ਮੋਹ ਦੇ ਰੰਗ ਦਿਖਾਉਂਦਾ ‘ਬਾਇਓਸਕੋਪਵਾਲਾ’

ਵੀਣਾ ਭਾਟੀਆ

ਨੋਬੇਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਨੇ 1892 ਵਿੱਚ ਇੱਕ ਛੋਟੀ ਜਿਹੀ ਕਹਾਣੀ ਲਿਖੀ ਸੀ ‘ਕਾਬੁਲੀਵਾਲਾ’। ਇਹ ਕਹਾਣੀ ਭਾਰਤ ਦੇ ਨਾਲ ਨਾਲ ਦੁਨੀਆਂ ਭਰ ਵਿੱਚ ਬਹੁਤ ਪਸੰਦ ਕੀਤੀ ਗਈ ਸੀ। ਪੰਜ ਸਾਲ ਦੀ ਛੋਟੀ ਜਿਹੀ ਬੱਚੀ ਮਿਨੀ ਅਤੇ ਇੱਕ ਅਫ਼ਗਾਨ ਵਪਾਰੀ ਦੀ ਦੋਸਤੀ ਦੀ ਇਹ ਕਹਾਣੀ ਅੱਜ ਵੀ ਓਨੀ ਹੀ ਪਸੰਦ ਕੀਤੀ ਜਾਂਦੀ ਹੈ, ਜਿੰਨੀ ਓਦੋਂ ਜਦੋਂ ਇਹ ਲਿਖੀ ਗਈ ਸੀ। ਇੱਕ ਜ਼ਮਾਨੇ ਵਿੱਚ ਇਹ ਕਹਾਣੀ ਬੱਚਿਆਂ ਦੇ ਕੋਰਸ ਵਿੱਚ ਸ਼ਾਮਲ ਸੀ। ਮਨੁੱਖੀ ਸੰਵੇਦਨਾ ਨਾਲ ਭਰਪੂਰ ਇਸ ਕਹਾਣੀ ਨੂੰ ਪੜ੍ਹ ਕੇ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ, ਜਿਸਦੀ ਅੱਖ ਨਾ ਭਰੀ ਹੋਵੇ।

ਕਾਬੁਲੀਵਾਲਾ ਮੇਵੇ ਵੇਚਣ ਆਉਂਦਾ ਹੈ ਅਤੇ ਉਸਦੀ ਦੋਸਤੀ ਇੱਕ ਛੋਟੀ ਜਿਹੀ ਬੱਚੀ ਮਿਨੀ ਨਾਲ ਹੋ ਜਾਂਦੀ ਹੈ। ਉਹ ਉਸਨੂੰ ਹਮੇਸ਼ਾਂ ਮੇਵੇ ਦਿੰਦਾ ਹੈ ਅਤੇ ਉਸ ਨਾਲ ਉਸਦਾ ਬਹੁਤ ਹੀ ਪਿਆਰ ਭਰਿਆ ਸਬੰਧ ਬਣ ਜਾਂਦਾ ਹੈ। ਮਿਨੀ ਨੂੰ ਦੇਖ ਕੇ ਉਸ ਨੂੰ ਆਪਣੀ ਬੱਚੀ ਦੀ ਯਾਦ ਆਉਂਦੀ ਹੈ ਜੋ ਓਨੀ ਹੀ ਵੱਡੀ ਹੈ। ਇੱਕ ਵਾਰ ਕਿਸੇ ਨਾਲ ਝਗੜਾ ਕਰਨ ’ਤੇ ਕਾਬੁਲੀਵਾਲਾ ਨੂੰ ਲੰਬੀ ਜੇਲ੍ਹ ਹੋ ਜਾਂਦੀ ਹੈ। ਜਦੋਂ ਉਹ ਜੇਲ੍ਹ ਤੋਂ ਰਿਹਾਅ ਹੋ ਕੇ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਮਿਨੀ ਨੂੰ ਮਿਲਣ ਜਾਂਦਾ ਹੈ। ਪਰ ਉਦੋਂ ਤਕ ਮਿਨੀ ਬਹੁਤ ਵੱਡੀ ਹੋ ਜਾਂਦੀ ਹੈ ਅਤੇ ਉਸਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹੁੰਦੀਆਂ ਹਨ। ਬਹੁਤ ਬੇਨਤੀਆਂ ਕਰਨ ਤੋਂ ਬਾਅਦ ਮਿਨੀ ਦੇ ਘਰਵਾਲੇ ਉਸ ਨੂੰ ਮਿਨੀ ਨਾਲ ਮਿਲਾਉਂਦੇ ਹਨ। ਮਿਨੀ ਨੂੰ ਦੁਲਹਨ ਦੇ ਰੂਪ ਵਿੱਚ ਦੇਖ ਕੇ ਕਾਬੁਲੀਵਾਲਾ ਹੈਰਾਨ ਰਹਿ ਜਾਂਦਾ ਹੈ, ਫਿਰ ਉਸਨੂੰ ਲੱਗਦਾ ਹੈ ਕਿ ਸਮਾਂ ਕਿੰਨਾ ਬੀਤ ਗਿਆ। ਉਸ ਨੂੰ ਆਪਣੀ ਬੱਚੀ ਦੀ ਯਾਦ ਆ ਜਾਂਦੀ ਹੈ, ਉਹ ਵੀ ਵਿਆਹ ਦੇ ਯੋਗ ਹੋ ਗਈ ਹੋਏਗੀ। ਇਸਤੋਂ ਬਾਅਦ ਕਾਬੁਲੀਵਾਲਾ ਮਿਨੀ ਨੂੰ ਉਪਹਾਰ ਦੇ ਕੇ ਆਪਣੇ ਦੇਸ਼ ਵਾਪਸ ਜਾਣ ਦਾ ਫ਼ੈਸਲਾ ਲੈਂਦਾ ਹੈ। ਇਸ ਦੌਰਾਨ ਉਸਦੀ ਮਨੋਦਸ਼ਾ ਦਾ ਜਿਵੇਂ ਸਹਿਜ ਅਤੇ ਸੁਭਾਵਿਕ ਚਿਤਰਣ ਕੀਤਾ ਗਿਆ ਹੈ, ਉਹ ਅਸਲ ਵਿੱਚ ਵਿਲੱਖਣ ਹੈ।

ਕਹਾਣੀ ਵਿੱਚ ਬਾਇਓਸਕੋਪ ਦੀਆਂ ਯਾਦਾਂ

ਵੀਣਾ ਭਾਟੀਆ

ਵੀਣਾ ਭਾਟੀਆ

ਰਾਬਿੰਦਰਨਾਥ ਟੈਗੋਰ ਦੀ 157ਵੀਂ ਜਯੰਤੀ ’ਤੇ ‘ਕਾਬੁਲਵਾਲਾ’ ’ਤੇ ਇੱਕ ਹੋਰ ਫ਼ਿਲਮ ਬਣਕੇ ਆਈ ਹੈ ਜਿਸਦਾ ਨਾਂ ‘ਬਾਇਓਸਕੋਪਵਾਲਾ’ ਹੈ। ਰਾਬਿੰਦਰਨਾਥ ਦੀ ਕਹਾਣੀ ਵਿੱਚ ਅਫ਼ਗਾਨਿਸਤਾਨ ਤੋਂ ਆਉਣ ਵਾਲਾ  ਵਪਾਰੀ ਜਿੱਥੇ ਮੇਵੇ ਵੇਚਦਾ ਸੀ, ਇਸ ਫ਼ਿਲਮ ਵਿੱਚ ਅੰਤਰ ਇਹ ਹੈ ਕਿ ਹੁਣ ਉਹ ਬੱਚਿਆਂ ਨੂੰ ਬਾਇਓਸਕੋਪ ਦਿਖਾਉਂਦਾ ਹੈ। ਇੱਕ ਜ਼ਮਾਨਾ ਸੀ ਜਦੋਂ ਬੱਚਿਆਂ ਦੇ ਮਨੋਰੰਜਨ ਦਾ ਪ੍ਰਮੁੱਖ ਸਾਧਨ ਬਾਇਓਸਕੋਪ ਹੀ ਹੁੰਦਾ ਸੀ ਅਤੇ ਸ਼ਹਿਰ ਹੋਵੇ ਜਾਂ ਪਿੰਡ ਬਾਇਓਸਕੋਪ ਵਾਲਾ ਜਦੋਂ ਆਉਂਦਾ ਸੀ ਤਾਂ ਉਸ ਨੂੰ ਦੇਖਣ ਲਈ ਬੱਚਿਆਂ ਦੀ ਭੀੜ ਲੱਗ ਜਾਂਦੀ ਸੀ। ਹੁਣ ਅੱਜ ਦੇ ਸਮੇਂ ਵਿੱਚ ਸਿਰਫ਼ ਬਾਇਓਸਕੋਪ ਦੀਆਂ ਯਾਦਾਂ ਹੀ ਹਨ। ਅੱਜ ਦੇ ਜ਼ਿਆਦਾਤਰ ਬੱਚਿਆਂ ਨੇ ਤਾਂ ਬਾਇਓਸਕੋਪ ਦਾ ਨਾਂ ਵੀ ਨਹੀਂ ਸੁਣਿਆ ਹੋਏਗਾ। ਫ਼ਿਲਮ ਵਿੱਚ ਬਾਇਓਸਕੋਪਵਾਲੇ ਦਾ ਕਿਰਦਾਰ ਡੈਨੀ ਡੈਨਜ਼ੌਂਗਪਾ ਨੇ ਨਿਭਾਇਆ ਹੈ। ਆਪਣੀ ਖ਼ਲਨਾਇਕੀ ਲਈ ਬੌਲੀਵੁੱਡ ਵਿੱਚ ਮਸ਼ਹੂਰ ਡੈਨੀ ਇਸ ਫ਼ਿਲਮ ਤੋਂ ਇੱਕ ਨਵੇਂ ਰੂਪ ਨਾਲ ਵਾਪਸੀ ਕਰ ਰਹੇ ਹਨ। ਰਾਬਿੰਦਰਨਾਥ ਦੀ ਕਹਾਣੀ ‘ਕਾਬੁਲੀਵਾਲਾ’ ਤੋਂ ਇਸ ਫ਼ਿਲਮ ਵਿੱਚ ਕਾਫ਼ੀ ਅੰਤਰ ਹੈ, ਪਰ ਮੂਲ ਸੰਵੇਦਨਾ ਇੱਕ ਹੀ ਹੈ। ਫ਼ਿਲਮ ਵਿੱਚ ਕਹਾਣੀ ਦੀ ਨਾਇਕਾ ਦੇ ਪਿਤਾ ਅਫ਼ਗਾਨਿਸਤਾਨ ਦੀ ਯਾਤਰਾ ’ਤੇ ਜਾਂਦੇ ਹਨ, ਜਿੱਥੇ ਉਸਦੀ ਫਲਾਈਟ ਕਰੈਸ਼ ਹੋ ਜਾਂਦੀ ਹੈ ਅਤੇ ਇਸਦੇ ਬਾਅਦ ਉਸਦੀ ਬੇਟੀ ਇਸ ਗੱਲ ਦਾ ਪਤਾ ਲਗਾਉਣ ਅਫ਼ਗਾਨਿਸਤਾਨ ਜਾਂਦੀ ਹੈ ਕਿ ਆਖਿਰ ਉਸਦੇ ਪਿਤਾ ਉੱਥੇ ਕਿਸ ਲਈ ਗਏ ਸਨ। ਉੱਥੇ ਜਾ ਕੇ ਉਸਨੂੰ ਪਤਾ ਲੱਗਦਾ ਹੈ ਕਿ ਉਸਦੀ ਇਸ ਯਾਤਰਾ ਦੇ ਤਾਰ ਉਸਦੇ ਬਚਪਨ ਨਾਲ ਜੁੜੇ ਹਨ। ਮਿਨੀ ਦੇ ਬਚਪਨ ਨਾਲ ਬਾਇਓਸਕੋਪਵਾਲੇ ਦੀ ਕਹਾਣੀ ਜੁੜੀ ਹੋਈ ਹੈ। ਫ਼ਿਲਮ ਵਿੱਚ ਬਾਇਓਸਕੋਪਵਾਲੇ ਨਾਲ ਉਸਦੀ ਦੋਸਤੀ, ਉਸ ਨਾਲ ਦੁਬਾਰਾ ਮਿਲਣਾ ਅਤੇ ਇਸ ਦੇ ਨਾਲ ਹੀ ਬਾਪ-ਬੇਟੀ ਦਾ ਕਿੱਸਾ ਵੀ ਸਾਹਮਣੇ ਆਉਂਦਾ ਹੈ।

