ਜਗਤਾਰ ਸਿੰਘ ਜੱਗੀ ‘ਤੇ ਤਸ਼ੱਦਦ ਕਰਨ ਵਿਚ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਕਥਿਤ ਸ਼ਮੂਲੀਅਤ

ਚੰਡੀਗੜ੍ਹ: ਭਾਰਤੀ ਜੇਲ੍ਹ ਵਿਚ ਨਜ਼ਰਬੰਦ ਬਰਤਾਨਵੀ ਸਿੱਖ ਨੌਜਵਾਨ ਜਗਤਾਰ ਸਿੰਘ ਜੱਗੀ ਜੌਹਲ ਨਾਲ ਪੰਜਾਬ ਪੁਲਿਸ ਵਲੋਂ ਕੀਤੇ ਅਣਮਨੁੱਖੀ ਤਸ਼ੱਦਦ ਦੀ ਚਿੱਠੀ ਜਨਤਕ ਹੋਣ ਤੋਂ ਬਾਅਦ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਜੱਗੀ ਜੌਹਲ ‘ਤੇ ਅਣਮਨੁੱਖੀ ਤਸ਼ੱਦਦ ਕਰਨ ਵਾਲਿਆਂ ਵਿਚ ਪੰਜਾਬ ਪੁਲਿਸ ਦੇ ਡੀ.ਆਈ.ਜੀ ਅਤੇ ਦੋ ਐਸ.ਐਸ.ਪੀ ਪੱਧਰ ਦੇ ਉੱਚ ਅਧਿਕਾਰੀ ਵੀ ਸ਼ਾਮਿਲ ਸਨ।
ਪਿਛਲੇ ਦਿਨੀਂ ਜਗਤਾਰ ਸਿੰਘ ਜੱਗੀ ਦੇ ਪਰਿਵਾਰ ਅਤੇ #FreeJaggiNow ਮੁਹਿੰਮ ਚਲਾਉਣ ਵਾਲਿਆਂ ਨੇ 2 ਹੱਥ ਲਿਖਤ ਪੰਨੇ ਜਨਤਕ ਕੀਤੇ ਸਨ ਜਿਹਨਾਂ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਉਹ ਜਗਤਾਰ ਸਿੰਘ ਜੱਗੀ ਨੇ ਭਾਰਤੀ ਜੇਲ੍ਹ ਵਿਚੋਂ ਲਿਖੇ ਸਨ। ਇਸ ਚਿੱਠੀ ਵਿਚ ਜਗਤਾਰ ਸਿੰਘ ਜੱਗੀ ਨੇ ਉਸ ਉੱਤੇ ਭਾਰਤੀ ਜੇਲ੍ਹ ਵਿਚ ਭਾਰਤੀ ਅਧਿਕਾਰੀਆਂ (ਪੰਜਾਬ ਪੁਲਿਸ) ਵਲੋਂ ਕੀਤੇ ਗਏ ਅਣਮਨੁੱਖੀ ਤਸ਼ੱਦਦ ਬਾਰੇ ਦੱਸਿਆ ਸੀ। ਇਨ੍ਹਾਂ ਹੱਥਲਿਖਤ ਪੰਨਿਆਂ ਉੱਤੇ ਹਲਾਂਕਿ ਕਿਸੇ ਦੇ ਵੀ ਹਸਤਾਖਰ ਨਹੀਂ ਸਨ ਅਤੇ ਨਾ ਹੀ ਕਿਸੇ ਪੁਲਿਸ ਅਧਿਕਾਰੀ ਦਾ ਨਾਂ ਸੀ ਜਿਸ ਨੇ ਤਸ਼ੱਦਦ ਕੀਤਾ।

ਪਰ ਸਿੱਖ ਸਿਆਸਤ ਨਿਊਜ਼ ਨੂੰ ਕੁਝ ਹੋਰ ਦਸਤਾਵੇਜ ਹਾਸਿਲ ਹੋਏ ਹਨ ਜੋ ਨਾ ਕਿ ਸਿਰਫ ਇਨ੍ਹਾਂ ਹੱਥਲਿਖਤ ਪੰਨਿਆਂ ਦੀ ਪ੍ਰਮਾਣਿਕਤਾ ਬਿਆਨ ਕਰਦੇ ਹਨ ਬਲਕਿ ਉਨ੍ਹਾਂ ਕਾਰਨਾਂ ਦੀ ਵੀ ਨਿਸ਼ਾਨਦੇਹੀ ਕਰਦੇ ਹਨ ਜਿਹਨਾਂ ਕਾਰਨ ਹੱਥਲਿਖਤ ਪੰਨਿਆਂ ‘ਤੇ ਕਿਸੇ ਪੁਲਿਸ ਅਧਿਕਾਰੀ ਦਾ ਨਾਮ ਜਾ ਕਿਸੇ ਦੇ ਹਸਤਾਖਰ ਨਹੀਂ ਹਨ।

