ਆਖ਼ਰੀ 16 ਦੇ ਗੇੜ ਵਿੱਚ ਪੁੱਜਿਆ ਬੈਲਜੀਅਮ

ਟਿਊਨਿਸ਼ੀਆ ਨੂੰ 5-2 ਗੋਲਾਂ ਨਾਲ ਹਰਾਇਆ;
ਲੁਕਾਕੂ ਤੇ ਹਜ਼ਾਰਡ ਨੇ ਕੀਤੇ ਦੋ-ਦੋ ਗੋਲ

ਟਿਊਨਿਸ਼ੀਆ ਨੂੰ ਹਰਾਉਣ ਮਗਰੋਂ ਬੈਲਜੀਅਮ ਦੇ ਖਿਡਾਰੀ ਆਪਣੇ ਪ੍ਰਸ਼ੰਸਕਾਂ ਤੋਂ ਵਧਾਈਆਂ ਕਬੂਲਦੇ ਹੋਏ।

ਨੋਵਗੋਰੋਦ : ਖ਼ਤਰਨਾਕ ਸਟਰਾਈਕਰ ਰੋਮੇਲੂ ਲੁਕਾਕੂ ਅਤੇ ਕਪਤਾਨ ਈਡਨ ਹਜ਼ਾਰਡ ਦੇ ਦੋ-ਦੋ ਜ਼ਬਰਦਸਤ ਗੋਲਾਂ ਦੇ ਦਮ ’ਤੇ ਬੈਲਜੀਅਮ ਨੇ ਗਰੁੱਪ ‘ਜੀ’ ਵਿੱਚ ਅੱਜ ਟਿਊਨਿਸ਼ੀਆ ਨੂੰ 5-2 ਗੋਲਾਂ ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਦੇ ਨਾਕਆਊਟ ਗੇੜ ਵਿੱਚ ਥਾਂ ਬਣਾ ਲਈ ਹੈ। ਬੈਲਜੀਅਮ ਨੇ ਗਰੁੱਪ ‘ਜੀ’ ਦੇ ਆਪਣੇ ਸ਼ੁਰੂਆਤੀ ਮੈਚ ਵਿੱਚ ਪਨਾਮਾ ਨੂੰ 3-0 ਨਾਲ ਹਰਾਇਆ ਸੀ ਅਤੇ ਹੁਣ ਲਗਾਤਾਰ ਦੂਜੀ ਜਿੱਤ ਅਤੇ ਛੇ ਅੰਕਾਂ ਨਾਲ ਉਹ ਦੂਜੇ ਗੇੜ ਵਿੱਚ ਪਹੁੰਚ ਗਿਆ ਹੈ। ਦੂਜੀ ਪਾਸੇ ਟਿਊਨਿਸ਼ੀਆ ਦੀ ਟੀਮ ਲਗਾਤਾਰ ਦੂਜਾ ਮੈਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਟਿਊਨਿਸ਼ੀਆ ਨੂੰ ਇਸ ਤੋਂ ਪਹਿਲਾਂ ਇੰਗਲੈਂਡ ਹੱਥੋਂ 1-2 ਗੋਲਾਂ ਨਾਲ ਹਾਰ ਝੱਲਣੀ ਪਈ ਸੀ। ਲੁਕਾਕੂ ਨੇ ਇਨ੍ਹਾਂ ਦੋ ਗੋਲਾਂ ਨਾਲ ਟੂਰਨਾਮੈਂਟ ਵਿੱਚ ਆਪਣੇ ਗੋਲਾਂ ਦੀ ਗਿਣਤੀ ਚਾਰ ਕਰ ਲਈ ਹੈ। ਟੂਰਨਾਮੈਂਟ ਵਿੱਚ ਸਭ ਤੋਂ ਵੱਧ ਗੋਲ ਕਰਨ ਦੇ ਮਾਮਲੇ ਵਿੱਚ ਉਹ ਪੁਰਤਗਾਲ ਦੇ ਕਰਿਸ਼ਮਈ ਸਟਰਾਈਕਰ ਕ੍ਰਿਸਟਿਆਨੋ ਰੋਨਾਲਡੋ ਦੇ ਬਰਾਬਰ ਆ ਗਿਆ ਹੈ। ਲੁਕਾਕੂ ਨੇ ਪਹਿਲੇ ਹਾਫ਼ ਦੇ 16ਵੇਂ ਅਤੇ ਆਖ਼ਰੀ ਮੌਕੇ ਦੇ ਤੀਜੇ ਮਿੰਟ ਵਿੱਚ ਗੋਲ ਕੀਤੇ। ਲੁਕਾਕੂ ਹੁਣ ਬੈਲਜੀਅਮ ਲਈ 11 ਮੈਚਾਂ ਵਿੱਚ 17 ਗੋਲ ਕਰ ਚੁੱਕਿਆ ਹੈ। ਲੁਕਾਕੂ ਨੇ ਇਸ ਤੋਂ ਪਹਿਲਾਂ ਪਨਾਮਾ ਖ਼ਿਲਾਫ਼ 69ਵੇਂ ਅਤੇ 75ਵੇਂ ਮਿੰਟ ਵਿੱਚ ਗੋਲ ਕੀਤੇ ਸਨ। ਲੁਕਾਕੂ ਨੇ ਇਸ ਦੇ ਨਾਲ ਹੀ ਬੈਲਜੀਅਮ ਦੇ ਵਿਸ਼ਵ ਕੱਪ ਦੇ ਚੋਟੀ ਦੇ ਸਕੋਰਰ ਮਾਰਕ ਵਿਲਮੋਟਸ (5) ਦੀ ਬਰਾਬਰੀ ਵੀ ਕਰ ਲਈ ਹੈ। ਮੈਚ ਵਿੱਚ ਕਪਤਾਨ ਈਡਨ ਹਜ਼ਾਰਡ ਨੇ ਬੈਲਜੀਅਮ ਨੇ ਛੇਵੇਂ ਮਿੰਟ ਵਿੱਚ ਪੈਨਲਟੀ ਦਿਵਾਈ ਅਤੇ ਫਿਰ ਪੈਨਲਟੀ ’ਤੇ ਗੋਲ ਦਾਗ਼ ਦਿੱਤਾ। ਲੁਕਾਕੂ ਨੇ 16ਵੇਂ ਮਿੰਟ ਵਿੱਚ ਡਰਾਈਜ਼ ਮਰਟੈਨਜ਼ ਦੇ ਪਾਸ ਨਾਲ ਬੈਲਜੀਅਮ ਨੂੰ 2-0 ਨਾਲ ਅੱਗੇ ਕੀਤਾ। ਇਸ ਤੋਂ ਦੋ ਮਿੰਟ ਬਾਅਦ ਹੀ ਡਾਯਲਨ ਬਰੋਨ ਨੇ ਫਰੀ ਕਿੱਕ ’ਤੇ ਹੈਡਰ ਨਾਲ ਗੋਲ ਕਰ ਕੇ ਸਕੋਰ 1-2 ਕਰ ਦਿੱਤਾ। ਮੈਚ ਵਿੱਚ 18 ਮਿੰਟ ਤੱਕ ਤਿੰਨ ਗੋਲ ਹੋ ਚੁੱਕੇ ਸਨ। ਇਸ ਵਿਸ਼ਵ ਕੱਪ ਵਿੱਚ ਕਿਸੇ ਮੈਚ ਦੌਰਾਨ ਗੋਲਾਂ ਦੇ ਮਾਮਲੇ ਵਿੱਚ ਇਹ ਸਭ ਤੋਂ ਜ਼ਬਰਦਸਤ ਸ਼ੁਰੂਆਤ ਸੀ। ਲੁਕਾਕੂ ਨੇ ਪਹਿਲਾ ਹਾਫ਼ ਖ਼ਤਮ ਹੋਣ ਤੋਂ ਠੀਕ ਪਹਿਲਾਂ ਅੱਗੇ ਨਿਕਲ ਆਏ ਗੋਲਕੀਪਰ ਬੇਨ ਮੁਸਤਫ਼ਾ ਨੂੰ ਝਟਕਾ ਦਿੰਦਿਆਂ ਫੁਟਬਾਲ ਨੂੰ ਗੋਲ ਦੇ ਅੰਦਰ ਪਹੁੰਚ ਦਿੱਤਾ। ਦੂਜਾ ਹਾਫ਼ ਸ਼ੁਰੂ ਹੋਣ ’ਤੇ ਵੀ ਬੈਲਜੀਅਮ ਦੀ ਚੜ੍ਹਤ ਜਾਰੀ ਰਹੀ। ਕਪਤਾਨ ਈਡਨ ਹੈਜ਼ਾਰਡ ਨੇ ਬਾਕਸ ਦੇ ਬਾਹਰ ਮਿਲੇ ਪਾਸ ਨੂੰ ਆਪਣੀ ਛਾਤੀ ਨਾਲ ਰੋਕਿਆ ਅਤੇ ਫਿਰ ਅੱਗੇ ਨਿਕਲ ਆਇਆ। ਗੋਲਕੀਪਰ ਮੁਸਤਫ਼ਾ ਨੂੰ ਚਕਮਾ ਦਿੰਦਿਆਂ ਉਸ ਨੇ ਗੋਲ ਦਾਗ਼ ਦਿੱਤਾ। ਹੁਣ ਬੈਲਜੀਅਮ ਦੀ ਜਿੱਤ ਪੱਕੀ ਹੋ ਚੁੱਕੀ ਸੀ। ਬੈਲਜੀਅਮ ਨੇ ਲੁਕਾਕੂ ਨੂੰ ਅੱਗੇ ਦੇ ਮੈਚਾਂ ਵਿੱਚ ਬਚਾਈ ਰੱਖਣ ਲਈ ਉਸ ਨੂੰ 59ਵੇਂ ਮਿੰਟ ਵਿੱਚ ਬਾਹਰ ਬੁਲਾ ਲਿਆ। ਟਿਊਨਿਸ਼ੀਆ ਲਈ ਤਿੰਨ ਗੋਲ ਦੇ ਫ਼ਰਕ ਨਾਲ ਪੱਛੜਣ ਮਗਰੋਂ ਵਾਪਸੀ ਕਰਨਾ ਕਾਫ਼ੀ ਮੁਸ਼ਕਲ ਹੋ ਗਿਆ ਸੀ। ਬੈਲਜੀਅਮ ਨੇ ਆਪਣੀ ਲੀਡ ਨੂੰ ਬਣਾਈ ਰੱਖਦਿਆਂ ਵਿਸ਼ਵ ਕੱਪ ਵਿੱਚ ਅਫਰੀਕੀ ਟੀਮਾਂ ਖ਼ਿਲਾਫ਼ ਆਪਣੀਆਂ ਜੇਤੂ ਮੁਹਿੰਮਾਂ ਦਾ ਰਿਕਾਰਡ ਕਾਇਮ ਰੱਖਿਆ ਹੈ ਅਤੇ ਅਗਲੇ ਗੇੜ ਵਿੱਚ ਪਹੁੰਚ ਗਈ। ਟਿਊਨਿਸ਼ੀਆ ਨੇ ਦੂਜੇ ਹਾਫ਼ ਵਿੱਚ ਘੱਟ ਤੋਂ ਘੱਟ ਦੋ-ਤਿੰਨ ਚੰਗੇ ਬਚਾਅ ਕੀਤੇ ਨਹੀਂ ਤਾਂ ਹਾਰ ਦਾ ਫ਼ਰਕ ਹੋਰ ਵੀ ਜ਼ਿਆਦਾ ਹੋ ਸਕਦਾ ਸੀ। ਇੱਕ ਬਚਾਅ ਤਾਂ ਪੂਰੀ ਤਰ੍ਹਾਂ ਗੋਲ ਲਾਈਨ ’ਤੇ ਸੀ ਅਤੇ ਇੱਕ ਹੋਰ ਮੌਕੇ ਫੁਟਬਾਲ ਪੋਸਟ ਨਾਲ ਟਕਰਾ ਗਈ।
ਇੱਕ-ਅੱਧੇ ਗੋਲ ਨੂੰ ਤਰਸ ਰਹੇ ਮਿੱਕੀ ਬਤਸ਼ੁਆਈ ਨੂੰ ਅਖ਼ੀਰ ਕਾਮਯਾਬੀ ਮਿਲੀ। ਉਸ ਨੇ 90ਵੇਂ ਮਿੰਟ ਵਿੱਚ ਬੈਲਜੀਅਮ ਦਾ ਪੰਜਵਾਂ ਗੋਲ ਕੀਤਾ। ਵਾਹਬੀ ਖਜਰੀ ਨੇ ਆਖ਼ਰੀ ਸਮੇਂ ਤੀਜੇ ਮਿੰਟ ਵਿੱਚ ਟਿਊਨਿਸ਼ੀਆ ਦਾ ਦੂਜਾ ਗੋਲ ਕਰਕੇ ਆਪਣੀ ਟੀਮ ਦੀ ਹਾਰ ਦਾ ਅੰਤਰ ਘਟਾ ਦਿੱਤਾ। ਦੂਜੇ ਹਾਫ਼ ਦੌਰਾਨ ਮੀਂਹ ਵੀ ਪਿਆ, ਜਿਸ ਦਾ ਬੈਲਜੀਅਮ ’ਤੇ ਕੋਈ ਅਸਰ ਨਹੀਂ ਹੋਇਆ। ਉਸ ਨੇ ਇਸ ਵਿਸ਼ਵ ਕੱਪ ਦੀ ਦੂਜੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਮੇਜ਼ਬਾਨ ਰੂਸ ਨੇ ਸਾਊਦੀ ਅਰਬ ਨੂੰ ਸ਼ੁਰੂਆਤੀ ਮੈਚ ਵਿੱਚ 5-0 ਗੋਲਾਂ ਨਾਲ ਹਰਾਇਆ ਸੀ।

