ਬਗਾਵਤੀ ਸੁਰ: ਕਈ ਪਿੰਡਾਂ ’ਚ ਕਿਸਾਨਾਂ ਨੇ ਲਾਇਆ ਝੋਨਾ

ਮਾਨਸਾ : ਪੰਜਾਬ ਸਰਕਾਰ ਵੱਲੋਂ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਦੇ ਕੀਤੇ ਗਏ ਆਦੇਸ਼ਾਂ ਖਿਲਾਫ਼ ਬਗਾਵਤ ਦਾ ਝੰਡਾ ਗੱਡਦਿਆਂ ਕਿਸਾਨਾਂ ਨੇ ਝੋਨਾ ਲਾਉਣਾ ਆਰੰਭ ਕਰ ਦਿੱਤਾ ਹੈ। ਭਾਵੇਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਕਿਸਾਨਾਂ ਨੂੰ ਬਿਜਲੀ ਨਹੀਂ ਦਿੱਤੀ ਜਾ ਰਹੀ, ਪਰ ਕੱਲ੍ਹ ਪਏ ਮੀਂਹ ਦਾ ਲਾਹਾ ਲੈਂਦਿਆਂ ਕਿਸਾਨਾਂ ਨੇ ਰਾਤੋ-ਰਾਤ ਝੋਨੇ ਵਿੱਚ ਕੱਦੂ ਕਰ ਦਿੱਤਾ ਅਤੇ ਦਿਨ ਚੜ੍ਹਦੇ ਨੂੰ ਅਨੇਕਾਂ ਥਾਵਾਂ ‘ਤੇ ਪਨੀਰੀ ਖੇਤਾਂ ਵਿੱਚ ਗੱਡ ਦਿੱਤੀ।

ਜਥੇਬੰਦੀਆਂ ਦਾ ਕਹਿਣਾ ਹੈ ਕਿ 20 ਜੂਨ ਤੋਂ ਪਹਿਲਾਂ ਲਾਏ ਝੋਨੇ ਦੀ ਪਿੰਡਾਂ ਵਿਚਲੇ ਯੂਨੀਅਨ ਦੇ ਯੂਨਿਟ ਬਕਾਇਦਾ ਰਾਖੀ ਕਰਨਗੇ ਅਤੇ ਪੁਲੀਸ ਸਮੇਤ ਖੇਤੀ ਅਧਿਕਾਰੀਆਂ ਦਾ ਬਕਾਇਦਾ ਖੇਤਾਂ ਵਿੱਚ ਜਾਣ ਸਮੇਂ ਘਿਰਾਓ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਇਸ ਸਰਕਾਰੀ ਫ਼ੈਸਲੇ ਖ਼ਿਲਾਫ਼ ਬਗਾਵਤ ਦੀ ਸ਼ੁਰੂਆਤ ਪਿੰਡ ਭੈਣੀਬਾਘਾ ਤੋਂ ਇੱਕ ਰੈਲੀ ਦੌਰਾਨ ਕੀਤੀ ਗਈ। ਪਿੰਡ ਭੈਣੀਬਾਘਾ ਵਿੱਚ ਜਥੇਬੰਦੀ ਦੇ ਆਗੂਆਂ ਦੀ ਦੇਖ-ਰੇਖ ਹੇਠ ਕਿਸਾਨਾਂ ਨੇ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਅੱਧੀ ਦਰਜਨ ਏਕੜ ਵਿੱਚ ਝੋਨਾ ਲਾਇਆ ਗਿਆ ਜਦੋਂਕਿ ਲੱਲੂਆਣਾ, ਖਿੱਲਣ, ਰੱਲਾ ਪਿੰਡ ਦੇ ਕਿਸਾਨਾਂ ਨੇ ਵੀ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਗਈ ਹੈ। ਝੋਨੇ ਦੀ ਇਸ ਲਵਾਈ ਵੇਲੇ ਕਿਸਾਨ ਜਥੇਬੰਦੀਆਂ ਵੱਲੋਂ ਬਾਕਾਇਦਾ ਆਪਣੇ ਝੰਡਿਆਂ ਵਿੱਚ ਡੰਡੇ ਪਾ ਕੇ ਖੇਤਾਂ ਵਿੱਚ ਗਏ ਅਤੇ ਕਿਸਾਨਾਂ ਨੂੰ ਹੌਸਲਾ ਦਿੱਤਾ ਗਿਆ ਕਿ ਤੁਹਾਨੂੰ ਝੋਨਾ ਲਾਉਂਦਿਆਂ ਨੂੰ ਰੋਕਣ ਵਾਲਾ ਕੋਈ ਵੀ ਨਹੀਂ ਆਵੇਗਾ।

ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਪਿੰਡ ਰੱਲਾ ਵਿੱਚ ਕਿਸਾਨ ਗੋਰਾ ਸਿੰਘ ਨੇ 8 ਏਕੜ ਝੋਨੇ ਵੀ ਲਵਾਈ ਪੂਰੀ ਕਰ ਲਈ ਹੈ। ਕਿਸਾਨ ਆਗੂ ਬੱਲਾ ਸਿੰਘ ਰੱਲਾ ਨੇ ਦੱਸਿਆ ਕਿ ਪਿੰਡ ਕਮੇਟੀਆਂ ਦੇ ਆਗੂ ਝੰਡੀਆਂ ਸਮੇਤ ਲਗਾਤਾਰ ਮੋਟਰ ਸਾਈਕਲ ਰਾਹੀਂ ਖੇਤਾਂ ਵਿੱਚ ਗਸ਼ਤ ਕਰ ਰਹੇ ਹਨ। ਕਿਸਾਨਾਂ ਅਨੁਸਾਰ ਪਿੰਡ ਰੱਲਾ ਵਿੱਚ 18 ਏਕੜ, ਤਾਮਕੋਟ ਵਿਚ 6 ਏਕੜ ਤੇ ਨੰਗਲ ਕਲਾਂ ਵਿੱਚ 1 ਏਕੜ ਝੋਨੇ ਦੀ ਲਵਾਈ ਕੀਤੀ ਗਈ ਹੈ। ਦੂਜੇ ਪਾਸੇ, ਜਮਹੂਰੀ ਕਿਸਾਨ ਸਭਾ ਦੇ ਆਗੂ ਇਕਬਾਲ ਸਿੰਘ ਫਫੜੇ ਨੇ ਦੱਸਿਆ ਕਿ ਪਿੰਡ ਫਫੜੇ ਭਾਈਕੇ ਵਿੱਚ 1 ਏਕੜ ਵਿੱਚ ਝੋਨਾ ਲਾਇਆ ਗਿਆ।

ਨਥਾਣਾ : ਪਿੰਡ ਲਹਿਰਾ ਮੁਹੱਬਤ ਦੇ ਇੱਕ ਦਰਜਨ ਤੋਂ ਵੱਧ ਕਿਸਾਨਾਂ ਨੇ ਅੱਜ ਆਪਣੇ ਖੇਤਾਂ ਵਿੱਚ ਝੋਨੇ ਦੀ ਲਵਾਈ ਕਰ ਕੇ ਅੜੀ ਪੁਗਾਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ’ਚ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਕੇਵਲ ਝੋਨਾ ਹੀ ਨਹੀਂ ਲਾਇਆ ਬਲਕਿ ਉੱਥੇ ਪੁੱਜੇ ਖੇਤੀਬਾੜੀ ਅਤੇ ਪੁਲੀਸ ਮੁਲਾਜ਼ਮਾਂ ਦਾ ਕਰੜਾ ਵਿਰੋਧ ਕਰਕੇ ਉਨ੍ਹਾਂ ਨੂੰ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ।

