ਪੁਲਿਸ ਤਸ਼ੱਦਦ ਦੇ ਦਿਲਕੰਬਾਊ ਵੇਰਵੇ ਨਸ਼ਰ ਕਰਦੀ ਜਗਤਾਰ ਸਿੰਘ ਜੱਗੀ ਦੀ ਚਿੱਠੀ ਸਾਹਮਣੇ ਆਈ

ਲੰਡਨ: ਭਾਰਤ ਸਰਕਾਰ ਵਲੋਂ ਕੈਦ ਕੀਤੇ ਗਏ ਸਕਾਟਲੈਂਡ ਦੇ ਬਾਸ਼ਿੰਦੇ ਤੇ ਸਿੱਖ ਨੌਜਵਾਨ ਜਗਤਾਰ ਸਿੰਘ ਜੱਗੀ ਵਲੋਂ ਕੈਦ ਵਿਚੋਂ ਲਿਖੀ ਗਈ ਇਕ ਚਿੱਠੀ ਸਾਹਮਣੇ ਆਈ ਹੈ ਜਿਸ ਵਿਚ ਭਾਰਤੀ ਜਾਂਚ ਏਜੰਸੀਆਂ ਵਲੋਂ ਉਸ ਉੱਤੇ ਅਣਮਨੁੱਖੀ ਤਸ਼ੱਦਦ ਢਾਹੁਣ ਦੀ ਗੱਲ ਕਹੀ ਗਈ ਹੈ।

ਬਰਤਾਨੀਆ ਵਿਚ ਜੱਗੀ ਦੀ ਰਿਹਾਈ ਲਈ ਚਲਾਈ ਜਾ ਰਹੀ ਮੁਹਿੰਮ # ਵਲੋਂ ਇਸ ਚਿੱਠੀ ਨੂੰ ਜਾਰੀ ਕਰਦਿਆਂ ਜਗਤਾਰ ਸਿੰਘ ਜੱਗੀ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ।

ਗੌਰਤਲਬ ਹੈ ਕਿ ਜਗਤਾਰ ਸਿੰਘ ਜੱਗੀ ਬੀਤੇ ਸਾਲ ਪੰਜਾਬ ਵਿਆਹ ਕਰਾਉਣ ਲਈ ਆਇਆ ਸੀ, ਜਿਸ ਦੌਰਾਨ 4 ਨਵੰਬਰ ਨੂੰ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਜਦੋਂ ਉਹ ਆਪਣੀ ਘਰਵਾਲੀ ਨਾਲ ਖਰੀਦਦਾਰੀ ਕਰ ਰਿਹਾ ਸੀ। ਇਸ ਤੋਂ ਬਾਅਦ ਇਕ-ਇਕ ਕਰਕੇ ਕਈ ਮਾਮਲਿਆਂ ਵਿੱਚ ਉਸ ਨੂੰ ਨਾਮਜ਼ਦ ਕਰ ਦਿੱਤਾ ਗਿਆ।

31 ਸਾਲਾ ਨੌਜਵਾਨ ਜਗਤਾਰ ਸਿੰਘ ਜੱਗੀ ਵਲੋਂ ਲਿਖੀ ਚਿੱਠੀ ਵਿਚ ਜਗਤਾਰ ਨੇ ਆਪਣੇ ਉੱਤੇ ਹੋਏ ਅਣਮਨੁੱਖੀ ਤਸ਼ੱਦਦ ਬਾਰੇ ਦਸਦਿਆਂ ਕਿਹਾ ਹੈ ਕਿ ਉਸਨੂੰ ਨੰਗਾ ਰੱਖਿਆ ਗਿਆ ਤੇ ਬਿਜਲਈ ਝਟਕੇ ਦਿੱਤੇ ਗਏ।