ਬੈਲਜੀਅਨ ਫਾਰਵਰਡ ਰੋਮੇਲੂ ਲੁਕਾਕੂ (ਖੱਬੇ) ਆਪਣੀ ਖ਼ੁਸ਼ੀ ਸਾਥੀ ਖਿਡਾਰੀਆਂ ਈਡਨ ਹਜ਼ਾਰਡ ਅਤੇ ਡਰਾਇਜ਼ ਮਰਟੈਨਜ਼ ਨਾਲ ਸਾਂਝੀ ਕਰਦਾ ਹੋਇਆ।

ਮੈਕਸਿਕੋ ਨੇ ਕੋਰੀਆ ਨੂੰ 2-0 ਗੋਲਾਂ ਨਾਲ ਹਰਾਇਆ

ਰੋਸਤੋਵ ਆਨ ਡਾਨ: ਮੌਜੂਦਾ ਚੈਂਪੀਅਨ ਜਰਮਨੀ ਨੂੰ ਹਰਾਉਣ ਵਾਲੇ ਮੈਕਸਿਕੋ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਦੱਖਣੀ ਕੋਰੀਆ ਨੂੰ 2-0 ਗੋਲਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਉਸ ਨੇ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਦੇ ਗਰੁੱਪ ‘ਐਫ’ ਤੋਂ ਨਾਕਆਊਟ ਗੇੜ ਵਿੱਚ ਜਾਣ ਦਾ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ। ਵਿਸ਼ਵ ਚੈਂਪੀਅਨ ਜਰਮਨ ਨੂੰ ਹਰਾਉਣ ਮਗਰੋਂ ਮੈਕਿਸਕੋ ਆਤਮਵਿਸ਼ਵਾਸ ਨਾਲ ਭਰੀ ਹੋਈ ਸੀ। ਕੋਰੀਆ ਨੇ ਦੋ ਗੋਲਾਂ ਨਾਲ ਪੱਛੜਣ ਮਗਰੋਂ ਆਖ਼ਰੀ ਮੌਕੇ ਤੀਜੇ ਮਿੰਟ ਵਿੱਚ ਬਿਹਰਤੀਨ ਗੋਲ ਦਾਗ਼ਣ ਦਾ ਯਤਨ ਕੀਤਾ, ਪਰ ਉਸ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਕੋਰੀਆ ਨੂੰ ਪਹਿਲੇ ਮੈਚ ਵਿੱਚ ਸਵੀਡਨ ਤੋਂ ਹਾਰ ਮਿਲੀ ਸੀ। ਇਸ ਹਾਰ ਨਾਲ ਕੋਰਿਆਈ ਟੀਮ ਗਰੁੱਪ ਗੇੜ ਵਿੱਚੋਂ ਹੀ ਬਾਹਰ ਹੋ ਗਈ ਹੈ। ਮੈਕਸਿਕੋ ਨੇ ਇਸ ਜਿੱਤ ਨਾਲ ਦੂਜੇ ਗੇੜ ਲਈ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ, ਪਰ ਅਜੇ ਉਸ ਨੂੰ ਜਰਮਨੀ ਅਤੇ ਸਵੀਡਨ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਨਤੀਜਿਆਂ ਦੀ ਉਡੀਕ ਕਰਨੀ ਪਵੇਗੀ। ਜੇਕਰ ਸਵੀਡਨ ਜਰਮਨੀ ਨੂੰ ਹਰਾਉਂਦਾ ਹੈ ਜਾਂ ਫਿਰ ਡਰਾਅ ਖੇਡਦਾ ਹੈ ਤਾਂ ਮੈਕਸਿਕੋ ਨਾਕਆਊਟ ਗੇੜ ਵਿੱਚ ਪਹੁੰਚ ਜਾਵੇਗਾ, ਪਰ ਜੇਕਰ ਜਰਮਨੀ ਜਿੱਤਿਆ ਤਾਂ ਜਰਮਨੀ, ਸਵੀਡਨ ਅਤੇ ਮੈਕਸਿਕੋ ਨੂੰ ਆਖ਼ਰੀ ਗਰੁੱਪ ਮੈਚਾਂ ਦੀ ਉਡੀਕ ਕਰਨੀ ਹੋਵੇਗੀ। ਆਖ਼ਰੀ ਮੈਚਾਂ ਵਿੱਚ ਜਰਮਨੀ ਦਾ ਮੁਕਾਬਲਾ ਕੋਰੀਆ ਨਾਲ ਅਤੇ ਸਵੀਡਨ ਦਾ ਮੁਕਾਬਲਾ ਮੈਕਸਿਕੋ ਨਾਲ ਹੋਣਾ ਹੈ।  ਮੈਕਸਿਕੋ ਨੇ ਮੈਚ ਦੇ 26ਵੇਂ ਮਿੰਟ ਵਿੱਚ ਮਿਲੀ ਪੈਨਲਟੀ ’ਤੇ ਲੀਡ ਬਣਾਈ। ਆਂਦਰੇਸ ਗੁਆਰਦਾਦੋ ਦਾ ਕ੍ਰਾਸ ਪੈਨਲਟੀ ਬਾਕਸ ਵਿੱਚ ਜੁਆਨ ਹਿਊਨ ਸੂ ਦੇ ਹੱਥ ’ਤੇ ਲੱਗਿਆ ਅਤੇ ਮੈਕਸਿਕੋ ਨੂੰ ਪੈਨਲਟੀ ਮਿਲੀ ਗਈ। ਕਾਰਲੋਸ ਵੇਲਾ ਦੇ ਸ਼ਾਟ ’ਤੇ ਗੋਲਕੀਪਰ ਚੋ ਹਿਊਨ ਵੂ ਗ਼ਲਤ ਦਿਸ਼ਾ ਵਿੱਚ ਛਾਲ ਮਾਰ ਬੈਠਾ ਅਤੇ ਮੈਕਸਿਕੋ ਗੋਲ ਨਾਲ ਅੱਗੇ ਹੋ ਗਿਆ। ਜ਼ੇਵੀਅਰ ਹਰਨਾਦੇਜ਼ ਨੇ 66ਵੇਂ ਮਿੰਟ ਵਿੱਚ ਮੈਕਸਿਕੋ ਦੀ ਲੀਡ ਨੂੰ ਦੁੱਗਣਾ ਕਰ ਦਿੱਤਾ। ਇਸ ਹਾਰ ਨਾਲ ਕੋਰੀਆ ਲਗਾਤਾਰ ਦੂਜੇ ਵਿਸ਼ਵ ਕੱਪ ਦੇ ਗਰੁੱਪ ਗੇੜ ਵਿੱਚੋ ਹੀ ਬਾਹਰ ਹੋ ਗਿਆ ਹੈ।

Comments

comments

Share This Post

RedditYahooBloggerMyspace