ਸਿਕਲੀਗਰ ਸਿੱਖਾਂ ਲਈ ਵੱਡੇ ਐਲਾਨ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਹੈ ਕਿ ਸੰਗਤਾਂ ਦੇ ਸਹਿਯੋਗ ਨਾਲ ਸਿਕਲੀਗਰ ਸਿੱਖਾਂ ਦੇ ਬੱਚਿਆਂ ਲਈ ਇੰਦੌਰ ਵਿੱਚ ਉਦਯੋਗਕ ਸਿਖਲਾਈ ਕੇਂਦਰ ਸਥਾਪਤ ਕੀਤਾ ਜਾਏਗਾ। ਸ਼੍ਰੋਮਣੀ ਕਮੇਟੀ ਸਿਕਲੀਗਰ ਸਿੱਖ ਭਾਈਚਾਰੇ ਨੂੰ ਸਿੱਖਾਂ ਦੇ ਰਵਾਇਤੀ ਸ਼ਸਤਰ ਬਣਾਉਣ ਲਈ ਦਸਤਕਾਰੀ ਸਕੂਲ (ਕਾਰਖਾਨਾ) ਲਾਉਣ ਲਈ ਵੀ ਸਹਾਇਤਾ ਦੇਵੇਗੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇੰਦੌਰ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਬੇਟਮਾਂ ਸਾਹਿਬ ਵਿਖੇ ਬਾਬਾ ਘੋਲਾ ਸਿੰਘ ਸਰਹਾਲੀ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਦੀ ਪਹਿਲੀ ਮੰਜ਼ਲ ਦੇ ਲੈਂਟਰ ਦੀ ਕਾਰ ਸੇਵਾ ਸਮੇਂ ਪਹੁੰਚੇ ਹੋਏ ਸਨ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ ਤੇ ਦਿੱਲੀ ਸਿੱਖ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਵੀ ਮੌਜੂਦ ਸਨ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿਕਲੀਗਰ ਸਿੱਖ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਸਿੱਖੀ ਨਾਲ ਜੁੜੇ ਹੋਏ ਹਨ। ਸ਼੍ਰੋਮਣੀ ਕਮੇਟੀ ਇਨ੍ਹਾਂ ਦੀ ਹਰ ਸੰਭਵ ਮੱਦਦ ਲਈ ਵਚਨਬਧ ਹੈ। ਉਨ੍ਹਾਂ ਕਿਹਾ ਕਿ ਸਿਕਲੀਗਰ ਸਿੱਖਾਂ ਨੂੰ ਰਵਾਇਤੀ ਸਿੱਖ ਸ਼ਸਤਰ ਤਿਆਰ ਕਰਨ ਵਿਚ ਮੁਹਾਰਤ ਹਾਸਲ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਂਦੇ ਅੰਮ੍ਰਿਤ ਸੰਚਾਰ ਸਮਾਗਮਾਂ ਲਈ ਸਿਕਲੀਗਰ ਸਿੱਖਾਂ ਪਾਸੋਂ ਕਿਰਪਾਨਾਂ ਤੇ ਕੜੇ ਖਰੀਦੇ ਜਾਇਆ ਕਰਨਗੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਿਕਲੀਗਰ ਸਿੱਖਾਂ ਦੇ ਇੱਕ ਹਜ਼ਾਰ ਬੱਚਿਆਂ ਨੂੰ ਦੁਨਿਆਵੀ ਤੇ ਗੁਰਮਤਿ ਦੀ ਵਿਦਿਆ ਦੇਣ ਦਾ ਵੀ ਭਰੋਸਾ ਦਿੱਤਾ।

Comments

comments

Share This Post

RedditYahooBloggerMyspace