ਕੀ ਹੈ ਫ਼ਿਲਮ ਦੀ ਕਹਾਣੀ

ਫ਼ਿਲਮ ਵਿੱਚ ਡੈਨੀ ਨੇ ‘ਕਾਬੁਲੀਵਾਲਾ’ ਦੀ ਤਰਜ਼ ’ਤੇ ‘ਬਾਇਓਸਕੋਪਵਾਲਾ’ ਦਾ ਕਿਰਦਾਰ ਨਿਭਾਇਆ ਹੈ। ‘ਬਾਇਓਸਕੋਪਵਾਲਾ’ ਤੋਂ ਮਤਲਬ ਉਸ ਸਖ਼ਸ਼ ਤੋਂ ਹੈ ਜੋ ਸਿਨਮਾ ਦੀ ਦੁਨੀਆਂ ਦਿਖਾਉਂਦਾ ਹੈ। ਪਿਛਲੇ ਸਮੇਂ ਵਿੱਚ ਬਾਇਓਸਕੋਪ ਜ਼ਰੀਏ ਫ਼ਿਲਮ ਦੇਖੀ ਜਾਂਦੀ ਸੀ। ਪੰਜ ਸਾਲ ਦੀ ਛੋਟੀ ਜਿਹੀ ਬੱਚੀ ਅਤੇ ਇੱਕ ਪਸ਼ਤੂਨ ਵਪਾਰੀ ਦੀ ਦੋਸਤੀ ਦੀ ਕਹਾਣੀ ਵਾਲੀ ਇਸ ਫ਼ਿਲਮ ਵਿੱਚ ਡੈਨੀ ਜਿੱਥੇ ਬੱਚਿਆਂ ਨਾਲ ਖੇਡਦਾ ਨਜ਼ਰ ਆਉਂਦਾ ਹੈ, ਉੱਥੇ ਯੁੱਧ ਅਤੇ ਦਹਿਸ਼ਤ ਦੇ ਮਾਹੌਲ ਵਿੱਚ ਵੀ ਆਪਣੇ ਬਾਇਓਸਕੋਪ ਨੂੰ ਬਚਾਉਣ ਦੀ ਚੁਣੌਤੀ ਵੀ ਉਸਦੇ ਸਾਹਮਣੇ ਹੈ। ਫ਼ਿਲਮ ਦੇ ਡਾਇਰੈਕਟਰ ਦੇਬ ਮੇਧੇਕਰ ਦਾ ਕਹਿਣਾ ਹੈ ਕਿ ਉਸਨੇ ਅੱਜ ਦੇ ਦੌਰ ਦਾ ਕਾਬੁਲੀਵਾਲਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਫ਼ਿਲਮ ਵਿੱਚ ਫੈਸ਼ਨ ਸਟਾਈਲਿਸਟ ਮਿਨੀ ਬਾਸੂ (ਗੀਤਾਂਜਲੀ ਥਾਪਾ) ਆਪਣੇ ਪਿਤਾ ਰੌਬੀ ਬਾਸੂ (ਆਦਿਲ ਹੁਸੈਨ) ਨਾਲ ਕੋਲਕਾਤਾ ਵਿੱਚ ਰਹਿੰਦੀ ਹੈ, ਜੋ ਮਸ਼ਹੂਰ ਫੈਸ਼ਨ ਫੋਟੋਗ੍ਰਾਫਰ ਹੈ। ਇੱਕ ਦਿਨ ਰੌਬੀ ਦੀ ਕੋਲਕਾਤਾ ਤੋਂ ਕਾਬੁਲ ਜਾਣ ਦੌਰਾਨ ਹਵਾਈ ਦੁਰਘਟਨਾ ਵਿੱਚ ਮੌਤ ਹੋ ਜਾਂਦੀ ਹੈ।

