ਬੱਚਿਆਂ ਵਿਚ ਗੋਡੇ ਦੀ ਪੀੜ

ਡਾ. ਹਰਸ਼ਿੰਦਰ ਕੌਰ, ਐਮਡੀ

ਜੋੜਾਂ ਦੀਆਂ ਦਰਦਾਂ ਆਮ ਤੌਰ ਉੱਤੇ ਵੱਡੀ ਉਮਰ ਦਾ ਰੋਗ ਮੰਨ ਲਿਆ ਗਿਆ ਹੈ ਪਰ ਬੱਚਿਆਂ ਵਿਚ ਵੀ ਇਸ ਦੇ ਅਨੇਕ ਕਾਰਨ ਹਨ। ਲਗਾਤਾਰ ਦੌੜਦੇ-ਭੱਜਦੇ, ਸੱਟਾਂ ਖਾਂਦੇ, ਡਿੱਗਦੇ ਬੱਚੇ ਕਿਸੇ ਨਾ ਕਿਸੇ ਥਾਂ ਦੀ ਪੀੜ, ਕਿਸੇ ਪੱਠੇ ਦੀ ਖਿੱਚ ਜਾਂ ਜੋੜਾਂ ਦੀ ਪੀੜ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ।

ਲੋੜੋਂ ਵੱਧ ਜੋੜ ਦੀ ਵਰਤੋਂ, ਪੱਠਿਆਂ ਦੀ ਖਿੱਚ, ਪੱਠਿਆਂ ਦੀ ਕਮਜ਼ੋਰੀ, ਓਸਗੁੱਡ ਸ਼ਲੈਟਰ ਬਿਮਾਰੀ (ਵਧਦੇ ਬੱਚਿਆਂ ਦਾ ਰੋਗ) ਆਦਿ ਅਨੇਕ ਕਾਰਨਾਂ ਕਰ ਕੇ ਬੱਚਿਆਂ ਨੂੰ ਡਾਕਟਰ ਕੋਲ ਲਿਜਾਉਣਾ ਪੈ ਸਕਦਾ ਹੈ। ਓਸਗੁੱਡ ਸ਼ਲੈਡਰ ਬਿਮਾਰੀ ਵਿਚ ਹੱਡੀ ਦਾ ਵਧਦਾ ਸਿਰਾ ਜੋ ਗੋਡੇ ਵਿਚ ਹੁੰਦਾ ਹੈ, ਵਿਚ ਨਿੱਕਾ ਜਿਹਾ ਹੱਡੀ ਦਾ ਟੋਟਾ ਵੱਧ ਜਾਂਦਾ ਹੈ। ਇਸ ਨਾਲ ਬੱਚੇ ਨੂੰ ਗੋਡੇ ਵਿਚ ਤਿੱਖੀ ਪੀੜ ਹੋਣ ਲੱਗ ਪੈਂਦੀ ਹੈ। ਵਧਣ ਦੀਆਂ ਦਰਦਾਂ ਵੀ ਬੜੀਆਂ ਤਿੱਖੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਬੱਚੇ ਨੂੰ ਰਾਤ ਨੂੰ ਉੱਠ ਕੇ ਲੱਤਾਂ ਘੁਟਾਉਣ ਦੀ ਲੋੜ ਪੈਂਦੀ ਹੈ।

