ਲੋਕ ਸਭਾ ਮੈਂਬਰ ਤੇ ਤਿੰਨ ਕਾਂਗਰਸੀ ਵਿਧਾਇਕਾਂ ਨੇ ਸਿੱਧੂ ਵਿਰੁੱਧ ਖੋਲ੍ਹਿਆ ਮੋਰਚਾ

ਜਲੰਧਰ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਨਾਜ਼ਾਇਜ ਉਸਾਰੀਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਲੈਕੇ ਕਾਂਗਰਸੀ ਵਿਧਾਇਕਾਂ ‘ਤੇ ਸਿੱਧੂ ਵਿਚਾਲੇ ਰੱਫੜ ਵੱਧ ਗਿਆ ਹੈ। ਜਲੰਧਰ ਸ਼ਹਿਰ ਦੇ ਚਾਰ ਵਿਧਾਇਕਾਂ ਵਿੱਚੋਂ ਤਿੰਨ ਵਿਧਾਇਕ ਤੇ ਇੱਕ ਸੰਸਦ ਮੈਂਬਰ ਸਿੱਧੂ ਵਿਰੁੱਧ ਡਟ ਗਏ ਹਨ। ਬਾਕਾਇਦਾ ਮੀਟਿੰਗ ਕਰਕੇ ਇਨ੍ਹਾਂ ਵਿਧਾਇਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਆਪਣੀ ਸ਼ਿਕਾਇਤ ਪੁੱਜਦੀ ਕਰ ਦਿੱਤੀ ਹੈ ਤੇ ਸਿੱਧੂ ਵੱਲੋਂ ਕੀਤੀ ਗਈ ਕਾਰਵਾਈ ਨੂੰ ਕਾਂਗਰਸ ਵਿਰੋਧੀ ਕਰਾਰ ਦਿੰਦਿਆਂ ਇਹ ਦਾਅਵਾ ਵੀ ਕੀਤਾ ਹੈ ਕਿ ਜੇ ਸਿੱਧੂ ਨੇ ਇਹ ਮੁਹਿੰਮ ਜਾਰੀ ਰੱਖੀ ਤਾਂ ਕਾਂਗਰਸ ਦਾ ਵੋਟ ਬੈਂਕ ਖਿਸਕ ਸਕਦਾ ਹੈ ਤੇ ਲੋਕ ਕਾਂਗਰਸ ਤੋਂ ਪਹਿਲਾਂ ਵਾਂਗ ਦੂਰੀ ਬਣਾ ਸਕਦੇ ਹਨ। ਇਸ ਮੀਟਿੰਗ ਵਿੱਚ ਸਿੱਧੂ ਦੇ ਕੱਟੜ ਹਮਾਇਤੀ ਮੰਨੇ ਜਾਂਦੇ ਪਰਗਟ ਸਿੰਘ ਨੂੰ ਛੱਡ ਕੇ ਤਿੰਨੋਂ ਵਿਧਾਇਕ ਰਜਿੰਦਰ ਬੇਰੀ, ਸ਼ੁਸ਼ੀਲ ਰਿੰਕੂ ਤੇ ਬਾਵਾ ਹੈਨਰੀ ਅਤੇ ਲੋਕ ਸਭਾ ਮੈਂਬਰ ਸੰਤੋਖ ਚੌਧਰੀ ਸ਼ਾਮਲ ਸਨ। ਜਾਣਕਾਰੀ ਅਨੁਸਾਰ ਸਿੱਧੂ ਦੀ ਸ਼ਿਕਾਇਤ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕੋਲ ਵੀ ਲਗਾਉਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਕਾਂਗਰਸ ਦੇ ਜਨ ਅਧਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚੇ।

