ਸਤਿਕਾਰ ਦਾ ਲੰਬਾ ਇੰਤਜ਼ਾਰ

ਡਾ. ਹਰਵਿੰਦਰ ਕੌਰ
ਦੁਨੀਆਂ ਦੇ ਕੁਝ ਕੁ ਦੇਸ਼ਾਂ ਨੂੰ ਛੱਡ ਕੇ ਬਹੁਤੇ ਦੇਸ਼ਾਂ ਵਿੱਚ ਲਿੰਗ ਦੇ ਆਧਾਰ ’ਤੇ ਮਰਦ ਅਤੇ ਔਰਤ ਦੇ ਦਰਜੇ ਵਿੱਚ ਸਮਾਨਤਾ ਨਹੀਂ ਹੈ। ਬਹੁਤ ਸਾਰੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਦੇਸ਼ ਔਰਤ ਨੂੰ ਮਰਦਾਂ ਦੇ ਬਰਾਬਰ ਹੱਕ ਦਿਵਾਉਣ, ਔਰਤਾਂ ਨਾਲ ਹੋਣ ਵਾਲੇ ਵਿਤਕਰੇ ਅਤੇ ਅਤਿਆਚਾਰ ਨੂੰ ਖ਼ਤਮ ਕਰਨ ਲਈ ਹੰਭਲੇ ਮਾਰ ਰਹੇ ਹਨ।

ਭਾਵੇਂ ਇਨ੍ਹਾਂ ਹੰਭਲਿਆਂ ਨਾਲ ਔਰਤਾਂ ਦੀ ਸਥਿਤੀ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ, ਪਰ ਵਿਸ਼ਵ ਦੇ ਕਿਸੇ ਵੀ ਦੇਸ਼ ਨੇ ਅਜੇ ਤਕ ਔਰਤਾਂ ਦੀ ਪੂਰਨ ਬਰਾਬਰੀ ਪ੍ਰਾਪਤ ਨਹੀਂ ਕੀਤੀ ਅਤੇ ਭਿੰਨ ਭਿੰਨ ਪੱਧਰਾਂ ’ਤੇ ਲਿੰਗ ਪਾੜਾ ਅਜੇ ਵੀ ਬਰਕਰਾਰ ਹੈ। ਹਾਂ, ਅਜਿਹਾ ਜ਼ਰੂਰ ਹੈ ਕਿ ਵਧੇਰੇ ਵਿਕਸਿਤ ਦੇਸ਼ਾਂ ਵਿੱਚ ਮਨੁੱਖੀ ਵਿਕਾਸ ਵੀ ਉਚੇਰਾ ਹੈ ਅਤੇ ਲਿੰਗ ਵਿਤਕਰਾ ਵੀ ਘੱਟ ਹੈ। ਹੁਣ ਸਾਰੇ ਦੇਸ਼ ਆਰਥਿਕ ਵਾਧੇ ਦੀ ਰਫ਼ਤਾਰ ਨੂੰ ਤੇਜ਼ ਕਰਨਾ ਚਾਹੁੰਦੇ ਹਨ ਅਤੇ ਇਹ ਸਮਝ ਚੁੱਕੇ ਹਨ ਕਿ ਦੇਸ਼ ਦਾ ਵਿਕਾਸ ਦੇਸ਼ ਦੀ ਪੂਰੀ ਜਨਤਾ ਦੇ ਲਿੰਗ ਆਧਾਰਿਤ ਵਿਤਕਰੇ ਰਹਿਤ ਮਾਨਵੀ ਵਿਕਾਸ ’ਤੇ ਨਿਰਭਰ ਕਰਦਾ ਹੈ। ਇਹ ਖ਼ੁਸ਼ੀ ਦੀ ਗੱਲ ਹੈ ਕਿ ਵੱਖ-ਵੱਖ ਦੇਸ਼ਾਂ ਵਿੱਚ ਔਰਤਾਂ ਦੀ ਸਥਿਤੀ ਅਤੇ ਵੱਖ-ਵੱਖ ਪੱਧਰਾਂ ’ਤੇ ਔਰਤਾਂ ਨਾਲ ਹੋ ਰਹੇ ਵਿਤਕਰੇ ਦਾ ਪਤਾ ਲਗਾਉਣ ਲਈ ਪਿਛਲੇ ਸਮਿਆਂ ਵਿੱਚ ਕੁਝ ਸੂਚਕਾਂਕ ਵੀ ਬਣਾਏ ਗਏ ਹਨ। ਜਿਨ੍ਹਾਂ ਵਿੱਚੋਂ ‘ਲਿੰਗ ਆਧਾਰਿਤ ਵਿਕਾਸ ਸੂਚਕਾਂਕ’, ‘ਲਿੰਗ ਸ਼ਕਤੀਕਰਨ ਮਾਪ’, ‘ਲਿੰਗ ਅਸਮਾਨਤਾ ਸੂਚਕਾਂਕ’ ਅਤੇ ‘ਵਿਸ਼ਵ ਲਿੰਗ ਅੰਤਰ ਸੂਚਕਾਂਕ’ ਕਾਫ਼ੀ ਮਹੱਤਵਪੂਰਨ ਹਨ। ਇਨ੍ਹਾਂ ਦੇ ਵਿਸ਼ਲੇਸ਼ਣ ਤੋਂ ਵੀ ਇਹ ਜ਼ਾਹਰ ਹੁੰਦਾ ਹੈ ਕਿ ਔਰਤਾਂ ਹਮੇਸ਼ਾਂ ਸਿਹਤ ਅਤੇ ਸਿੱਖਿਆ ਦੇ ਖੇਤਰ ਅਤੇ ਆਰਥਿਕ ਸਾਧਨਾਂ ’ਤੇ ਅਖ਼ਤਿਆਰ ਵਜੋਂ ਮਰਦਾਂ ਨਾਲੋਂ ਪਿੱਛੇ ਰਹੀਆਂ ਹਨ। ਵਿਭਿੰਨ ਦੇਸ਼ਾਂ ਵਿੱਚ ਲਿੰਗ ਦੇ ਆਧਾਰ ਤੇ ਇਨ੍ਹਾਂ ਖੇਤਰਾਂ ਵਿੱਚ ਭਿੰਨਤਾ ਦਾ ਪਤਾ ਜੀ.ਡੀ.ਆਈ. ਰਾਹੀਂ ਚੱਲਦਾ ਹੈ। ਕੁਝ ਕੁ ਦੇਸ਼ਾਂ ਨੂੰ ਛੱਡ ਕੇ ਬਹੁਤ ਸਾਰੇ ਦੇਸ਼ਾਂ ਵਿੱਚ ਔਰਤਾਂ ਦਾ ਮਾਨਵੀ ਸੂਚਕਾਂਕ ਮਰਦਾਂ ਦੇ ਮਾਨਵੀ ਸੂਚਕਾਂਕ ਨਾਲੋਂ ਘੱਟ ਹੋਣਾ ਇਹ ਦਰਸਾਉਂਦਾ ਹੈ ਕਿ ਔਰਤਾਂ ਨਾਲ ਵਿਤਕਰੇ ਦੀ ਪ੍ਰਥਾ ਵਿਸ਼ਵ-ਪੱਧਰ ’ਤੇ ਬਰਕਰਾਰ ਹੈ। ਔਰਤਾਂ ਦੀ ਆਰਥਿਕ ਖੇਤਰ ਅਤੇ ਰਾਜਨੀਤੀ ਵਿੱਚ ਭਾਗੀਦਾਰੀ ਅਤੇ ਮੱਹਤਵਪੂਰਨ ਨਿਰਣੇ ਲੈਣ ਵਿੱਚ ਸ਼ਮੂਲੀਅਤ ਵੀ ਹਮੇਸ਼ਾਂ ਤੋਂ ਹੀ ਮਰਦਾਂ ਨਾਲੋਂ ਘੱਟ ਹੈ। ਵਿਭਿੰਨ ਦੇਸ਼ਾਂ ਵਿੱਚ ਇਸ ਪੱਖ ਤੋਂ ਮਰਦ ਦੇ ਮੁਕਾਬਲਤਨ ਔਰਤ ਦੀ ਸਥਿਤੀ ਦਾ ਪਤਾ ਲਿੰਗ ਸ਼ਕਤੀਕਰਨ ਮਾਪ ਰਾਹੀਂ ਲੱਗਦਾ ਹੈ। ਤਕਰੀਬਨ ਹਰੇਕ ਦੇਸ਼ ਵਿੱਚ ਇਨ੍ਹਾਂ ਸਾਰੇ ਪੱਖਾਂ ਤੋਂ ਔਰਤ ਦੀ ਸਥਿਤੀ ਮਰਦ ਨਾਲੋਂ ਕਮਜ਼ੋਰ ਹੈ।

ਔਲਾਦ ਨੂੰ ਜਨਮ ਦੇਣਾ ਕੁਦਰਤ ਨੇ ਔਰਤ ਨੂੰ ਹੀ ਸੌਂਪਿਆ ਹੈ, ਇਸ ਲਈ ਗਰਭ ਨਾਲ ਜੁੜੀਆਂ ਕਈ ਸਿਹਤ ਸਮੱਸਿਆਵਾਂ ਕਾਰਨ ਉਸ ਨੂੰ ਵਿਸ਼ੇਸ਼ ਸਿਹਤ ਸਹੂਲਤਾਂ ਦੀ ਲੋੜ ਪੈਂਦੀ ਹੈ ਜੋ ਕਿ ਜ਼ਿਆਦਾਤਰ ਉਪਲੱਬਧ ਨਹੀਂ ਹੁੰਦੀਆਂ ਤਾਂ ਉਸ ਦੀ ਮੌਤ ਹੀ ਹੋ ਜਾਂਦੀ ਹੈ। ਇਸ ਪੱਖੋਂ ਵਿਭਿੰਨ ਦੇਸ਼ਾਂ ਵਿੱਚ ਔਰਤਾਂ ਨਾਲ ਹੋ ਰਹੇ ਵਿਤਕਰੇ ਨੂੰ ਲਿੰਗ ਅਸਮਾਨਤਾ ਸੂਚਕ ਅੰਕ ਰਾਹੀਂ ਜਾਣਿਆ ਜਾ ਸਕਦਾ ਹੈ। ਇਨ੍ਹਾਂ ਸਾਰਿਆਂ ਸੂਚਕ-ਅੰਕਾਂ ਦਾ ਵਿਸ਼ਲੇਸ਼ਣ ਕਰਨ ’ਤੇ ਪਤਾ ਲੱਗਦਾ ਹੈ ਕਿ ਇਨ੍ਹਾਂ ਪੱਖਾਂ ਤੋਂ ਵਿਸ਼ਵ ਭਰ ਵਿੱਚ ਕਿਸੇ ਵੀ ਦੇਸ਼ ਨੇ ਅਜੇ ਤਕ ਲਿੰਗ ਦੇ ਆਧਾਰ ’ਤੇ ਪਾੜਾ ਪੂਰਨ ਤੌਰ ’ਤੇ ਖ਼ਤਮ ਨਹੀਂ ਕੀਤਾ ਅਤੇ ਵਿਸ਼ਵ ਵਿੱਚ ਔਰਤ ਲਿੰਗ ਪਾੜਾ ਲਗਪਗ ਇੱਕ ਤਿਹਾਈ ਹੈ। ਸਿੱਖਿਆ ਅਤੇ ਸਿਹਤ ਪੱਖੋਂ ਇਹ ਪਾੜਾ ਭਾਵੇਂ ਘਟਦਾ ਜਾ ਰਿਹਾ ਹੈ, ਪਰ ਆਰਥਿਕ ਭਾਗੀਦਾਰੀ ਵਿੱਚ ਇਹ ਪਾੜਾ ਚਾਲੀ ਫ਼ੀਸਦੀ ਤੋਂ ਵੀ ਵੱਧ ਅਤੇ ਰਾਜਨੀਤਕ ਸਸ਼ਕਤੀਕਰਨ ਵਿੱਚ ਤਿੰਨ ਚੌਥਾਈ ਤੋਂ ਵੀ ਵਧੇਰੇ ਹੈ। ਕੁਝ ਗਿਣੇ ਚੁਣੇ ਦੇਸ਼ਾਂ ਨੇ ਕੁਝ ਕੁ ਪੱਖਾਂ ਤੋਂ ਔਰਤ ਨੂੰ ਮਰਦ ਦੇ ਬਰਾਬਰ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ। ਵਿਸ਼ਵ ਲਿੰਗ ਅੰਤਰ ਸੂਚਕਾਂਕ, 2017 ਅਨੁਸਾਰ ਸੰਸਾਰ ਦੇ ਸਤਾਈ ਦੇਸ਼ਾਂ ਵਿੱਚ ਸਿੱਖਿਆ ਪ੍ਰਾਪਤੀ ਦੇ ਖੇਤਰ ਵਿੱਚ ਔਰਤਾਂ ਮਰਦਾਂ ਦੇ ਬਰਾਬਰ ਹਨ। ਚੌਂਤੀ ਦੇਸ਼ਾਂ ਵਿੱਚ ਸਿਹਤ ਅਤੇ ਜਿਉਂਦੇ ਰਹਿਣ ਦੀ ਉਮੀਦ ਦੇ ਪੱਖ ਤੋਂ ਲਿੰਗ ਪਾੜਾ ਨਹੀਂ ਹੈ। ਕੇਵਲ ਪੰਜ ਦੇਸ਼ਾਂ ਨੇ ਸਿਹਤ ਅਤੇ ਸਿੱਖਿਆ ਦੋਵਾਂ ਪੱਖਾਂ ਤੋਂ ਹੀ ਔਰਤਾਂ ਅਤੇ ਮਰਦਾਂ ਵਿਚਕਾਰ ਬਰਾਬਰੀ ਪ੍ਰਾਪਤ ਕੀਤੀ ਹੈ। ਇਹ ਤੱਥ ਉਦਾਸ ਕਰਨ ਵਾਲਾ ਹੈ ਕਿ ਕਿਸੇ ਇੱਕ ਵੀ ਦੇਸ਼ ਵਿੱਚ ਆਰਥਿਕ ਭਾਗੀਦਾਰੀ ਪੱਖੋਂ ਜਾ ਰਾਜਨੀਤਕ ਸ਼ਕਤੀ ਪੱਖੋਂ ਔਰਤਾਂ ਮਰਦਾਂ ਦੀ ਬਰਾਬਰੀ ਨਹੀਂ ਕਰ ਸਕੀਆਂ। ਔਰਤਾਂ ਦੀ ਆਰਥਿਕ ਭਾਗੀਦਾਰੀ ਵਧਾਉਣ ਪੱਖੋਂ ਕੁਝ ਦੇਸ਼ ਜਿਵੇਂ ਬਰੂੰਡੀ, ਨਾਰਵੇ, ਸਵੀਡਨ, ਬੋਤਸਵਾਨਾ, ਨਾਮੀਬੀਆ, ਰਵਾਂਡਾ ਆਦਿ ਸ਼ਲਾਘਾ ਦੇ ਹੱਕਦਾਰ ਜ਼ਰੂਰ ਹਨ ਕਿਉਂਕਿ ਇਨ੍ਹਾਂ ਨੇ ਅੱਸੀ ਫ਼ੀਸਦੀ ਤੋਂ ਵੱਧ ਪਾੜਾ ਖ਼ਤਮ ਕਰ ਲਿਆ ਹੈ। ਔਰਤਾਂ ਦੀ ਰਾਜਨੀਤਕ ਭਾਗੀਦਾਰੀ ਪੱਖੋਂ ਮੋਹਰੀ ਦੇਸ਼ਾਂ ਵਿੱਚ ਆਈਸਲੈਂਡ ਨੇ 70 ਫ਼ੀਸਦੀ ਤੋਂ ਵੱਧ ਅਤੇ ਫਿਨਲੈਂਡ, ਨਾਰਵੇ, ਨਿਕਾਰਾਗੁਆ, ਰਵਾਂਡਾ ਆਦਿ ਨੇ ਪੰਜਾਹ ਤੋਂ ਸੱਠ ਫ਼ੀਸਦੀ ਸਮਾਨਤਾ ਪ੍ਰਾਪਤ ਕਰ ਲਈ ਹੈ।
ਭਾਰਤ ਵਿਸ਼ਵ ਲਿੰਗ ਅੰਤਰ ਸੂਚਕਾਂਕ ਪੱਖੋਂ ਸੌ ਤੋਂ ਵੀ ਵਧੇਰੇ ਦੇਸ਼ਾਂ ਨਾਲੋਂ ਪਿੱਛੇ ਹੈ ਅਤੇ ਇਸ ਨੇ ਕੇਵਲ ਦੋ ਤਿਹਾਈ ਲਿੰਗ ਪਾੜਾ ਪੂਰਿਆ ਹੈ। ਔਰਤਾਂ ਦੀ ਸਾਖਰਤਾ ਦਰ ਦੇ ਮਾਮਲੇ ਵਿੱਚ ਲਗਪਗ ਇੱਕ ਤਿਹਾਈ ਪਾੜਾ ਅਜੇ ਵੀ ਦੂਰ ਕਰਨ ਵਾਲਾ ਹੈ। ਪ੍ਰਾਇਮਰੀ ਸਿੱਖਿਆ ਵਿੱਚ ਦਾਖਲੇ ਸਬੰਧੀ ਭਾਵੇਂ ਸੁਧਾਰ ਹੋਇਆ ਹੈ, ਪਰ ਸਿੱਖਿਆ ਦੇ ਸੈਕੰਡਰੀ ਅਤੇ ਉੱਚ ਪੱਧਰ ਵਿੱਚ ਪੰਜਵੇਂ ਤੋਂ ਵੱਧ ਹਿੱਸਾ ਪਾੜਾ ਅਜੇ ਚਿੰਤਾ ਦਾ ਵਿਸ਼ਾ ਹੈ। ਜਨਮ ਸਮੇਂ ਦੇ ਲਿੰਗ ਅਨੁਪਾਤ ਦੇ ਪੱਖ ਤੋਂ 11 ਫ਼ੀਸਦੀ ਪਾੜਾ ਹੈ। ਰਾਜਨੀਤਕ ਖੇਤਰ ਵਿੱਚ ਸਸ਼ਕਤੀਕਰਨ ਦੇ ਪੱਖ ਤੋਂ ਸੰਸਦ ਵਿੱਚ ਔਰਤਾਂ ਦੀ ਭਾਗੀਦਾਰੀ ਅਤੇ ਮੰਤਰਾਲੇ ਵਿੱਚ ਔਰਤਾਂ ਦੀ ਪੁਜੀਸ਼ਨ ਦੇ ਪੱਖ ਤੋਂ 15 ਫ਼ੀਸਦੀ ਤੋਂ ਵੀ ਘੱਟ ਪਾੜਾ ਦੂਰ ਹੋਇਆ ਹੈ। ਵਿਸ਼ਵ ਲਿੰਗ ਅੰਤਰ ਸੂਚਕਾਂਕ 2017 ਦੇਖੀਏ ਤਾਂ ਪਤਾ ਲੱਗਦਾ ਹੈ ਕਿ ਇਸ ਵਿੱਚ ਸ਼ਾਮਲ ਸਾਰੇ ਨਿਰਧਾਰਕਾਂ ਦੇ ਆਧਾਰ ’ਤੇ ਔਰਤਾਂ ਅਤੇ ਮਰਦਾਂ ਵਿਚਕਾਰ ਕੁੱਲ ਪਾੜਾ ਇੱਕ ਤਿਹਾਈ ਤੋਂ ਵੀ ਵਧੇਰੇ ਹੈ। ਔਰਤਾਂ ਨੂੰ ਆਰਥਿਕ ਭਾਗੀਦਾਰੀ ਅਤੇ ਮੌਕੇ ਦੇਣ ਪੱਖੋਂ ਭਾਰਤ ਦਾ 134ਵਾਂ ਸਥਾਨ ਹੈ ਅਤੇ ਇਸ ਨੇ ਕੇਵਲ ਚਾਲੀ ਫ਼ੀਸਦੀ ਪਾੜਾ ਹੀ ਦੂਰ ਕੀਤਾ ਹੈ। ਕਿਰਤ ਸ਼ਕਤੀ ਵਜੋਂ ਜਿੱਥੇ ਮਰਦਾਂ ਦੀ ਭਾਗੀਦਾਰੀ 82 ਫ਼ੀਸਦੀ ਹੈ, ਉੱਥੇ ਔਰਤਾਂ ਦੀ ਕੇਵਲ 29 ਫ਼ੀਸਦੀ ਹੈ ਭਾਵ ਕੇਵਲ 35 ਫ਼ੀਸਦੀ ਪਾੜਾ ਹੀ ਦੂਰ ਹੋਇਆ ਹੈ। ਔਰਤਾਂ ਦੀ ਨਾ ਕੇਵਲ ਆਰਥਿਕ ਖੇਤਰ ਵਿੱਚ ਭਾਗੀਦਾਰੀ ਘੱਟ ਹੈ ਸਗੋਂ ਇੱਕੋ ਜਿਹੇ ਕੰਮਾਂ ਲਈ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਵੇਤਨ ਵੀ ਘੱਟ ਦਿੱਤੇ ਜਾਂਦੇ ਹਨ ਅਤੇ ਇਸ ਪੱਖੋਂ ਕੇਵਲ 62 ਫ਼ੀਸਦੀ ਸਮਾਨਤਾ ਹੈ। ਅੰਦਾਜ਼ਨ ਕਮਾਈ ਹੋਈ ਆਮਦਨ ਵਿੱਚ ਲਿੰਗ ਪਾੜਾ ਹੋਰ ਵੀ ਵਧੇਰੇ ਹੈ ਅਤੇ ਇਸ ਪੱਖੋਂ ਭਾਰਤ ਦਾ ਬਹੁਤ ਹੀ ਨੀਵਾਂ 137ਵਾਂ ਸਥਾਨ ਹੈ। ਇਸ ਪੱਖੋਂ ਔਰਤਾਂ ਦਾ ਹਿੱਸਾ ਇੱਕ ਚੌਥਾਈ ਤੋਂ ਵੀ ਘੱਟ ਹੋਣਾ ਉਨ੍ਹਾਂ ਦੀ ਮਾੜੀ ਆਰਥਿਕ ਦਸ਼ਾ ਦਾ ਪ੍ਰਤੱਖ ਪ੍ਰਗਟਾਵਾ ਕਰਦਾ ਹੈ। ਇਸ ਵਿਚਲੇ ਖ਼ਾਸ ਤੌਰ ’ਤੇ ਔਰਤ ਨਾਲ ਸਬੰਧਤ ਦੋ ਪਹਿਲੂਆਂ-ਮਾਤਾ ਮੌਤ ਦਰ ਅਤੇ ਅੱਲੜ ਉਮਰ ਵਿੱਚ ਜਨਮ ਦਰ ਦੇ ਪੱਖ ਤੋਂ ਔਰਤ ਦੀ ਹਾਲਤ ਬਹੁਤ ਮਾੜੀ ਹੈ।

ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਵਿੱਚੋਂ ਭਾਰਤ ਨੂੰ ਬਾਹਰ ਕੱਢਣ ਲਈ ਅਤੇ ਵਿਕਾਸ ਦੀ ਰਫ਼ਤਾਰ ਤੇਜ਼ ਕਰਨ ਲਈ ਇਹ ਜ਼ਰੂਰੀ ਹੈ ਕਿ ਦੇਸ਼ ਦਾ ਹਰੇਕ ਜਾਗਰੂਕ ਨਿਵਾਸੀ ਔਰਤਾਂ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਤੌਰ ’ਤੇ ਮਜ਼ਬੂਤ ਹੋਣ ਦੇ ਫਾਇਦਿਆਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਧੀਆਂ ਦਾ ਭਵਿੱਖ ਸੁਧਾਰਨ ਲਈ ਯਤਨ ਕਰੇ। ਸਾਰੇ ਪਰਿਵਾਰ ਆਪਣੀਆਂ ਬੇਟੀਆਂ ਨੂੰ ਬੇਟਿਆਂ ਦੇ ਬਰਾਬਰ ਖੁਰਾਕ, ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਤਾਂ ਲਿੰਗ ਬਰਾਬਰੀ ਆਪ ਮੁਹਾਰੇ ਹੀ ਆ ਸਕਦੀ ਹੈ।

Comments

comments

Share This Post

RedditYahooBloggerMyspace