ਕਮਾਲ ਦੀ ਕਲਾਕਾਰੀ

ਫ਼ਿਲਮ ਵਿੱਚ ਰੁਮਾਂਚ ਅਤੇ ਰਹੱਸ ਹੈ ਅਤੇ ਕਹਾਣੀ ਵੀ ਕਿਸੇ ਇੱਕ ਸਿੱਧੀ ਰੇਖਾ ’ਤੇ ਨਹੀਂ ਚੱਲਦੀ, ਪਰ ਫ਼ਿਲਮ ਵਿੱਚ ਕਲਾਕਾਰਾਂ ਦੀ ਅਦਾਕਾਰੀ ਕਮਾਲ ਦੀ ਹੈ। ਡੈਨੀ, ਆਦਿਲ ਹੁਸੈਨ, ਬਰਜੇਂਦਰ ਕਾਲਾ, ਟਿਸਕਾ ਚੋਪੜਾ ਅਤੇ ਗੀਤਾਂਜਲੀ ਥਾਪਾ ਨੇ ਪਰਿਪੱਕ ਅਦਾਕਾਰੀ ਕੀਤੀ ਹੈ। ਡੈਨੀ ਨਾਲ ਮੁੱਖ ਭੂਮਿਕਾ ਵਿੱਚ ਗੀਤਾਂਜਲੀ ਥਾਪਾ ਹੈ ਜੋ ਅੰਤਰਰਾਸ਼ਟਰੀ ਸਨਮਾਨ ਨਾਲ ਵੀ ਨਿਵਾਜੀ ਜਾ ਚੁੱਕੀ ਹੈ। ‘ਬਾਇਓਸਕੋਪਵਾਲਾ’ ਦੇ ਲੇਖਕ ਅਤੇ ਨਿਰਦੇਸ਼ਕ ਦੇਬ ਮੇਧੇਕਰ ਲੰਬੇ ਸਮੇਂ ਤੋਂ ਵਿਗਿਆਪਨ ਫ਼ਿਲਮਾਂ ਬਣਾਉਂਦਾ ਰਿਹਾ ਹੈ। ਇਹ ਉਸ ਦੀ ਪਹਿਲੀ ਫੀਚਰ ਫ਼ਿਲਮ ਹੈ। ਖ਼ਾਸ ਗੱਲ ਇਹ ਹੈ ਕਿ ਇਹ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਾਫ਼ੀ ਚਰਚਿਤ ਹੋ ਚੁੱਕੀ ਸੀ।