ਹੀਮੋਫਿਲੀਆ ਬਿਮਾਰੀ ਵਿਚ ਜੋੜਾਂ ਵਿਚ ਲਹੂ ਚੱਲਣ ਦੀ ਬਿਮਾਰੀ ਸਦਕਾ ਗੋਡਿਆਂ ਤੇ ਹੋਰ ਜੋੜਾਂ ਵਿਚ ਲਹੂ ਇਕੱਠਾ ਹੋ ਸਕਦਾ ਹੈ। ਇਸ ਕਰ ਕੇ ਜੋੜ ਦਾ ਕੁੱਝ ਹਿੱਸਾ ਖੁਰ ਸਕਦਾ ਹੈ ਤੇ ਕੁੱਝ ਜੋੜ ਵਿਚਲੇ ਹਿੱਸੇ ਲੋੜੋਂ ਵਧ ਵਧਣ ਲੱਗ ਪੈਂਦੇ ਹਨ ਜਿਸ ਕਰ ਕੇ ਕਈ ਵਾਰ ਹੱਡੀਆਂ ਵੀ ਲੰਮੀਆਂ ਜਾਂ ਛੋਟੀਆਂ ਹੋ ਸਕਦੀਆਂ ਹਨ। ਕਈ ਵਾਰ ਹੱਡੀਆਂ ਵਿਚ ਕੀਟਾਣੂਆਂ ਦੇ ਹਮਲੇ ਕਾਰਨ ਜੋੜ ਵਿਚ ਵੀ ਸੋਜ਼ਿਸ਼ ਹੋ ਸਕਦੀ ਹੈ ਜਾਂ ਜੋੜ ਦੇ ਅੰਦਰ ਕੀਟਾਣੂ ਵਧ ਸਕਦੇ ਹਨ ਜਿਸ ਨਾਲ ਜੋੜ ਸੁੱਜ ਜਾਂਦਾ ਹੈ ਤੇ ਪੀੜ ਕਰਦਾ ਹੈ। ਰੀੜ੍ਹ ਦੀ ਹੱਡੀ ਦੀ ਟੀਬੀ ਹੋ ਜਾਣ ਉੱਤੇ ਵੀ ਕਈ ਵਾਰ ਵੱਖੋ-ਵੱਖ ਹੋਰ ਹੱਡੀਆਂ ਤੇ ਜੋੜਾਂ ਵਿਚ ਟੀਬੀ ਦੇ ਕੀਟਾਣੂ ਹਮਲਾ ਬੋਲ ਸਕਦੇ ਹਨ ਤੇ ਜੋੜਾਂ ਵਿਚ ਤਿੱਖੀ ਪੀੜ ਹੋ ਸਕਦੀ ਹੈ।

ਜੁਵੇਨਾਈਲ ਆਰਥਰਾਈਟਿਸ ਵਿਚ ਵੀ ਜੋੜ ਦੀ ਪੀੜ ਨੂੰ ਘਟਾਉਣ ਲਈ ਬੱਚਿਆਂ ਵਿਚ ਸਟੀਰਾਇਡ ਦਾ ਟੀਕਾ ਜੋੜ ਵਿਚ ਲਾਉਣਾ ਪੈਂਦਾ ਹੈ। ਰਿਊਮੈਟਾਇਡ ਆਰਥਰਾਈਟਿਸ ਵਿਚ ਜੋੜਾਂ ਵਿਚ ਭਰੇ ਪਾਣੀ ਸਦਕਾ ਤਿੱਖੀ ਪੀੜ ਤੇ ਬੱਚੇ ਦੇ ਤੁਰਨ ਵਿਚ ਦਿੱਕਤ ਆ ਸਕਦੀ ਹੈ। ਵਧਣ ਦੀਆਂ ਦਰਦਾਂ ਬੱਚੇ ਨੂੰ ਬੇਹਾਲ ਕਰ ਦਿੰਦੀਆਂ ਹਨ। ਸ਼ਾਮ ਵੇਲੇ ਜਾਂ ਰਾਤ ਵੇਲੇ ਦੋਵਾਂ ਲੱਤਾਂ ਵਿਚ ਖਿੱਚ ਤੇ ਪੀੜ ਸਦਕਾ ਬੱਚੇ ਨਾ ਆਰਾਮ ਨਾਲ ਬਹਿ ਸਕਦੇ ਹਨ ਤੇ ਨਾ ਹੀ ਚੰਗੀ ਨੀਂਦਰ ਲੈ ਸਕਦੇ ਹਨ। ਪਹਿਲਾਂ ਤਿੰਨ ਤੋਂ ਚਾਰ ਸਾਲ ਦੀ ਉਮਰ ਵਿਚ ਤੇ ਫੇਰ 8 ਤੋਂ 12 ਸਾਲ ਦੀ ਉਮਰ ਵਿਚ ਆਮ ਤੌਰ ਉੱਤੇ ਅਜਿਹੀ ਪੀੜ ਹੋਣ ਲੱਗ ਪੈਂਦੀ ਹੈ। ਇਹ ਪੀੜ ਆਮ ਤੌਰ ਉੱਤੇ ਸਵੇਰ ਵੇਲੇ ਉੱਕਾ ਹੀ ਠੀਕ ਹੋ ਜਾਂਦੀ ਹੈ। ਇਸੇ ਲਈ ਮਾਪੇ ਬੱਚੇ ਦਾ ਝੂਠ ਮੂਠ ਦਾ ਬਹਾਨਾ ਮੰਨ ਲੈਂਦੇ ਹਨ ਕਿਉਂਕਿ ਇਹ ਪੀੜ ਖੇਡਣ ਵੇਲੇ ਜਾਂ ਦਿਨ ਵੇਲੇ ਭੱਜਣ ਦੌੜਨ ਵੇਲੇ ਨਹੀਂ ਹੁੰਦੀ। ਜਿਨ੍ਹਾਂ ਬੱਚਿਆਂ ਨੂੰ ਇਹ ਪੀੜ ਹੋ ਰਹੀ ਹੋਵੇ, ਉਨ੍ਹਾਂ ਨੂੰ ਸਿਰ ਪੀੜ ਤੇ ਢਿੱਡ ਪੀੜ ਵੀ ਆਮ ਹੀ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਦੀ ਪੀੜ ਵਾਲੇ ਬੱਚਿਆਂ ਦੇ ਐਕਸ-ਰੇ ਤੇ ਲਹੂ ਦੇ ਟੈਸਟ ਨਾਰਮਲ ਹੁੰਦੇ ਹਨ। ਸਿਰਫ਼ ਇਨ੍ਹਾਂ ਬੱਚਿਆਂ ਦੀ ਪੀੜ ਨੂੰ ਜਰਨ ਦੀ ਤਾਕਤ ਘੱਟ ਹੁੰਦੀ ਹੈ।

