ਪੁਲੀਸ ਦੀ ਹਾਜ਼ਰੀ ’ਚ ਖ਼ੁਦਕੁਸ਼ੀ

ਅੰਮ੍ਰਿਤਸਰ : ਥਾਣਾ ਬਿਆਸ ਅਧੀਨ ਆਉਂਦੇ ਪਿੰਡ ਗਾਜੀਵਾਲ ਦੇ ਇੱਕ ਘਰ ਵਿੱਚ ਪੁਲੀਸ ਟੀਮ ਵੱਲੋਂ ਛਾਪਾ ਮਾਰੇ ਜਾਣ ਦੌਰਾਨ ਪੁਲੀਸ ਦੀ ਹਾਜ਼ਰੀ ਵਿੱਚ ਇੱਕ ਔਰਤ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਇਸ ਔਰਤ ਦੀ ਸ਼ਨਾਖ਼ਤ ਚਰਨਜੀਤ ਕੌਰ (50 ਸਾਲ)  ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਪੁਲੀਸ ਦੀ ਟੀਮ ਪਿੰਡ ਗਾਜੀਵਾਲ ਵਿੱਚ ਚਰਨਜੀਤ ਕੌਰ ਦੇ ਘਰ ਵਿੱਚ ਉਸ ਦੇ ਪੁੱਤਰ ਜੋਧਬੀਰ ਸਿੰਘ ਉਰਫ਼ ਯੋਧਾ (28) ਨੂੰ ਹਿਰਾਸਤ ਵਿੱਚ ਲੈਣ ਲਈ ਪੁੱਜੀ ਸੀ। ਪੁਲੀਸ ਉਸ ਨੂੰ ਪਿੰਡ ਕੰਮੋਕੇ ਵਿੱਚ ਇੱਟਾਂ ਦੇ ਭੱਠੇ ’ਤੇ ਹੋਈ ਢਾਈ ਲੱਖ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਕਾਬੂ ਕਰਨ ਲਈ ਆਈ ਸੀ। ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਬੀਤੀ ਰਾਤ ਜਦੋਂ ਪੁਲੀਸ ਟੀਮ ਨੇ ਛਾਪਾ ਮਾਰਿਆ ਤਾਂ ਉਹ ਯੋਧਾ ਦੀ ਪਤਨੀ ਅਤੇ ਉਸ ਦੇ ਪੰਜ ਸਾਲ ਦੇ ਪੁੱਤਰ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦੇ ਸੀ ਤਾਂ ਜੋ ਇਸ ਨੌਜਵਾਨ ’ਤੇ ਗ੍ਰਿਫ਼ਤਾਰੀ ਲਈ ਦਬਾਅ ਪਾਇਆ ਜਾ ਸਕੇ ਪਰ ਚਰਨਜੀਤ ਕੌਰ ਨੇ ਪੁਲੀਸ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ। ਉਸ ਨੇ ਪੁਲੀਸ ਨੂੰ ਅਜਿਹਾ ਕਰਨ ’ਤੇ ਖੁਦਕੁਸ਼ੀ ਕਰਨ ਦੀ ਚਿਤਾਵਨੀ ਵੀ ਦਿੱਤੀ ਪਰ ਪੁਲੀਸ ਨੇ ਉਸ ਦੀ ਚਿਤਾਵਨੀ ਨੂੰ ਅਣਡਿੱਠ ਕਰ ਦਿੱਤਾ। ਪੁਲੀਸ ਜਦੋਂ ਯੋਧੇ ਦੀ ਪਤਨੀ ਤੇ ਬੱਚੇ ਨੂੰ ਥਾਣੇ ਲੈ ਕੇ ਜਾਣ ਲਈ ਜ਼ੋਰ-ਜਬਰਦਸਤੀ ਕਰ ਰਹੀ ਸੀ ਤਾਂ ਚਰਨਜੀਤ ਕੌਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ।