ਸਿੱਖ ਸਿਆਸਤ ਨਿਊਜ਼ ਵਲੋਂ ਵੇਖੇ ਗਏੇ ਦਸਤਾਵੇਜਾਂ ਅਨੁਸਾਰ ਜਗਤਾਰ ਸਿੰਘ ਜੱਗੀ ਦੀ ਹੱਥਲਿਖਤ ਚਿੱਠੀ ਫਰਵਰੀ 2018 ਦੀ ਹੈ ਅਤੇ ਇਸਦੀ ਨਕਲ ਭਾਰਤ ਵਿਚ ਮੋਜੂਦ ਬਰਤਾਨਵੀ ਅਧਿਕਾਰੀਆਂ ਨੂੰ ਵੀ ਭੇਜੀ ਗਈ ਸੀ।

ਬਰਤਾਨਵੀ ਅਧਿਕਾਰੀਆਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਜਗਤਾਰ ਸਿੰਘ ਜੱਗੀ ਨੇ ਪੁਲਿਸ ਅਧਿਕਾਰੀਆਂ ਦੇ ਨਾਮ ਨਸ਼ਰ ਨਹੀਂ ਕੀਤੇ ਕਿਉਂਕਿ ਜੇਲ੍ਹ ਤੋਂ ਅਦਾਲਤ ਲਿਜਾਂਦਿਆਂ ਸਮੇਂ ਚਿੱਠੀ ਪੁਲਿਸ ਹੱਥ ਲੱਗਣ ਦਾ ਡਰ ਸੀ।

ਦਸਤਾਵੇਜਾਂ ਅਨੁਸਾਰ ਜਗਤਾਰ ਸਿੰਘ ਜੱਗੀ ਨੇ ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਨਾਮ ਆਪਣੇ ਵਕੀਲ ਜਸਪਾਲ ਸਿੰਘ ਮੰਝਪੁਰ ਨੂੰ ਜਬਾਨੀ ਦੱਸੇ ਸਨ। ਬਰਤਾਨਵੀ ਹਾਈ ਕਮਿਸ਼ਨ ਨੂੰ ਭੇਜੀ ਚਿੱਠੀ ਵਿਚ ਜਗਤਾਰ ਸਿੰਘ ਜੱਗੀ ਦੇ ਵਕੀਲ ਨੇ ਬਰਤਾਨਵੀ ਅਧਿਕਾਰੀਆਂ ਨੂੰ ਦੱਸਿਆ ਕਿ ਜਗਤਾਰ ਸਿੰਘ ਜੱਗੀ ਨੇ ਉਨ੍ਹਾਂ ਨੂੰ ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਸਾਰੀ ਜਾਣਕਾਰੀ ਦਿੱਤੀ ਸੀ, ਜਿਸ ਵਿਚ ਡੀ.ਆਈ.ਜੀ, 2 ਐਸ.ਐਸ.ਪੀ, ਐਸ.ਪੀ ਅਤੇ ਡੀ.ਐਸ.ਪੀ ਪੱਧਰ ਦੇ ਅਧਿਕਾਰੀਆਂ ਦੇ ਨਾਂ ਸ਼ਾਮਿਲ ਸਨ। ਇਸ ਤੋਂ ਇਲਾਵਾ ਕੁਝ ਇੰਸਪੈਕਟਰ ਅਤੇ ਏ.ਐਸ.ਆਈ ਪੱਧਰ ਦੇ ਅਧਿਕਾਰੀਆਂ ਦੇ ਨਾਮ ਵੀ ਤਸ਼ੱਦਦ ਕਰਨ ਵਾਲਿਆਂ ਵਿਚ ਸ਼ਾਮਿਲ ਸਨ।

ਦਸਤਾਵੇਜਾਂ ਅਨੁਸਾਰ ਜਗਤਾਰ ਸਿੰਘ ਜੱਗੀ ਨੇ ਆਪਣੇ ਵਕੀਲ ਨੂੰ ਦੱਸਿਆ ਕਿ ਇਹਨਾਂ ਤੋਂ ਇਲਾਵਾ ਕੁਝ ਹੋਰ ਪੁਲਿਸ ਅਧਿਕਾਰੀ ਵੀ ਤਸ਼ੱਦਦ ਕਰਨ ਵਾਲਿਆਂ ਵਿਚ ਸ਼ਾਮਿਲ ਸਨ ਜਿਹਨਾਂ ਦੇ ਨਾਮ ਉਸ ਨੂੰ ਪਤਾ ਨਹੀਂ ਲੱਗ ਸਕੇ।