ਇਲਾਜ: ਵਧਣ ਦੀਆਂ ਦਰਦਾਂ ਵਿਚ ਲੱਤਾਂ ਨੂੰ ਘੁੱਟਣ ਤੇ ਮਾਲਿਸ਼ ਕਰਨ ਦੀ ਲੋੜ ਪੈਂਦੀ ਹੈ। ਲੱਤਾਂ ਨੂੰ ਹਲਕਾ ਖਿੱਚ ਕੇ ਸਿੱਧਾ ਕਰਨਾ ਚਾਹੀਦਾ ਹੈ। ਹਲਕਾ ਸੇਕ ਦੇਣ ਨਾਲ ਵੀ ਫ਼ਰਕ ਪੈ ਜਾਂਦਾ ਹੈ। ਜੇ ਫਰਕ ਨਾ ਦਿਸੇ ਤਾਂ ਡਾਕਟਰ ਦੀ ਸਲਾਹ ਨਾਲ ਦਰਦ ਦੀਆਂ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ ਪਰ ਐਸਪਿਰਿਨ ਦੀ ਗੋਲੀ ਬਿਲਕੁਲ ਨਹੀਂ ਦੇਣੀ ਚਾਹੀਦੀ। ਇਕ ਗੱਲ ਧਿਆਨ ਰਹੇ ਕਿ ਵਧਣ ਦੀਆਂ ਦਰਦਾਂ ਹਮੇਸ਼ਾ ਦੋਨੋਂ ਲੱਤਾਂ ਵਿਚ ਹੁੰਦੀਆਂ ਹਨ, ਇੱਕ ਲੱਤ ਵਿਚ ਨਹੀਂ। ਵਧਣ ਦੀਆਂ ਦਰਦਾਂ ਜੋੜਾਂ ਵਿਚ ਨਹੀਂ ਹੁੰਦੀਆਂ, ਸਿਰਫ਼ ਪੱਠਿਆਂ ਵਿਚ ਹੁੰਦੀਆਂ ਹਨ। ਇਸ ਵਿਚ ਬੁਖ਼ਾਰ ਵੀ ਨਹੀਂ ਹੁੰਦਾ ਤੇ ਬੱਚਾ ਲੰਗ ਵੀ ਨਹੀਂ ਮਾਰਦਾ।

