ਭੱਠਲ ਨੂੰ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਲਾਉਣ ਦੀ ਤਿਆਰੀ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸਾਬਕਾ ਮੁੱਖ ਮੰਤਰੀ ਅਤੇ ਇਸ ਵਾਰ ਵਿਧਾਨ ਸਭਾ ਚੋਣ ਹਾਰ ਗਈ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਪੰਜਾਬ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਨਿਯੁਕਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਪੰਜਾਬ ਯੋਜਨਾ ਬੋਰਡ ਵਿਚ ਵਾਈਸ ਚੇਅਰਪਰਸਨ ਦੀਆਂ ਦੋ ਅਸਾਮੀਆਂ ਹਨ। ਪਿਛਲੀ ਬਾਦਲ ਸਰਕਾਰ ਦੌਰਾਨ ਉਦਯੋਗਪਤੀ ਰਾਜਿੰਦਰ ਗੁਪਤਾ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਰਾਜਿੰਦਰ ਭੰਡਾਰੀ ਇਸ ਅਹਿਮ ਬੋਰਡ ਦੇ ਵਾਈਸ ਚੇਅਰਪਰਸਨ ਸਨ। ਸਰਕਾਰ ਬਦਲਣ ਤੋਂ ਬਾਅਦ ਸ੍ਰੀ ਭੰਡਾਰੀ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਸੂਤਰਾਂ ਅਨੁਸਾਰ ਕਾਂਗਰਸ ਸਰਕਾਰ ਵੱਲੋਂ ਬੀਬੀ ਭੱਠਲ ਨੂੰ ਇਹ ਅਹੁਦਾ ਉਨ੍ਹਾਂ ਨੂੰ ਇਥੇ ਸੈਕਟਰ-2 ਸਥਿਤ ਹਾਈ ਸਕਿਓਰਿਟੀ ਖੇਤਰ ਵਿਚ ਮਿਲੀ ਸਰਕਾਰੀ ਰਿਹਾਇਸ਼ ਨੂੰ ਬਰਕਰਾਰ ਰਖਣ ਲਈ ਦਿੱਤਾ ਜਾ ਰਿਹਾ ਹੈ। ਸਰਕਾਰੀ ਸੂਤਰਾਂ ਅਨੁਸਾਰ ਬੀਬੀ ਭੱਠਲ ਨੂੰ ਇਸ ਅਹੁਦੇ ਦਾ ਨਿਯੁਕਤੀ ਪੱਤਰ ਜਲਦ ਹੀ ਦਿੱਤਾ ਜਾ ਸਕਦਾ ਹੈ। ਗ਼ੌਰਤਲਬ ਹੈ ਕਿ ਸੁਪਰੀਮ ਕੋਰਟ ਨੇ ਇਕ ਫ਼ੈਸਲੇ ਵਿੱਚ ਦੇਸ਼ ਭਰ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਸਰਕਾਰੀ ਕੋਠੀਆਂ 31 ਮਈ ਤਕ ਖ਼ਾਲੀ ਕਰਨ ਲਈ ਕਿਹਾ ਹੈ। ਇਸ ਫੈਸਲੇ ਕਾਰਨ ਯੂਪੀ ਦੇ ਸਾਬਕਾ ਮੁੱਖ ਮੰਤਰੀਆਂ ਬੀਬੀ ਮਾਇਆਵਤੀ ਅਤੇ ਅਖਿਲੇਸ਼ ਯਾਦਵ ਵੱਲੋਂ ਪਹਿਲਾਂ ਹੀ ਸਰਕਾਰੀ ਕੋਠੀਆਂ ਖ਼ਾਲੀ ਕੀਤੀਆਂ ਜਾ ਚੁੱਕੀਆਂ ਹਨ। ਦੂਜੇ ਪਾਸੇ ਬੀਬੀ ਭੱਠਲ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦੇ ਪਿਛਲੇ ਪਾਸੇ ਅਲਾਟ ਹੋਈ ਕੋਠੀ ਹਾਲੇ ਤਕ ਖ਼ਾਲੀ ਨਹੀਂ ਕੀਤੀ ਅਤੇ ਨਾ ਸਰਕਾਰ ਨੇ ਇਸ ਬਾਰੇ ਕੋਈ ਕਾਰਵਾਈ ਕੀਤੀ ਹੈ। ਬੀਬੀ ਭੱਠਲ ਨੂੰ ਸਰਕਾਰੀ ਕੋਠੀ ਅਲਾਟ ਕਰਨ ਬਾਰੇ ਪਹਿਲਾਂ ਵੀ ਚਰਚਾ ਚਲਦੀ ਰਹੀ ਹੈ। ਪਿਛਲੇ ਸਮੇਂ ਮੌਜੂਦਾ ਸਰਕਾਰ ਨੇ ਬੀਬੀ ਭੱਠਲ ਵੱਲੋਂ ਕੋਠੀ ਨੰਬਰ 46 ਵਿਚ ਮਿਥੀ ਮਿਆਦ ਤੋਂ ਵੱਧ ਰਹਿਣ ਕਾਰਨ ਉਨ੍ਹਾਂ ਸਿਰ ਬਣਦੀ 84 ਲੱਖ ਰੁਪਏ ਦੀ ਰਕਮ ਮੁਆਫ ਕੀਤੀ ਸੀ।

ਗ਼ੌਰਤਲਬ ਹੈ ਕਿ ਬੀਬੀ ਭੱਠਲ ਨੂੰ ਇਸ ਵਾਰ ਵਿਧਾਨ ਸਭਾ ਚੋਣ ਹਾਰਨ ਕਾਰਨ ਵੱਡਾ ਸਿਆਸੀ ਧੱਕਾ ਲੱਗਾ ਹੈ ਕਿਉਂਕਿ ਉਨ੍ਹਾਂ ਦੇ ਵਿਧਾਇਕ ਚੁਣੇ ਜਾਣ ਦੀ ਸੂਰਤ ਵਿਚ ਉਨ੍ਹਾਂ ਨੂੰ ਕੈਬਨਿਟ ਵਿਚ ਉਚ ਸਥਾਨ ਮਿਲਣ ਦੀ ਸੰਭਾਵਨਾ ਸੀ। ਲਹਿਰਾਗਾਗਾ ਚੋਣ ਹਾਰਨ ਤੋਂ ਬਾਅਦ ਉਹ ਮੁੱਖ ਮੰਤਰੀ ਦੀ ਸੁਰ ਵਿਚ ਸੁਰ ਮਿਲਾਉਂਦੇ ਆ ਰਹੇ ਹਨ। ਦੂਜੇ ਪਾਸੇ ਕੈਪਟਨ ਦੀ 2002-07 ਵੇਲੇ ਦੀ ਸਰਕਾਰ ਦੌਰਾਨ ਬੀਬੀ ਭੱਠਲ ਅਤੇ ਕੈਪਟਨ ਵਿਚਕਾਰ ਲੰਮੀ ਸਿਆਸੀ ਜੰਗ ਚੱਲੀ ਸੀ। ਸੰਪਰਕ ਕਰਨ ’ਤੇ ਬੀਬੀ ਭੱਠਲ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਅਹੁਦਾ ਮਿਲਣ ਬਾਰੇ ਕੋਈ ਜਾਣਕਾਰੀ ਨਹੀਂ ਹੈ।

Comments

comments

Share This Post

RedditYahooBloggerMyspace