ਪੁਲਿਸ ਨੇ ਪਿੰਡ ਡੰਗੋਲੀ ਬੇਅਦਬੀ ਕੇਸ ਹੱਲ ਕਰਨ ਦਾ ਕੀਤਾ ਦਾਅਵਾ, ਪਿੰਡ ਵਾਸੀਆਂ ਨੇ ਪੁਲਿਸ ਦੇ ਦਾਅਵੇ ਨੂੰ ਨਕਾਰਿਆ

ਰੂਪਨਗਰ: ਕਸਬਾ ਘਨੌਲੀ ਨਜ਼ਦੀਕ ਪਿੰਡ ਡੰਗੋਲੀ ਵਿਚ ਬੀਤੇ ਕਲ੍ਹ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਦੀ ਤੰਦ ਉਲਝਦੀ ਪ੍ਰਤੀਤ ਹੋ ਰਹੀ ਹੈ। ਜਿੱਥੇ ਪੁਲਿਸ ਨੇ ਅੱਜ ਦਾਅਵਾ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਹੀ ਬੇਅਦਬੀ ਕਰਨ ਦਾ ਦੋਸ਼ੀ ਹੈ ਉੱਥੇ ਪਿੰਡ ਦੇ ਲੋਕ ਪੁਲਿਸ ਦੇ ਇਸ ਦਾਅਵੇ ਨੂੰ ਮੰਨਣ ਲਈ ਤਿਆਰ ਨਹੀਂ ਹਨ ਤੇ ਪੁਲਿਸ ਦੀ ਤਫਤੀਸ਼ ‘ਤੇ ਸਵਾਲ ਚੁੱਕ ਰਹੇ ਹਨ।

ਪੰਜਾਬ ਪੁਲਿਸ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਪਿੰਡ ਡੰਗੋਲੀ ਦੇ ਸਿੰਘ ਸ਼ਹੀਦਾਂ ਗੁਰਦਵਾਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਦਾ ਮਾਮਲਾ ਕੁੱਝ ਘੰਟਿਆਂ ‘ਚ ਹੀ ਹੱਲ ਕਰ ਲਿਆ ਗਿਆ ਹੈ ਅਤੇ ਸਬੰਧਤ ਗੁਰਦਵਾਰਾ ਸਾਹਿਬ ‘ਚ ਸੇਵਾ ਸੰਭਾਲ ਕਰਨ ਵਾਲੇ ਗ੍ਰੰਥੀ ਸਿੰਘ ਜਗਤਾਰ ਸਿੰਘ ਨੂੰ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ।

ਇੱਕ ਭਰਵੀਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਰਾਜ ਬਚਨ ਸਿੰਘ, ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਦੱਸਿਆ ਕਿ 09 ਜੂਨ, 2018 ਨੂੰ ਪਿੰਡ ਡੰਗੋਲੀ ਵਿਖੇ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਸੰਬੰਧੀ ਮੁੱਕਦਮਾਂ ਨੰਬਰ 58 ਮਿਤੀ 09-06-2018 ਅ/ਧ 295-ਏ ਹਿੰ;ਦੰ: ਥਾਣਾ ਸਦਰ ਰੂਪਨਗਰ ਵਿਖੇ ਦਰਜ ਕੀਤਾ ਗਿਆ ਸੀ।

ਪੁਲਿਸ ਨੇ ਦਾਅਵਾ ਕੀਤਾ ਕਿ ਤਫਤੀਸ਼ ਦੌਰਾਨ ਗ੍ਰੰਥੀ ਸਿੰਘ ਵਜੋਂ ਸੇਵਾ ਕਰਦੇ ਜਗਤਾਰ ਸਿੰਘ ਦੇ ਬਿਆਨ ਬਦਲ ਰਹੇ ਸਨ ਤੇ ਸਖਤੀ ਕਰਨ ‘ਤੇ ਉਸਨੇ ਕਬੂਲ ਕੀਤਾ ਕਿ ਮੰਨਿਆ ਕਿ ਉਹ ਟਰੱਕ ਡਰਾਇਵਰੀ ਕਰਦਾ ਹੈ ਅਤੇ ਪਿੰਡ ਵਿੱਚ ਇੱਕ ਹੀ ਗੁਰਦੁਆਰਾ ਸਾਹਿਬ ਰੱਖਣ ਬਾਰੇ ਕਈ ਦਿਨਾਂ ਤੋ ਉਸ ‘ਤੇ ਦਬਾਅ ਪਾਇਆ ਜਾ ਰਿਹਾ ਸੀ। ਪੁਲਿਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਗ੍ਰੰਥੀ ਨੇ ਇਹ ਗੱਲ ਮੰਨੀ ਕਿ ਉਹ ਗੁਰੂਦੁਆਰਾ ਸਾਹਿਬ ਦੀ ਰੋਜ਼ਾਨਾ ਡਿਊਟੀ ਤੋ ਅੱਕ ਗਿਆ ਸੀ ਅਤੇ ਆਪਣੀ ਟਰੱਕ ਡਰਾਇਵਰੀ ਦੇ ਕੰਮ ਵਿਚੋਂ ਗੁਰੂਦੁਆਰਾ ਸਾਹਿਬ ਦੇ ਕੰਮ ਲਈ ਸਮਾਂ ਕੱਢਣਾ ਉਸ ਲਈ ਬਹੁਤ ਮੁਸ਼ਕਿਲ ਸੀ। ਇਸ ਸਭ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਕੇ ਉਸਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਭੋਗ ਲਗਾਉਣ ਲਈ ਰੱਖੀ ਸਿਰੀ ਸਾਹਿਬ ਦੀ ਸਾਇਡ ਵਾਲੀ ਪੱਤੀ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਈ ਅੰਗ ਫਾੜ ਦਿੱਤੇ ਅਤੇ ਅਤੇ ਫਿਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਗੁਰੂ ਘਰ ਦਾ ਦਰਵਾਜਾ ਇਸ ਮੰਤਵ ਲਈ ਖੁੱਲਾ ਛੱਡ ਕੇ ਚੱਲਾ ਗਿਆ ਕਿ ਲੋਕੀ ਇਹ ਸਮਝਣ ਕਿ ਕਿਸੇ ਜਾਨਵਰ ਨੇ ਗੁਰੂਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰੰਥੀ ਜਗਤਾਰ ਸਿੰਘ ਨੂੰ ਇਸ ਮੁਕੱਦਮੇ ‘ਚ ਅੱਜ 10 ਜੂਨ, 2018 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