ਯੋਧੇ ਦੇ ਛੋਟੇ ਭਰਾ ਸਵਰਨ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਜਦੋਂ ਛਾਪਾ ਮਾਰਿਆ ਤਾਂ ਉਸ ਦੇ ਘਰ ਵਿੱਚ ਉਸਦੀ ਮਾਂ, ਭਰਜਾਈ ਤੇ ਛੋਟਾ ਬੱਚਾ ਸਨ। ਇਹ ਛਾਪਾ ਬਿਆਸ ਅਤੇ ਮਹਿਤਾ ਪੁਲੀਸ ਥਾਣੇ ਦੀ ਟੀਮ ਵੱਲੋਂ ਮਾਰਿਆ ਗਿਆ ਸੀ। ਉਸ ਦਾ ਪਿਤਾ, ਭਰਾ ਘਰ ਵਿੱਚ ਨਹੀਂ ਸਨ। ਯੋਧੇ ਨੂੰ ਹਿਰਾਸਤ ਵਿੱਚ ਲੈਣ ਸਬੰਧੀ ਮਾਮਲੇ ਬਾਰੇ ਉਸ ਨੇ ਅਗਿਆਨਤਾ ਪ੍ਰਗਟਾਈ। ਉਸ ਨੇ ਦੱਸਿਆ ਕਿ ਉਸ ਦੀ ਮਾਂ ਨੇ ਪੁਲੀਸ ਕੋਲ ਦੁਹਾਈ ਵੀ ਦਿੱਤੀ ਕਿ ਉਸ ਦੇ ਪਰਿਵਾਰ ਨੂੰ ਨਾਜਾਇਜ਼ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ ਪਰ ਪੁਲੀਸ ਵੱਲੋਂ ਜ਼ੋਰ-ਜਬਰਦਸਤੀ ਕੀਤੇ ਜਾਣ ਕਾਰਨ ਉਸ ਦੀ ਮਾਂ ਨੇ ਖੁਦਕੁਸ਼ੀ ਕੀਤੀ ਹੈ। ਉਸ ਨੇ ਦੱਸਿਆ ਕਿ ਤੁਰੰਤ ਗੁਆਂਢੀ ਉਸ ਦੀ ਮਾਂ ਨੂੰ ਹਸਪਤਾਲ ਲੈ ਗਏ, ਜਿਥੇ ਉਸ ਦੀ ਮੌਤ ਹੋ ਗਈ। ਉਸ ਨੇ ਦੋਸ਼ ਲਾਇਆ ਕਿ ਪੁਲੀਸ ਟੀਮ ਨੇ ਉਸ ਦੀ ਮਾਂ ਨੂੰ ਅਜਿਹੀ ਹਾਲਤ ਵਿੱਚ ਹਸਪਤਾਲ ਲੈ ਕੇ ਜਾਣ ਦਾ ਯਤਨ ਵੀ ਨਹੀਂ ਕੀਤਾ ਸਗੋਂ ਮੌਕੇ ਤੋਂ ਭੱਜ ਗਈ। ਪੁਲੀਸ ਟੀਮ ਨੇ ਉਨ੍ਹਾਂ ਦਾ ਟਰੈਕਟਰ, ਟਰਾਲੀ ਵੀ ਨਾਲ ਲੈ ਕੇ ਜਾਣ ਦਾ ਯਤਨ ਕੀਤਾ ਸੀ। ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਆਖਿਆ ਕਿ ਯੋਧੇ ਦਾ ਕੋਈ ਪੁਰਾਣਾ ਅਪਰਾਧੀ ਰਿਕਾਰਡ ਵੀ ਨਹੀਂ ਹੈ। ਕਿਸੇ ਨੇ ਇਸ ਮਾਮਲੇ ਵਿੱਚ ਉਸ ਦਾ ਨਾਂ ਲੈ ਲਿਆ ਅਤੇ ਪੁਲੀਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਆ ਗਈ ਹੈ। ਪੁਲੀਸ ਨੇ ਚਰਨਜੀਤ ਕੌਰ ਅਤੇ ਉਸਦੀ ਨੂੰਹ ਨਾਲ ਦੁਰਵਿਹਾਰ ਵੀ ਕੀਤਾ ਹੈ।

ਅੱਜ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਚਰਨਜੀਤ ਦੀ ਲਾਸ਼ ਦਾ ਸਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਸੀ। ਉਹ ਪੁਲੀਸ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ। ਮਗਰੋਂ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵੱਲੋਂ ਪੁਲੀਸ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤੇ ਜਾਣ ’ਤੇ ਲਾਸ਼ ਦਾ ਸਸਕਾਰ ਕੀਤਾ ਗਿਆ।

ਪੁਲੀਸ ਮੁਖੀ ਵੱਲੋਂ ਦੁਰਵਿਹਾਰ ਦੇ ਦੋਸ਼ਾਂ ਦਾ ਖੰਡਨ

ਐੱਸਐੱਸਪੀ ਪਰਮਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੰਮੋਕੇ ਵਿੱਚ ਇੱਟਾਂ ਦੇ ਭੱਠੇ ’ਤੇ ਹੋਈ ਲੁੱਟ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਕਾਰ ਸਮੇਤ ਕਾਬੂ ਕੀਤਾ ਸੀ, ਜਿਨ੍ਹਾਂ ਕੋਲੋਂ ਪੁੱਛ-ਪੜਤਾਲ ਦੌਰਾਨ ਯੋਧੇ ਦਾ ਨਾਂ ਸਾਹਮਣੇ ਆਇਆ। ਪੁਲੀਸ ਉਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਨ ਲਈ ਗਈ ਸੀ। ਪੁਲੀਸ ਉਥੇ ਕਿਸੇ ਔਰਤ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਨਹੀਂ ਗਈ ਸੀ। ਉਨ੍ਹਾਂ ਨੇ ਔਰਤਾਂ ਨਾਲ ਦੁਰਵਿਹਾਰ ਸਬੰਧੀ ਦੋਸ਼ਾਂ ਦਾ ਖੰਡਨ ਕੀਤਾ ਹੈ।

Comments

comments

Share This Post

RedditYahooBloggerMyspace