਜ਼ ਮੋੜਨੀ ਪੈਂਦੀ ਜਾਂ ਕੋਈ ਰੰਗ ਵਟਾਉਣਾ ਪੈਂਦਾ। ਪਿੰਡ ਪਹੁੰਚ ਕੇ, ਠੰਢੇ ਹੋਏ ਮੈਂ ਉਹ ਚੀਜ਼ਾਂ ਪਹੁੰਚਾਉਣ ਜਾਂਦੀ ਜਾਂ ਉਹ ਆਪ ਲੈਣ ਆ ਜਾਂਦੀਆਂ। ਫਿਰ ਸਾਨੂੰ ‘ਕੱਠੀਆਂ ਹੋਈਆਂ ਨੂੰ ਅਗਲੇ-ਪਿਛਲੇ ਚੇਤੇ ਭੁੱਲ ਜਾਂਦੇ। ਮਾਵਾਂ ਚੇਤਾ ਕਰਾਉਂਦੀਆਂ, ਪੁੱਤ ਨ੍ਹੇਰਾ ਹੋ ਗਿਆ, ਬਾਕੀ ਗੱਲਾਂ ਕੱਲ੍ਹ ਕਰ ਲਿਓ। ਛੁੱਟੀ ਵਾਲੇ ਦਿਨ ਉਹ ਮੈਨੂੰ ਉਚੇਚਾ ਬੁਲਾ ਲੈਂਦੀਆਂ। ਉਨ੍ਹਾਂ ਦੀਆਂ ਮਾਵਾਂ (ਮੇਰੀਆਂ ਚਾਚੀਆਂ-ਤਾਈਆਂ) ਬੜਾ ਆਦਰ ਕਰਦੀਆਂ। ਚਾਹ ਬਣਾ ਕੇ ਮੇਰੇ ਕੋਲ ਬਹਿ ਜਾਂਦੀਆਂ। ਅਸੀਂ ਵੀ ਸੁਣ ਲਈਏ ਆਪਣੀ ਧੀ ਦੀਆਂ ਗੱਲਾਂ-ਧੀਏ ਮੈਨੂੰ ਤਾਂ ਤੇਰੀਆਂ ਗੱਲਾਂ ਸੁਣ ਕੇ ਠੰਢ ਪੈ ਜਾਂਦੀ ਆ। ਮੇਰੀ ਮਾਂ ਵੀ ਸੋ ਭਾਅ ਭਰਦੀ ਘਰ ਆਈਆਂ ਸਹੇਲੀਆਂ ਕਸੀਦੇ ਕੱਢਦੀਆਂ ਤੇ ਮੈਂ ਲਾਗੇ ਵਿਹਲੀ ਬੈਠੀ ਰਹਿੰਦੀ। ਕਦੇ-ਕਦੇ ਕਿਸੇ ਕਰਾਰੀ ਜਿਹੀ ਚਾਚੀ ਨੇ ਆਖਣਾ ਕੁੜੇ ਤੂੰ ਵੀ ਸਿੱਖ ਲਾ ਕੁਝ, ਇਨ੍ਹਾਂ ਤੋਂ। ਮੈਂ ਹੱਸਦੀ, ਕੋਈ ਨਾ ਚਾਚੀ ਜੀ ਮੈਨੂੰ ਕਢਾਈ ਕਰਨੀ ਭਾਵੇਂ ਨਹੀਂ ਆਉਂਦੀ ਪਰ ਮੈਂ ਉਧੇੜ ਜ਼ਰੂਰ ਸਕਦੀ ਆਂ ਜਾਂ ਕਹਿਣਾ, ਆਪਾਂ ਨੂੰ ਕੱਢਣਾ ਨਹੀਂ ਆਉਂਦਾ ਉਧੇੜਨਾ ਤਾਂ ਆਉਂਦਾ ਈ ਆ। ਉਂਜ ਹੱਕੀ ਗੱਲ ਇਹ ਹੈ ਕਿ ਮੇਰੀਆਂ ਸਹੇਲੀਆਂ ਸਚਿਆਰੀਆਂ ਬਹੁਤ ਸਨ। ਉਨ੍ਹਾਂ ਨੇ ਮੇਰੇ ਵਾਸਤੇ ਵੀ ਕੁਝ ਸਾਮਾਨ ਤਿਆਰ ਕੀਤਾ। ਮੇਰੇ ਨੌਗੇ ਦੇ ਸਰਾਣੇ, ਨਾਲੇ ਤੇ ਪੱਖੀਆਂ ਬਣਾਈਆਂ। ਮੇਰੀਆਂ ਚੁੰਨੀਆਂ ‘ਤੇ ਕਢਾਈ ਕੀਤੀ। ਮੇਰੀਆਂ ਚਾਦਰਾਂ ‘ਤੇ ਵੀ ਦਸੂਤੀ ਦੇ ਫੁੱਲ ਕੱਢੇ। ਜਿਉਂ-ਜਿਉਂ ਉਨ੍ਹਾਂ ਦੇ ਰਿਸ਼ਤੇ ਤੈਅ ਹੁੰਦੇ ਗਏ, ਤਿਉਂ-ਤਿਉਂ ਲੋੜ ਦਾ ਸਾਮਾਨ ਵਧਦਾ ਗਿਆ। ਸੱਸਾਂ ਦੇ ਸ਼ਾਲ, ਜੇਠਾਂ-ਦਿਓਰਾਂ ਦੇ ਸਵੈਟਰ ਬਣਨ ਲੱਗ ਪਏ। ਆਪਣੀਆਂ ਕੋਟੀਆਂ ਤੇ ਪ੍ਰਾਹੁਣੇ ਦੀਆਂ ਜਾਕਟਾਂ ਵੀ।

