ਡੰਗੌਲੀ ਦੇ ਗੁਰਦੁਆਰੇ ਵਿੱਚ ਪਾਵਨ ਸਰੂਪ ਦੀ ਬੇਅਦਬੀ

ਪਿੰਡ ਡੰਗੌਲੀ ਦੇ ਗੁਰਦੁਆਰੇ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਜਾਂਚ ਕਰਦੀ ਹੋਈ ਫੌਰੈਂਸਿਕ ਮਾਹਿਰਾਂ ਦੀ ਟੀਮ।

ਘਨੌਲੀ : ਜ਼ਿਲ੍ਹਾ ਰੂਪਨਗਰ ਦੇ ਪਿੰਡ ਡੰਗੌਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਅੱਜ ਸ਼ਰਾਰਤੀ ਅਨਸਰਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਕਰੀਬ 100 ਪੱਤਰੇ ਪਾੜ ਦਿੱਤੇ ਗਏ। ਬੇਅਦਬੀ ਦੀ ਇਹ ਘਟਨਾ ਸਵੇਰ ਵੇਲੇ ਵਾਪਰੀ। ਗੁਰਦੁਆਰੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਬਿਜਲੀ ਨਾ ਹੋਣ ਕਰਕੇ ਘਟਨਾ ਰਿਕਾਰਡ ਨਾ ਹੋ ਸਕੀ। ਇਸ ਘਟਨਾ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਘਟਨਾ ਬਾਰੇ ਪਤਾ ਲੱਗਣ ’ਤੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ, ਤਖਤ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਪੰਜ ਪਿਆਰੇ ਸਾਹਿਬਾਨ, ਸੂਚਨਾ ਅਫਸਰ ਹਰਦੇਵ ਸਿੰਘ, ਐੱਸਜੀਪੀਸੀ ਮੈਂਬਰ ਭਾਈ ਸੁਰਿੰਦਰ ਸਿੰਘ, ਸਾਬਕਾ ਐੱਸਜੀਪੀਸੀ ਮੈਂਬਰ ਗੁਰਿੰਦਰ ਸਿੰਘ ਗੋਗੀ ਆਦਿ ਤੋਂ ਇਲਾਵਾ ਐੱਸ.ਐੱਸ.ਪੀ. ਰੂਪਨਗਰ ਰਾਜਬਚਨ ਸਿੰਘ ਸੰਧੂ, ਐੱਸ.ਪੀ. (ਡੀ) ਰਮਿੰਦਰ ਸਿੰਘ, ਡੀ.ਐੱਸ.ਪੀ. (ਡੀ) ਵਰਿੰਦਰਜੀਤ ਸਿੰਘ, ਡੀ.ਐੱਸ.ਪੀ. (ਹੈੱਡਕੁਆਰਟਰ) ਮਨਵੀਰ ਸਿੰਘ ਬਾਜਵਾ, ਸੀ.ਆਈ.ਏ. ਇੰਚਾਰਜ ਅਤੁਲ ਸੋਨੀ, ਐੱਸ.ਐੱਸ.ਓ. ਰਾਜਵੀਰ ਸਿੰਘ ਗਿੱਲ, ਚੌਕੀ ਇੰਚਾਰਜ ਜਸਮੇਰ ਸਿੰਘ ਆਦਿ ਨੇ ਮੌਕੇ ’ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ।