ਯਾਦ ਰਹੇ ਕਿ ਜਿਸ ਦਿਨ ਨਵਜੋਤ ਸਿੰਘ ਸਿੱਧੂ ਨੇ ਜਲੰਧਰ ਵਿੱਚ ਨਾਜ਼ਾਇਜ ਉਸਾਰੀਆਂ ਦੀ ਅਚਨਚੇਤੀ ਜਾਂਚ ਕੀਤੀ ਸੀ ਤਾਂ ਉਨ੍ਹਾ ਕੋਲ 93 ਨਾਜ਼ਾਇਜ ਉਸਾਰੀਆਂ ਦੀ ਲਿਸਟ ਸੀ ਜਿੰਨ੍ਹਾਂ ਵਿੱਚ ਉਨ੍ਹਾ ਨੇ 36 ਦੇ ਕਰੀਬ ਥਾਂਵਾਂ ਨੂੰ ਦੇਖਿਆ ਸੀ। ਇਹ ਸਾਰੀਆਂ ਥਾਵਾਂ ਚਾਰੇ ਕਾਂਗਰਸੀ ਵਿਧਾਇਕਾਂ ਦੇ ਹਲਕਿਆਂ ਵਿੱਚ ਆਉਂਦੀਆਂ ਹਨ। ਜਾਂਚ ਤੋਂ ਅਗਲੇ ਦਿਨ ਜਦੋਂ ਨਗਰ ਨਿਗਮ ਦੀ ਟੀਮ ਉਸਾਰੀਆਂ ਢਹਾਉਣ ਗਈ ਤਾਂ ਕਾਂਗਰਸੀ ਵਿਧਾਇਕ ਸ਼ੁਸ਼ੀਲ ਰਿੰਕੂ ਜੇ.ਸੀ.ਬੀ ਮਸ਼ੀਨ ਉੱਤੇ ਜਾ ਚੜ੍ਹੇ ਸਨ ਤੇ ਨਵਜੋਤ ਸਿੰਘ ਸਿੱਧੂ ਵਿਰੁੱਧ  ਭੜਾਸ ਕੱਢੀ ਸੀ। ਇਸੇ ਤਰ੍ਹਾਂ ਰਜਿੰਦਰ ਬੇਰੀ ਨੇ ਸਿੱਧੂ ਦੀ ਕਾਰਵਾਈ ‘ਤੇ ਸਖਤ ਇਤਰਾਜ਼ ਪਰਗਟ ਕੀਤਾ ਸੀ। ਸ਼ਹਿਰ ਦੇ ਮੇਅਰ ਜਗਦੀਸ਼ ਰਾਜਾ ਵੀ ਸਿੱਧੂ ਨਾਲ ਸਖਤ ਨਾਰਾਜ਼ ਹਨ ਕਿ ਸ਼ਹਿਰ ਦੇ ਮੇਅਰ ਹੋਣ ਦੇ ਨਾਤੇ ਵੀ ਉਨ੍ਹਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ। ਜਲੰਧਰ ਸ਼ਹਿਰ ਦੇ ਕਾਂਗਰਸੀ ਆਗੂ ਸਿੱਧੂ ਵਿਰੁੱਧ ਇੱਕਜੁਟ ਹੋ ਗਏ ਹਨ ਤੇ ਉਹ ਹੁਣ ਇਸ ਮਾਮਲੇ ਨੂੰ ਠੰਢਾ ਨਹੀਂ ਪੈਣ ਦੇਣਾ ਚਹੁੰਦੇ। ਜਿਲ੍ਹਾ ਕਾਂਗਰਸ ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਨੇ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਫੋਨ ‘ਤੇ ਗੱਲਬਾਤ ਕਰਕੇ ਸਿੱਧੂ ਵਿਰੁੱਧ ਭੜਾਸ ਕੱਢੀ ਸੀ ਕਿ ਇਸ ਨਾਲ ਕਾਂਗਰਸ ਨੂੰ ਨੁਕਸਾਨ ਪੁੱਜ ਸਕਦਾ ਹੈ।

ਉਧਰ ਕਪੂਰਥਲਾ ਵਿੱਚ ਅੱਜ ਆਏ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਜਲੰਧਰ ਦੇ ਕਾਂਗਰਸੀ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਕੋਲ ਸ਼ਿਕਾਇਤ ਲਗਾਉਣ ਬਾਰੇ ਸਵਾਲ ਕੀਤਾ ਗਿਆ ਸੀ ਤਾਂ ਉਨ੍ਹਾਂ ਜਵਾਬ ਵਿੱਚ ਕਿਹਾ ਸੀ ਕਿ ਉਹ ਸਹੀ ਕੰਮ ਕਰ ਰਹੇ ਹਨ ਤੇ ਹੁਣ ਪਿੱਛੇ ਨਹੀਂ ਹੱਟਣਗੇ। ਰਾਜਸੀ ਹਲਕਿਆਂ ਵਿੱਚ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵਿਰੁੱਧ ਸਰਕਾਰ ਦੇ ਅੰਦਰੋਂ ਹੀ ਇੱਕ ਧੜ੍ਹਾ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਤੇ ਉਹ ਹੁਣ ਸਿੱਧੂ ਨੂੰ ਅੜਿੱਕੇ ਆਇਆ ਮੰਨ ਕੇ ਚੱਲ ਰਹੇ ਹਨ।

Comments

comments

Share This Post

RedditYahooBloggerMyspace