ਜਗਤਾਰ ਸਿੰਘ ਜੱਗੀ ਨੇ ਲਿਿਖਆ ਕਿ ਗ੍ਰਿਫਤਾਰੀ ਤੋਂ ਬਾਅਦ ਹਰ ਦਿਨ, ਦਿਨ ਵਿਚ ਕਈ ਕਈ ਵਾਰ ਉਸ ਉੱਤੇ ਤਸ਼ੱਦਦ ਦਾ ਦੌਰ ਚਲਦਾ ਸੀ। ਉਸਦੇ ਕੰਨਾਂ ਅਤੇ ਗੁਪਤ ਅੰਗਾਂ ‘ਤੇ ਬਿਜਲੀ ਦੇ ਝਟਕੇ ਦਿੱਤੇ ਜਾਂਦੇ ਸੀ। ਉਸਨੇ ਕਿਹਾ ਕਿ ਤਸ਼ੱਦਦ ਇਸ ਹੱਦ ਤਕ ਕੀਤਾ ਜਾਂਦਾ ਸੀ ਕਿ ਉਸਨੂੰ ਪਿਸ਼ਾਬ ਕਰਨ ਵਿਚ ਵੀ ਸਮੱਸਿਆ ਆਉਂਦੀ ਸੀ।

ਉਸਨੇ ਲਿਿਖਆ ਕਿ ਭਾਰਤੀ ਪੁਲਿਸ ਨੇ ਉਸ ਉੱਤੇ ਸ਼ਰੀਰਕ ਤਸ਼ੱਦਦ ਕਰਨ ਦੇ ਨਾਲ ਉਸਨੂੰ ਧਮਕੀਆਂ ਦਿੱਤੀਆਂ ਕਿ ਕਿਸੇ ਵਿਰਾਨ ਥਾਂ ‘ਤੇ ਲਿਜਾ ਕੇ ਉਸਨੂੰ ਝੂਠੇ ਮੁਕਾਬਲੇ ਵਿਚ ਗੋਲੀ ਮਾਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪੁਲਿਸ ਨੇ ਉਸਨੂੰ ਜਿਉਂਦਿਆਂ ਪੈਟਰੋਲ ਪਾ ਕੇ ਅੱਗ ਲਾਉਣ ਦੀ ਧਮਕੀ ਵੀ ਦਿੱਤੀ।

ਉਸਨੇ ਲਿਖਿਆ ਕਿ ਪੁਲਿਸ ਨੇ ਇਹ ਵੀ ਧਮਕੀ ਦਿੱਤੀ ਕਿ ਜੇ ਉਹ ਝੂਠਾ ਇਕਬਾਲ ਨਹੀਂ ਕਰਦਾ ਤਾਂ ਉਸਦੀ ਘਰਵਾਲੀ ਅਤੇ ਭੈਣ ਜੋ ਉਸ ਨਾਲ ਗ੍ਰਿਫਤਾਰੀ ਮੌਕੇ ਮੋਜੂਦ ਸੀ, ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।

ਉਸਨੇ ਦੱਸਿਆ ਕਿ ਪੁਲਿਸ ਨੇ ਜ਼ਬਰਦਸਤੀ ਆਪਣੀ ਮਨ ਮਰਜੀ ਦੀ ਗੱਲ ਉਸ ਕੋਲੋਂ ਰਿਕਾਰਡ ਕਰਵਾਈ ਅਤੇ ਖਾਲੀ ਕਾਗਜ਼ਾਂ ਅਤੇ ਹੋਰ ਦਸਤਾਵੇਜਾਂ ‘ਤੇ ਜਬਰਦਸਤੀ ਦਸਤਖਤ ਕਰਵਾਏ, ਜਿਹਨਾਂ ਨੂੰ ਉਸਨੂੰ ਪੜ੍ਹਨ ਵੀ ਨਹੀਂ ਦਿੱਤਾ ਗਿਆ।

ਇਸੇ ਦੌਰਾਨ ਸਿੱਖ ਫੈਡਰੇਸ਼ਨ ਯੂ. ਕੇ. ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਜਗਤਾਰ ਸਿੰਘ ਜੌਹਲ ਉੱਤੇ ਹੋਏ ਅਣਮਨੁੱਖੀ ਤਸ਼ੱਦਦ ਦੇ ਲੱਗ ਰਹੇ ਦੋਸ਼ਾਂ ਬਾਰੇ ਯੂ.ਐਨ ਵਲੋਂ ਕੀਤੇ ਸਵਾਲਾਂ ਦਾ ਭਾਰਤ ਸਰਕਾਰ ਜਵਾਬ ਨਹੀਂ ਦੇ ਸਕੀ ਹੈ।

Comments

comments

Share This Post

RedditYahooBloggerMyspace