ਗੁਰਦੁਆਰੇ ਦੇ ਪਾਠੀ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਨਿੱਤਨੇਮ ਦੀ ਸਮਾਪਤੀ ਕਰਨ ਉਪਰੰਤ ਕਰੀਬ ਪੌਣੇ ਛੇ ਵਜੇ ਗੁਰਦੁਆਰੇ ਦੇ ਕਮਰੇ ਨੂੰ ਬਾਹਰੋਂ ਕੁੰਡਾ ਲਗਾ ਕੇ ਆਪਣੇ ਘਰ ਚਲਾ ਗਿਆ ਸੀ। ਕਰੀਬ ਸਾਢੇ ਛੇ ਵਜੇ ਗੁਰਦੁਆਰੇ ਨੇੜਲੇ ਘਰ ਦੀ ਵਸਨੀਕ ਹਰਜਿੰਦਰ ਕੌਰ, ਜੋ ਰੋਜ਼ਾਨਾ ਗੁਰਦੁਆਰੇ ਮੱਥਾ ਟੇਕਣ ਲਈ ਆਉਂਦੀ ਹੈ, ਨੇ ਦੱਸਿਆ ਕਿ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਫਟੇ ਹੋਏ ਹਨ ਅਤੇ ਚੌਰ ਸਾਹਿਬ ਤੇ ਰੁਮਾਲਾ ਵੀ ਖਿੰਡੇ ਪਏ ਹਨ। ਉਸ ਨੇ ਘਟਨਾ ਬਾਰੇ ਪਿੰਡ ਦੀ ਸਰਪੰਚ ਅਤੇ ਪੁਲੀਸ ਨੂੰ ਜਾਣੂ ਕਰਵਾਇਆ। ਪੁਲੀਸ ਨੇ ਗੁਰਦੁਆਰੇ ਵਿਖੇ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕਰਨੀ ਚਾਹੀ ਪਰ ਕੋਈ ਰਿਕਾਰਡਿੰਗ ਮੌਜੂਦ ਨਹੀਂ ਸੀ ਕਿਉਂਕਿ ਬੀਤੇ ਦਿਨ ਤੋਂ ਹੀ ਪਿੰਡ ਦੀ ਬਿਜਲੀ ਹਨੇਰੀ ਝੱਖੜ ਕਾਰਨ ਬੰਦ ਸੀ। ਐੱਸ.ਐੱਸ.ਪੀ. ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਨੂੰ ਅੰੰਜਾਮ ਦੇਣ ਵਾਲੇ ਸ਼ਰਾਰਤੀ ਅਨਸਰ ਦਾ ਜਲਦੀ ਹੀ ਸੁਰਾਗ ਲਾ ਲਿਆ ਜਾਵੇਗਾ ਤੇ ਦੋਸ਼ੀ ਨੂੰ ਕਿਸੇ ਸੂਰਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪਿੰਡ ਡੰਗੌਲੀ ਵਿੱਚ ਵਾਪਰੀ ਬੇਅਦਬੀ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰੇ ਵਿੱਚ ਸੇਵਾ ਨਿਭਾਉਣ ਵਾਲਿਆਂ ਦੀ ਅਣਗਹਿਲੀ ਸਾਹਮਣੇ ਆਈ ਹੈ ਪਰ ਇਸ ਦੇ ਨਾਲ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਏ ਅਤੇ ਇਹ ਵੀ ਪਤਾ ਲਗਾਏ ਕਿ ਇਸ ਦੇ ਪਿੱਛੇ ਕਿਹੜੇ ਲੋਕ ਸਨ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਥਾਂ-ਥਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਹੈ ਤੇ ਪੁਲੀਸ ਕੇਵਲ ਕਾਗਜ਼ੀ ਕਾਰਵਾਈ ਤੱਕ ਸੀਮਤ ਹੈ।

ਗੁਰਦੁਆਰੇ ਦੇ ਪ੍ਰਬੰਧਾਂ ਵਿੱਚ ਵੱਡੀਆਂ ਖ਼ਾਮੀਆਂ: ਗਿਆਨੀ ਫੂਲਾ ਸਿੰਘ
ਗਿਆਨੀ ਫੂਲਾ ਸਿੰਘ ਨੇ ਦੱਸਿਆ ਕਿ ਪਾਵਨ ਸਰੂਪ ਦੇ 654 ਨੰਬਰ ਪੰਨੇ ਤੋਂ ਲੈ ਕੇ 754 ਨੰਬਰ ਤੱਕ ਪੰਨੇ ਫਟੇ ਹੋਏ ਸਨ। ਉਨ੍ਹਾਂ ਪੁਲੀਸ ਵੱਲੋਂ ਕੀਤੀ ਜਾ ਰਹੀ ਜਾਂਚ ’ਤੇ ਭਰੋਸਾ ਪ੍ਰਗਟ ਕਰਦਿਆਂ ਸੰਗਤ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡ ਡੰਗੌਲੀ ਦੇ ਗੁਰਦੁਆਰੇ ਵਿਖੇ ਨਾ ਤਾਂ ਕੋਈ ਪੱਕਾ ਗ੍ਰੰਥੀ ਤੇ ਨਾ ਹੀ ਕੋਈ ਪੱਕਾ ਸੇਵਾਦਾਰ ਤਾਇਨਾਤ ਹੈ। ਸਾਫ-ਸਫਾਈ ਦਾ ਵੀ ਮਾੜਾ ਹਾਲ ਹੈ ਅਤੇ ਸੀਸੀਟੀਵੀ ਕੈਮਰੇ ਦੀ ਵੀ ਕੋਈ ਰਿਕਾਰਡਿੰਗ ਨਹੀਂ ਮਿਲੀ।

Comments

comments

Share This Post

RedditYahooBloggerMyspace