ਵਧਣ ਦੀਆਂ ਦਰਦਾਂ ਵਿਚ ਡਾਕਟਰ ਕੋਲ ਕਦੋਂ ਲਿਜਾਈਏ?
ਜੇ ਲੱਤ ਦੀ ਦਰਦ ਨਾਲ ਅੱਗੇ ਦੱਸੇ ਲੱਛਣ ਹੋਣ ਤਾਂ ਸਮਝੋ ਵਧਣ ਦੀਆਂ ਦਰਦਾਂ ਨਹੀਂ, ਕੋਈ ਹੋਰ ਬਿਮਾਰੀ ਹੈ: ਸੱਟ ਵੱਜੀ ਹੋਵੇ। ਬੁਖ਼ਾਰ ਹੋਵੇ। ਭੁੱਖ ਮਰ ਜਾਵੇ। ਲੰਗ ਮਾਰ ਰਿਹਾ ਹੋਵੇ। ਦਾਣੇ ਨਿਕਲ ਜਾਣ। ਜੋੜ ਸੁੱਜ ਜਾਣ। ਥਕਾਵਟ ਹੋਣ ਲੱਗ ਪਵੇ। ਦਿਨ ਵੇਲੇ ਵੀ ਪੀੜ ਹੋਵੇ। ਭਾਰ ਘੱਟ ਜਾਵੇ। ਕਮਜ਼ੋਰੀ ਮਹਿਸੂਸ ਹੋਵੇ।

ਜੰਪਰ ਗੋਡਾ: ਗੋਡੇ ਦੇ ਬੰਨ੍ਹਣ ਵਾਲੇ ਪੱਠਿਆਂ ਦੇ ਸਿਰੇ ਵਿਚ ਖਿੱਚ ਪੈਣ ਨਾਲ ਗੋਡੇ ਵਿਚ ਪੀੜ ਹੋ ਸਕਦੀ ਹੈ। ਜਿਹੜੇ ਬੱਚੇ ਜ਼ਿਆਦਾ ਚੌਂਕੜੀ ਮਾਰ ਕੇ ਬੈਠਦੇ ਹੋਣ ਜਾਂ ਬਹੁਤ ਜ਼ਿਆਦਾ ਛਾਲਾਂ ਮਾਰਦੇ ਹੋਣ, ਉਨ੍ਹਾਂ ਦੇ ਗੋਡੇ ਵਿਚ ਪੀੜ ਹੋ ਸਕਦੀ ਹੈ ਤੇ ਸੋਜ਼ਿਸ਼ ਵੀ। ਸੰਪੂਰਨ ਆਰਾਮ ਨਾਲ ਰਾਹਤ ਮਿਲਦੀ ਹੈ।

ਗੋਡੇ ਦੇ ਪੱਠਿਆਂ ਦੀ ਸੱਟ: ਲੋੜੋਂ ਵਧ ਜ਼ੋਰ ਪਾਉਣ ਜਾਂ ਬਹੁਤਾ ਭਾਰ ਚੁੱਕਣ ਜਾਂ ਤਿਲਕ ਕੇ ਇਕਦਮ ਟੇਢਾ ਹੋ ਜਾਣ ਨਾਲ ਮੋਚ ਪੈ ਜਾਣ ਉੱਤੇ ਤਿੱਖੀ ਪੀੜ ਹੋ ਸਕਦੀ ਹੈ। ਬਰਫ਼ ਦਾ ਪੈਕ ਲਾਉਣ, ਪੈਰ ਉੱਤੇ ਚੁੱਕ ਕੇ ਰੱਖਣ ਤੇ ਘੁੱਟ ਕੇ ਬੰਨਣ ਨਾਲ ਆਰਾਮ ਮਿਲ ਜਾਂਦਾ ਹੈ।

