ਜਦੋਂ ਪੱਕ ਜਾਣ ਅੰਬ ਸੰਧੂਰੀ

ਵਰਿੰਦਰ ਨਿਮਾਣਾ

ਆਪਣੇ ਵਿਲੱਖਣ ਸੁਆਦ ਤੇ ਖੁਸ਼ਬੋ ਸਦਕਾ ਅੰਬ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ ‘ਚ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਫ਼ਲ ਹੈ। ਇਹ ਗਰਮ ਰੁੱਤ ਦਾ ਫ਼ਲ ਹੈ। ਇਸ ਦੀ ਵਰਤੋਂ ਸਰੀਰ ਨੂੰ ਮਜ਼ਬੂਤੀ ਤੇ ਰੂਹ ਨੂੰ ਆਨੰਦ ਦੇਣ ਦਾ ਸਬੱਬ ਬਣਦੀ ਹੈ। ਭਾਰਤ ਦੇ ਵੱਖ ਵੱਖ ਇਲਾਕਿਆਂ ਵਿੱਚ ਇਸ ਫ਼ਲ ਸਬੰਧੀ ਕਈ ਕਹਾਣੀਆਂ ਤੇ ਲੋਕ ਕਥਾਵਾਂ ਪ੍ਰਚੱਲਿਤ ਹਨ। ਅੰਬ ਦਾ ਵਿਗਿਆਨਕ ਨਾਂ ਮੈਂਜੀਫਿਰਾ ਇੰਡੀਕਾ ਹੈ ਤੇ ਇਹ ਐਨਾਕਾਰਡੀਸੀ ਪਰਿਵਾਰ ਨਾਲ ਸਬੰਧਿਤ ਮੰਨਿਆ ਜਾਂਦਾ ਹੈ। ਇਸ ਦਾ ਮੂਲ ਸਥਾਨ ਭਾਰਤ ਜਾਂ ਦੱਖਣੀ ਏਸ਼ੀਆਈ ਇਲਾਕਾ ਮੰਨਿਆ ਜਾਂਦਾ ਹੈ। ਉਂਜ, ਇਸ ਦੇ ਮੂਲ ਸਥਾਨ ਉੱਤਰ ਪੂਰਬੀ ਭਾਰਤ, ਮਿਆਂਮਾਰ ਤੇ ਬੰਗਲਾਦੇਸ਼ ਹੋਣ ਬਾਰੇ ਵੀ ਵੇਰਵੇ ਮਿਲਦੇ ਹਨ ਤੇ ਹੌਲੀ ਹੌਲੀ ਇਸ ਦੀ ਕਾਸ਼ਤ ਦੱਖਣੀ ਭਾਰਤ ‘ਚ ਸ਼ੁਰੂ ਹੋਣ ਦੀ ਗੱਲ ਆਖੀ ਜਾਂਦੀ ਹੈ। ਅੰਬ ਦੀ ਭਾਰਤ ਨਾਲ ਸਦੀਆਂ ਪੁਰਾਣੀ ਸਾਂਝ ਹੈ। ‘ਅਮਰ ਫਲ’ ਇਸ ਦਾ ਪੁਰਾਣਾ ਨਾਮ ਹੈ। ਵੈਦਿਕ ਸਾਹਿਤ ‘ਚ ਇਸ ਨੂੰ ‘ਰਸਲਾ’ ਤੇ ‘ਸ਼ਾਹਕਾਰਾ’ ਵੀ ਕਿਹਾ ਜਾਂਦਾ ਸੀ। ਦੱਖਣੀ ਭਾਰਤ ਵਿੱਚ ਇਸ ਨੂੰ ‘ਆਮ ਕਾਇ’ ਕਿਹਾ ਜਾਂਦਾ ਸੀ ਜੋ ਹੌਲੀ ਹੌਲੀ ‘ਮਾਮ ਕਾਇ’ ਹੋ ਗਿਆ। ਮਲਿਆਲੀ ਲੋਕ ਇਸ ਨੂੰ ‘ਮਾਂਗਾ’ ਆਖਦੇ ਸਨ ਤੇ ਪੁਰਤਗਾਲੀਆਂ ਨੇ ਕੇਰਲਾ ‘ਚ ਇਸ ਨੂੰ ‘ਮੈਂਗੋ’ ਦਾ ਨਾਂ ਦਿੱਤਾ। ਪ੍ਰਾਚੀਨ ਭਾਰਤ ‘ਚ ਸ਼ਾਸਕ ਅੰਬ ਦੀਆਂ ਵਿਭਿੰਨ ਕਿਸਮਾਂ ਨੂੰ ਆਪਣੇ ਅਮੀਰ ਲੋਕਾਂ ਨੂੰ ਸਨਮਾਨਿਤ ਕਰਨ ਲਈ ਵਰਤਿਆ ਕਰਦੇ ਸਨ। ਬੁੱਧ ਧਰਮ ਵਿੱਚ ਅੰਬ ਵਿਸ਼ਵਾਸ ਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਗਿਆ ਹੈ। ਮੈਗਸਥਨੀਜ਼ ਤੇ ਹਿਊਨਸਾਂਗ ਨੇ ਮੌਰੀਆ ਵੰਸ਼ ਦੇ ਰਾਜਿਆਂ ਵੱਲੋਂ ਆਪਣੇ ਰਾਜ ਦੀ ਖੁਸ਼ਹਾਲੀ ਦਰਸਾਉਣ ਲਈ ਅੰਬਾਂ ਦੇ ਦਰੱਖਤ ਸੜਕਾਂ ਕਿਨਾਰੇ ਲਗਵਾਉਣ ਬਾਰੇ ਲਿਖਿਆ ਹੈ। ਅੰਬ ਨੂੰ ਭਾਰਤ ਦਾ ਰਾਸ਼ਟਰੀ ਫ਼ਲ ਹੋਣ ਦਾ ਮਾਣ ਪ੍ਰਾਪਤ ਹੈ। ਚੌਦਵੀਂ ਸਦੀ ‘ਚ ਅਮੀਰ ਖੁਸਰੋ ਨੇ ਅੰਬ ਨੂੰ ਫ਼ਲਾਂ ਦਾ ਬਾਦਸ਼ਾਹ ਆਖਿਆ। ਮੁਗ਼ਲ ਬਾਦਸ਼ਾਹ ਖ਼ਾਸ ਤੌਰ ‘ਤੇ ਅੰਬਾਂ ਦੇ ਸ਼ੌਕੀਨ ਸਨ। ਪਹਿਲੇ ਮੁਗ਼ਲ ਸ਼ਾਸਕ ਬਾਬਰ ਵੱਲੋਂ ਮੇਵਾੜ ਦੇ ਰਾਜੇ ਰਾਣਾ ਸਾਂਗਾ ਦਾ ਸਾਹਮਣਾ ਕਰਨ ਤੋਂ ਪਹਿਲਾਂ ਦੌਲਤ ਖਾਂ ਲੋਧੀ ਵੱਲੋਂ ਉਸ ਨੂੰ ਅੰਬਾਂ ਦੀ ਸੌਗਾਤ ਦਿੱਤੇ ਜਾਣ ਦੇ ਹਵਾਲੇ ਵੀ ਮਿਲਦੇ ਹਨ। ਬਾਦਸ਼ਾਹ ਅਕਬਰ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਅੰਬਾਂ ਦੇ ਰੁੱਖ ਲਗਵਾਏ। ਉਸ ਨੇ ਬਿਹਾਰ ਦੇ ਦਰਭੰਗਾ ਸ਼ਹਿਰ ‘ਚ ਤਕਰੀਬਨ ਸੌ ਵਿੱਘਿਆਂ ‘ਚ ਅੰਬਾਂ ਦਾ ਬਾਗ਼ ਲਵਾਇਆ ਜਿੱਥੇ ਰੁੱਖਾਂ ਦੀ ਗਿਣਤੀ ਇੱਕ ਲੱਖ ਹੋਣ ਕਰਕੇ ਉਸ ਨੂੰ ਲਾਖਾ ਜਾਂ ਲੱਖੀ ਬਾਗ਼ ਦਾ ਨਾਂ ਦਿੱਤਾ ਗਿਆ। ਮੁਗ਼ਲ ਸ਼ਾਸਕਾਂ ਦੇ ਖਾਨਸਾਮੇ ਆਮ ਪੰਨਾ, ਅੰਬ ਪਲਾਓ, ਅੰਬ ਮਲਾਜ਼ੀ ਨੂੰ ਅਤਿ ਸੁਆਦਲਾ ਬਣਾ ਕੇ ਇਨਾਮ ਸਨਮਾਨ ਵੀ ਜਿੱਤਦੇ ਰਹੇ ਹਨ। ਕਹਿੰਦੇ ਹਨ ਕਿ ਬੇਗ਼ਮ ਨੂਰਜਹਾਂ ਅੰਬ ਤੇ ਗੁਲਾਬ ਦੀਆਂ ਪੱਤੀਆਂ ਨਾਲ ਸ਼ਾਹੀ ਰਸ ਤਿਆਰ ਕਰਕੇ ਇਸ ਦਾ ਸੇਵਨ ਕਰਿਆ ਕਰਦੀ ਸੀ। ਸ਼ੇਰ ਸ਼ਾਹ ਸੂਰੀ ਵੱਲੋਂ ਹਮਾਯੂੰ ਨੂੰ ਜਿੱਤਣ ਸਮੇਂ ਚੌਸਾ ਅੰਬਾਂ ਦੀ ਦਾਅਵਤ ਦਿੱਤੀ ਗਈ ਸੀ।

ਉਰਦੂ ਸ਼ਾਇਰ ਮਿਰਜ਼ਾ ਗ਼ਾਲਿਬ ਵੀ ਅੰਬ ਦੇ ਫ਼ਲ ਦਾ ਬੇਹੱਦ ਸ਼ੌਕੀਨ ਸੀ। ਬੰਗਲਾ ਸਾਹਿਤ ਦੇ ਮਹਾਨ ਕਵੀ, ਸਾਹਿਤਕਾਰ, ਦਾਰਸ਼ਨਿਕ ਤੇ ਨੋਬੇਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਨੇ ਵੀ ਅੰਬਾਂ ‘ਤੇ ਕਈ ਕਵਿਤਾਵਾਂ ਲਿਖੀਆਂ। ਭਾਰਤ ਦੇ ਸਾਹਿਤ, ਕਲਾ ਤੇ ਸਭਿਆਚਾਰ ਵਿੱਚ ਵੀ ਅੰਬ ਦੀ ਬਹੁਤ ਅਹਿਮੀਅਤ ਰਹੀ ਹੈ। ਅੰਬ ਦੇ ਫ਼ਲ ‘ਚ ਖ਼ਾਸ ਤਰ੍ਹਾਂ ਦਾ ਵਿੰਗ, ਕੱਪੜਿਆਂ ਉੱਤੇ ਕਢਾਈ ਤੇ ਹੋਰ ਕਈ ਕਲਾਵਾਂ ਵਿੱਚ ਇੱਕ ਮਕਬੂਲ ਡਿਜ਼ਾਈਨ ਵਜੋਂ ਵਰਤਿਆ ਜਾਂਦਾ ਹੈ। ਸਮਾਜਿਕ ਜੀਵਨ ਵਿੱਚ ਸ਼ੁਭ ਮੌਕਿਆਂ ‘ਤੇ ਅੰਬ ਦੇ ਪੱਤੇ ਘਰਾਂ ਦੇ ਬੂਹਿਆਂ ‘ਤੇ ਟੰਗੇ ਜਾਂਦੇ ਹਨ। ਅੰਬ ਅਜਿਹਾ ਫ਼ਲ ਹੈ ਜਿਸ ਦੀ ਖੁਸ਼ਬੋ ਇਸ ਦੇ ਟਾਹਣੀ ਨੂੰ ਲੱਗਣ ਸਾਰ ਹੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਪੱਕਣ ਤੋਂ ਪਹਿਲਾਂ ਕਈ ਪੜਾਵਾਂ ਦੌਰਾਨ ਵੱਖ ਵੱਖ ਰੂਪ ਵਿੱਚ ਲੋਕਾਂ ਦੀ ਖੁਰਾਕ ਦਾ ਹਿੱਸਾ ਬਣਦਾ ਹੈ। ਕੱਚਾ ਅੰਬ ਖਟਮਿੱਠੀ ਚਟਨੀ, ਅਚਾਰ, ਅੰਬਚੂਰ ਤੇ ਅੰਬ ਪਾਪੜ ਬਣਾਉਣ ਲਈ ਵਰਤਿਆ ਜਾਂਦਾ ਹੈ ਜਦੋਂਕਿ ਪੱਕੇ ਅੰਬ ਦੀ ਵਰਤੋਂ ਸਿੱਧੇ ਰੂਪ ‘ਚ ਖਾਣ, ਜੂਸ, ਮੁਰੱਬੇ ਤੇ ਸ਼ਰਬਤ ਆਦਿ ਬਣਾਉਣ ਲਈ ਹੁੰਦੀ ਹੈ। ਸੁਆਦ ਪੱਖੋਂ ਉੱਤਮ ਹੋਣ ਦੇ ਨਾਲ ਨਾਲ ਇਹ ਵਿਟਾਮਿਨ ਏ, ਸੀ ਅਤੇ ਈ ਅਤੇ ਹੋਰ ਕਈ ਖੁਰਾਕੀ ਤੱਤਾਂ ਨਾਲ ਭਰਪੂਰ ਹੈ। ਅੰਬ ਦੀ ਵਰਤੋਂ ਨਾਲ ਪਾਚਨ ਸ਼ਕਤੀ ਸਹੀ ਰਹਿਣ ਦੇ ਨਾਲ ਨਾਲ ਸਰੀਰ ਅੰਦਰੂਨੀ ਤੇ ਬਾਹਰੀ ਤੌਰ ‘ਤੇ ਮਜ਼ਬੂਤ ਰਹਿੰਦਾ ਹੈ। ਇਸ ਦੀ ਵਰਤੋਂ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ, ਅੱਖਾਂ ਦੀ ਰੌਸ਼ਨੀ ਵਧਦੀ, ਚਮੜੀ ਸਾਫ਼ ਹੁੰਦੀ ਹੈ ਅਤੇ ਮਿਹਦੇ ਤੇ ਛਾਤੀ ਦੇ ਕੈਂਸਰ ਤੋਂ ਬਚਾਅ ਹੋਣ ਦੇ ਨਾਲ ਨਾਲ ਖ਼ੂਨ ਦੇ ਦਬਾਅ ‘ਤੇ ਕੰਟਰੋਲ ਰਹਿੰਦਾ ਹੈ। ਅੰਬ ਭਾਵੇਂ ਗਰਮ ਰੁੱਤ ਦਾ ਫ਼ਲ ਹੈ, ਪਰ ਇਹ ਗਰਮੀ ਦੇ ਮਾਰੂ ਅਸਰ ਨੂੰ ਰੋਕਣ ਵਿੱਚ ਵੀ ਮਦਦਗਾਰ ਸਾਬਿਤ ਹੁੰਦਾ ਹੈ। ਭਾਰਤ ਦੇ ਪ੍ਰਾਂਤ ਕਰਨਾਟਕ ‘ਚ ਤੋਤਾਪਰੀ, ਆਂਧਰਾ ਪ੍ਰਦੇਸ਼ ‘ਚ ਬਾਗਨਪਾਲੀ, ਮਹਾਂਰਾਸ਼ਟਰ ‘ਚ ਅਲਫੋਂਸੋ, ਪੱਛਮੀ ਬੰਗਾਲ ‘ਚ ਹਿਮਸਾਗਰ, ਗੁਜਰਾਤ ‘ਚ ਕੇਸਰ, ਉੱਤਰ ਪ੍ਰਦੇਸ਼ ‘ਚ ਦੁਸ਼ਹਿਰੀ ਤੇ ਲੰਗੜਾ ਅਤੇ ਹਿਮਾਚਲ ਵਿੱਚ ਚੌਸਾ ਕਿਸਮ ਦੇ ਅੰਬਾਂ ਦੀ ਕਾਸ਼ਤ ਕੀਤੀ ਜਾਂਦੀ ਹੈ।

ਪੰਜਾਬ ਵਿੱਚ ਵਪਾਰਕ ਤੌਰ ‘ਤੇ ਅੰਬ ਦੀ ਕਾਸ਼ਤ ਨੀਮ ਪਹਾੜੀ ਜ਼ਿਲ੍ਹਿਆਂ ਰੂਪਨਗਰ, ਨਵਾਂਸ਼ਹਿਰ, ਗੁਰਦਾਸਪੁਰ, ਫ਼ਤਹਿਗੜ੍ਹ ਸਾਹਿਬ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹੁੰਦੀ ਹੈ। ਪੰਜਾਬ ਵਿੱਚ ਸ਼ਿਵਾਲਿਕ ਦੇ ਪੈਰਾਂ ‘ਚ ਪੈਂਦੇ ਦੋਆਬੇ ਦਾ ਇਲਾਕਾ ਆਪਣੀ ਭੂਗੋਲਿਕ ਤਾਸੀਰ ਕਰਕੇ ਅੰਬਾਂ ਦੇ ਵਧਣ ਫੁੱਲਣ ਲਈ ਅਨੁਕੂਲ ਰਿਹਾ ਹੈ। ਵੰਡ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਇਲਾਕੇ ‘ਚ ਮੁਸਲਮਾਨ ਜ਼ੈਲਦਾਰਾਂ ਤੇ ਜਾਗੀਰਦਾਰਾਂ ਨੇ ਬੜੀਆਂ ਰੀਝਾਂ ਨਾਲ ਅੰਬਾਂ ਦੇ ਬਾਗ਼ ਲਗਵਾਏ। ਰਿਆਸਤਾਂ ਦੇ ਰਾਜਿਆਂ ਨੇ ਇਸ ਇਲਾਕੇ ‘ਚ ਆਪਣੀਆਂ ਆਰਾਮਗਾਹਾਂ ਬਣਾਉਣ ਦੇ ਨਾਲ ਨਾਲ ਅੰਬਾਂ ਦੇ ਬਾਗ਼ ਲਗਵਾਉਣ ਵੱਲ ਉਚੇਚੀ ਤਵੱਜੋਂ ਦਿੱਤੀ ਤੇ ਇਹ ਸਿਲਸਿਲਾ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਵੀ ਬਰਕਰਾਰ ਰਿਹਾ। ਇਹ ਲੋਕ ਸਾਉਣ ਭਾਦੋਂ ਦੇ ਦਿਨਾਂ ਵਿੱਚ ਮਹਿਮਾਨਨਿਵਾਜ਼ੀ ਦੌਰਾਨ ਇਸ ਇਲਾਕੇ ਦੀ ਭੂਗੋਲਿਕ ਸੌਗਾਤ ਅੰਬਾਂ ਨੂੰ ਮਹਿਮਾਨਾਂ ਦੇ ਖਾਣੇ ‘ਚ ਜ਼ਰੂਰ ਸ਼ਾਮਲ ਕਰਦੇ ਸਨ। ਜਾਗੀਰਦਾਰਾਂ ਦੀ ਰੀਸੇ ਆਮ ਲੋਕਾਂ ‘ਚ ਵੀ ਆਪਣੇ ਖੇਤਾਂ ਬੰਨਿਆਂ, ਖੂਹਾਂ ਅਤੇ ਹੋਰ ਥਾਵਾਂ ‘ਤੇ ਅੰਬ ਦਾ ਬੂਟਾ ਲਾਉਣ ਅਤੇ ਉਸ ਨੂੰ ਪਾਲਣ ਦਾ ਰੁਝਾਨ ਪ੍ਰਚੱਲਿਤ ਹੋਇਆ। ਪੁਰਾਣੇ ਬਜ਼ੁਰਗ ਦੇਸੀ ਅੰਬਾਂ ਦੇ ਸੁਆਦ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਨਵੇਂ ਪੌਦੇ ਤਿਆਰ ਕਰਨ ਵੇਲੇ ਅੰਬ ਦੀ ਗਿਟਕ ਨਾਲ ਖੰਡ, ਸੰਧੂਰ ਤੇ ਸੌਂਫ਼ ਦੇ ਮਿਸ਼ਰਣ ਮਿਲਾ ਕੇ ਨਵੀਆਂ ਕਿਸਮਾਂ ਉਗਾਉਣ ਦੇ ਤਜਰਬੇ ਕਰਦੇ ਰਹਿੰਦੇ। ਲੋਕਾਂ ਨੇ ਦੇਸੀ ਫ਼ਲ ਦੇ ਨਾਂ ਵੀ ਇਸ ਦੇ ਸੁਆਦ, ਆਕਾਰ, ਬਣਤਰ ਅਤੇ ਇਲਾਕੇ ਦੇ ਹਿਸਾਬ ਨਾਲ ਰੱਖੇ ਜਿਨ੍ਹਾਂ ਤੋਂ ਇਸ ਦੇ ਸੁਆਦ ਤੇ ਮਹਿਕ ਦਾ ਅੰਦਾਜ਼ਾ ਲੱਗਦਾ ਸੀ। ਇਨ੍ਹਾਂ ਨਾਵਾਂ ‘ਚ ਕੂਕਿਆਂ ਦੀ ਛੱਲੀ, ਬਜਰੌੜ ਦੀ ਬੱਡ, ਹਰਿਆਣੇ ਦੀ ਕੰਘੀ, ਭਾਗੋਵਾਲ ਦੀ ਛੱਲੀ, ਗੋਲਾ, ਤੋਤਾਪਰੀ, ਸਫੈਦਾ, ਆੜੂ, ਸ਼ੇਖ, ਇਨਾਮੀ, ਸੰਧੂਰੀ ਛੱਲੀ, ਸੰਧੂਰੀ, ਸੌਫੀ, ਲੰਗੜਾ, ਲਾਲਟੈਣ, ਲੱਡੂ, ਗਾਜਰੀ, ਸਿੱਪੀ, ਥਾਣੇਦਾਰ ਆਦਿ ਕਿਸਮਾਂ ਸ਼ਾਮਿਲ ਸਨ।

ਦੇਸ਼ਵੰਡ ਤੋਂ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਦਾ ਕਾਫ਼ੀ ਰਕਬਾ ਅੰਬਾਂ ਦੇ ਝੁੰਡਾਂ ਨਾਲ ਭਰਿਆ ਨਜ਼ਰ ਆਉਂਦਾ ਤੇ ਹਾੜ੍ਹ ਸਾਉਣ ਦੇ ਮੌਸਮ ‘ਚ ਅੰਬਾਂ ਦੇ ਬਾਗ਼ਾਂ ‘ਚ ਵਾਹਵਾ ਰੌਣਕਾਂ ਲੱਗਦੀਆਂ। ਰਿਸ਼ਤੇਦਾਰੀਆਂ ਨੂੰ ਇਨ੍ਹਾਂ ਫ਼ਲਾਂ ਦੀ ਸੌਗਾਤ ਭੇਜਣ ਦਾ ਰਿਵਾਜ ਅਜੇ ਵੀ ਪ੍ਰਚੱਲਿਤ ਹੈ। ਦੂਜੇ ਇਲਾਕਿਆਂ ਤੋਂ ਏਧਰ ਆਉਣ ਵਾਲੀਆਂ ਬਾਰਾਤਾਂ ਤੇ ਸਮਾਜਿਕ ਕਾਰਜਾਂ ਵੇਲੇ ਪਹੁੰਚਦੇ ਸਕੇ ਸਬੰਧੀ ਅੰਬਾਂ ਦੇ ਬਾਗ਼ਾਂ ਦੀਆਂ ਰੌਣਕਾਂ ਦੇਖ ਕੇ ਇਸ ਇਲਾਕੇ ਨੂੰ ‘ਅੰਬਾਂ ਦਾ ਦੇਸ਼ਸ਼’ ਆਖ ਕੇ ਵਡਿਆਉਂਦੇ ਸਨ। ਪੰਜਾਬੀ ਲੋਕ ਸਾਹਿਤ ਵਿੱਚ ‘ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾਸ਼’ ਵਰਗੀ ਲੋਕ ਬੋਲੀ ਇਲਾਕੇ ਦੀ ਇਸ ਫ਼ਲ ਨਾਲ ਕੁਦਰਤੀ ਸਾਂਝ ਤੇ ਨੇੜਤਾ ‘ਚੋਂ ਪੈਦਾ ਹੋਈ ਜਾਪਦੀ ਹੈ। ਉੱਘੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਾਹਿਤ ਤੇ ਕਲਾ ਦੇ ਪ੍ਰਸ਼ੰਸਕ ਡਾ. ਮਹਿੰਦਰ ਸਿੰਘ ਰੰਧਾਵਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਵਜੋਂ ਕਾਰਜਕਾਲ ਦੌਰਾਨ ਆਪਣੇ ਜੱਦੀ ਇਲਾਕੇ ‘ਚ ਦਸੂਹਾ ਨੇੜਲੇ ਪਿੰਡ ਗੰਗੀਆਂ ਵਿੱਚ 1972 ਵਿੱਚ ਨਿਵੇਕਲੀ ਕਿਸਮ ਦਾ ‘ਫ਼ਲ ਖੋਜ ਕੇਂਦਰ’ ਵੀ ਸਥਾਪਿਤ ਕਰਵਾਇਆ ਸੀ ਜਿੱਥੇ ਦੇਸੀ ਅੰਬਾਂ ਦੀਆਂ ਸੁਆਦ, ਬਣਤਰ ਤੇ ਆਕਾਰ ਪੱਖੋਂ ਵਧੀਆ ਤਕਰੀਬਨ 60 ਕਿਸਮਾਂ ਨੂੰ ਸੰਭਾਲਣ ਦਾ ਸਫਲ ਯਤਨ ਕੀਤਾ। ਭਾਵੇਂ ਪੂਰੇ ਦੇਸ਼ ‘ਚ ਵਧ ਰਹੇ ਵਾਤਾਵਰਣ ਪ੍ਰਦੂਸ਼ਣ, ਪੰਜਾਬ ‘ਚ ਜ਼ਮੀਨੀ ਪਾਣੀ ਦੇ ਡਿੱਗ ਰਹੇ ਪੱਧਰ, ਬੰਦਿਆਂ ਦਾ ਕੁਦਰਤ ਤੇ ਬਨਸਪਤੀ ਨਾਲੋਂ ਟੁੱਟ ਰਿਹਾ ਮੋਹ ਅੰਬਾਂ ਦੀ ਹੋਂਦ ‘ਤੇ ਵੀ ਸੁਆਲੀਆ ਚਿੰਨ੍ਹ ਲਾ ਰਿਹਾ ਹੈ, ਪਰ ਇਨ੍ਹਾਂ ਖੁਸ਼ਬੋਆਂ ਦੀ ਸਲਾਮਤੀ ‘ਚ ਹੀ ਸਾਰੀ ਮਨੁੱਖਤਾ ਦੀ ਭਲਾਈ ਦਾ ਰਾਜ਼ ਲੁਕਿਆ ਹੋਇਆ ਹੈ। ਦੁਆਬੇ ਦੀ ਅੰਬ ਵਿਰਾਸਤ ਦੀ ਕਾਵਿਕ ਵਡਿਆਈ ਇਸ ਤਰ੍ਹਾਂ ਕੀਤੀ ਗਈ ਹੈ:

ਜਦੋਂ ਅੰਬ ਸੰਧੂਰੀ ਪੱਕ ਜਾਣ
ਵਿੱਚ ਦੁਆਬੇ ਦੇ,
ਰੱਬ ਆਪ ਬਹਿਸ਼ਤੋਂ ਉਤਰ ਕੇ
ਆਇਆ ਲੱਗਦਾ ਏ,
ਅਸੀਂ ਬਰਫ਼ਾਂ ਵਾਲੇ ਦੇਸ਼ ਦੀ ਮਹਿਮਾ
ਕਿਉਂ ਕਰੀਏ,
ਸਾਨੂੰ ਜੇਠ ਹਾੜ੍ਹ ਦਾ ਇਹ ਸਰਮਾਇਆ
ਲੱਗਦਾ ਏ,
ਸਾਡੀ ਰੂਹ ਵਿੱਚ ਵੱਸਦੀ ਮਹਿਕ
ਇਨ੍ਹਾਂ ਖੁਸ਼ਬੋਈਆਂ ਦੀ,
ਮੇਲਾ ਚਾਰ ਦਿਨਾਂ ਦਾ ਰੱਬ ਨੇ
ਲਾਇਆ ਲੱਗਦਾ ਹੈ।

Comments

comments

Share This Post

RedditYahooBloggerMyspace