‘ਟਰੂਪਿੰਗ ਦਿ ਕਲਰ’ ਸਮਾਗਮ ’ਚ ਪਹਿਲਾ ਦਸਤਾਰਧਾਰੀ ਬਣਿਆ ਸਿੱਖ ਫ਼ੌਜੀ

ਲੰਡਨ : ਬ੍ਰਿਟੇਨ ਦੀ ਮਹਾਰਾਣੀ ਦੇ ਜਨਮ ਦਿਨ ਸਬੰਧੀ ਅੱਜ ਹੋਏ ‘ਟਰੂਪਿੰਗ ਦਿ ਕਲਰ’ ਸਮਾਗਮ ’ਚ ਫ਼ੌਜੀ (ਗਾਰਡਜ਼ਮੈਨ) ਚਰਨਪ੍ਰੀਤ ਸਿੰਘ ਲਾਲ (22) ਪਹਿਲਾ ਅਜਿਹਾ ਸੈਨਿਕ ਬਣ ਗਿਆ ਹੈ ਜਿਸ ਨੇ ਟੋਪ (ਹੈਟ) ਦੀ ਥਾਂ ’ਤੇ ਦਸਤਾਰ ਸਜਾ ਕੇ ਮਾਰਚ ’ਚ ਹਿੱਸਾ ਲਿਆ। ਚਰਨਪ੍ਰੀਤ ਸਿੰਘ ਸਮਾਗਮ ਦੌਰਾਨ ਹਿੱਸਾ ਲੈਣ ਵਾਲੇ ਇਕ ਹਜ਼ਾਰ ਸੈਨਿਕਾਂ ’ਚੋਂ ਇਕਲੌਤਾ ਦਸਤਾਰਧਾਰੀ ਰਿਹਾ।

ਉਨ੍ਹਾਂ ਕਾਲੇ ਰੰਗ ਦੀ ਦਸਤਾਰ ਸਜਾਈ ਕਿਉਂਕਿ ਹੋਰ ਫ਼ੌਜੀਆਂ ਦੇ ਟੋਪ ਦਾ ਰੰਗ ਵੀ ਕਾਲਾ ਸੀ। ਸਮਾਗਮ ਦੌਰਾਨ ਉਨ੍ਹਾਂ ਦੇ ਮਾਪੇ ਅਤੇ ਭੈਣ ਵੀ ਹਾਜ਼ਰ ਰਹੇ। ਨਵੇਂ ਵਿਆਹੇ ਸ਼ਾਹੀ ਜੋੜੇ ਪ੍ਰਿੰਸ ਹੈਰੀ ਅਤੇ ਉਸ ਦੀ ਪਤਨੀ ਮੇਗ਼ਨ ਮਰਕਲ ਵੀ ਸਮਾਗਮ ’ਚ ਮੌਜੂਦ ਸਨ।

ਇਹ ਪਹਿਲੀ ਵਾਰ ਹੈ ਕਿ ਪਿਛਲੇ ਮਹੀਨੇ ਵਿਆਹ ਮਗਰੋਂ ਮੇਗ਼ਨ ਕਿਸੇ ਸਮਾਗਮ ’ਚ ਨਜ਼ਰ ਆਈ ਹੈ। ਚਰਨਪ੍ਰੀਤ ਸਿੰਘ ਬਚਪਨ ’ਚ ਹੀ ਭਾਰਤ ਤੋਂ ਇੰਗਲੈਂਡ ਆ ਗਿਆ ਸੀ ਅਤੇ ਇਥੇ ਲੈਸਟਰ ’ਚ ਰਹਿੰਦਾ ਹੈ। ਉਨ੍ਹਾਂ ਕਿਹਾ,‘‘ਮਾਰਚ ’ਚ ਪਗੜੀ ਬੰਨ੍ਹ ਕੇ ਹਿੱਸਾ ਲੈਣ ਵਾਲਾ ਪਹਿਲਾ ਸਿੱਖ ਵਿਅਕਤੀ ਬਣਨਾ ਮੇਰੇ ਲਈ ਮਾਣ ਵਾਲੀ ਗੱਲ ਹੈ।’’ ਉਨ੍ਹਾਂ ਆਸ ਜਤਾਈ ਕਿ ਲੋਕ ਇਸ ਘਟਨਾਕ੍ਰਮ ਨੂੰ ਇਤਿਹਾਸ ’ਚ ਬਦਲਾਅ ਵਜੋਂ ਦੇਖਣਗੇ। ਐਕਸਪ੍ਰੈੱਸ ਅਖ਼ਬਾਰ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ,‘‘ਮੈਂ ਆਸ ਕਰਦਾ ਹਾਂ ਕਿ ਮੇਰੇ ਵਾਂਗ ਹੋਰ ਲੋਕ ਨਾ ਸਿਰਫ਼ ਸਿੱਖ ਸਗੋਂ ਹੋਰ ਧਰਮਾਂ ਅਤੇ ਵੱਖਰੇ ਪਿਛੋਕੜਾਂ ਵਾਲੇ ਲੋਕ ਫ਼ੌਜ ’ਚ ਸ਼ਾਮਲ ਹੋਣ ਨੂੰ ਤਰਜੀਹ ਦੇਣਗੇ।’’ ਮਹਾਰਾਣੀ ਐਲਿਜ਼ਾਬੈੱਥ ਦੂਜੀ ਦਾ ਅਸਲ ਜਨਮ ਦਿਨ 21 ਅਪਰੈਲ ਨੂੰ ਮਨਾਇਆ ਜਾਂਦਾ ਹੈ ਅਤੇ ‘ਟਰੂਪਿੰਗ ਆਫ਼ ਦਿ ਕਲਰ’ ਸਮਾਗਮ ਜੂਨ ਦੇ ਕਿਸੇ ਵੀ ਸ਼ਨਿਚਰਵਾਰ ਨੂੰ ਮਨਾਇਆ ਜਾਂਦਾ ਹੈ।

Comments

comments

Share This Post

RedditYahooBloggerMyspace