ਗੁਰੂ ਅਰਜੁਨ ਪਰਤਖੁ ਹਰਿ

ਕਬੀਰਾ ਮਰਤਾ ਮਰਤਾ ਜਗੁ ਮੁਆ,
ਮਰਿ ਭਿ ਨਾ ਜਾਨੈ ਕੋਇ।।
ਐਸੀ ਮਰਨੀ ਜੋ ਮਰੈ,
ਬਹੁਰਿ ਨਾ ਮਰਨਾ ਹੋਇ।।

ਜੇਠ ਦਾ ਮਹੀਨਾ ਸੀ, ਗਰਮੀ ਆਪਣੇ ਪੂਰੇ ਜੋਬਨ ਉੱਤੇ ਸੀ। ਗਰਮੀ ਵੀ ਏਨੀ ਕਿ ਭੱਠ ਤਪ ਰਹੇ ਸਨ ਅਤੇ ਗਰਮੀ ਕਾਰਨ ਸਾਰੇ ਪਾਸੇ ਜੀਆਂ ਜੰਤਾਂ ਵਿੱਚ ਹਾਹਾਕਾਰ ਮੱਚੀ ਹੋਈ ਸੀ। ਉਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਸਰਕਾਰੀ ਫੁਰਮਾਨ ਜਾਰੀ ਹੋਇਆ ਕਿ ਜਹਾਂਗੀਰ ਨੇ ਆਪ ਜੀ ਨੂੰ ਲਾਹੌਰ ਬੁਲਾਇਆ ਹੈ। ਆਪ ਜਹਾਂਗੀਰ ਦੀ ਕੂਟ ਨੀਤੀ ਨੂੰ ਭਾਂਪ ਗਏ ਕਿ ਉਹ ਆਪ ਜੀ ਨੂੰ ਸ਼ਹੀਦ ਕਰਨ ਲਈ ਹੀ ਬੁਲਾ ਰਿਹਾ ਹੈ। ਸੋ ਆਪ ਜੀ ਨੇ ਭਾਈ ਗੁਰਦਾਸ ਜੀ ਅਤੇ ਹੋਰ ਮੁਖੀ ਸਿੱਖ ਸ਼ਰਧਾਲੂਆਂ ਨੂੰ ਬੁਲਾਇਆ ਅਤੇ ਸਭ ਕੁਝ ਸਮਝਾਉਂਦਿਆ ਹੋਇਆ ਆਪਣੇ ਸਪੁੱਤਰ ਗੁਰੂ ਹਰਿਗੋਬਿੰਦ ਸਾਹਿਬ ਨੂੰ ਉਨਾਂ ਦੇ ਸਪੁਰਦ ਕਰ ਦਿੱਤਾ ਅਤੇ ਆਪ ਲਾਹੌਰ ਲਈ ਰਵਾਨਾ ਹੋ ਗਏ, ਜਿੱਥੇ ਆਪ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਫੇਰ ‘ਯਾਸਾ’ ਕਾਨੂੰਨ ਅਨੁਸਾਰ ਸ਼ਹੀਦ ਕਰਨ ਦੇ ਹੁਕਮ ਦਿੱਤੇ ਗਏ। ‘ਯਾਸਾ’ ਇੱਕ ਸ਼ਾਹੀ ਕਾਨੂੰਨ ਹੈ, ਜਿਸ ਨੂੰ ਚੰਗੇਜ਼ ਖਾਂ ਨੇ ਪਹਿਲੀ ਵਾਰੀ ਲਾਗੂ ਕੀਤਾ ਸੀ। ਇਸ ਕਾਨੂੰਨ ਅਨੁਸਾਰ ਇਹ ਸਜ਼ਾ ਕੇਵਲ ਉਸ ਨੂੰ ਦਿੱਤੀ ਜਾਂਦੀ ਸੀ ਜਿਹੜਾ ਰਾਜ ਦੰਡ ਅਧਿਕਾਰੀ ਹੋਵੇ ਅਤੇ ਆਤਮਿਕ ਤੌਰ ‘ਤੇ ਵੀ ਮਹਾਂਬਲੀ ਹੋਵੇ। ਗੁਰੂ ਸਾਹਿਬ ਵਿੱਚ ਇਹ ਦੋਵੇਂ ਦੋਸ਼ ਪਰਤੱਖ ਵਿਖਾਈ ਦੇ ਰਹੇ ਸਨ। ਪਹਿਲਾ ਦੋਸ਼ ਰਾਜ ਦੰਡ ਦੇ ਅਧਿਕਾਰੀ ਇਸ ਲਈ ਸਨ ਕਿਉਂਕਿ ਆਪ ਨੇ ਜਹਾਂਗੀਰ ਦੇ ਬਾਗ਼ੀ ਸਹਿਜ਼ਾਦੇ ਖੁਸਰੋ ਨੂੰ ਆਪਣੇ ਕੋਲ ਪਨਾਹ ਦਿੱਤੀ, ਲੰਗਰ ਛਕਾਇਆ ਤੇ ਉਸ ਦੀ ਪ੍ਰਸੰਸ਼ਾ ਵੀ ਕੀਤੀ ਪਰ ਇਹ ਸਭ ਕੁਝ ਜਹਾਂਗੀਰ ਬਰਦਾਸ਼ਤ ਨਾ ਕਰ ਸਕਿਆ ਭਾਵੇਂ ਖੁਸਰੋ ਪਿੱਛੋਂ ਫੜਿਆ ਵੀ ਗਿਆ ਪਰ ਜਹਾਂਗੀਰ ਨੂੰ ਇੱਕ ਰਾਜਸੀ ਅਵਸਰ ਮਿਲ ਗਿਆ ਅਤੇ ਉਹ ਆਪ ਜੀ ਨੂੰ ‘ਰਾਜ-ਦੋਸ਼ੀ’ ਠਹਿਰਾਉਣ ਵਿੱਚ ਸਫਲ ਹੋ ਗਿਆ ਹੈ।