ਰਹੱਸ ਅਤੇ ਰੁਮਾਂਚ

ਮਿਨੀ ਨੂੰ ਬਾਅਦ ਵਿੱਚ ਇਹ ਵੀ ਪਤਾ ਲੱਗਦਾ ਹੈ ਕਿ ਰਹਿਮਤ ਉਸਦੇ ਬਚਪਨ ਵਿੱਚ ਘਰ ਆਉਣ ਵਾਲਾ ਬਾਇਓਸਕੋਪਵਾਲਾ ਹੀ ਹੈ। ਇੱਕ ਵਾਰ ਰਹਿਮਤ ਨੇ ਆਪਣੀ ਜਾਨ ’ਤੇ ਖੇਡਕੇ ਮਿਨੀ ਨੂੰ ਬਚਾਇਆ ਸੀ। ਦਰਅਸਲ, ਰਹਿਮਤ ਮਿਨੀ ਵਿੱਚ ਆਪਣੀ ਪੰਜ ਸਾਲ ਦੀ ਬੇਟੀ ਦੀ ਝਲਕ ਦੇਖਦਾ ਸੀ, ਜਿਸ ਨੂੰ ਉਹ ਅਫ਼ਗਾਨਿਸਤਾਨ ਵਿੱਚ ਹੀ ਛੱਡ ਆਇਆ ਸੀ। ਹੁਣ ਮਿਨੀ ਕੋਲਕਾਤਾ ਵਿੱਚ ਕਈ ਲੋਕਾਂ ਨਾਲ ਮਿਲਕੇ ਉਸਦੇ ਜੇਲ੍ਹ ਜਾਣ ਦੀ ਸੱਚਾਈ ਦਾ ਪਤਾ ਲਗਾਉਂਦੀ ਹੈ ਅਤੇ ਉਸਦੇ ਖੋਏ ਹੋਏ ਪਰਿਵਾਰ ਨੂੰ ਤਲਾਸ਼ਣ ਲਈ ਅਫ਼ਗਾਨਿਸਤਾਨ ਵੀ ਜਾਂਦੀ ਹੈ। ਇਸਦੇ ਬਾਅਦ ਫ਼ਿਲਮ ਵਿੱਚ ਰਹੱਸ ਅਤੇ ਰੁਮਾਂਚ ਆਉਂਦਾ ਹੈ। ਮਿਨੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਰਹਿਮਤ ਨਿਰਦੋਸ਼ ਸੀ, ਉਸ ਨੂੰ ਜੇਲ੍ਹ ਕਿਉਂ ਜਾਣਾ ਪਿਆ ਸੀ? ਇਨ੍ਹਾਂ ਗੱਲਾਂ ਦਾ ਫ਼ਿਲਮ ਵਿੱਚ ਜਿਸ ਰੂਪ ਨਾਲ ਖੁਲਾਸਾ ਹੁੰਦਾ ਹੈ, ਉਸ ਨਾਲ ਫ਼ਿਲਮ ਕਾਫ਼ੀ ਰੌਚਕ ਬਣ ਜਾਂਦੀ ਹੈ ਅਤੇ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ ਵਿੱਚ ਸਫਲ ਹੁੰਦੀ ਹੈ। ਇਹ ਗੱਲ ਅਲੱਗ ਹੈ ਕਿ ਇਸ ਫ਼ਿਲਮ ਦੀ ਕਹਾਣੀ ਰਾਬਿੰਦਰਨਾਥ ਟੈਗੋਰ ਦੀ ‘ਕਾਬੁਲੀਵਾਲਾ’ ਨਾਲ ਮਿਲਦੀ ਜੁਲਦੀ ਹੈ, ਪਰ ਇਹ ‘ਕਾਬੁਲੀਵਾਲਾ’ ਨਹੀਂ, ‘ਬਾਇਓਸਕੋਪਵਾਲਾ’ ਹੈ। ਇਸ ਨੂੰ ‘ਕਾਬੁਲੀਵਾਲਾ’ ਤੋਂ ਪ੍ਰੇਰਿਤ ਕਿਹਾ ਜਾ ਸਕਦਾ ਹੈ।

Comments

comments

Share This Post

RedditYahooBloggerMyspace