ਰਾਣੀ ਨੇ ਆਪਣੇ ਵਾਸਤੇ ਇਕ ਸ਼ਾਲ ‘ਤੇ ਬਹੁਤ ਸੋਹਣੀ ਕਢਾਈ ਕੀਤੀ। ਸਾਰੇ ਸ਼ਾਲ ਵਿੱਚ ਟੋਕਵੇਂ-ਭਰਵੇਂ ਤੋਪੇ ਦੇ ਹੱਥ-ਹੱਥ ਲੰਮੇ ਫੁੱਲ ਸਨ। ਹਰੇ ਸ਼ਾਲ ਉੱਪਰ ਗੁਲਾਬੀ ਫੁੱਲ ਗੂੜ੍ਹੇ-ਫਿੱਕੇ ਰਾਣੀ ਦੇ ਚਾਚੇ ਦੀ ਧੀ ਨੇ ਆਪਣਾ ਸ਼ਾਲ ਕਸ਼ਮੀਰੀ ਤੋਪੇ ਨਾਲ ਕੱਢਿਆ, ਰਾਣੀ ਨੂੰ ਉਹਦਾ ਸ਼ਾਲ ਵਧੇਰੇ ਸੋਹਣਾ ਜਾਪਿਆ। ਹੁਣ ਸਮੱਸਿਆ ਇਹ ਕਿ ਰਾਣੀ ਦੀ ਮਾਂ ਨੇ ਸਪੱਸ਼ਟ ਕਹਿ ਦਿੱਤਾ ਕਿ ਤੇਰੇ ਹਿੱਸੇ ਦਾ ਸ਼ਾਲ ਤੈਨੂੰ ਮਿਲ ਗਿਆ, ਹੋਰ ਨਹੀਂ ਮਿਲਣਾ। ਉਦੋਂ ਤਾਂ ਸਚਮੁਚ ਲੋਕ ਸੌ ਵਾਰੀ ਸੋਚ ਕੇ ਕੱਪੜਾ ਬਣਾਉਂਦੇ ਸਨ। ਰਾਣੀ ਨੇ ਆਪਣੇ ਸ਼ਾਲ ਦੀ ਸਾਰੀ ਕਢਾਈ ਉਧੇੜਨ ਦਾ ਫੈਸਲਾ ਕਰ ਲਿਆ। ਤੋਪਾ-ਤੋਪਾ ਇੰਜ ਉਧੇੜਨਾ ਕਿ ਸ਼ਾਲ ਵੀ ਖਰਾਬ ਨਾ ਹੋਵੇ। ਸ਼ਾਲ ਦਾ ਕੋਈ ਰੇਸ਼ਾ ਖਿੱਚਿਆ ਨਾ ਜਾਵੇ। ਉਧੇੜਨ ਵਾਸਤੇ ਤਾਂ ਬਹੁਤ ਸਬਰ ਦੀ ਲੋੜ ਹੁੰਦੀ ਹੈ।
ਰਾਣੀ ਦੇ ਹੱਥਲੇ ਕੰਮ ਰੁਕਦੇ ਸਨ। ਰਾਣੀ ਨੂੰ ਮੇਰਾ ਚੇਤਾ ਆ ਗਿਆ। ਮੇਰੇ ਮੂਹਰੇ ਸ਼ਾਲ ਰੱਖ ਕੇ ਕਹਿੰਦੀ, ਲੈ ਹੁਣ ਉਧੇੜ ਇਹਨੂੰ ਕਹਿੰਦੀ ਹੁੰਦੀ ਸੈਂ, ਮੈਨੂੰ ਕੱਢਣਾ ਨਹੀਂ ਉਧੇੜਨਾ ਹੀ ਆਉਂਦਾ ਹੈ। ਮੈਂ ਚਾਈਂ ਚਾਈਂ ਸ਼ਾਲ