ਦੂਜਾ ਦੋਸ਼ ਆਤਮਿਕ ਤੌਰ ‘ਤੇ ਮਹਾਂਬਲੀ, ਪੰਜਾਬ ਅਤੇ ਸਾਰੇ ਭਾਰਤ ਵਿੱਚ ਆਪ ਦੀ ਸਿੱਖੀ ਬਹੁਤ ਪ੍ਰਫੁੱਲਤ ਹੋ ਰਹੀ ਸੀ। ਆਪ ਜੀ ਨੇ ਧਰਮ ਅਤੇ ਸਮਾਜ ਲਈ ਬਹੁਪੱਖੀ ਵਿਕਾਸ ਕਾਰਜ ਕੀਤੇ, ਜਿਸ ਨਾਲ ਗੁਰੂ ਸਾਹਿਬ ਦਾ ਪਰਤਾਪ ਸਾਰੇ ਪਾਸੇ ਵਧਦਾ ਗਿਆ। ਇਹ ਸੁਭਾਵਿਕ ਸੀ ਕਿ ਗੁਰੂ ਘਰ ਦੀ ਕੀਰਤੀ ਤੇ ਵਧ ਰਹੇ ਆਤਮਿਕ ਪਰਤਾਪ ਨੂੰ ਵੇਖ ਕੇ ਆਪ ਦੇ ਰਿਸ਼ਤੇਦਾਰ ਔਖੇ ਹੋਣ ਲੱਗੇ। ਆਪ ਦਾ ਵੈਰੀ ਭਰਾ ਪ੍ਰਿਥੀ ਚੰਦ ਅਤੇ ਵਿਰੋਧੀ ਚੰਦੂ ਸ਼ਾਹ ਇਹ ਸਭ ਕੁਝ ਬਰਦਾਸ਼ਤ ਨਾ ਕਰ ਸਕੇ। ਉਨ੍ਹਾਂ ਨੇ ਆਪ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਅਤੇ ਇਸ ਸਭ ਕੁਝ ਨੂੰ ਮੁਸਲਮਾਨ ਸਾਮਰਾਜ ਲਈ ਘਾਤਕ ਸਿੱਧ ਕਰਾਰ ਦਿੱਤਾ। ਜਿਸ ਕਰਕੇ ਆਪ ਆਤਮਿਕ ਤੌਰ ‘ਤੇ ਮਹਾਂਬਲੀ ਹੋਣ ਦੇ ਦੋਸ਼ੀ ਵੀ ਪਾਏ ਗਏ। ਇਨ੍ਹਾਂ ਦੋਸ਼ਾਂ ਅਧੀਨ ਆਪ ਜੀ ਨੂੰ ਸ਼ਹੀਦ ਕਰਨ ਲਈ ਸਭ ਤੋਂ ਪਹਿਲਾਂ ਤੱਤੀ ਤਵੀ ਉਪਰ ਬਿਠਾ ਕੇ ਗਰਮ-ਗਰਮ ਰੇਤਾ ਪਾਇਆ ਗਿਆ। ਫੇਰ ਦੇਗ ਵਿੱਚ ਉਬਾਲਿਆ ਗਿਆ। ਉਪਰੰਤ ਰਾਵੀ ਦੇ ਠੰਢੇ ਪਾਣੀ ਵਿੱਚ ਜਲ ਸਮਾਧ ਹੋ ਗਏ। ਆਪ ਦੇ ਸਰੀਰ ਉੱਪਰ ਛਾਲੇ ਹੋ ਗਏ ਅਤੇ ਆਪ ਸ਼ਹੀਦ ਹੋ ਗਏ ਪ੍ਰੰਤੂ ਤੱਤੀ ਤਵੀ, ਗਰਮ ਰੇਤਾ, ਉਬਲਦੀ ਦੇਗ ਤੇ ਰਾਵੀ ਦਾ ਠੰਢਾ ਪਾਣੀ ਆਪ ਜੀ ਨੂੰ ਆਪਣੇ ਆਦਰਸ਼ ਤੋਂ ਡੁਲਾ ਨਾ ਸਕੇ ਸਗੋਂ ਆਪ ਦੀ ਸ਼ਹਾਦਤ ਨੇ ਇੱਕ ਗੌਰਵਮਈ ਇਤਿਹਾਸ ਰਚ ਦਿੱਤਾ ਅਤੇ ਗੌਰਵਮਈ ਸ਼ਹੀਦੀ ਪਰੰਪਰਾ ਦਾ ਆਰੰਭ ਕੀਤਾ। ਆਪ ਆਪਣੀ ਜੋਤਿ ਰੂਪ ਵਿੱਚ ਤੱਤੀ ਤਵੀ, ਗਰਮ ਰੇਤਾ, ਉਬਲਦੀ ਦੇਗ ਦੇ ਕਲੇਸ਼ਾਂ ਤੋਂ ਬਹੁਤ ਉਪਰ ਸਨ। ਬੇਸ਼ੱਕ ਆਪ ਜੀ ਦੇ ਸਰੀਰ ਨੇ ਬਹੁਤ ਕਸ਼ਟ ਸਹਾਰੇ ਪ੍ਰੰਤੂ ਆਪ ਸਰੀਰ ਨਾ ਹੋ ਕੇ ਆਤਮਿਕ ਸਨ, ਸਰੀਰ ਤਾਂ ਇੱਕ ਵਾਹਨ ਸੀ, ਜਿਸ ਰਾਹੀਂ ਆਪ ਜੀ ਨੇ ਲੋਕਾਂ ਨੂੰ ਆਪਣੀ ਅੰਦਰਲੀ ਹਰਿ ਜੋਤਿ ਦੇ ਦਰਸ਼ਨ ਕਰਵਾਏ। ਆਪ ਜੀ ਦਾ ਸਾਰਾ ਜੀਵਨ ਹੀ ਤੱਤੀ ਤਵੀ ਸੀ। ਪਰਿਵਾਰਕ ਤਣਾਓ, ਦੁੱਖਾਂ, ਕਲੇਸ਼ਾਂ ਨੇ ਹੀ ਕਦਮ-ਕਦਮ ‘ਤੇ ਆਪ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਘੇਰਿਆ ਹੋਇਆ ਸੀ, ਜੋ ਆਪ ਜੀ ਦੀ ਸ਼ਹਾਦਤ ਦਾ ਕਾਰਨ ਬਣੇ ਪ੍ਰੰਤੂ ਆਪ ਗੰਭੀਰ ਸੁਭਾਅ ਵਾਲੇ, ਸਹਿਨਸ਼ੀਲ ਧਰਮ ਸਾਧਕ ਤੇ ਨਿਮਰਤਾ ਦਾ ਮੁਜਸਮਾ ਸਨ, ਜਿਸ ਕਰਕੇ ਇਨ੍ਹਾਂ ਸਭ ਦੁੱਖਾਂ, ਕਲੇਸ਼ਾਂ ਤੇ ਸੰਕਟਾਂ ਨੂੰ ਚੜ੍ਹਦੀ ਕਲਾ ਤੇ ਨਿਡਰਤਾ ਨਾਲ ਖਿੜੇ ਮੱਥੇ ਸਵੀਕਾਰਦੇ ਰਹੇ। ਆਪ ਜੀ ਨੇ ਹਮੇਸਾਂ ਅਡੋਲ ਰਹਿ ਕੇ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ ਹੋਏ ‘ਤੇਰਾ ਕੀਆ ਮੀਠਾ ਲਾਗੈ’ ਨੂੰ ਆਪਣਾ ਜੀਵਨ ਆਦਰਸ਼ ਮੰਨਿਆ।

