ਆਲਮੀ ਮੁਕਾਬਲੇ ’ਚ ਸਪੇਨ ਦੀ ਪਹਿਲੀ ਜਿੱਤ

ਕਜ਼ਾਨ : ਡਿਏਗੋ ਕੋਸਟਾ ਦੇ ਗੋਲ ਦੀ ਬਦੌਲਤ ਵਿਸ਼ਵ ਕੱਪ ਦੇ ਦਾਅਵੇਦਾਰਾਂ ’ਚ ਸ਼ੁਮਾਰ ਸਪੇਨ ਨੇ ਗਰੁੱਪ ‘ਬੀ’ ਦੇ ਦੂਜੇ ਮੁਕਾਬਲੇ ’ਚ ਇਰਾਨ ਨੂੰ 1-0 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ, ਹਾਲਾਂਕਿ ਇਰਾਨ ਦੀ ਟੀਮ ਇਸ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਕਰਨ ਦੇ ਕਰੀਬ ਪਹੁੰਚ ਚੁੱਕੀ ਸੀ।
ਸਪੇਨ ਦੀ ਟੀਮ ਨੇ ਸੋਚੀ ’ਚ ਪੁਰਤਗਾਲ ਖ਼ਿਲਾਫ਼ ਸ਼ੁਰੂਆਤੀ ਮੁਕਾਬਲੇ ’ਚ 3-3 ਨਾਲ ਡਰਾਅ ਖੇਡਿਆ ਸੀ, ਪਰ ਕਜ਼ਾਨ ’ਚ ਮਿਲੀ ਜਿੱਤ ਨਾਲ 2010 ਦੀ ਜੇਤੂ ਟੀਮ ਆਖਰੀ 16 ’ਚ ਸ਼ਾਮਲ ਹੋਣ ਵੱਲ ਵੱਧ ਰਹੀ ਹੈ। ਸਪੇਨ ਅਤੇ ਪੁਰਤਗਾਲ ਦੋਵਾਂ ਦੇ ਗਰੁੱਪ ’ਚ ਹੁਣ ਚਾਰ ਅੰਕ ਹੋ ਗਏ ਹਨ। ਕਾਲੋਸ ਕਵੇਜੋਰ ਦੀ ਟੀਮ ਨੇ ਬਿਹਤਰੀਨ ਡਿਫੈਂਸ ਨਾਲ ਸਪੇਨ ਨੂੰ ਗੋਲ ਪੋਸਟ ਤੱਕ ਦੂਰ ਰੱਖਿਆ, ਜਿਸ ਨਾਲ ਉਸ ਦੇ ਖਿਡਾਰੀ ਕਾਫੀ ਨਿਰਾਸ਼ ਦਿਖਾਈ ਦੇ ਰਹੇ ਸਨ। ਕੋਸਟਾ ਨੇ ਪੁਰਤਗਾਲ ਖ਼ਿਲਾਫ਼ ਮੈਚ ’ਚ ਵੀ ਦੋ ਗੋਲ ਕੀਤੇ ਸਨ। ਉਹ ਮੈਚ ਦੇ ਸ਼ੁਰੂ ’ਚ ਗੇਂਦ ਨੂੰ ਕਿੱਕ ਕਰਨ ਦੀ ਉਡੀਕ ਕਰਦੇ ਸਮੇਂ ਇਰਾਨੀ ਗੋਲਕੀਪਰ ਅਲੀ ਬੇਰਾਨਵਾਂਦ ਦੇ ਪੈਰ ਦੇ ਅਗਲੇ ਹਿੱਸੇ ’ਤੇ ਪੈਰ ਰੱਖ ਬੈਠਿਆ ਸੀ। ਹਾਲਾਂਕਿ ਇਸ ਲਈ ਉਸ ਨੂੰ ਕੋਈ ਸਜ਼ਾ ਨਹੀਂ ਮਿਲੀ। ਐਨਲੈਟਿਕੋ ਮੈਡ੍ਰਿਡ ਦੇ ਇਸ ਸਟ੍ਰਾਈਕਰ ਨੇ 54ਵੇਂ ਮਿੰਟ ’ਚ ਗੋਲ ਕਰਕੇ ਆਪਣੀ ਟੀਮ ਨੂੰ ਲੀਡ ਦਿਵਾਈ ਜੋ ਅੰਤ ਤੱਕ ਜਾਰੀ ਰਹੀ। ਆਂਦਰੇਸ ਇਨੀਏਸਤਾ ਨੇ ਕੋਸਟਾ ਨੂੰ ਬਾਕਸ ਅੰਦਰ ਬਾਲ ਦਿੱਤੀ ਜਿਸ ਨੂੰ ਤੇਜ਼ੀ ਨਾਲ ਮੁੜਦਿਆਂ ਗੋਲ ਦਾਗਿਆ ਅਤੇ ਬੇਰਾਨਵਾਂਦ ਕੁਝ ਨਾ ਕਰ ਸਕਿਆ। ਇਸ ਤਰ੍ਹਾਂ ਕੋਸਟਾ ਨੇ ਟੂਰਨਾਮੈਂਟ ’ਚ ਤੀਜਾ ਗੋਲ ਕੀਤਾ। ਇਸ ਤੋਂ ਅੱਠ ਮਿੰਟ ਬਾਅਦ ਸਈਦ ਇਜਾਤੋਲਾਹੀ ਨੇ ‘ਲਾਇਨਜ਼ ਆਫ ਪਰਸ਼ੀਆ’ ਲਈ ਬਰਾਬਰੀ ਦਾ ਗੋਲ ਕੀਤਾ, ਪਰ ਇਰਾਨ ਦੇ ਸਮਰਥਕਾਂ ਨੂੰ ਉਸ ਸਮੇਂ ਨਮੋਸ਼ੀ ਹੋਈ ਜਦੋਂ ਰੈਫਰੀ ਨੇ ਇਸ ਨੂੰ ਆਫ-ਸਾਈਡ ਕਰਾਰ ਦਿੱਤਾ। ਰੈਫਰੀ ਆਂਦ੍ਰਿਆਸ ਕੁਨ੍ਹਾ ਨੇ ਵੀਏਆਰ ਦੀ ਮਦਦ ਨਾਲ ਇਹ ਫ਼ੈਸਲਾ ਕੀਤਾ।

