ਲੰਗਰ ਨੂੰ ਮੋਦੀ ਸਰਕਾਰ ਦੀ ‘ਸੇਵਾ ਭੋਜ ਸਕੀਮ’ ਤਹਿਤ ਲਿਆਉਣ ਦਾ ਸਿੱਖਾਂ ਵੱਲੋਂ ਵਿਰੋਧ

ਅੰਮ੍ਰਿਤਸਰ: ਮੋਦੀ ਸਰਕਾਰ ਵੱਲੋਂ ਲੰਗਰ ‘ਤੇ ਜੀਐਸਟੀ ਮਾਫ ਕਰਨ ਦੀ ਬਜਾਏ ਇਸ ਨੂੰ ਸੇਵਾ ਭੋਜ ਸਕੀਮ ਤਹਿਤ ਲੈ ਕੇ ਆਉਣ ਨਾਲ ਸਿੱਖ ਹਲਕਿਆਂ ਵਿੱਚ ਰੋਸ ਹੈ। ਸਿੱਖ ਹਲਕਿਆਂ ਵਿੱਚ ਚਰਚਾ ਹੈ ਕਿ ਲੰਗਰ ਲਈ ਰਾਜੇ ਮਹਾਰਾਜਿਆਂ ਤੋਂ ਵੀ ਕਦੀ ਗੁਰੂ ਸਾਹਿਬਾਨ ਨੇ ਮਦਦ ਨਹੀਂ ਲਈ ਸੀ ਤਾਂ ਫਿਰ ਹੁਣ ਅਜਹਾ ਕਿਉਂ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਤੇ ਮੌਜੂਦਾ ਮੈਂਬਰ ਕਿਰਨਜੋਤ ਕੌਰ ਨੇ ਇਤਰਾਜ਼ ਜਤਾਉਂਦਿਆਂ ਕਈ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਆਪਣੀ ਅਸਹਿਮਤੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਪੱਤਰ ਵੀ ਲਿਖਿਆ ਹੈ।

ਕਿਰਨਜੋਤ ਕੌਰ ਦਾ ਕਹਿਣਾ ਹੈ ਕਿ ਲੰਗਰ ਦੀ ਰਸਦ ਉੱਤੇ ਜਿੰਨਾ ਜੀਐਸਟੀ ਭਰਿਆ ਜਾਏਗਾ, ਉਸ ਨੂੰ ਕੇਂਦਰੀ ਸੱਭਿਆਚਰਕ ਮੰਤਰਾਲੇ ਰਾਹੀਂ ਰੀਫੰਡ ਕੀਤਾ ਜਾਏਗਾ ਜਦ ਕਿ ਆਮ ਤੌਰ ‘ਤੇ ਜੀਐਸਟੀ ਵਿੱਤ ਮੰਤਰਾਲੇ ਵੱਲੋਂ ਰਿਫੰਡ ਹੁੰਦਾ ਹੈ। ਇਸ ਲਈ ਇਹ ਲੰਗਰ ਦੀ ਪ੍ਰਥਾ ਦੇ ਬਿਲਕੁਲ ਅਨੁਕੂਲ ਨਹੀਂ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਕਮੇਟੀ ਪ੍ਰਧਾਨ ਨੂੰ ਇਸ ਬਾਰੇ ਚਿੱਠੀ ਵੀ ਲਿਖੀ ਸੀ ਜਿਸ ਵਿੱਚ ਉਨ੍ਹਾਂ ਇਹ ਮੰਗ ਵੀ ਕੀਤੀ ਕਿ ਇਸ ਬਾਰੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਾਰੇ ਮੈਂਬਰਾਂ ਨੂੰ ਭਰੋਸੇ ਵਿੱਚ ਲੈਣਾ ਜ਼ਰੂਰੀ ਹੈ। ਇਸ ਮੁੱਦੇ ‘ਤੇ ਸਿਆਸਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਿੱਖ ਧਰਮ ਤੇ ਸਿਧਾਂਤਾਂ ਦਾ ਮਸਲਾ ਹੈ।

ਅਕਾਲੀ ਦਲ ਵੱਲੋਂ ਇਸ ਮੁੱਦੇ ‘ਤੇ ਲਾਹਾ ਲੈਣ ਦੇ ਮਾਮਲੇ ‘ਤੇ ਕਿਰਨਜੋਤ ਕੌਰ ਨੇ ਕਿਹਾ ਕਿ ਇਸ ਮੁੱਦੇ ਦਾ ਸਿਆਸੀਕਰਨ ਪਹਿਲਾਂ ਕਾਂਗਰਸ ਨੇ ਕੀਤਾ ਸੀ। ਉਨ੍ਹਾਂ ਲੰਗਰ ਤੋਂ ਜੀਐਸਟੀ ਹਟਾਉਣ ਦੇ ਮੁੱਦੇ ‘ਤੇ ਕਾਂਗਰਸ ਵੱਲੋਂ ਕੀਤੀ ਕਾਰਵਾਈ ਨੂੰ ਵੀ ਅਖ਼ਬਾਰੀ ਦੱਸਿਆ। ਕਿਰਨਜੋਤ ਕੌਰ ਨੇ ਇਹ ਵੀ ਆਖਿਆ ਕਿ ਇਸ ਮੁੱਦੇ ‘ਤੇ ਜਦੋਂ ਸਿਆਸਤ ਸ਼ੁਰੂ ਹੋ ਗਈ ਤਾਂ ਇਹ ਮਸਲਾ ਅਸਲ ਮੁੱਦੇ ਤੋਂ ਭਟਕ ਗਿਆ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਇਸ ਮਾਮਲੇ ‘ਤੇ ਪ੍ਰਧਾਨ ਮੰਤਰੀ ਨੂੰ ਮਿਲਣ ਬਾਰੇ ਕਿਰਨਜੋਤ ਕੌਰ ਨੇ ਅਸਿੱਧੇ ਢੰਗ ਨਾਲ ਅਸਹਿਮਤੀ ਜਤਾਉਂਦਿਆਂ ਆਖਿਆ ਕਿ ਇਸ ਮੁੱਦੇ ‘ਤੇ ਭਾਵਨਾ ਤਾਂ ਸਹੀ ਹੈ ਪਰ ਇਸ ਨੂੰ ਪ੍ਰੈਕਟੀਕਲੀ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ।

ਲੰਗਰ ਨੂੰ ਮਦਦ ਦੀ ਜ਼ਰੂਰਤ ਦੇ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਇਹ ਪ੍ਰਥਾ ਗੁਰੂਆਂ ਨੇ ਸ਼ੁਰੂ ਕੀਤੀ ਸੀ। ਜੇ ਉਸ ਵੇਲੇ ਵੀ ਰਾਜੇ ਮਹਾਰਾਜਿਆਂ ਨੇ ਮਦਦ ਦੀ ਗੱਲ ਕਹੀ ਸੀ ਤਾਂ ਇਸ ਨੂੰ ਗੁਰੂ ਮਹਾਰਾਜ ਨੇ ਠੁਕਰਾ ਦਿੱਤਾ ਸੀ। ਇਹ ਕੇਂਦਰ ਸਰਕਾਰ ਵੱਲੋਂ ਜੋ ਹੁਣ ਨਵਾਂ ਹੁਕਮ ਜਾਰੀ ਹੋਇਆ ਹੈ, ਉਸ ਵਿੱਚ ਲੰਗਰ ਨੂੰ ਵਿੱਤੀ ਸਹਾਇਤਾ ਲਿਖਿਆ ਗਿਆ ਹੈ ਜੋ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਹੈ।

Comments

comments

Share This Post

RedditYahooBloggerMyspace