ਗੋਡਿਆਂ ‘ਤੇ ਰੱਖ ਲਿਆ। ਹੱਥ ‘ਚ ਸੂਈ ਫੜ ਲਈ। ਗਰਮੀਆਂ ਦਾ ਮੌਸਮ ਸੀ। ਪੈਂਦੀ ਸੱਟੇ ਮੈਨੂੰ ਸ਼ਾਲ ਨੇ ਗਰਮੀ ਲਾਈ। ਦੂਸਰਾ ਮੈਂ ਏਦਾਂ ਇਕ ਧਾਗੇ ਨੂੰ ਸੂਈ ਨਾਲ ਖਿੱਚਿਆ ਕਿ ਰਾਣੀ ਦੀ ਜਾਨ ਹੀ ਨਿਕਲ ਗਈ, ਹਾਏ! ਏਦਾਂ ਨਹੀਂ, ਹੌਲੀ-ਹੌਲੀ ਕਰ ਸ਼ੀਂਡਾ ਪੈ ਜਾਵੇਗਾ। ਦੋ ਤਿੰਨ ਧਾਗੇ ਹੋਰ ਖਿੱਚੇ-ਤੋੜੇ। ਰਾਣੀ ਨੂੰ ਤੇ ਉਹਦੇ ਕੋਲ ਬੈਠੀ ਉਹਦੀ ਬੀਬੀ ਤੇ ਭੈਣ ਨੂੰ ਅਹਿਸਾਸ ਹੋ ਗਿਆ ਕਿ ਮੈਂ ਇਸ ਕੰਮ ਦੇ ਕਾਬਲ ਨਹੀਂ ਹਾਂ। ਏਦਾਂ ਤਾਂ ਸ਼ਾਲ ਦੇ ਧਾਗੇ ਖਿੱਚੇ ਜਾਣਗੇ। ਉਨ੍ਹਾਂ ਮੇਰੇ ਹੱਥੋਂ ਸ਼ਾਲ ਖੋਹ ਲਿਆ। ਮੈਂ ਸ਼ੁਕਰ ਮਨਾਇਆ ਮੇਰੀ ਜਾਨ ਛੁੱਟੀ। ਏਨਾ ਨਿੱਠ ਕੇ ਬਹਿਣ ਦੀ ਮੈਨੂੰ ਆਦਤ ਹੀ ਨਹੀਂ ਸੀ। ਮੈਨੂੰ ਅਹਿਸਾਸ ਹੋ ਗਿਆ ਕਿ ਉਧੇੜਨਾ ਵੀ ਕੋਈ ਸੌਖਾ ਕੰਮ ਨਹੀਂ ਉਧੇੜਨ ਲਈ ਵੀ ਬੜੇ ਸਬਰ ਸੰਤੋਖ ਦੀ ਲੋੜ ਹੁੰਦੀ ਹੈ।

Comments

comments

Share This Post

RedditYahooBloggerMyspace