ਦਸਤਾਵੇਜ ਵਿਚ ਇਹ ਵੀ ਸਾਫ ਹੈ ਕਿ ਜਗਤਾਰ ਸਿੰਘ ਜੱਗੀ ਨੇ ਤਸ਼ੱਦਦ ਦੇ ਇਸ ਮਾਮਲੇ ਨੂੰ ਚੁੱਕਣ ਅਤੇ ਇਸ ਦੀ ਜਾਂਚ ਕਰਾਉਣ ਲਈ ਆਪਣੀ ਰਜ਼ਾਮੰਦੀ ਵੀ ਦਿੱਤੀ ਹੈ।

ਜਦੋਂ ਸਿੱਖ ਸਿਆਸਤ ਨਿਊਜ਼ ਵਲੋਂ ਜਗਤਾਰ ਸਿੰਘ ਜੱਗੀ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਉਪਰੋਕਤ ਦਸਤਾਵੇਜਾਂ ਦੀ ਤਸਦੀਕ ਕੀਤੀ। ਉਨ੍ਹਾਂ ਕਿਹਾ, “ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਜਗਤਾਰ ਸਿੰਘ ਜੱਗੀ ਦੀ ਚਿੱਠੀ ਨੂੰ ਮੈਂ ਵੇਖਿਆ ਹੈ। ਇਹ ਚਿੱਠੀ ਸਹੀ ਹੈ ਅਤੇ ਜਗਤਾਰ ਸਿੰਘ ਜੱਗੀ ਵਲੋਂ ਹੀ ਲਿਖੀ ਗਈ ਹੈ।” ਉਨ੍ਹਾਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਭਾਰਤ ਵਿਚਲੇ ਬਰਤਾਨਵੀ ਹਾਈ ਕਮਿਸ਼ਨ ਨੂੰ ਜੱਗੀ ਨਾਲ ਹੋਏ ਅਣਮਨੁੱਖੀ ਤਸ਼ੱਦਦ ਸਬੰਧੀ ਚਿੱਠੀ ਲਿਖੀ ਗਈ ਸੀ।

ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਜਗਤਾਰ ਸਿੰਘ ਜੱਗੀ ‘ਤੇ ਹੋਏ ਕਿਸੇ ਪ੍ਰਕਾਰ ਦੇ ਵੀ ਤਸ਼ੱਦਦ ਦੇ ਦਾਅਵਿਆਂ ਨੂੰ ਪੰਜਾਬ ਪੁਲਿਸ ਨੇ ਲਿਖਤੀ ਬਿਆਨ ਜਾਰੀ ਕਰਕੇ ਰੱਦ ਕੀਤਾ ਹੈ ਤਾਂ ਮੰਝਪੁਰ ਨੇ ਜਵਾਬ ਦਿੱਤਾ ਕਿ ਉਹ ਵੀ ਪੰਜਾਬ ਪੁਲਿਸ ਦੇ ਇਸ ਦਾਅਵੇ ਨੂੰ ਰੱਦ ਕਰ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਨਵੰਬਰ 2017 ਵਿਚ ਬਾਘਾਪੁਰਾਣਾ ਵਿਖੇ ਹੋਈ ਪੇਸ਼ੀ ਦੌਰਾਨ ਜਦੋਂ ਜਗਤਾਰ ਸਿੰਘ ਜੱਗੀ ਨੇ ਤਸ਼ੱਦਦ ਸਬੰਧੀ ਦੱਸਿਆ ਸੀ ਤਾਂ ਉਨ੍ਹਾਂ ਜਗਤਾਰ ਸਿੰਘ ਜੱਗੀ ਦੀ ਨਿਰਪੱਖ ਸ਼ਰੀਰਕ ਜਾਂਚ ਦੀ ਮੰਗ ਕੀਤੀ ਸੀ, ਪਰ ਪੰਜਾਬ ਪੁਲਿਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਸਵਾਲ ਕੀਤਾ ਕਿ ਜੇ ਪੰਜਾਬ ਪੁਲਿਸ ਦਾ ਦਾਅਵਾ ਸੱਚ ਹੈ ਅਤੇ ਲੁਕਾਉਣ ਲਈ ਕੁਝ ਨਹੀਂ ਸੀ ਤਾਂ ਪੁਲਿਸ ਨੇ ਸ਼ਰੀਰਕ ਜਾਂਚ ਕਿਉਂ ਨਹੀਂ ਹੋਣ ਦਿੱਤੀ?

Comments

comments

Share This Post

RedditYahooBloggerMyspace