ਜਦੋਂ ਸਿੱਖ ਸਿਆਸਤ ਵਲੋਂ ਪਿੰਡ ਡੰਗੋਲੀ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਬੀਤੇ ਕਲ੍ਹ ਸ਼ਾਮ ਨੂੰ ਹੀ ਜਗਤਾਰ ਸਿੰਘ ਅਤੇ ਮੱਖਣ ਸਿੰਘ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿਚ ਇਕ ਪੁਰਾਤਨ ਗੁਰਦੁਆਰਾ ਸਾਹਿਬ ਮੋਜੂਦ ਸੀ ਪਰ ਮੱਖਣ ਸਿੰਘ ਵਲੋਂ ਇਹ ਇਕ ਨਵਾਂ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਜਿਸ ਦੀ ਮੁੱਖ ਵਜ੍ਹਾ ਜਾਤ-ਪਾਤ ਦਾ ਪਾੜਾ ਹੀ ਸੀ। ਪਰ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲ ਖਾਸ ਧਿਆਨ ਨਹੀਂ ਦਿੱਤਾ ਜਾਂਦਾ ਸੀ ਤੇ ਇਕ ਦੋ ਵਾਰ ਇਹ ਗੱਲ ਜ਼ਰੂਰ ਉੱਠੀ ਸੀ ਕਿ ਜੇ ਪ੍ਰਬੰਧ ਠੀਕ ਨਹੀਂ ਹੋ ਸਕਦਾ ਤਾਂ ਜਾ ਮਹਾਰਾਜ ਦੇ ਸਰੂਪ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਪਹੁੰਚਾ ਦਿੱਤੇ ਜਾਣ ਤੇ ਜਾ ਫੇਰ ਤਖ਼ਤ ਸਾਹਿਬ ਪਹੁੰਚਾ ਦਿੱਤੇ ਜਾਣ। ਪਿੰਡ ਵਾਸੀਆਂ ਨੇ ਦੱਸਿਆ ਕਿ ਜਗਤਾਰ ਸਿੰਘ ਬੀਤੇ ਕਈ ਸਾਲਾਂ ਤੋਂ ਇਸ ਗੁਰਦੁਆਰਾ ਸਾਹਿਬ ਵਿਚ ਪਾਠੀ ਸਿੰਘ ਵਜੋਂ ਸੇਵਾ ਕਰਦਾ ਆ ਰਿਹਾ ਸੀ। ਉਨ੍ਹਾਂ ਪੁਲਿਸ ਬਿਆਨ ਦੇ ਉਸ ਦਾਅਵੇ ਨੂੰ ਝੂਠਾ ਦੱਸਿਆ ਕਿ ਪਿੰਡ ਵਿਚ ਇਕ ਗੁਰਦੁਆਰਾ ਸਾਹਿਬ ਰੱਖਣ ਬਾਰੇ ਕੋਈ ਵੱਡਾ ਦਬਾਅ ਬਣਾਇਆ ਜਾ ਰਿਹਾ ਸੀ ਜਾ ਕੋਈ ਵੱਡੀ ਗੱਲ ਚੱਲ ਰਹੀ ਸੀ।

ਪਿੰਡ ਦੇ ਲੋਕਾਂ ਨੇ ਗੱਲ ਕਰਦਿਆਂ ਦੱਸਿਆ ਕਿ ਜੋ ਲੋਕ ਜਗਤਾਰ ਸਿੰਘ ਨੂੰ ਅੱਜ ਮਿਲ ਕੇ ਆਏ ਹਨ ਉਨ੍ਹਾਂ ਦੇ ਦੱਸਣ ਅਨੁਸਾਰ ਜਗਤਾਰ ਸਿੰਘ ਨਾਲ ਕਾਫੀ ਤਸ਼ੱਦਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਗਤਾਰ ਸਿੰਘ ਦੀ ਘਰਵਾਲੀ ਨੂੰ ਵੀ ਉਸ ਨਾਲ ਇਕੱਲਿਆਂ ਮੁਲਾਕਾਤ ਨਹੀਂ ਕਰਨ ਦਿੱਤੀ ਗਈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਇਹ ਮਨਘੜਤ ਕਹਾਣੀ ਬਣਾ ਕੇ ਜਗਤਾਰ ਸਿੰਘ ਨੂੰ ਇਸ ਕੇਸ ਵਿਚ ਫਸਾਇਆ ਹੈ।

Comments

comments

Share This Post

RedditYahooBloggerMyspace