ਆਸਟਰੇਲੀਆ ਤੇ ਡੈਨਮਾਰਕ ਵਿਚਾਲੇ ਮੁਕਾਬਲਾ ਡਰਾਅ
ਸਮਾਰਾ: ਵੀਡੀਓ ਰੈਫਰਲ ਦੀ ਮਦਦ ਨਾਲ ਮਿਲੀ ਪੈਨਲਟੀ ’ਤੇ ਮਿਲੇ ਜੇਡਿਨਾਕ ਵੱਲੋਂ ਕੀਤੇ ਗਏ ਗੋਲ ਦੀ ਮਦਦ ਨਾਲ ਆਸਟਰੇਲੀਆ ਨੇ ਵਿਸ਼ਵ ਕੱਪ ਦੇ ਅਹਿਮ ਮੁਕਾਬਲੇ ’ਚ ਅੱਜ ਡੈਨਮਾਰਕ ਨਾਲ 1-1 ਨਾਲ ਡਰਾਅ ਖੇਡ ਕੇ ਆਪਣੀਆਂ ਉਮੀਦਾਂ ਫਿਲਹਾਲ ਕਾਇਮ ਰੱਖੀਆਂ ਹਨ। ਡੈਨਮਾਰਕ ਦੇ ਫਾਰਵਰਡ ਯੂਸੁਫ ਪੋਲਸੇਨ ਵੱਲੋਂ ਅੜਿੱਕਾ ਡਾਹੇ ਜਾਣ ਮਗਰੋਂ ਆਸਟਰੇਲੀਆ ਨੂੰ ਪੈਨਲਟੀ ਮਿਲੀ। ਪੋਲਸੇਨ ਨੂੰ ਦੂਜਾ ਪੀਲਾ ਕਾਰਡ ਵੀ ਮਿਲਿਆ ਅਤੇ ਉਹ ਫਰਾਂਸ ਖ਼ਿਲਾਫ਼ ਆਖਰੀ ਗਰੁੱਪ ਮੈਚ ਨਹੀਂ ਖੇਡ ਸਕੇਗਾ। ਇਸ ਵਿਸ਼ਵ ਕੱਪ ’ਚ ਪੈਨਲਟੀ ’ਤੇ ਜੇਡਿਨਾਕ ਦਾ ਇਹ ਦੂਜਾ ਗੋਲ ਸੀ। ਇਸ ਤੋਂ ਪਹਿਲਾਂ ਕ੍ਰਿਸਟਨ ਐਰਿਕਸਨ ਨੇ ਸੱਤਵੇਂ ਮਿੰਟ ’ਚ ਹੀ ਗੋਲ ਕਰਕੇ ਡੈਨਮਾਰਕ ਨੂੰ ਲੀਡ ਦਿਵਾ ਦਿੱਤੀ ਸੀ। ਡੈਨਮਾਰਕ ਦੀ ਟੀਮ ਲਗਾਤਾਰ 17 ਮੈਚਾਂ ’ਚ ਅਜੇਤੂ ਰਹੀ ਹੈ। ਦੁਨੀਆਂ ਦੀ 36ਵੇਂ ਨੰਬਰ ਦੀ ਟੀਮ ਆਸਟਰੇਲੀਆ ਗਰੁੱਪ ‘ਸੀ’ ’ਚ ਸਭ ਤੋਂ ਹੇਠਲੀ ਰੈਂਕਿੰਗ ਵਾਲੀ ਟੀਮ ਹੈ ਜਦਕਿ ਬਾਕੀ ਸਾਰੀਆਂ ਟੀਮਾਂ ਸਿਖਰਲੇ 12 ’ਚ ਸ਼ਾਮਲ ਹਨ। ਪਹਿਲੇ ਮੈਚ ’ਚ ਫਰਾਂਸ ਤੋਂ ਹਾਰਨ ਮਗਰੋਂ ਆਸਟਰੇਲੀਆ ਦੀ ਟੀਮ ਅੱਜ ਵੀ ਹਾਰ ਜਾਂਦੀ ਤਾਂ ਉਸ ਦੀਆਂ ਅਗਲੇ ਗੇੜ ’ਚ ਪਹੁੰਚਣ ਦੀਆਂ ਆਸਾਂ ਖਤਮ ਹੋ ਜਾਂਦੀਆਂ। ਡੈਨਮਾਰਕ ਨੇ ਪਹਿਲੇ ਮੈਚ ’ਚ ਪੇਰੂ ਨੂੰ ਹਰਾਇਆ ਸੀ। ਆਸਟਰੇਲੀਆ ਨੂੰ ਸ਼ਨਿੱਚਰਵਾਰ ਨੂੰ 1998 ਦੇ ਵਿਸ਼ਵ ਕੱਪ ਚੈਂਪੀਅਨ ਫਰਾਂਸ ਨੇ 2-1 ਨਾਲ ਹਰਾਇਆ ਸੀ।