ਲਹਿਰਾ ਮੁਹੱਬਤ ਦੇ ਜਿਨ੍ਹਾਂ ਇੱਕ ਦਰਜਨ ਤੋਂ ਵੱਧ ਕਿਸਾਨਾਂ ਨੇ ਅੱਜ ਆਪਣੇ ਖੇਤਾਂ ਵਿੱਚ ਝੋਨੇ ਦੀ ਲਵਾਈ ਕੀਤੀ ਹੈ, ਉਨ੍ਹਾਂ ਖੇਤਾਂ ਵਿੱਚ ਭਾਰਤੀ ਕਿਸਾਨ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਦੀ ਅਗਵਾਈ ਹੇਠ ਕਿਸਾਨ ਵਰਕਰਾਂ ਨੇ ਨਿਗਰਾਨੀ ਕੀਤੀ। ਬਾਲਿਆਂਵਾਲੀ ਰੋਡ ‘ਤੇ ਜਦੋਂ ਕਿਸਾਨ ਆਪਣੇ ਖੇਤ ਵਿੱਚ ਝੋਨਾ ਲਾ ਰਹੇ ਸਨ ਤਾਂ ਪੁਲੀਸ ਅਤੇ ਖੇਤੀਬਾੜੀ ਮਹਿਕਮੇ ਦੇ ਮੁਲਾਜ਼ਮ ਉੱਥੇ ਪੁੱਜ ਗਏ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਕਾਫੀ ਗਿਣਤੀ ਵਰਕਰ ਉਥੇ ਪੁੱਜ ਗਏ ਅਤੇ ਉਨ੍ਹਾਂ ਮੁਲਾਜ਼ਮਾਂ ਦੀ ਕੋਈ ਵੀ ਦਲੀਲ ਸੁਣਨ ਦੀ ਬਜਾਏ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਸੰਗਤ ਮੰਡੀ (ਪੱਤਰ ਪ੍ਰੇਰਕ):
ਪਿੰਡ ਰਾਏ ਕੇ ਖੁਰਦ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ‘ਚ ਕਿਸਾਨ ਲਖਵੀਰ ਸਿੰਘ ਵੱਲੋਂ ਤਿੰਨ ਏਕੜ ਝੋਨਾ ਲਗਾਇਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਸੰਗਤ ਦੇ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਨੇ ਦੱਸਿਆ ਕਿ ਕੱਲ੍ਹ ਜਥੇਬੰਦੀ ਵੱਲੋਂ ਨਹਿਰੀ ਅਤੇ ਬਿਜਲੀ ਵਿਭਾਗ ਦੇ ਐਕਸੀਅਨਾਂ ਨੂੰ ਮਿਲ ਕੇ ਬਿਜਲੀ ਅਤੇ ਪਾਣੀ ਦੀ ਨਿਰੰਤਰ ਸਪਲਾਈ ਦੇਣ ਲਈ ਕਿਹਾ ਜਾਵੇਗਾ।

ਕਿਸਾਨਾਂ ਖ਼ਿਲਾਫ਼ ਕਾਰਵਾਈ ਲਈ ਵਿਸ਼ੇਸ਼ ਮੁਹਿੰਮ ਅੱਜ ਤੋਂ: ਬਰਾੜ

ਮਾਨਸਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਸਰਕਾਰੀ ਆਦੇਸ਼ਾਂ ਮੁਤਾਬਕ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਬਾਕਾਇਦਾ ਬਣਦੀ ਕਾਰਵਾਈ ਕਰਨ ਲਈ ਉਹ ਕੱਲ੍ਹ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਰਹੇ ਹਨ ਅਤੇ ਸਰਕਾਰ ਦੇ ਫ਼ੈਸਲੇ ਮੁਤਾਬਕ ਝੋਨੇ ਨੂੰ ਵਾਹਿਆ ਜਾਵੇਗਾ, ਜਦੋਂਕਿ ਇਸ ਤੋਂ ਪਹਿਲਾਂ ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨੂੰ ਦਿੱਤੀ ਜਾਵੇਗੀ। ਜੇਕਰ ਲੋੜ ਪਈ ਤਾਂ ਖੇਤਾਂ ਵਿੱਚ ਪੁਲੀਸ ਵੀ ਲਿਜਾਈ ਜਾਵੇਗੀ।

Comments

comments

Share This Post

RedditYahooBloggerMyspace