ਪਟੈਲੋਫਿਮੋਰਲ ਪੇਨ ਸਿੰਡਰੋਮ: ਤੇਜ਼ ਦੌੜਨ ਵਾਲੇ ਬੱਚਿਆਂ (13 ਤੋਂ 18 ਸਾਲ ਦੀ ਉਮਰ) ਦੇ ਗੋਡੇ ਦੇ ਅਗਲੇ ਸਿਰੇ ਉੱਤੇ ਪੀੜ ਹੋ ਸਕਦੀ ਹੈ। ਗੋਡੇ ਉੱਤੇ ਲੋੜੋਂ ਵੱਧ ਭਾਰ ਪੈ ਜਾਣ ਸਦਕਾ ਜਦੋਂ ਇਹ ਬੱਚੇ ਚੌਂਕੜੀ ਮਾਰਦੇ ਹਨ, ਕੁੱਦਦੇ ਹਨ ਜਾਂ ਅੱਗੇ ਝੁਕ ਕੇ ਗੋਡਾ ਮੋੜਦੇ ਹਨ ਤਾਂ ਤਿੱਖੀ ਪੀੜ ਹੋ ਸਕਦੀ ਹੈ ਤੇ ਹੱਡੀ ਵੀ ਸਰਕ ਸਕਦੀ ਹੈ।

ਕੁਆਡਰੀਸੈੱਪਸ ਟੈਂਡੀਨਾਈਟਿਸ: ਫੁੱਟਬਾਲ, ਅਥਲੈਟਿਕਸ, ਤੇਜ਼ ਦੌੜਨ ਵਰਗੀਆਂ ਖੇਡਾਂ ਵਿਚ ਰੁਚੀ ਰੱਖਣ ਵਾਲੇ ਬੱਚਿਆਂ ਵਿਚ ਪੱਠਿਆਂ ਦੀ ਖਿੱਚ ਕਾਰਨ ਪੱਟ ਦੇ ਹੇਠਲੇ ਸਿਰੇ ਤੇ ਗੋਡੇ ਦੇ ਉੱਪਰਲੇ ਸਿਰੇ ਤੇ ਪੀੜ, ਸੋਜ਼ਿਸ਼ ਤੇ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ।

ਰਸੌਲੀ: ਇਸ ਵਿਚ ਪੀੜ ਬਹੁਤ ਘੱਟ ਹੁੰਦੀ ਹੈ ਪਰ ਗੋਡੇ ਦੇ ਪਾਸੇ ‘ਤੇ ਛੋਟੀ ਰਸੌਲੀ ਦਿਸਦੇ ਸਾਰ ਤੁਰੰਤ ਡਾਕਟਰ ਕੋਲ ਚੈੱਕਅੱਪ ਕਰਵਾਉਣ ਜਾਣਾ ਚਾਹੀਦਾ ਹੈ। ਜੇ ਜੋੜਾਂ ਦੀ ਦਰਦ ਲਗਾਤਾਰ ਹੁੰਦੀ ਰਹੇ ਤੇ ਨਾਲ ਅੱਗੇ ਦੱਸੇ ਲੱਛਣ ਹੋਣ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ: ਲੰਗ ਵੱਜਣਾ। ਥਕਾਵਟ। ਗਲੇ, ਕੱਛ ਜਾਂ ਸਰੀਰ ਦੇ ਹੋਰ ਹਿੱਸਿਆਂ ਵਿਚ ਗਿਲਟੀਆਂ। ਜੋੜ ਸੁੱਜਣਾ ਤੇ ਅਕੜਾਹਟ। ਲਗਾਤਾਰ ਬੁਖ਼ਾਰ। ਸਰੀਰ ਉੱਤੇ ਦਾਣੇ ਨਿਕਲਣੇ। ਢਿੱਡ ਪੀੜ। ਭਾਰ ਘਟਣਾ। ਇਕ ਤੋਂ ਦੂਜੇ ਜੋੜ ਵੱਲ ਪੀੜ ਜਾਣਾ/ਰਿਊਮੈਟਿਕ ਬੁਖ਼ਾਰ। ਜੋੜ ਦੇ ਇਕ ਹਿੱਸੇ ਵਿਚ ਤਿੱਖੀ ਪੀੜ। ਇਕਦਮ ਤਿੱਖੀ ਪੀੜ। ਲੰਮੇ ਸਮੇਂ ਤੋਂ ਹੁੰਦੀ ਹਲਕੀ ਪੀੜ। ‘ਟਿੱਕ’ ਕੀਟਾਣੂਆਂ ਦੇ ਕੱਟਣ ਬਾਅਦ। ਰਾਤ ਨੂੰ ਪੀੜ। ਸ਼ਾਮ ਨੂੰ ਰੋਜ਼ ਹੁੰਦੀ ਪੀੜ। ਰੋਜ਼ਮੱਰਾ ਦੇ ਕੰਮਕਾਰ ਵਿਚ ਅੜਿੱਕਾ ਪਾ ਰਹੀ ਹੋਵੇ। ਜੋੜ ਹਿਲਾਉਣ ਜਾਂ ਜ਼ੋਰ ਪਾਉਣ ਉੱਤੇ ਤਿੱਖੀ ਪੀੜ। ਬੈਠਣ ਨਾਲ ਪੀੜ ਵਧਦੀ ਹੋਵੇ। ਜੋੜ ਉੱਤੇ ਨੀਲ ਪੈ ਜਾਣ। ਚਮੜੀ ਵਿਚ ਨੀਲ ਪੈਣੇ। ਸੋਚਣ ਸਮਝਣ ਦੀ ਸ਼ਕਤੀ ਘਟਣੀ। ਪੂਰਾ ਜੋੜ ਸਿੱਧਾ ਨਾ ਕਰ ਸਕਣਾ। ਰਤਾ ਕੁ ਸੱਟ ਨਾਲ ਚਮੜੀ ਵਿੱਚੋਂ ਲਹੂ ਚੱਲ ਪੈਣਾ। ਜੋੜ ਵਿਚ ਚਰਰ ਚਰਰ ਦੀਆਂ ਆਵਾਜ਼ਾਂ ਆਉਣੀਆਂ। ਸਿਰ ਪੀੜ। ਭੁੱਖ ਮਰਨੀ। ਜੋੜਾਂ ਦਾ ਆਕੜਨਾ। ਚਮੜੀ ਹੇਠਾਂ ਗੱਠ।