ਆਪ ਜੀ ਦੀ ਸ਼ਹਾਦਤ ਸਿੱਖ ਧਰਮ ਵਿੱਚ ਸਭ ਤੋਂ ਪਹਿਲੀ ਸ਼ਹਾਦਤ ਹੈ ਕਿਉਂਕਿ ਇਸ ਤੋਂ ਪਹਿਲਾਂ ਸਿੱਖ ਧਰਮ ਵਿੱਚ ਕਿਸੇ ਵੀ ਗੁਰੂ ਜਾਂ ਸਿੱਖ ਨੇ ਸ਼ਹਾਦਤ ਦਾ ਜਾਮ ਨਹੀਂ ਸੀ ਪੀਤਾ। ਇਸ ਗੱਲ ਦਾ ਸਭ ਤੋਂ ਪਹਿਲਾਂ ਸਿਹਰਾ ਆਪ ਦੇ ਸਿਰ ‘ਤੇ ਹੀ ਬੱਝਦਾ ਹੈ। ਆਪ ਨੂੰ ‘ਸ਼ਹੀਦਾਂ ਦੇ ਸਿਰਤਾਜ’ ਨਾਮ ਨਾਲ ਵੀ ਪ੍ਰਕਾਰਿਆ ਜਾਂਦਾ ਹੈ ਕਿਉਂਕਿ ਆਪ ਜੀ ਨੇ ਸਿੱਖ ਧਰਮ ਵਿੱਚ ਸ਼ਹੀਦੀ ਪਰੰਪਰਾ ਦਾ ਆਰੰਭ ਕੀਤਾ। ਸਿੱਖ ਧਰਮ ਦਾ ਨਿਰਮਾਣ ਭਾਵੇਂ ਆਦਰਸ਼ ਉੱਪਰ ਹੀ ਹੋਇਆ ਹੈ ਪਰ ਇਸ ਦੀਆਂ ਨੀਂਹਾਂ ਵਿੱਚ ਜਿਹੜੀ ਸ਼ਹਾਦਤ ਦੀ ਸ਼ਿਲਾ ਰੱਖੀ ਗਈ, ਉਹ ਗੁਰੂ ਸਾਹਿਬ ਦੀ ਸ਼ਹਾਦਤ ਦੁਆਰਾ ਹੀ ਰੱਖੀ ਗਈ ਜੋ ਕਿ ਆਪਣੇ ਆਪ ਵਿੱਚ ਅਲੌਕਿਕ ਚਮਤਕਾਰ ਸੀ। ਆਪ ਨੇ ਸਾਕਾਰ ਰੂਪ ਵਿੱਚ ਸ਼ਹੀਦੀ ਦੇ ਕੇ ‘ਪਰਤੱਖੁ ਹਰਿ’ ਦੀ ਸ਼ਕਤੀ ਦਾ ਜੋ ਪ੍ਰਗਟਾਵਾ ਕੀਤਾ ਹੈ ਉਹ ਇੱਕ ਪ੍ਰਮਾਣ ਬਣ ਗਿਆ ਹੈ ਕਿ ਜੇਕਰ ਕੋਈ ਦੁਨਿਆਵੀ ਜੀਵ ਆਤਮਾ ਦੇ ਮੰਡਲ ਦਾ ਵਾਸੀ ਹੋਵੇ ਤਾਂ ਉਹ ਔਖੀ ਤੋਂ ਔਖੀ, ਅਸਚਰਜ ਤੋਂ ਅਸਚਰਜ ਤੇ ਅਨੂਪਮ ਖੇਡ ਖੇਡ ਸਕਦਾ ਹੈ। ਇਸ ਅਨੂਪਮ ਅਤੇ ਅਸਚਰਜ ਖੇਡ ਖੇਡਣ ਸਕਦਾ ਹੀ ਜਦੋਂ ਆਪ ਦੀ ਸ਼ਹਾਦਤ ਹੋਈ ਤਾਂ ਸਾਰੀ ਲੋਕਾਈ ਵਿੱਚੋਂ ਧੰਨ ਗੁਰੂ ਅਰਜਨ, ਧੰਨ ਗੁਰੂ ਅਰਜਨ ਦੀਆਂ ਆਵਾਜ਼ਾਂ ਦੀ ਗੂੰਜ ਸੁਣਾਈ ਦੇ ਰਹੀ ਸੀ।

-ਡਾ. ਇੰਦਰਜੀਤ ਕੌਰ (ਨਾਭਾ)

Comments

comments

Share This Post

RedditYahooBloggerMyspace