ਅਗੇਤਾ ਝੋਨਾ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਕੇਸ

ਧਨੌਲਾ: ਪੰਜਾਬ ਸਰਕਾਰ ਵੱਲੋਂ 20 ਜੂਨ ਤੋਂ ਝੋਨਾ ਲਾਉਣ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਵਿਰੁੱਧ ਕੇਸ ਦਰਜ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਦੂਜੇ ਪਾਸੇ, ਭਾਕਿਯੂ ਏਕਤਾ (ਉਗਰਾਹਾਂ) ਨੇ ਇਸ ਕਾਰਵਾਈ ਖ਼ਿਲਾਫ਼ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕੀਤੇ ਐਲਾਨ ਮੁਤਾਬਿਕ ਅੱਜ ਇਲਾਕੇ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਨੇ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ। ਮੁੱਖ ਖੇਤੀਬਾੜੀ ਅਧਿਕਾਰੀ ਰਛਪਾਲ ਸਿੰਘ ਖੋਸਾ ਨੇ ਵਿਭਾਗ ਦੀਆਂ ਟੀਮਾਂ ਸਵੇਰ ਤੋਂ ਫੀਲਡ ’ਚ ਭੇਜ ਦਿੱਤੀਆਂ ਸਨ। ਉਕਤ ਟੀਮ ਨੇ ਪਿੰਡ ਕੱਟੂ ਦੇ ਕਿਸਾਨ ਸਰਬਜੀਤ ਸਿੰਘ ਨੂੰ ਢਾਈ ਕਿੱਲੇ ਝੋਨਾ ਲਗਾਉਣ ਅਤੇ ਧਨੌਲਾ ਦੇ ਕਿਸਾਨ ਆਗੂ ਕੇਵਲ ਸਿੰਘ ਨੂੰ ਕਰੀਬ ਤਿੰਨ ਕਿੱਲੇ ਝੋਨਾ ਅਗੇਤਾ ਲਗਾਉਣ ਦੇ ਦੋਸ਼ ਤਹਿਤ ਧਨੌਲਾ ਥਾਣੇ ਵਿੱਚ ਕੇਸ ਦਰਜ ਕਰਵਾ ਦਿੱਤੇ ਹਨ। ਭੂਮੀ ਪਰਖ ਅਧਿਕਾਰੀ ਸਰਬਜੀਤ ਸਿੰਘ ਅਤੇ ਖੇਤੀਬਾੜੀ ਵਿਕਾਸ ਅਧਿਕਾਰੀ ਧਨੌਲਾ ਸੁਖਪਾਲ ਸਿੰਘ ਨੇ ਇਹ ਕੇਸ ਦਰਜ ਕਰਵਾਉਣ ਦੀ ਪੁਸ਼ਟੀ ਕਰਦਿਆਂ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨਾ 20 ਜੂਨ ਤੋਂ ਬਾਅਦ ਹੀ ਲਗਾਉਣ। ਜ਼ਿਕਰਯੋਗ ਹੈ ਕਿ ਅਗੇਤਾ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਜੁਰਮਾਨਾ ਅਤੇ ਇਕ ਮਹੀਨਾ ਕੈਦ ਦੀ ਸਜ਼ਾ ਹੋ ਸਕਦੀ ਹੈ। ਖੇਤੀਬਾੜੀ ਵਿਭਾਗ ਦੀ ਟੀਮ ਵਿੱਚ ਗੁਰਮੀਤ ਸਿੰਘ ਪੀ ਟੀ, ਗੁਰਚਰਨ ਸਿੰਘ ਏਡੀਓ ਐਨਫੋਰਸਮੈਂਟ, ਸੋਨੀ ਖਾਨ ਏਟੀਐਮ, ਨਿਖਿਲ ਸਿੰਗਲਾ ਏਟੀਐਮ ਤੇ ਮੱਖਣ ਲਾਲ ਬੇਲਦਾਰ ਸ਼ਾਮਲ ਸਨ।

ਸਰਕਾਰ ਦੀ ਇਸ ਕਾਰਵਾਈ ਦੀ  ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਆਖਿਆ ਕਿ 11 ਜੂਨ ਦੇ ਧਰਨੇ ਤੋਂ ਬਾਅਦ ਅਗਲੇ ਸੰਘਰਸ਼ ਦੀ ਰੂਪਰੇਖਾ ਐਲਾਨੀ ਜਾਵੇਗੀ।

ਥਾਣਾ ਧਨੌਲਾ ਦੇ ਐੱਸਐੱਚਓ ਨਾਇਬ ਸਿੰਘ ਬਹਿਣੀਵਾਲ ਨੇ ਆਖਿਆ ਕਿ ਕੇਸ ਦਰਜ ਕਰਨ ਦੀ ਕਾਰਵਾਈ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ, ਹੋ ਸਕਦਾ ਹੈ ਕਿ ਮੁਨਸ਼ੀ ਕੋਲ ਕਾਰਵਾਈ ਹੋਵੇ।

Comments

comments

Share This Post

RedditYahooBloggerMyspace