ਗੋਡੇ ਦੀ ਪੀੜ ਬਾਰੇ ਮਾਪਿਆਂ ਨੂੰ ਸੁਝਾਅ: ਹਰ ਪੰਜਾਂ ਵਿੱਚੋਂ ਦੋ ਬੱਚਿਆਂ ਨੂੰ ਵਧਣ ਦੀਆਂ ਦਰਦਾਂ ਜ਼ਰੂਰ ਹੁੰਦੀਆਂ ਹਨ। ਜਵਾਨੀ ਵਿਚ ਪੈਰ ਧਰਦੇ ਬੱਚਿਆਂ ਤੇ ਛੋਟੇ ਬੱਚਿਆਂ ਵਿਚ ਇਹ ਆਮ ਹੀ ਦਿਸਦੀ ਹੈ ਪਰ ਜੇ ਟੱਬਰ ਵਿਚ ‘ਰੈਸਟਲੈੱਸ ਲੈੱਗ ਸਿੰਡਰੋਮ’ (ਲੱਤਾਂ ਵਿਚ ਰਾਤ ਵੇਲੇ ਕੜਵੱਲ, ਖਿੱਚ ਤੇ ਪੀੜ) ਦਾ ਰੋਗ ਹੋਵੇ ਤਾਂ ਬੱਚੇ ਵਿਚ ਵੀ ਸਿਰਫ਼ ਵਧਣ ਦੀ ਦਰਦਾਂ ਕਹਿ ਕੇ ਨਹੀਂ ਸਾਰ ਲੈਣਾ ਚਾਹੀਦਾ, ਬਲਕਿ ਡਾਕਟਰੀ ਸਲਾਹ ਲੈ ਲੈਣੀ ਚਾਹੀਦੀ ਹੈ।

ਬੱਚੇ ਨੂੰ ਗੋਡੇ ਦੇ ਰੋਗਾਂ ਤੇ ਸੱਟਾਂ ਤੋਂ ਕਿਵੇਂ ਬਚਾਈਏ: ਲਗਾਤਾਰ ਕਸਰਤ। ਬੱਚੇ ਦਾ ਭਾਰ ਵੱਧ ਹੈ ਤਾਂ ਭਾਰ ਘਟਾਉ। ਜੇ ਬੱਚਾ ਖਿਡਾਰੀ ਹੈ ਤਾਂ ਖੇਡਣ ਤੋਂ ਪਹਿਲਾਂ ‘ਵਾਰਮ ਅੱਪ’ ਜ਼ਰੂਰੀ ਹੈ। ਏਰੋਬਿਕ ਕਸਰਤਾਂ ਯਾਨੀ ਸਾਈਕਲ ਚਲਾਉਣਾ, ਜੌਗਿੰਗ, ਤੈਰਨਾ, ਆਦਿ। ਜੁੱਤੀਆਂ ਦਾ ਨਾਪ ਸਹੀ ਅਤੇ ਥੱਲਾ ਨਰਮ ਹੋਵੇ। ਪੌੜੀਆਂ ਦੌੜ ਕੇ ਕਦੀ ਨਾ ਉੱਤਰੋ।

