ਤਾਂਤਰਿਕ ਦੀ ਭਾਲ ਲਈ ਮਾਨਸਾ ਪੁਲੀਸ ਵੱਲੋਂ ਛਾਪੇ

ਮਾਨਸਾ : ਸ਼ਹਿਰ ਦੀ ਬਿਊਟੀ ਪਾਰਲਰ ਸੰਚਾਲਕਾ ਨਾਲ ਰਾਮਪੁਰਾ ਵਾਸੀ ਇੱਕ ਤਾਂਤਰਿਕ ਵੱਲੋਂ ਡਰਾਵਾ ਦੇ ਕੇ ਜਬਰ- ਜਨਾਹ ਕਰਨ ਸਬੰਧੀ ਮਾਮਲੇ ਦੀ ਪੁਲੀਸ ਨੇ ਜਾਂਚ ਆਰੰਭ ਕਰ ਦਿੱਤੀ ਹੈ। ਤਾਂਤਰਿਕ ਵੱਲੋਂ ਮਾਨਸਾ ਵਿੱਚ ਹੀ ਨਹੀਂ, ਵਿਆਹੁਤਾ ਨੂੰ ਹਰਿਦੁਆਰ, ਬਠਿੰਡਾ, ਸਿਰਸਾ ਅਤੇ ਹੋਰ ਥਾਵਾਂ ‘ਤੇ ਲਿਜਾਕੇ ਉਸ ਨਾਲ ਗੈਰ ਇਨਸਾਨੀਅਤ ਵਾਲੇ ਕਾਰਜ ਕਰਨ ਦੀਆਂ ਘਟਨਾਵਾਂ ਦਾ ਵੀ ਪਤਾ ਲੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤਾਂਤਰਿਕ ਵੱਲੋਂ ਬਿਊਟੀ ਪਾਰਲਰ ਸੰਚਾਲਿਕਾ ਦੀ ਵੀਡੀਓ ਆਪਣੇ ਮੋਬਾਈਲ ਵਿੱਚ ਬਣਾ ਲਈ ਗਈ ਤੇ ਉਸਨੇ ਇਹ ਵੀਡੀਓ ਪਰਿਵਾਰ ਨੂੰ ਦਿਖਾਉਣ ਦਾ ਡਰ ਦਿੱਤਾ, ਜਿਸ ਤੋਂ ਬਾਅਦ ਉਹ ਉਸ ਦੀ ਮਜਬੂਰੀ ਦਾ ਲਾਹਾ ਲੈਣ ਲੱਗਿਆ।

ਪੀੜਤਾ ਦਾ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਡਾਕਟਰੀ ਮੁਆਇਨਾ ਕਰਵਾਇਆ ਗਿਆ ਹੈ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਤਾਂਤਰਿਕ ਕਰੀਬ ਤਿੰਨ ਸਾਲ ਤੋਂ ਇਸ ਔਰਤ ਨਾਲ ਧੱਕੇਸ਼ਾਹੀ ਕਰਦਾ ਆ ਰਿਹਾ ਸੀ। ਪਰਿਵਾਰ ਦੀ ਆਰਥਿਕ ਹਾਲਤ ਸੁਖਾਵੀਂ ਨਾ ਹੋਣ ਕਾਰਨ ਔਰਤ ਤੇ ਉਸ ਦਾ ਪਤੀ ਰਾਮਪੁਰਾ ਫੂਲ ਵਾਸੀ ਤਾਂਤਰਿਕ ਲੱਡੂ ਬਾਬਾ ਦੇ ਸੰਪਰਕ ਵਿੱਚ ਆਏ। ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਨੇ ਤਾਂਤਰਿਕ ਦੇ ਦੱਸੇ ਮੁਤਾਬਿਕ ਉਸ ਨੂੰ ਕਈ ਵਾਰ ਪੈਸੇ ਵੀ ਦਿੱਤੇ, ਜਿਸ ਕਰਕੇ ਉਨ੍ਹਾਂ ਨੂੰ ਜਾਪਣ ਲੱਗਿਆ ਕਿ ਛੇਤੀ ਹੀ ਉਨ੍ਹਾਂ ਦੀ ਆਰਥਿਕ ਹਾਲਤ ਸੁਖਾਵੀਂ ਹੋ ਜਾਵੇਗੀ, ਪਰ ਘਰ ਦੇ ਮੈਂਬਰਾਂ ਦੀ ਗੈਰਹਾਜ਼ਰੀ ਵਿੱਚ ਤਾਂਤਰਿਕ ਬਾਬਾ ਬਿਊਟੀ ਪਾਰਲਰ ਸੰਚਾਲਕਾ ਨਾਲ ਜਬਰ ਜਨਾਹ ਕਰਦਾ ਰਿਹਾ।

ਥਾਣਾ ਸਿਟੀ-1 ਮਾਨਸਾ ਦੀ ਪੁਲੀਸ ਨੇ ਪੀੜਤਾ ਵੱਲੋਂ ਦੱਸੇ ਮੁਤਾਬਿਕ ਸਾਰੀਆਂ ਲੁਕੇਸ਼ਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਇਸ ਮਾਮਲੇ ਮਾਮਲੇ ਵਿੱਚ ਹੋਰ ਸਖਤੀ ਵਰਤੀ ਜਾਵੇਗੀ। ਐਤਵਾਰ ਨੂੰ ਵੀ ਮਾਨਸਾ ਪੁਲੀਸ ਨੇ ਤਾਂਤਰਿਕ ਬਾਬੇ ਦੀ ਗ੍ਰਿਫ਼ਤਾਰੀ ਲਈ ਦਪਸ਼ ਕੀਤੀ, ਪਰ ਉਹ ਫ਼ਰਾਰ ਦੱਸਿਆ ਜਾ ਰਿਹਾ ਹੈ।

ਮੁਲਜ਼ਮ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ: ਪੁਲੀਸ ਅਧਿਕਾਰੀ
ਥਾਣਾ ਸਿਟੀ-1 ਦੇ ਮੁਖੀ ਪਰਮਜੀਤ ਸਿੰਘ ਭਗਵਾਨਪੁਰ ਹੀਂਗਣਾ ਦਾ ਕਹਿਣਾ ਹੈ ਕਿ ਹਾਲੇ ਤੱਕ ਤਾਂਤਰਿਕ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ, ਪਰ ਛੇਤੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਉਸ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਪੁੱਛਗਿੱਛ ਕਰ ਕੇ ਕਾਰਵਾਈ ਅੱਗੇ ਵਧਾਈ ਜਾਵੇਗੀ।

Comments

comments

Share This Post

RedditYahooBloggerMyspace