ਫਰਾਂਸ ਵੱਲੋਂ ਪੇਰੂ ਨੂੰ 1-0 ਨਾਲ ਮਾਤ
ਏਕਾਤੇਰਿਨਬਰਗ: ਫੀਫਾ ਵਿਸ਼ਵ ਕੱਪ ਦੇ ਮੁਕਾਬਲੇ ’ਚ ਅੱਜ ਫਰਾਂਸ ਨੇ ਕਾਇਲਿਆਨ ਬਾਪੇ ਦੇ ਗੋਲ ਦੀ ਮਦਦ ਨਾਲ ਅੱਜ ਪੇਰੂ ਨੂੰ 1-0 ਨਾਲ ਮਾਤ ਦੇ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਤੇ ਆਖਰੀ 16 ’ਚ ਥਾਂ ਬਣਾ ਲਈ ਹੈ। ਪਹਿਲੇ ਮੈਚ ’ਚ ਆਸਟਰੇਲੀਆ ਨੂੰ ਹਰਾਉਣ ਵਾਲੀ ਫਰਾਂਸੀਸੀ ਟੀਮ ਲਈ 34ਵੇਂ ਮਿੰਟ ’ਚ ਪੈਰਿਸ ਸੇਂਟ ਜਰਮਨ ਦੇ ਸਟ੍ਰਾਈਕਰ ਬਾਪੇ ਨੇ ਇੱਕਲੌਤਾ ਗੋਲ ਕੀਤਾ। 19 ਸਾਲ 183 ਦਿਨਾ ਬਾਪੇ ਫਰਾਂਸ ਲਈ ਵਿਸ਼ਵ ਕੱਪ ’ਚ ਗੋਲ ਕਰਨ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਬਣ ਗਿਆ ਹੈ। ਦੂਜੇ ਹਾਫ ’ਚ ਕਈ ਕੋਸ਼ਿਸ਼ਾਂ ਦੇ ਬਾਵਜੂਦ 1998 ਦੀ ਚੈਂਪੀਅਨ ਟੀਮ ਨੂੰ ਕੋਈ ਕਾਮਯਾਬੀ ਨਹੀਂ ਮਿਲੀ। ਯੁਰੂਗੁਏ ਤੇ ਮੇਜ਼ਬਾਨ ਰੂਸ ਤੋਂ ਬਾਅਦ ਆਖਰੀ 16 ’ਚ ਪਹੁੰਚਣ ਵਾਲੀ ਫਰਾਂਸੀ ਤੀਜੀ ਟੀਮ ਬਣ ਗਈ ਹੈ। ਪੇਰੂ ਦਾ ਆਖਰੀ ਲੀਗ ਮੈਚ ਆਸਟਰੇਲੀਆ ਨਾਲ ਹੋਵੇਗਾ।

Comments

comments

Share This Post

RedditYahooBloggerMyspace