ਘਰੇਲੂ ਨੁਸਖ਼ੇ
*ਗੋਡੇ ਦੀ ਸੱਟ ਜਾਂ ਪੀੜ ਉੱਤੇ ਬਰਫ਼ ਲਾਉਣ ਨਾਲ ਗੋਡੇ ਵੱਲ ਜਾਂਦੀਆਂ ਨਸਾਂ ਸੁੰਗੜ ਜਾਂਦੀਆਂ ਹਨ ਜਿਸ ਨਾਲ ਗੋਡੇ ਵੱਲ ਜਾਂਦਾ ਲਹੂ ਘੱਟ ਜਾਂਦਾ ਹੈ ਤੇ ਸੋਜ਼ਿਸ਼ ਘੱਟ ਜਾਂਦੀ ਹੈ।

*ਤਾਜ਼ਾ ਅਦਰਕ ਕੱਦੂਕਸ ਕਰ ਕੇ ਕੋਸੇ ਪਾਣੀ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਪੀੜ ਘਟਦੀ ਹੈ। ਦੇਸੀ ਚਾਹ ਦਿਨ ਵਿਚ ਚਾਰ ਪੰਜ ਵਾਰ ਪੀਣੀ ਚਾਹੀਦੀ ਹੈ। ਅਦਰਕ ਦੇ ਤੇਲ ਨਾਲ ਹਲਕੀ ਮਾਲਿਸ਼ ਨਾਲ ਵੀ ਸੋਜ਼ਿਸ਼ ਘਟਦੀ ਹੈ।

*ਇਕ ਜਾਂ ਦੋ ਗਿਲਾਸ ਕੋਸੇ ਪਾਣੀ ਵਿਚ ਰਤਾ ਕੁ ‘ਐੱਪਲ ਸਾਈਡਰ ਵਿਨੇਗਰ’ ਪਾ ਕੇ ਪੀਣ ਨਾਲ ਵੀ ਕੁੱਝ ਚਿਰ ਬਾਅਦ ਗੋਡੇ ਦੀ ਪੀੜ ਘਟਦੀ ਹੈ।

*ਲਾਲ ਮਿਰਚ ਤੇ ਓਲਿਵ ਤੇਲ ਦੇ ਮਿਸ਼ਰਨ ਦਵਾਈਆਂ ਦੀ ਦੁਕਾਨ ਤੋਂ ਮਿਲਦੇ ਹਨ। ‘ਕੈਪਸਾਇਸਿਨ’ ਦੇ ਨਾਂ ਹੇਠ ਵਿਕ ਰਹੀਆਂ ਇਹ ਮੱਲਮਾਂ ਲਾਉਣ ਨਾਲ ਪੀੜ ਦਾ ਅਹਿਸਾਸ ਘਟ ਜਾਂਦਾ ਹੈ।

*ਸਰ੍ਹੋਂ ਦਾ ਤੇਲ ਤੇ ਹਲਦੀ ਨੂੰ ਸਦੀਆਂ ਤੋਂ ਸੋਜ਼ਿਸ਼ ਉੱਤੇ ਬੰਨ੍ਹ ਕੇ ਆਰਾਮ ਲਿਆ ਜਾਂਦਾ ਰਿਹਾ ਹੈ। ਹਲਦੀ ਨੂੰ ਗਰਮ ਪਾਣੀ ਜਾਂ ਦੁੱਧ ਵਿਚ ਮਿਲਾ ਕੇ ਵੀ ਪੀਣ ਨਾਲ ਪੀੜ ਤੋਂ ਰਾਹਤ ਮਿਲ ਜਾਂਦੀ ਹੈ।

Comments

comments

Share This Post

RedditYahooBloggerMyspace